ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਅਕਾਲੀ-ਭਾਜਪਾ ਸਰਕਾਰ ਦੀ ਨਿਖੇਧੀ

ss1

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਅਕਾਲੀ-ਭਾਜਪਾ ਸਰਕਾਰ ਦੀ ਨਿਖੇਧੀ

ਬਠਿੰਡਾ (ਪਰਵਿੰਦਰ ਜੀਤ ਸਿੰਘ ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੰਜਾਬ ਸਰਕਾਰ ਨੂੰ ਸਖਤ ਸੁਣਾਉਣੀ ਕਰਦਿਆਂ ਸਰਕਾਰ ਦੀਆਂ ਨੀਤੀਆ ਦੀ ਨਿਖੇਧੀ ਕੀਤੀ ਗਈ ਕਿ ਪੰਜਾਬ ਸਰਕਾਰ ਅਜੇ ਵੀ ਆਪਣੀ ਨੀਤੀ ‘ਨੌਜਵਾਨਾਂ ਦੀਆਂ ਜਾਨਾਂ ਲੈ ਕੇ ਨੌਕਰੀਆਂ ਦੇਣਾ’ ਤੇ ਬਰਕਰਾਰ ਹੈ। ਉਹਨਾਂ ਕਿਹਾ ਕੱਲ੍ਹ ਬਠਿੰਡੇ ਵਿਖੇ ਹੋਏ ਈ.ਜੀ.ਐੱਸ. ਅਧਿਆਪਕ ਵਲੋਂ ਆਪਣੇ ਆਪ ਨੂੰ ਅੱਗ ਲਾਉਣ ਦੇ ਵਰਤਾਰੇ ਪਿੱਛੇ ਪੂਰੀ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਜਿੰਮੇਵਾਰ ਹੈ।ਇਸ ਤੋਂ ਪਹਿਲਾਂ ਵੀ ਬਠਿੰਡਾ ਵਿਖੇ ਪਿਛਲੇ ਦਿਨੀਂ 4 ਈ.ਜੀ.ਐੱਸ. ਅਧਿਆਪਕ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੇ ਹਨ ਤੇ ਇਹੀ ਸਰਕਾਰ ਦੋ ਬੇਕਸੂਰ ਅਧਿਆਪਕ ਕਿਰਨਜੀਤ ਕੌਰ, ਜਿਲਾ ਸਿੰਘ ਤੇ ਨੰਨ੍ਹੀ ਬੇਟੀ ਰੂਥ ਦੀ ਮੌਤ ਦੀ ਜਿੰਮੇਵਾਰ ਹੈ।ਮੋਰਚੇ ਦੇ ਆਗੂਆਂ ਕਿਹਾ ਕਿ ਪਹਿਲਾਂ ਸਰਕਾਰ ਮੁਲਾਜ਼ਮਾਂ ਨੂੰ ਆਪ ਠੇਕਾ, ਪ੍ਰੋਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਕੰਪਨੀਆਂ, ਠੇਕੇਦਾਰਾਂ, ਏਜੰਸੀਆਂ, ਇਨਲਿਸਟਮੈਂਟ, ਆਉਟ-ਸੋਰਸਿੰਗ, ਸਵੈ-ਰੁਜ਼ਗਾਰ ਅਧੀਨ ਭਰਤੀ ਕਰਦੀ ਹੈ ਫਿਰ ਆਪ ਹੀ ਇਹਨਾਂ ਭਰਤੀਆਂ ਨੂੰ ਬੈਕ-ਡੋਰ ਐਂਟਰੀ ਦਾ ਨਾਂ ਦਿੰਦੀ ਹੈ।ਆਗੂਆ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਈ ਵੀ ਮੁਲਾਜ਼ਮ ਜਦੋਂ ਸਮੇਂ-ਸਮੇਂ ਤੇ ਸਰਕਾਰ ਦੀਆਂ ਭਰਤੀ ਨੀਤੀਆਂ ਅਧੀਨ ਰੱਖਿਆ ਜਾਂਦਾ ਹੈ ਫਿਰ ਉਸ ਨੂੰ ਬੈਕ-ਡੋਰ ਐਂਟਰੀ ਕਹਿਣਾ ਕਿੱਥੋ ਤੱਕ ਵਾਜ਼ਬ ਹੈ।ਜਿਸ ਗਲਤੀ ਦੀ ਜਿੰਮੇਵਾਰ ਸਰਕਾਰ ਖੁਦ ਹੈ ਉਸ ਦੀ ਸਜ਼ਾ ਮੁਲਾਜ਼ਮ ਕਿਉਂ ਭੁਗਤਣ? ਉਹਨਾਂ ਕਿਹਾ ਕਿ ਮੁੱਖ ਮੰਤਰੀ ਨਾਲ ਹੋਈਆਂ ਮੋਰਚੇ ਦੀਆਂ ਮੀਟਿੰਗਾਂ ਵਿਚ ਸਰਕਾਰ ਵਲੋਂ ਵਾਰ-ਵਾਰ ਖੁਦ ਇਹ ਮੰਨਿਆ ਗਿਆ ਕਿ ਪ੍ਰੀ-ਪ੍ਰਾਇਮਰੀ ਕੇਡਰ ਅਧੀਨ ਸਾਰੀਆਂ ਵਲੰਟੀਅਰ ਕੈਟਾਗਿਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ ਫਿਰ ਸਰਕਾਰ ਹੁਣ ਕਿਉਂ ਮੁੱਕਰ ਰਹੀ ਹੈ? ਕਿਉਂ ਇਹਨਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ? ਸਰਕਾਰ ਡੰਗ ਟਪਾਉਣ ਦੀ ਨੀਤੀ ਤਹਿਤ ਕਦੇ ਕੈਬਨਿਟ ਮੀਟਿੰਗਾਂ, ਕਦੇ ਆਰਡੀਨੈਂਸ ਜਾਰੀ ਕਰਨਾ, ਕਦੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦਾ ਢੋਂਗ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਨੌਟੰਕੀ ਕਰ ਰਹੀ ਹੈ।ਜੋ ਸਰਕਾਰ ਆਪਣੀ ਨੌਜਵਾਨ ਪੀੜ੍ਹੀ ਨੂੰ ਨਹੀਂ ਸੰਭਾਲ ਸਕਦੀ ਉਸ ਸਰਕਾਰ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ।ਉਹਨਾਂ ਅੱਗੇ ਚਿਤਾਵਨੀ ਦਿੱਤੀ ਕਿ ਸਰਕਾਰ ਦੀ ਠੇਕਾ ਮੁਲਾਜ਼ਮਾਂ ਨਾਲ ਕੀਤੀ ਵਾਅਦਾ ਖਿਲਾਫੀ ਤੇ ਨਾ-ਇਨਸਾਫੀ ਦਾ ਮੋਰਚਾ ਚੋਣਾਂ ਤੋਂ ਪਹਿਲਾਂ ਅਤੇ ਚੋਣਾ ਦੌਰਾਨ ਵੀ ਡਟਵਾਂ ਵਿਰੋਧ ਕਰੇਗਾ ਤੇ ਸਰਕਾਰ ਨੂੰ ਹਰ ਫਰੰਟ ਤੇ ਘੇਰ ਕੇ ਸਰਕਾਰ ਦੀ ਧੱਕੇਸ਼ਾਹੀ ਨੂੰ ਉਜਾਗਰ ਕੀਤਾ ਜਾਵੇਗਾ।ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਇਹ ਗੱਲ ਪੜ੍ਹਿਆ ਵਿਚਾਰ ਲਵੇ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਲ ਕਰੇ ਤੋਂ ਬਗੈਰ ਆਪਣੇ ਅਖੌਤੀ ਵਿਕਾਸ ਦਾ ਚੋਣ ਪ੍ਰਚਾਰ ਪਿੰਡਾਂ ਵਿਚ ਸੋਖਿਆਂ ਕਰ ਲਵੇਗੀ।ਜੇਕਰ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਅਤੇ ਟਾਲ-ਮਟੋਲ ਦੀ ਨੀਤੀ ਅਪਣਾਉਂਦੀ ਰਹੇਗੀ ਤਾਂ ਸਰਕਾਰ ਦੀ ਹਰ ਚੋਣ ਮੁਹਿੰਮ ਨੂੰ ਠੇਕਾ ਮੁਲਾਜ਼ਮ ਗ੍ਰਹਿਣ ਲੰਘਾਉਣਗੇ।ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਸ਼ੋਸ਼ਿਤ ਸਭਨਾਂ ਕੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਆਤਮਹੱਤਿਆ ਸਮੱਸਿਆ ਦਾ ਹੱਲ ਨਹੀਂ ਆਓ ਸੰਘਰਸ਼ ਦੇ ਸਾਂਝੇ ਮੰਚ ਤੇ ਇਕੱਠੇ ਮਿਲ ਕੇ ਲੜ੍ਹੀਏ ਤੇ ਖਿਡੀ ਹੋਈ ਤਾਤਕ ਨੂੰ ਇਕੱਠਾ ਕਰਕੇ ਸੰਘਰਸ਼ ਦਾ ਬਿਗੁਲ ਵਜਾਈਏ ਤੇ ਆਪਣੇ ਹੱਕ ਪ੍ਰਾਪਤ ਕਰੀਏ।

Share Button

Leave a Reply

Your email address will not be published. Required fields are marked *