ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016

ss1

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016
ਮਹਿਲਾ ਵਰਗ ਵਿੱਚ ਭਾਰਤ ਤੇ ਪੁਰਸ਼ ਵਰਗ ਵਿੱਚ ਇੰਗਲੈਂਡ ਫਾਈਨਲ ਵਿੱਚ

ਇੰਗਲੈਂਡ ਦੀ ਪੁਰਸ਼ ਟੀਮ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਯੂਰੋਪੀਅਨ ਟੀਮ ਬਣੀ
ਕੈਬਨਿਟ ਮੰਤਰੀ ਮਲੂਕਾ ਵੱਲੋਂ ਸੈਮੀ ਫਾਈਨਲ ਮੈਚਾਂ ਦਾ ਕੀਤਾ ਗਿਆ ਰਸਮੀ ਉਦਘਾਟਨ

untitled-4ਮਹਿਰਾਜ/ਰਾਮਪੁਰਾ ਫੂਲ (ਜਸਵੰਤ ਦਰਦ ਪ੍ਰੀਤ)ਮਹਿਰਾਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਅੱਜ ਵਿਸ਼ਵ ਕੱਪ ਦੇ ਨਾਕ ਆਊਟ ਮੈਚਾਂ ਦੀ ਸ਼ੁਰੂਆਤ ਹੋਈ ਜਿੱਥੇ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਇਕ-ਇਕ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਇੰਗਲੈਂਡ ਦੀ ਪੁਰਸ਼ ਅਤੇ ਭਾਰਤ ਦੀ ਮਹਿਲਾ ਟੀਮ ਨੇ ਜਿੱਤ ਹਾਸਲ ਕਰਦਿਆਂ ਫਾਈਨਲ ਵਿੱਚ ਦਾਖਲਾ ਪਾਇਆ। ਮਹਿਲਾ ਵਰਗ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਇਕਪਾਸੜ ਮੁਕਾਬਲੇ ਵਿੱਚ 41-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾਇਆ। ਦੂਜੇ ਪਾਸੇ ਪੁਰਸ਼ ਵਰਗ ਦੇ ਪਹਿਲੇ ਸੈਮੀ ਫਾਈਨਲ ਮੈਚ ਵਿੱਚ ਦੋ ਇਤਿਹਾਸ ਸਿਰਜੇ ਗਏ। ਛੇ ਵਿਸ਼ਵ ਕੱਪਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੈਚ ਦਾ ਸਕੋਰ ਨਿਰਧਾਰਤ ਸਮੇਂ ਵਿੱਚ ਬਰਾਬਰ ਰਹਿਣ ਤੋਂ ਬਾਅਦ ਫੈਸਲਾ ਟਾਈਬ੍ਰੇਕਰ ਵਿੱਚ ਹੋਇਆ ਜਿਸ ਵਿੱਚ ਇੰਗਲੈਂਡ ਨੇ ਇਰਾਨ ਨੂੰ 41-39 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਇੰਗਲੈਂਡ ਦੀ ਪੁਰਸ਼ ਟੀਮ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਯੂਰੋਪੀਅਨ ਟੀਮ ਬਣ ਗਈ।

           ਇਸ ਤੋਂ ਪਹਿਲਾਂ ਸੈਮੀ ਫਾਈਨਲ ਮੈਚਾਂ ਦਾ ਰਸਮੀ ਉਦਘਾਟਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਮਹਿਰਾਜ ਪਿੰਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਜਿੱਥੇ ਦਰਸ਼ਕਾਂ ਦੇ ਰਿਕਾਰਡ ਤੋੜ ਇਕੱਠ ਨੇ ਫਸਵੇਂ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਸੰਬੋਧਨ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਵਿਸ਼ਵ ਕੱਪ ਬਦੌਲਤ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪੂਰੇ ਦੁਨੀਆਂ ਵਿੱਚ ਮਕਬੂਲ ਹੋ ਗਈ ਹੈ। ਕੀਨੀਆ ਦੀ ਮਹਿਲਾ ਟੀਮ ਜਿੱਥੇ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਪਹਿਲੀ ਅਫਰੀਕ ਟੀਮ ਬਣੀ ਉਥੇ ਅੱਜ ਇੰਗਲੈਂਡ ਦੀ ਟੀਮ ਜਿੱਤ ਕੇ ਪਹਿਲੀ ਵਾਰ ਫਾਈਨਲ ਵਿੱਚ ਪੁੱਜਣ ਵਾਲੀ ਯੂਰੋਪੀਅਨ ਟੀਮ ਬਣ ਗਈ। ਉਨਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਿਨਾਂ ਸਦਕਾ ਪਹਿਲੀ ਵਾਰ ਮਹਿਰਾਜ ਪਿੰਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ।
ਅੱਜ ਦਿਨ ਦਾ ਪਹਿਲਾ ਮੈਚ ਪੁਰਸ਼ ਦੇ ਪਹਿਲਾ ਸੈਮੀ ਫਾਈਨਲ ਇੰਗਲੈਂਡ ਤੇ ਇਰਾਨ ਵਿਚਾਲੇ ਖੇਡਿਆ ਗਿਆ ਜਿਹੜਾ ਵਿਸ਼ਵ ਕੱਪ ਦਾ ਸਭ ਤੋਂ ਫਸਵਾਂ ਅਤੇ ਰੌਚਕ ਮੁਕਾਬਲਾ ਰਿਹਾ। ਇਹ ਮੈਚ ਵਿਸ਼ਵ ਕੱਪ ਦੇ ਬਾਕੀ ਮੈਚਾਂ ਮੁਕਾਬਲੇ ਜਾਫੀਆਂ ਦੇ ਨਾਂ ਰਿਹਾ। ਇੰਗਲੈਂਡ ਦੇ ਕਪਤਾਨ ਸੰਦੀਪ ਸੰਧੂ ਨੰਗਲ ਅੰਬੀਆ ਨੇ ਕਪਤਾਨੀ ਖੇਡ ਖੇਡਦਿਆਂ ਰਿਕਾਰਡ 14 ਜੱਫੇ ਲਾ ਕੇ ਟਾਈਬ੍ਰੇਕਰ ਵਿੱਚ ਗਏ ਇਸ ਮੈਚ ਵਿੱਚ ਇਰਾਨ ਨੂੰ 41-39 ਨਾਲ ਹਰਾ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਇੰਗਲੈਂਡ ਪਹਿਲੀ ਯੂਰੋਪੀਅਨ ਟੀਮ ਹੈ ਜਿਹੜੀ ਫਾਈਨਲ ਵਿੱਚ ਪੁੱਜੀ ਹੈ। ਇਹ ਮੈਚ ਸੰਦੀਪ ਦੇ ਨਾਂ ਰਿਹਾ ਜਿਸ ਨੇ ਇਰਾਨ ਦੇ ਧਾਕੜ ਰੇਡਰਾਂ ਨੂੰ ਲਗਾਤਾਰ ਡੱਕੀ ਰੱਖਿਆ। ਇਸ ਮੈਚ ਵਿੱਚ ਸ਼ੁਰੂਆਤ ਵਿੱਚ ਇਰਾਨ ਨੇ ਲੀਡ ਲੈ ਲਈ ਪਰ ਫੇਰ ਇੰਗਲੈਂਡ ਨੇ ਲੀਡ ਬਣਾ ਲਈ। ਮੈਚ ਵਿੱਚ ਕਿਸੇ ਵੀ ਸਮੇਂ 4-5 ਅੰਕਾਂ ਤੋਂ ਵੱਧ ਲੀਡ ਦਾ ਫਰਕ ਨਹੀਂ ਰਿਹਾ। ਅੰਤਲੇ ਪਲਾਂ ਵਿੱਚ ਇਰਾਨ ਵੱਲੋਂ ਕੀਤੀ ਵਾਪਸੀ ਸਦਕਾ ਨਿਰਧਾਰਤ ਸਮੇਂ ਤੱਕ ਸਕੋਰ 35-35 ਨਾਲ ਬਰਾਬਰ ਰਿਹਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਾਕ ਆਊਟ ਮੁਕਾਬਲਾ ਟਾਈਬ੍ਰੇਕਰ ਵਿੱਚ ਗਿਆ ਜਿੱਥੇ ਦੋਵੇਂ ਟੀਮਾਂ ਨੂੰ 5-5 ਰੇਡਾਂ ਪਾਉਣ ਦਾ ਮੌਕਾ ਦਿੱਤਾ ਗਿਆ। ਟਾਈਬ੍ਰੇਕਰ ਵਿੱਚ ਇਕ ਵਾਰ ਇਰਾਨ 39-36 (4-1) ਨਾਲ ਅੱਗੇ ਸੀ। ਇਸ ਮੌਕੇ ਸੰਦੀਪ ਵੱਲੋ ਲਗਾਏ ਦੋ ਜੱਫਿਆਂ ਅਤੇ ਜਗਤਾਰ ਦੇ ਇਕ ਜੱਫੇ ਸਦਕਾ ਇੰਗਲੈਂਡ ਨੇ ਲਗਾਤਾਰ ਪੰਜ ਅੰਕ ਲਏ ਅਤੇ ਸੈਮੀ ਫਾਈਨਲ ਮੈਚ 41-39 ਨਾਲ ਜਿੱਤ ਲਿਆ। ਇੰਗਲੈਂਡ ਵੱਲੋਂ ਰੇਡਰ ਨਰਵਿੰਦਰ ਸਿੰਘ ਨੇ 12, ਅਵਤਾਰ ਸਿੰਘ ਨੇ 4 ਤੇ ਅਮਨਦੀਪ ਸਿੰਘ ਨੇ 3 ਅੰਕ ਲਏ ਜਦੋਂ ਕਿ ਮੈਚ ਦੌਰਾਨ ਛਾਈ ਰਹੀ ਜਾਫ ਲਾਈਨ ਵਿੱਚੋਂ ਸੰਦੀਪ ਸੰਧੂ ਨੇ 14, ਜਗਤਾਰ ਸਿੰਘ ਨੇ 5 ਤੇ ਅਮਨਦੀਪ ਉਪਲ ਨੇ 2 ਜੱਫੇ ਲਾਏ। ਇਰਾਨ ਵੱਲੋਂ ਮਾਇਆਨ ਨੇ 6, ਬਹਿਮਾਨ ਜਾਵੇਦੀ ਨੇ 5 ਤੇ ਪਾਏਮਾਨ ਨੇ 3 ਅੰਕ ਲਏ ਜਦੋਂ ਕਿ ਹਾਮਿਦ ਨੇ 7, ਮਜ਼ਤਾਬਾ ਵੇ 6 ਤੇ ਅਲੀ ਸਫਾਰੀ ਨੇ 5 ਜੱਫੇ ਲਾਏ।

        ਦਿਨ ਦਾ ਦੂਜਾ ਤੇ ਆਖਰੀ ਮੈਚ ਮਹਿਲਾ ਵਰਗ ਦਾ ਪਹਿਲਾ ਸੈਮੀ ਫਾਈਨਲ ਭਾਰਤ ਤੇ ਨਿਊਜੀਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਭਾਰਤ ਦੀ ਟੀਮ ਨੇ ਆਸਾਨੀ ਨਾਲ ਨਿਊਜ਼ੀਲੈਂਡ ਨੂੰ 41-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾਇਆ। ਭਾਰਤੀ ਟੀਮ ਵੱਲੋਂ ਕਰਮੀ ਨੇ 7, ਰਾਮ ਬਟੇਰੀ ਨੇ 5 ਅਤੇ ਸੁੱਖੀ ਤੇ ਨੋਨਾ ਨੇ 3-3 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਰਣਦੀਪ ਨੇ 5, ਖੁਸ਼ਬੂ ਨੇ 3 ਤੇ ਸੁਖਦੀਪ ਨੇ 2 ਜ੍ਰੱਫੇ ਲਾਏ। ਨਿਊਜ਼ੀਲੈਂਡ ਵੱਲੋਂ ਰੇਡਰ ਪਰੇਸੀ ਨੇ 8, ਕ੍ਰਿਸਟੀਅਨ ਮੋਟੋ ਤੇ ਜਾਇਲਾ ਨੇ 3-3 ਅੰਕ ਲਏ ਅਤੇ ਜਾਫੀ ਟਾਇਲਾ ਫੋਰਡ ਨੇ 2 ਤੇ ਐਟਲੀਨਾ ਨੇ 1 ਜੱਫਾ ਲਾਇਆ।

        ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਜ਼ਿਲਾ ਪ੍ਰੀਸਦ ਬਠਿੰਡਾ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ, ਨਗਰ ਪੰਚਾਇਤ ਦੇ ਪ੍ਰਧਾਨ ਹਰਿੰਦਰ ਹਿੰਦਾ, ਯੂਥ ਆਗੂ ਜਸ ਪਿੱਪਲੀ, ਨਗਰ ਕੌਸਲ ਪ੍ਰਧਾਨ ਸੁਨੀਲ ਬਿੱਟਾ, ਕੁਲਵੰਤ ਸਿੰਘ ਮੰਗੀ ਇੰਸਪੈਕਟਰ, ਪਟਵਾਰੀ ਬਲੌਰ ਸਿੰਘ, ਜਸਵੰਤ ਭਾਈਰੂਪਾ, ਬੂਟਾ ਭਾਈਰੂਪਾ, ਸੁਰਿੰਦਰ ਗਰਗ , ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *