ਡੰਗ ਅਤੇ ਚੋਭਾਂ

ਡੰਗ ਅਤੇ ਚੋਭਾਂ

ਸਭ ਕੋ ਕਰ ਦਊ ਭਸਮੱਈਆ

ਖ਼ਬਰ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਰਾਜਪਾਲ ਪੰਜਾਬ ਵੱਲੋਂ ਸੂਬੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਦ ਕੀਤੇ ਆਰਡੀਨੈਂਸ ਨੂੰ ਹੰਗਾਮੀ ਇਜਲਾਸ ਜ਼ਰੀਏ ਪਾਸ ਕਰਵਾਉਣ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਚੋਣ ਕਮਿਸ਼ਨ ਨੂੰ ਇਸ ਸਬੰਧੀ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਦਰਵਾਜ਼ੇ ਦਾ ਰਸਤਾ ਅਖਤਿਆਰ ਕਰਦਿਆਂ ਰਾਜ ਦਾ ਹੰਗਾਮੀ ਇਜਲਾਸ ਬੁਲਾਇਆ ਹੈ ਜੋ ਕਿ ਜਾਣ ਬੁੱਝ ਕੇ 19 ਦਸੰਬਰ ਨੂੰ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਕੱਚੇ, ਆਰਜੀ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਕਰਨ ਲਈ ਜੋ ਆਰਡੀਨੈਂਸ ਜਾਰੀ ਕੀਤਾ ਸੀ, ਉਸਨੂੰ ਪੰਜਾਬ ਰਾਜਪਾਲ ਨੇ ਪ੍ਰਵਾਨਗੀ ਨਹੀਂ ਦਿੱਤੀ।
ਸਰਕਾਰ ਨੇ ਭਾਈ ਚੇਅਰਮੈਨੀਆਂ, ਮੈਂਬਰੀਆਂ ਦੀ ਛਿਹਬਰ ਲਾਈ ਹੋਈ ਆ। ਨਿੱਤ ਦਿਹਾੜੇ ਕੋਈ ਮੈਂਬਰੀ ਚੁੱਕੀ ਫਿਰਦਾ ਕੋਈ ਚੇਅਰਮੈਨੀ। ਬੰਦੇ ਹੀ ਨਹੀਂ ਲੱਭਦੇ ਜਿੰਨੀਆਂ ਸਰਕਾਰ ਕੋਲ ਨੰਬਰਦਾਰੀਆਂ ਆਂ। ਲੋਕਾਂ ਨੂੰ ਛੋਟਾਂ ਮੈਂਬਰੀਆਂ ਨਾ ਦਿੱਤੀਆਂ ਤਾਂ ਵੋਟਾਂ ਕਿੱਥੋਂ ਮਿਲੂਗੀਆਂ? ਆਹ ਵੇਖੋ ਨਾ ਨੀਲੇ ਕਾਰਡਾਂ ਦੀ ਛਹਿਬਰ ਲਾ ਦਿੱਤੀ। ਭੁੱਖੇ ਢਿੱਡ ਭਰਨ ਲਈ ਅਨਾਜ ਮਿਲੇ ਨਾ ਮਿਲੇ, ਅਨਾਜ ਪਕਾਉਣ ਲਈ ਗੈਸ ਨੀਲੇ ਕਾਰਡ ਉਤੇ ਮੁਫਤ ਮਿਲੂ। ਉਸ ਗੈਸ ਉਤੇ ਰੋਟੀ ਪੱਕੇ ਚਾਹੇ ਨਾ, ਬੰਦੇ ਦੇ ਸੁਪਨੇ ਜ਼ਰੂਰ ਝੁਲਸੇ ਜਾਣਗੇ। ਪੰਜਾਬ ਵਿੱਚ ਨੌਕਰੀਆਂ ਗਾਇਬ ਆ ਗਧੇ ਦੇ ਸਿੰਗਾਂ ਵਾਂਗ ਪਰ ਵੇਖਣ ਲਈ ਯਾਦਗਾਰਾਂ ਬੜੀਆਂ ਬਣਾ ਦਿੱਤੀਆਂ ਸਰਕਾਰ ਨੇ, ਜਿਥੇ ਬੈਠ ਕੇ ਨੌਜਵਾਨ ‘ਠਰੰਮੇ’ ਨਾਲ ਰੋ ਸਕਦੇ ਆ, ਉਨਾਂ ਟੈਂਕੀਆਂ ‘ਤੇ ਚੜ ਕੇ ਭੁੱਖੇ ਢਿੱਡੀਂ ਵਿਰਲਾਪ ਕਰ ਸਕਦੇ ਆ। ਇਸ ਨਾਲ ਭਾਈ ਸਰਕਾਰ ਨੂੰ ਕੋਈ ਵਾਹ ਵਾਸਤਾ ਨਹੀਓਂ, ਉਹਨੇ ਤਾਂ ਹਾਥੀ ਦੀ ਮਸਤ ਚਾਲੇ ਚੱਲੀ ਜਾਣਾ, ਕੋਈ ਮਿੱਧਿਆ ਜਾਏ, ਕੋਈ ਬਚ ਨਿਕਲੇ, ਇਹ ਉਸ ਦੀ ਚੁਸਤੀ। ਬਾਕੀ ਭਾਈ ਹਾਕਮ ਆਰਡੀਨੈਂਸ ਪਾਸ ਕਰਨ ਚਾਹੇ ਬਿੱਲ ਪਾਸ ਕਰਨ, ਉਨਾਂ ਤਾਂ ਬੰਦੇ ਖੁਸ਼ ਕਰਨੇ ਆ। ਤਦੇ ਅਸੂਲਾਂ, ਨਿਯਮਾਂ ਨੂੰ ਭਸਮ ਕਰੀ ਤੁਰੀ ਜਾਂਦੀ ਆ ਸਰਕਾਰ!
ਖਜ਼ਾਨਾ ਖਾਲੀ ਹੋਇਆ ਪਿਆ, ਤਨਖਾਹਾਂ ਲਈ ਪੈਸਾ ਨਹੀਂ, ਲੁੱਟ ਤੇ ਲੁੱਟ ਪਾਈ ਜਾ ਰਹੀ ਆ ਸਰਕਾਰ। ਕੀ ਕਰੇ ਵਿਚਾਰੀ? ਵੋਟਾਂ ਆ ਭਾਈ ਵੋਟਾਂ! ਸਾਮ, ਦਾਮ, ਦੰਡ ਦਾ ਮੌਕਾ ਆ ਹਾਕਮਾਂ ਕੋਲ, ਜੋ ਚਾਹੁਣਗੇ ਕਰਨਗੇ। ਤਦੇ ਕਵੀ ਲਿਖਦਾ, ”ਆਊਗਾ ਰੂਸ ਮਈਆ, ਸਭ ਕੋ ਕਰ ਦਊ ਭਸਮੱਈਆ, ਆਪਣੇ ਪਿਆਰਿਆਂ ਨੂੰ ਰੱਖੂ ਕੰਢੇ ਲਾਇਕੇ।”
ਘਰ ਬਣਾ ਕੇ ਰੇਤ ਦੇ ਸਨ ਯਾਰ ਮੇਰੇ ਖੁਸ਼ ਬੜੇ
ਖ਼ਬਰ ਹੈ ਕਿ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ 12 ਸਰਕਲ ਇੰਚਾਰਜਾਂ ਵਿਚੋਂ 11 ਨੇ ਐਲਾਨ ਕੀਤਾ ਹੈ ਕਿ ਜਦ ਤੱਕ ਅਬੋਹਰ ਸੀਟ ਤੋਂ ਪਾਰਟੀ ਉਮੀਦਵਾਰ ਨਾਗਪਾਲ ਦੇ ਥਾਂ ਦੂਜਾ ਉਮੀਦਵਾਰ ਨਹੀਂ ਬਦਲਿਆ ਜਾਂਦਾ, ਤਦ ਤੱਕ ਉਸਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਇਹੋ ਜਿਹੀਆਂ ਖ਼ਬਰਾਂ ਹੀ ਹੋਰ ਕਈ ਵਿਧਾਨ ਸਭਾ ਹਲਕਿਆਂ ਤੋਂ ਖੜੇ ਕੀਤੇ ਗਏ ਉਮੀਦਵਾਰਾਂ ਦੇ ਵਿਰੋਧ ਵਿਚ ਆ ਰਹੀਆਂ ਹਨ।
ਲੋਕ ਸਭਾ ਚੋਣਾਂ ਵਿੱਚ ਹਾਕਮਾਂ ਦਾ ਤਸਲਾ ਮੂਧਾ ਮਾਰ ਕੇ ਨਵੀਂ ਜੰਗੀ ਪਾਰਟੀ ‘ਆਮ’ ਨੇ ‘ਕਾਲੀਆਂ, ਭਾਜਪਾਈਆਂ, ਕਾਂਗਰਸੀਆਂ ਨੂੰ ਦਿਨੇ ਤਾਰੇ ਦਿਖਾਤੇ। ਚਾਰ ਸੀਟਾਂ ਜਿੱਤ ਲਈਆਂ, ਘਰ ਵਿੱਚ ਤੀਜੀ ਕੰਧ ਖੜੀ ਕਰ ਬਣਦਾ ਤੀਜਾ ਵੋਟ ਹਿੱਸਾ ਹਥਿਆ ਲਿਆ। ਜੈ-ਜੈ ਕਾਰ ਕਰਦੇ ਮੋਦੀ ਨੂੰ ਚਾਰੇ ਖਾਨੇ ਚਿੱਤ ਕਰਕੇ, ਦਿੱਲੀ ਕਾਬੂ ਕਰ ਲਈ! ਅਤੇ ਮੁੜ ਪੰਜਾਬ ਤੇ ਚੜਾਈ ਕਰ ‘ਚਾਚੇ ਕੇਜਰੀਵਾਲ’ ਨੇ ਪੰਜਾਬ ਦੇ ਹਾਕਮਾਂ ਦੇ ਮੂੰਹ ਜਰਦ ਕਰ ਤੇ। ਦਿਨ ਥੋਹੜੇ ਬੀਤੇ ਸਨ, ਕੁਰਸੀਆਂ, ਲਾਲਸਾਵਾਂ, ਲੋਭ-ਲਾਲਚ ਨੇ ਪਾਰਟੀ ਅੱਧੋ ਅੱਧ ਕਰਤੀ। ਗਾਂਧੀ ਐਮ.ਪੀ. ਗਿਆ ਅਤੇ ਪਤਾ ਨਹੀਂ ਕਿੰਨੇ ਹੋਰ ਚਲੇ ਗਏ, ਸੁਚਾ ਸਿਹੁੰ ਤੋਰ ਦਿੱਤਾ ਤੇ ਪਤਾ ਨਹੀਂ ਕਿੰਨੇ ਹੋਰ ਉਪਰਲਿਆਂ ਮੂਧੇ ਮੂੰਹ ਸੁੱਟ ਦਿੱਤੇ।
ਜਾਪਦਾ ਸੀ, ਟੋਪੀ ਵਾਲੇ ਆਏ ਕਿ ਆਏ। ਜਾਪਦਾ ਸੀ ਆਮ ਆਦਮੀ ਆਊ, ਖੁਸ਼ੀਆਂ ਲਿਆਊ। ਜਾਪਦਾ ਸੀ, ਆਮ ਆਦਮੀ ਦੇ ਹੱਥ ਰਾਜ ਆਊ, ਭਾਗ ਆਊ, ਤੱਪੜ ਦੀ ਥਾਂ ਉਹ ਕੁਰਸੀ ਤੇ ਬਿਰਾਜੂ, ਪਰ ਕਾਹਨੂੰ ਭਾਈ, ਲਾਲਸਾ ਚਾਰ ਟੰਗੀ ਦੀ, ਦੋ ਟੰਗਾਂ ਭਨਾ ਬੈਠੀ। ਲਾਲਸਾ ਕਾਰ ਕੋਠੀਆਂ ਨੌਕਰਾਂ ਚਾਕਰਾਂ ਦੀ, ਹਾਕਮੀ ਲਹਿਜੇ ਦੀ, ਬਰਸਾਤੋਂ ਪਹਿਲਾਂ ਹੀ ਛੱਤਾਂ ਵਿੱਚ ਮੋਰੀਆਂ ਕਰਾ ਬੈਠੀ।
ਸੁਪਨਾ, ਸੁਪਨਿਆਂ ਦਾ ਸਿਰਜਿਆ ਸੰਸਾਰ ਵਾਹਵਾ ਹੀ ਸੁਖਾਵਾਂ ਜਿਹਾ ਸੀ, ਨੀਲੇ ਅੰਬਰ ਤੇ ਸਤਰੰਗੀ ਪੀਂਘ ਵਰਗਾ। ਮੋਤੀ ਮਹਿਲ ਵਰਗਾ। ਪਰ ਲੱਗੀ ਨਜ਼ਰ ‘ਆਮ’ ਨੂੰ, ਜਿਹਦੇ ਸੁਫਨੇ, ਘੁੱਪ ਹਨੇਰੇ ਵਿੱਚ ਡੁੱਬਣ ਡੁੱਬਣ ਕਰਦੇ ਦੀਹਦੇ ਕਿਸੇ ਕਵੀ ਦੇ ਸ਼ਬਦਾਂ ਵਾਂਗਰ, ”ਘਰ ਬਣਾ ਕੇ ਰੇਤ ਦੇ ਸਨ ਯਾਰ ਮੇਰੇ ਖੁਸ਼ ਬੜੇ, ਕੀ ਪਤਾ ਸੀ ਬਾਰਿਸ਼ਾਂ ਵਿਚ ਇਸ ਤਰਾਂ ਵੀ ਢਹਿਣਗੇ।”
ਹੈ ਵਿਕਾਊ ਮਾਲ ਬੰਦਾ ਅੱਜ ਦੇ ਬਾਜ਼ਾਰ ਵਿਚ
ਖ਼ਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੀ ਅਕਾਲੀ ਲੀਡਰਸ਼ਿਪ ਨੂੰ ਟਿਕਟਾਂ ਦੀ ਵੰਡ ਕਰਨ ਵਾਲਾ ਬਾਦਲ ਪਰਿਵਾਰ ਖੁਦ ਕਾਂਗਰਸ ਦੀ ਟਿਕਟ ਨੂੰ ਤਰਸ ਗਿਆ ਹੈ। ਪਹਿਲਾਂ ਅਕਾਲੀਆਂ ਨੇ ਅਤੇ ਹੁਣ ਕਾਂਗਰਸ ਨੇ ਵੀ ਬਰਨਾਲਾ ਪਰਿਵਾਰ ਤੋਂ ਅੱਖਾਂ ਫੇਰ ਲਈਆਂ ਹਨ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਬਾਦਲ ਪਰਿਵਾਰ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਤੇ ਉਸ ਦੀ ਅਕਾਲੀ ਦਲ ਵਿਚ ਘਰ ਵਾਪਸੀ ਹੋ ਸਕਦੀ ਹੈ। ਬਰਨਾਲਾ ਪਰਿਵਾਰ, ਬਾਦਲਾਂ ਨੂੰ ਛੱਡ ਲੌਂਗੋਵਾਲ ਦੇ ਲੜ ਲੱਗਾ, ਫਿਰ ਅਕਾਲੀ ਦਲ ਛੱਡ ਕੇ 2012 ਦੀਆਂ ਚੋਣਾਂ ਵਿੱਚ ਪੀਪੀਪੀ ਦੇ ਲੜ ਜਾ ਲੱਗਾ। ਫਿਰ ਬਰਨਾਲਾ ਦੇ ਪੋਤੇ ਨੇ 2015 ਵਿੱਚ ਕਾਂਗਰਸ ਵੱਲੋਂ ਜਿਮਨੀ ਚੋਣ ਲੜੀ, ਪਰ ਹਾਰ ਗਿਆ। ਹੁਣ ਕਾਂਗਰਸ ਨੇ ਬਰਨਾਲਾ ਪਰਿਵਾਰ ਨੂੰ ਦੋ ਸੀਟਾਂ ਦੇਣ ਦਾ ਵਚਨ ਦਿੱਤਾ ਹੋਇਆ ਸੀ, ਉਹ ਪੂਰਾ ਹੁੰਦਾ ਦਿਖਾਈ ਨਹੀਂ ਦਿੰਦਾ।
ਕੌਣ ਕਰਦਾ ਆ ਭਾਈ ਵਚਨ ਪੂਰੇ, ਸਭ ਸਮੇਂ ਦਾ ਚੱਕਰ ਆ, ਪੈਰ ਬਟੇਰਾ ਆ ਗਿਆ ਤਾਂ ਆ ਗਿਆ ਨਹੀਂ ਤੁਰੇ ਫਿਰੋ।
ਇਕ ਬਰਨਾਲਾ ਸੀ ਭਾਈ ਵਕੀਲ ਬਰਨਾਲਾ। ਚਿਤਰਕਾਰ ਬਰਨਾਲਾ, ਮਜ਼ਬੂਰੀ ਵਿੱਚ ਬਣਿਆ ਸਿਆਸਤਦਾਨ। ਮੁੱਖ ਮੰਤਰੀ ਬਨਣ ਦਾ ਦਾਅ ਲੱਗ ਗਿਆ। ਕੇਂਦਰੀ ਮੰਤਰੀ ਬਣ ਗਿਆ ਤੇ ਬਣ ਗਿਆ ਮੁੜ ਗਵਰਨਰ। ਤੇ ਫਿਰ ਟੱਬਰ ਟੀਹਰ ਸਭੋ ਸਿਆਸਤਦਾਨ! ਕੋਈ ਐਮ.ਐਲ.ਏ. ਕੋਈ ਪ੍ਰਧਾਨ। ਕੋਈ ਨਿੱਕਾ, ਕੋਈ ਵੱਡਾ ਸਭ ਖੱਬੇ-ਸੱਜੇ ਹਾਕਮ ਜਾਂ ਫਿਰ ਹਾਕਮ ਵਿਰੋਧੀ! ਆਖਰ ਬੱਚਾ ਮੂਲਿਆ ‘ਤੇ ਹੱਟੀ ਬਹਿਣਾ ਵਾਂਗਰ ਹੀ ਕਰਨ ਪੁੱਤ, ਪੋਤੇ। ਇਧਰ ਨਾ ਸੂਤ ਲੱਗਿਆ ਓਧਰ ਸਹੀ, ਇਧਰੋਂ ਹਲਵਾ-ਮੰਡਾ ਨਾ ਮਿਲਿਆ, ਓਧਰੋਂ ਸਹੀ। ਜਦ ਹੱਟੀ ਹੀ ਕਰਨੀ ਆ ਤਾਂ ਚੀਜ਼ਾਂ ਦਾ ਭਾਅ ਤਾਂ ਮਿੱਥਣਾ ਹੀ ਪਊ! ਚੀਜ਼ਾਂ ਦਾ ਭਾਅ ਮਿਥਾਂ ਵੇਲੇ ਆਪਣੀ ਬੋਲੀ ਵੀ ਲਾਉਣੀ ਪਊ, ਬਜ਼ਾਰ ਵਿੱਚ ਉਸੇ ਭਾਅ ਵਿਕਣਾ ਪਊ ਜਿਸ ਭਾਅ ਵੱਡਾ ਵਪਾਰੀ ਖਰੀਦੇ। ”ਹੈ ਵਿਕਾਊ ਮਾਲ ਬੰਦਾ ਅੱਜ ਦੇ ਬਾਜ਼ਾਰ ਵਿਚ, ਚਾਰ ਛਿੱਲੜਾਂ ਵਾਸਤੇ ਇਹ ਵੇਚਦਾ ਈਮਾਨ ਹੈ।” ਨਹੀਂ ਤਾਂ ਭਾਈ ਫਕੀਰ ਹੰਸ ਕਾਹਨੂੰ ਬਣੇ ਅਕਾਲੀ, ਕਾਹਨੂੰ ਬਣੇ ਕਾਂਗਰਸੀ, ਕਾਹਨੂੰ ਬਣੇ ਭਾਜਪਾਈ। ਵਕੀਲ ਬਰਨਾਲਾ ਕਾਹਨੂੰ ਬਣੇ ਅਕਾਲੀ, ਫਿਰ ਕਾਂਗਰਸੀ, ਪੀਪੀਪੀ ਤੇ ਮੁੜ ਅਕਾਲੀ, ਅਖੇ ਮੈਂ ਤਾਂ ਉਸੇ ਤਨਖਾਹ ਤੇ ਕੰਮ ਕਰੂੰ, ਜਿਸ ਤੇ ਪਹਿਲਾਂ ਕਰਦਾ ਸੀ।
ਇਹ ਕੀ ਹੋਇਆ! ਇਹ ਕੀ ਹੋਇਆ!
ਕਬਰ ਹੈ ਕਿ ਪੰਜਾਬ ਵਿਚ ਚੜਦੇ ਸਾਲ 2017 ਵਿਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸਿਆਸੀ ਪਾਰਟੀਆਂ ਦੇ ਆਉਣ ਜਾਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ। ਕਾਂਗਰਸ ਉਪ ਪ੍ਰਧਾਨ ਰਾਹੁਲ ਅਤੇ ਕੈਪਟਨ ਅਮਰਿੰਦਰ ਸਿੰਘ 17 ਦਸੰਬਰ 2016 ਨੂੰ ਰਾਧਾ ਸੁਆਮੀ ਡੇਰੇ ਪੁੱਜੇ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਚੋਣਾਂ ਨੂੰ ਲੈ ਕੇ ਚਰਚਾ ਦਾ ਹੋਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 18 ਮਾਰਚ 2016 ਨੂੰ ਰਾਹੁਲ ਡੇਰਾ ਪੁੱਜੇ ਸਨ, 21 ਸਤੰਬਰ 2016 ਨੂੰ ਅਮਰਿੰਦਰ ਸਿੰਘ, 25 ਸਤੰਬਰ 2016 ਨੂੰ ਕੇਜਰੀਵਾਲ, 26 ਸਤੰਬਰ 2016 ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਤਿੰਨ ਦਸੰਬਰ 2016 ਨੂੰ ਸੁੱਚਾ ਸਿੰਘ ਛੋਟੇਪੁਰ ਡੇਰੇ ਗਏ ਸਨ। ਇਸੇ ਤਰਾਂ ਹੀ ਹੋਰ ਡੇਰਿਆਂ ਵਿੱਚ ਵੋਟਾਂ ਲੈਣ ਲਈ ਸਿਆਸਤਦਾਨ ਪੁੱਜ ਕੇ ਸਾਧਾਂ ਸੰਤਾਂ ਦਾ ਅਸ਼ੀਰਵਾਦ ਮੰਗ ਰਹੇ ਹਨ।
ਪੌਂ ਬਾਰਾਂ ਹੋ ਚੁੱਕੀਆਂ ਡੇਰੇ ਵਾਲਿਆਂ ਦੀਆਂ। ਪੰਜਾਬ ਦੇ ਪਿੰਡਾਂ, ਸ਼ਹਿਰਾਂ ਨੂੰ ‘ਸੁਭਾਗ’ ਪ੍ਰਾਪਤ ਆ ਕਿ ਇਥੇ ਸਾਧਾਂ ਦੇ ‘ਵੱਡਮੁੱਲੇ’ ਵਿਚਾਰ ਸੁਣੇ ਬਿਨਾਂ ਪੰਜਾਬੀਆਂ ਨੂੰ ਨਾ ਨੀਂਦ ਆਉਂਦੀ ਆ, ਨਾ ਭੁੱਖ ਲੱਗਦੀ ਆ। ਕਿਉਂਕਿ ਇਨਾਂ ਡੇਰਿਆਂ ਵਿੱਚ ਘੁੱਟਦੀਆਂ ਭੰਗਾਂ, ਉਸ ਦੇ ਸੇਵਨ ਨਾਲ ਉਠਦੀਆਂ ਤਰੰਗਾਂ ਸੰਗਤਾਂ ਨੂੰ ਭਾਈ ‘ਸਵਰਗ’ ਲੋਕ ਦੇ ਦਰਸ਼ਨ ਕਰਾਉਂਦੀਆਂ ਆ। ਗੁਰੂਆਂ, ਪੀਰਾਂ, ਫ਼ਕੀਰਾਂ ਦੇ ਪਵਿੱਤਰ ਬਚਨ ਛੱਡ ‘ਬਾਬਿਆਂ’ ਦੇ ਸ਼ੈਦਾਈ ਬਣੇ ਵਿਹਲੜ ਹੀ ਤਾਂ ਭਾਈ ਸਿਆਸਤਦਾਨਾਂ ਦਾ ‘ਕੱਚਾ ਮਾਲ’ ਆ, ਜਿਹਨੂੰ ਉਹ ਆਪਣੇ ਰੰਗ ਵਿੱਚ ਰੰਗ ਕੇ ਆਪਣੇ ਵਰਗੇ ਬਣਾ ਲੈਂਦੇ ਆ। ਕੀ ਕਰਨੀ ਆ ਭਗਤੀ? ਕੀ ਕਰਨੀ ਆ ਸ਼ਕਤੀ? ਬਾਬਿਆਂ, ਸਾਧਾਂ ਦੇ ਚੇਲੇ ਬਣ ਜਾਉ, ਜਾਂ ਸਿਆਸਤਦਾਨਾਂ ਦੇ ਜਾਂ ਫਿਰ ਸਾਧਾਂ ਸੰਤਾਂ ਰਾਹੀਂ ਸਿਆਸਤਦਾਨਾਂ ਦੇ, ਉਨਾਂ ਆਪੇ ‘ਰੱਬ ਦੇ ਦਰਵਾਜ਼ੇ’ ਸੰਗਤਾਂ ਲਈ ਖੋਹਲ ਦੇਣੇ ਆ। ਨਸ਼ੇ ਖਾ ਕੇ ਜੀਣ ਲਈ ਜਾਂ ਸਿੱਧੇ ਮਰਨ ਲਈ। ਪਰ ਭਾਈ ਵਿਹਲੜ ਸੰਗਤਾਂ, ਸਾਧਾਂ ਸੰਤਾਂ, ਵਜ਼ੀਰਾਂ, ਨੇਤਾਵਾਂ ਦੇ ਕਾਰੇ ਵੇਖ ਪੰਜਾਬ ਦੀ ‘ਮਾਰੂ’ ਹੁੰਦੀ ਜਾ ਰਹੀ ਪਿਆਰੀ ਧਰਤੀ ਵਿਰਲਾਪ ਕਰਦੀ ਆਖੀ ਜਾਂਦੀ ਆ, ”ਇਹ ਕੀ ਹੋਇਆ! ਇਹ ਕੀ ਹੋਇਆ! ਧਰਤੀ ਮਾਂ ਵੀ ਭੁੱਬਾਂ ਮਾਰੇ, ਛਮ ਛਮ ਕਰਦਾ ਅੰਬਰ ਰੋਇਆ। ਇਹ ਕੀ ਹੋਇਆ।” ਇਹ ਕੀ ਹੋਇਆ! ਸਾਧ ਮੋਇਆ, ਕਿ ਸਿਆਸਤਦਾਨ ਮੋਇਆ?
ਵਾਹ ਉਏ ਪਿਆਰੇ ਪੰਜਾਬ
? ਪੰਜਾਬ ਵਿੱਚ ਲਗਭਗ 10 ਹਜ਼ਾਰ ਡੇਰੇ ਹਨ, ਜਿਨਾਂ ਦੇ ਲੱਖਾਂ ਹੀ ਸ਼ਰਧਾਲੂ ਹਨ। ਇਨਾਂ ਡੇਰਿਆਂ ਨੇ ਆਪਣੇ ਸਿਆਸੀ ਵਿੰਗ ਵੀ ਬਣਾਏ ਹੋਏ ਹਨ। ਸੂਬੇ ਦੇ ਵਿੱਚ 20 ਵੱਡੇ ਡੇਰੇ ਹਨ, ਜਿਨਾਂ ਵਿੱਚ ਡੇਰਾ ਸੱਚਾ ਸੌਦਾ, ਡੇਰਾ ਭਨਿਆਰਾ ਵਾਲ, ਰਾਧਾ ਸੁਆਮੀ ਡੇਰਾ, ਨਿਰੰਕਾਰੀ, ਨੂਰਮਹਿਲ ਸਥਿਤ ਡੇਰਾ ਦਿਵਿਆ ਜੋਯਤੀ ਜਾਗਰਤੀ ਸੰਸਥਾਨ ਅਤੇ ਰੂਮੀ ਵਾਲਾ ਡੇਰਾ। ਸ਼੍ਰੀ ਅਨੰਦਪੁਰ ਸਾਹਿਬ ਵਿੱਚ 69 ਡੇਰੇ ਹਨ।
? ਪਿਛਲੇ 15 ਸਾਲਾਂ ਵਿੱਚ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ 3171 ਕੇਸ ਅਤੇ 11672 ਹੱਤਿਆਵਾਂ ਦੇ ਕੇਸ ਦਰਜ਼ ਹੋਏ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
? ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਮੁਤਾਬਕ ਹਰ ਦਸ ਭਾਰਤੀਆਂ ਵਿੱਚੋਂ ਚਾਰ ਕਿਸੇ ਨਾ ਕਿਸੇ ਕਾਰਨ ਦੂਜੀ ਥਾਂ [ਦੇਸ਼ ਦੇ ਅੰਦਰ ਜਾਂ ਵਿਦੇਸ਼] ਵਿੱਚ ਪ੍ਰਵਾਸ ਕਰਦੇ ਹਨ। ਦੂਜੀ ਜਗਹ ਜਾਣ ਵਾਲੇ ਇਹੋ ਜਿਹੇ ਲੋਕਾਂ ਦੀ ਗਿਣਤੀ 45.3 ਕਰੋੜ ਹੈ।
? ਦੇਸ਼ ਦੀ ਜਾਂਚ ਏਜੰਸੀ ਸੀ.ਬੀ ਆਈ ਕੋਲ ਦੇਸ਼ ਦੇ 2555 ਘੁਟਾਲਿਆਂ ਦੀ ਜਾਂਚ ਪਿਛਲੇ ਦਸ ਸਾਲਾਂ ਤੋਂ ਜਿਆਦਾ ਸਮੇਂ ਤੋਂ ਚੱਲ ਰਹੀ ਹੈ। ਇਨਾਂ ਮਾਮਲਿਆਂ ਵਿੱਚ 2 ਜੀ ਸਪੈਕਟ੍ਰਮ ਘੁਟਾਲਾ, ਮੁਸਲਿਮ ਵਕਫ ਬੋਰਡ ਦੀ 27000 ਏਕੜ ਜ਼ਮੀਨ ਦੀ ਹੇਰਾ-ਫੇਰੀ, ਰਾਸ਼ਟਰ ਮੰਡਲ ਖੇਲਾਂ ਨਾਲ ਸਬੰਧਿਤ ਘੁਟਾਲਾ, ਕੋਲਾ ਘੁਟਾਲਾ ਜਿਹੇ ਘੁਟਾਲੇ ਸ਼ਾਮਲ ਹਨ। ਅਤੇ ਦੇਸ਼ ਦੀਆਂ ਵੱਖੋ-ਵੱਖਰੀਆਂ ਅਦਾਲਤਾਂ ਵਿੱਚ ਸੀ.ਬੀ. ਆਈ ਦੇ 9347 ਮਾਮਲੇ ਲੰਬਿਤ ਪਏ ਹਨ।
ਇਕ ਵਿਚਾਰ
ਆਮ ਲੋਕਾਂ ਦੀ ਚੰਗਿਆਈ ਲਈ ਸੱਤਾ ਦੀ ਵਰਤੋਂ ਕਰਨ ਵਾਲੇ ਨੂੰ ਬੇਬਸੀ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਬਰਟ ਕੇਸੇ।

ਗੁਰਮੀਤ ਸਿੰਘ ਪਲਾਹੀ

9815802070
gurmitpalahi@yahoo.com

Share Button

Leave a Reply

Your email address will not be published. Required fields are marked *

%d bloggers like this: