ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਡੇਰਾ ਸਿਰਸਾ ਦੇ ਕੁਰਬਾਨੀ ਦਲ ਦੀਆਂ ਪਰਤਾਂ ਫਰੋਲਣ ਲੱਗੀ ਪੁਲਿਸ, ਹਲਕੇ ਦੇ ਪ੍ਰੇਮੀਆਂ ਤੇ ਕਰੜੀ ਨਜਰ

ਡੇਰਾ ਸਿਰਸਾ ਦੇ ਕੁਰਬਾਨੀ ਦਲ ਦੀਆਂ ਪਰਤਾਂ ਫਰੋਲਣ ਲੱਗੀ ਪੁਲਿਸ, ਹਲਕੇ ਦੇ ਪ੍ਰੇਮੀਆਂ ਤੇ ਕਰੜੀ ਨਜਰ
ਖੁਫੀਆ ਮਹਿਕਮਾ ਜੇਲ੍ਹ ਭਰੋ ਅੰਦੋਲਨ ਸਬੰਧੀ ਪ੍ਰਕਾਸ਼ਿਤ ਖਬਰਾਂ ਬਾਰੇ ਪ੍ਰੇਮੀਆਂ ਤੋਂ ਕਨਸੋਆਂ ਲੈਣ ਵਿੱਚ ਲੱਗਾ

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ ‘ਤੇ ਹਿੰਸਾ ਭੜਕਾਉਣ ਦੇ ਮੰਤਵ ਤਹਿਤ ਡੇਰੇ ਵੱਲੋਂ ਪੰਜਾਬ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪ੍ਰੇਮੀਆਂ ਨੂੰ ਲੈ ਕੇ ਕੁਰਬਾਨੀ ਦਲ ਗਠਿਤ ਕਰਨ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਉਪਰੰਤ ਸਥਾਨਕ ਪੁਲਿਸ ਵੱਲੋਂ ਵੀ ਅਜਿਹੇ ਕਿਸੇ ਦਲ ਦੇ ਗਠਨ ਅਤੇ ਉਸ ਵਿੱਚ ਹਲਕੇ ਦੇ ਕਿਸੇ ਪ੍ਰੇਮੀ ਦੇ ਸ਼ਾਮਿਲ ਹੋਣ ਸਬੰਧੀ ਵੇਰਵੇ ਇਕੱਤਰ ਕਰਨ ਸਬੰਧੀ ਸੂਚਨਾ ਮਿਲੀ ਹੈ ਜਦੋਂਕਿ ਖੁਫੀਆ ਮਹਿਕਮਾ ਪ੍ਰੇਮੀਆਂ ਵੱਲੋਂ ਭਵਿੱਖ ਵਿੱਚ ਕਿਸੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤੇ ਜਾਣ ਦੇ ਕਿਆਸ ਤਹਿਤ ਪ੍ਰੇਮੀਆਂ ਤੋਂ ਕਨਸੋਆਂ ਲੈਣ ਵਿੱਚ ਲੱਗ ਗਿਆ ਲੱਗਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਅੱਜ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਅਨੁਸਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ ਦੀ ਸੂਰਤ ਵਿੱਚ ਹਿੰਸਾ ਭੜਕਾਉਣ ਲਈ ਡੇਰੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਹਿੱਸਿਆ ਵਿੱਚੋਂ ਕੱਟੜ ਪ੍ਰੇਮੀਆਂ ਨੂੰ ਸ਼ਾਮਿਲ ਕਰਕੇ ਕੁਰਬਾਨੀ ਦਲ ਗਠਿਤ ਕਰਨ ਸਬੰਧੀ ਖਬਰਾਂ ਪ੍ਰਕਾਸ਼ਿਤ ਹੋਈਆਂ ਹਨ। ਉਕਤ ਖਬਰਾਂ ਨੂੰ ਦੇਖਦਿਆਂ ਸਥਾਨਕ ਪੁਲਿਸ ਵੱਲੋਂ ਵੀ ਕੁਰਬਾਨੀ ਦਲ ਦੇ ਸੱਚ ਅਤੇ ਉਕਤ ਦਲ ਵਿੱਚ ਹਲਕੇ ਦੇ ਕਿਸੇ ਪ੍ਰੇਮੀ ਦੇ ਸ਼ਾਮਿਲ ਹੋਣ ਸਬੰਧੀ ਰਿਪੋਰਟਾਂ ਇਕੱਤਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਹਾਂਲਾਕਿ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀ ਕੀਤੀ।ਪਰ ਪਤਾ ਲੱਗਾ ਹੈ ਕਿ ਬੀਤੇ ਸਮੇਂ ਵਿੱਚ ਡੇਰੇ ਦੀਆਂ ਸਰਗਰਮੀਆਂ ਵਿੱਚ ਵਧ ਚੜ ਕੇ ਹਿੱਸਾ ਪਾਉਣ ਵਾਲੇ ਡੇਰੇ ਦੇ ਮੂਹਰਲੇ ਆਗੂਆਂ ਦੇ ਘਰਾਂ ਤੇ ਪੁਲਿਸ ਕਰੜੀ ਨਜਰ ਰੱਖ ਰਹੀ ਹੈ ਜਦੋਂਕਿ ਉਕਤ ਆਗੂ ਘਰਾਂ ਤੋਂ ਅਜੇ ਦੁਰੀ ਬਣਾ ਕੇ ਰਹਿ ਰਹੇ ਹਨ।ਦੂਜੇ ਪਾਸੇ ਹਰਿਆਣਾ ਸਰਕਾਰ ਨੂੰ ਉੱਥੋਂ ਦੇ ਖੁਫੀਆ ਮਹਿਕਮੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤੇ ਜਾਣ ਦੀਆਂ ਰਿਪੋਰਟਾਂ ਦੇਣ ਸਬੰਧੀ ਪ੍ਰਕਾਸ਼ਿਤ ਖਬਰਾਂ ਤੇ ਖੁਫੀਆ ਮਹਿਕਮੇ ਨੇ ਵੀ ਆਪਣੇ ਕੰਨ ਖੜੇ ਕਰਦਿਆਂ ਹਰਿਆਣਾ ਦੀ ਹੱਦ ਨਾਲ ਲੱਗਦੇ ਉੱਕਤ ਖਿੱਤੇ ਵਿੱਚ ਕਿਸੇ ਅਜਿਹੀ ਸੰਭਾਵਨਾ ਦੀ ਤਲਾਸ਼ ਵਿੱਚ ਅੱਜ ਪ੍ਰੇਮੀਆਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ ਕਰਦਿਆਂ ਕੁਝ ਪ੍ਰੇਮੀਆਂ ਤੋਂ ਜੇਲ੍ਹ ਭਰੋ ਅੰਦੋਲਨ ਸਬੰਧੀ ਕਨਸੋਅ ਹਾਸਿਲ ਕਰਨ ਦੀ ਕੋਸ਼ਿਸ ਵੀ ਕੀਤੀ ਪਰ ਪਤਾ ਲੱਗਾ ਹੈ ਕਿ ਪ੍ਰੇਮੀਆਂ ਨੇ ਅਜਿਹੇ ਕਿਸੇ ਵੀ ਪ੍ਰੋਗਰਾਮ ਦੀ ਖੁਦ ਨੂੰ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ।ਭਾਂਵੇ ਕਿ ਖੁਫੀਆ ਵਿਭਾਗ ਦੇ ਸੂਤਰ ਵੀ ਅਜਿਹੇ ਕਿਸੇ ਮਾਮਲੇ ਸਬੰਧੀ ਪੁੱਛੇ ਜਾਣ ਤੋਂ ਟਾਲਾ ਵੱਟ ਗਏ ਪ੍ਰੰਤੂ ਸੂਤਰਾਂ ਅਨੁਸਾਰ ਅੰਦਰੋ ਅੰਦਰੀ ਪੁਲਿਸ ਤੇ ਖੁਫੀਆ ਮਹਿਕਮਾ ਉਕਤ ਮਾਮਲਿਆਂ ਦੀ ਸੱਚਾਈ ਜਾਨਣ ਤੇ ਲੱਗਾ ਹੋਇਆ ਹੈ।
ਉੱਧਰ ਪੰਚਕੂਲਾਂ ਵਿੱਚ ਡੇਰਾ ਮੁਖੀ ਦੀ ਪੇਸ਼ੀ ਮੌਕੇ ਹੋਈ ਹਿੰਸਾ ਵਿੱਚ ਮਾਰੇ ਜਾਣ ਵਾਲਿਆਂ ਦੇ ਭੋਗ ਐਤਵਾਰ ਨੂੰ ਪੈਣ ਦੇ ਮੱਦੇਨਜਰ ਸਮੁੱਚੇ ਸੂਬੇ ਵਾਂਗ ਸਥਾਨਕ ਪੁਲਿਸ ਨੇ ਵੀ ਚੌਕਸੀ ਵਧਾ ਦਿੱਤੀ ਹੈ।ਕੇਂਦਰੀ ਅਰਧ ਸੈਨਿਕ ਬਲਾਂ ਦੀ ਤੈਨਾਤੀ ਲਗਾਤਾਰ ਬਣੀ ਹੋਈ ਹੈ ਜਦੋਂਕਿ ਸਬ ਡਵੀਜਨ ਦੀ ਹਰਿਆਣਾ ਨਾਲ ਲੱਗਦੀ ਹੱਦ ਤੇ ਵਿਸ਼ੇਸ ਚੌਕਸੀ ਵਰਤੇ ਜਾਣ ਬਾਰੇ ਪਤਾ ਲੱਗਾ ਹੈ। ਪੁਲਿਸ ਵੱਲੋਂ ਹਰਿਆਣਾ ਹੱਦ ਤੋਂ ਪੰਜਾਬ ਵਿੱਚ ਦਾਖਿਲ ਹੋਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਡੀ. ਐੱਸ. ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਗਲੇਰੇ ਹੁਕਮਾਂ ਤੱਕ ਅਜੇ ਤੱਕ ਸੁਰੱਖਿਆ ਵਿੱਚ ਕੋਈ ਢਿੱਲ ਨਹੀ ਵਰਤੀ ਜਾ ਰਹੀ ਤੇ ਪੁਲਿਸ ਸਮੁੱਚੇ ਇਲਾਕੇ ਦੀਆਂ ਗਤੀਵਿਧੀਆਂ ਤੇ ਨਜਰ ਰੱਖ ਕੇ ਚੱਲ ਰਹੀ ਹੈ ਤਾਂਕਿ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਕਿਸੇ ਵੀ ਕੋਸ਼ਿਸ ਨੂੰ ਸਫਲ ਨਾ ਹੋਣ ਦਿੱਤਾ ਜਾਵੇ।

Leave a Reply

Your email address will not be published. Required fields are marked *

%d bloggers like this: