ਤਲਵੰਡੀ ਸਾਬੋ ਦੀ ਔਰਤ ਵੱਲੋਂ ਆਪਣੇ ਵਾਲ ਕੱਟਣ ਦਾ ਝੂਠਾ ਡਰਾਮਾ ਕਰਨ ਦਾ ਡੀ. ਐਸ. ਪੀ. ਤਲਵੰਡੀ ਸਾਬੋ ਨੇ ਕੀਤਾ ਪਰਦਾਫਾਸ਼

ਤਲਵੰਡੀ ਸਾਬੋ ਦੀ ਔਰਤ ਵੱਲੋਂ ਆਪਣੇ ਵਾਲ ਕੱਟਣ ਦਾ ਝੂਠਾ ਡਰਾਮਾ ਕਰਨ ਦਾ ਡੀ. ਐਸ. ਪੀ. ਤਲਵੰਡੀ ਸਾਬੋ ਨੇ ਕੀਤਾ ਪਰਦਾਫਾਸ਼
ਮਾਨਸਿਕ ਤੌਰ ‘ਤੇ ਸੀ ਪ੍ਰੇਸ਼ਾਨ ਝੂਠਾ ਡਰਾਮਾ ਕਰਨ ਵਾਲੀ ਔਰਤ
ਤਰਕਸ਼ੀਲ ਆਗੂਆਂ ਨੇ ਗੈਬੀ ਸ਼ਕਤੀ ਨੂੰ ਕੀਤਾ ਚੈਲੰਜ, 5 ਲੱਖ ਦਾ ਰੱਖਿਆ ਇਨਾਮ

ਤਲਵੰਡੀ ਸਾਬੋ, 5 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਔਰਤਾਂ ਦੇ ਵਾਲ ਕੱਟਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਪ੍ਰੰਤੂ ਤਲਵੰਡੀ ਸਾਬੋ ਵਿੱਚ ਉਕਤ ਘਟਨਾ ‘ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਤਲਵੰਡੀ ਸਾਬੋ ਦੇ ਡੀ. ਐਸ. ਪੀ. ਬਰਿੰਦਰ ਸਿੰਘ ਗਿੱਲ ਦੇ ਯਤਨਾਂ ਸਦਕਾ ਵਾਲ ਕੱਟਣ ਵਾਲੀ ਘਟਨਾ ਦੇ ਪਾਖੰਡ ਕਰਨ ਦਾ ਪਰਦਾਫਾਸ਼ ਕਰ ਦਿੱਤਾ।
ਇਸ ਸਬੰਧੀ ਤਲਵੰਡੀ ਸਾਬੋ ਦੇ ਡੀ. ਐਸ. ਪੀ. ਦੇ ਦਫਤਰ ਵਿੱਚ ਤਲਵੰਡੀ ਸਾਬੋ ਦੇ ਲਾਲੇਆਣਾ ਰੋਡ ‘ਤੇ ਵਾਰਡ ਨੰ: 1 ਵਿੱਚ ਕਿਰਾਏ ‘ਤੇ ਰਹਿੰਦੀ ਪੀੜਿਤ ਔਰਤ ਅਮਰਜੀਤ ਕੌਰ ਦੇ ਡਰੇ ਹੋਏ ਪਤੀ ਸੁਖਮੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਸਦੀ ਘਰ ਵਾਲੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ ਤੇ ਉਸਨੇ ਰਾਤੀ ਆਪਣੇ ਵਾਲ ਕੱਟਣ ਦਾ ਡਰਾਮਾ ਕੀਤਾ ਹੈ ਉਹ ਪਾਖੰਡ ਹੈ ਤੇ ਜੋ ਵਾਲ ਕੱਟੇ ਗਏ ਹਨ ਉਹ ਅਸਲੀ ਨਹੀਂ ਨਕਲੀ ਹਨ। ਡੀ. ਐਸ. ਪੀ. ਬਰਿੰਦਰ ਸਿੰਘ ਗਿੱਲ ਨੇ ਘਟਨਾ ਤੋਂ ਪਰਦਾ ਚੁੱਕਦਿਆਂ ਦੱਸਿਆ ਕਿ ਅਮਰਜੀਤ ਕੌਰ ਨੇ ਵਾਲ ਕੱਟਣ ਦੀਆਂ ਘਟਨਾਵਾਂ ਬਾਰੇ ਸੁਣ ਰੱਖਿਆ ਸੀ ਜਿਸਨੇ ਆਪ ਹੀ ਵਾਲ ਕੱਟਣ ਦਾ ਡਰਾਮਾ ਕਰ ਦਿੱਤਾ ਪ੍ਰੰਤੂ ਉਸਦੇ ਘਰ ਵਾਲਾ ਦੱਸ ਰਿਹਾ ਹੈ ਕਿ ਜੋ ਵਾਲ ਦਿਖਾਏ ਜਾ ਰਹੇ ਉਹ ਔਰਤ ਦੇ ਵਾਲਾਂ ਨਾਲ ਮੇਲ ਨਹੀਂ ਖਾਂਦੇ ਤੇ ਜਾਂਚ ਕਰਨ ਉਪਰੰਤ ਪਤਾ ਲੱਗਿਆ ਹੈ ਕਿ ਔਰਤ ਵੱਲੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲਦਿਆਂ ਡਰਾਮਾ ਕੀਤਾ ਗਿਆ ਹੈ। ਪ੍ਰੈਸ ਵਾਰਤਾ ਦੌਰਾਨ ਡੀ ਐੱਸ ਪੀ ਵਰਿੰਦਰ ਸਿੰਘ ਗਿੱਲ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਤੇ ਵਹਿਮ ਭਰਮ ਨਾ ਕਰਨ ਅਤੇ ਸ਼ੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ।ਸ. ਗਿੱਲ ਨੇ ਅਜਿਹੀਆਂ ਗਲਤ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਨੂੰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦੇ ਲਾਲੇਆਣਾ ਰੋਡ ‘ਤੇ ਵਾਰਡ ਨੰ: 1 ਵਿੱਚ ਕਿਰਾਏ ‘ਤੇ ਰਹਿੰਦੀ ਪੀੜਿਤ ਔਰਤ ਅਮਰਜੀਤ ਕੌਰ ਪਤਨੀ ਸੁਖਮੰਦਰ ਸਿੰਘ ਦੇ ਵਾਲ ਕੱਟੇ ਗਏ ਸਨ ਜਿਸ ਨਾਲ ਤਲਵੰਡੀ ਸਾਬੋ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਦਾ ਜਦੋਂ ਬੁੱਧੀਜੀਵੀ ਪੱਤਰਕਾਰਾਂ ਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਇਸ ਘਟਨਾ ਨੂੰ ਚੈਲੰਜ ਕੀਤਾ ਅਤੇ ਸਥਾਨਕ ਪੁਲਿਸ ਨੂੰ ਇਸ ਤੋਂ ਪਰਦਾ ਉਠਾਉਣ ਦੀ ਬੇਨਤੀ ਕੀਤੀ ਤਾਂ ਜੋ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸਮਾਪਤ ਕੀਤਾ ਜਾ ਸਕੇ।
ਇਸ ਮੌਕੇ ਤਰਕਸੀਲ ਸੁਸਾਇਟੀ ਦੇ ਆਗੂ ਜਗਦੀਪ ਗਿੱਲ, ਬਲਦੇਵ ਸਿੰਘ ਗਿੱਲ, ਐਡਵੋਕੇਟ ਅਵਤਾਰ ਸਿੰਘ, ਦਰਸ਼ਨ ਸਿੰਘ ਬਾਈ, ਹਰਜਿੰਦਰ ਪੱਪੀ ਨੇ ਆਦਿ ਦੱਸਿਆ ਅਗਰ ਕੋਈ ਅਜਿਹਾ ਕੇਸ ਸਾਬਤ ਕਰ ਦੇਵੇ ਤਾਂ ਤਰਕਸ਼ੀਲ ਸੁਸਾਇਟੀ ਨੇ ਪੰਜ ਲੱਖ ਰੁਪਏ ਦੇਣ ਦੀ ਪੇਸ਼ਕਸ ਕੀਤੀ ਹੈ ਪ੍ਰੰਤੂ ਅਜੇ ਤੱਕ ਕੋਈ ਵੀ ਵਿਅਕਤੀ 5 ਲੱਖ ਰੁਪਏ ਨਹੀਂ ਲੈ ਸਕਿਆ ਅਤੇ ਨਾ ਹੀ ਕੋਈ ਇਸ ਚੈਲੰਜ ਨੂੰ ਕਬੂਲਣ ਲਈ ਅੱਗੇ ਆਇਆ ਹੈ। ਤਰਕਸ਼ੀਲ ਆਗੂਆਂ ਨੇ ਤਲਵੰਡੀ ਸਾਬੋ ਵਿਚਲੀ ਉਕਤ ਘਟਨਾ ਨੂੰ ਨਿਰਾ ਡਰਾਮਾ ਦੱਸਦਿਆਂ ਭਵਿੱਖ ਵਿੱਚ ਵੀ ਗੈਬੀ ਸ਼ਕਤੀ ਸਾਬਤ ਕਰਨ ਵਾਲੇ ਨੂੰ 5 ਲੱਖ ਰੁਪਏ ਦੇਣ ਦੀ ਪੇਸਕਸ਼ ਕੀਤੀ ਹੈ।

Share Button

Leave a Reply

Your email address will not be published. Required fields are marked *