Wed. Aug 21st, 2019

ਜਥੇਦਾਰ ਟੌਹੜਾ ਪੰਥਪ੍ਰਸਤੀ ਦੀ ਸਾਕਾਰ ਮੂਰਤ ਸਨ-ਚੰਦੂਮਾਜਰਾ

ਜਥੇਦਾਰ ਟੌਹੜਾ ਪੰਥਪ੍ਰਸਤੀ ਦੀ ਸਾਕਾਰ ਮੂਰਤ ਸਨ-ਚੰਦੂਮਾਜਰਾ

ਪੰਜੋਲੀ (ਫ਼ਤਹਿਗੜ੍ਹ ਸਾਹਿਬ), 31 ਮਾਰਚ (ਪੰਜੋਲੀ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪੇਮ ਸਿੰਘ ਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪੂਰਾ ਜੀਵਨ ਈਮਾਨਦਾਰੀ, ਪੰਥਪ੍ਰਸਤੀ ਅਤੇ ਲੋਕਪੱਖੀ ਸਿਆਸਤ ਦੀ ਸਾਕਾਰ ਮੂਰਤ ਸੀ ਜਿਸ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਲੋੜ ਹੈ।
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਉਹ ਅੱਜ ਉਹਨਾਂ ਦੀ ਤੇਰਵੀਂ ਬਰਸੀ ਮੌੇਕੇ ਇਥੇ ਕਰਵਾਏ ਗਏ ‘ਲੋਕ ਪੱਖੀ ਸਿਆਸਤ ਅਤੇ ਅਜੋਕੀ ਅਕਾਲੀ ਰਾਜਨੀਤੀ’ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਜਥੇਦਾਰ ਟੌਹੜਾ ਨੇ ਧਾਰਮਿਕ, ਸਿਆਸੀ, ਵਿਦਿਅਕ ਅਤੇ ਸਮਾਜਿਕ ਖੇਤਰ ਲਾਮਿਸਾਲ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਉਹਨਾਂ ਦੀ ਪ੍ਰਧਾਨਗੀ ਦੇ ਦੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ‘ਸੁਨਹਿਰੀ ਯੁੱਗ’ ਵਜੋਂ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਦੌਰ ਵਿਚ ਹੀ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਸਥਾਪਤ ਹੋਈ ਅਤੇ ਸਿੱਖੀ ਦੇ ਪ੍ਰਚਾਰ ਪਸਾਰ ਦੇ ਨਾਲ ਨਾਲ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਖੇਤਰਾਂ ਵਿਚ ਨਵੇਂ ਕੀਰਤੀਮਾਨ ਸਥਾਪਤ ਹੋਏ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਵਾਹ ਲਗਦੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਨੂੰ ਆਪਣੇ ਮੂਲ ਆਸ਼ਿਆਂ ਤੋਂ ਭਟਕਣ ਨਹੀਂ ਸੀ ਦਿੱਤਾ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਵਲੋਂ ਸਾਰੀ ਉਮਰ ਲੋਕ ਪੱਖੀ ਸਿਆਸਤ ਨੂੰ ਇਸ ਲਈ ਪ੍ਰਣਾਏ ਰਹੇ ਕਿਉਂਕਿ ਉਹਨਾਂ ਦੀ ਪ੍ਰੇਰਨਾ ਦਾ ਸ੍ਰੋਤ ਸਿੱਖ ਸਿਧਾਂਤ, ਇਤਿਹਾਸ ਤੇ ਪ੍ਰੰਪਰਾਵਾਂ ਸਨ।
ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖ ਸੰਸ਼ਥਾਵਾਂ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਇਸ ਕਰ ਕੇ ਆਪਣੇ ਮੂਲ ਆਸ਼ਿਆਂ ਤੋਂ ਭਟਕ ਗਿਆ ਹੈ ਕਿਉਂਕਿ ਇਸ ਦੇ ਆਗੂ ਸਿੱਖੀ ਦੇ ਮੂਲ ਅਸੂਲਾਂ ਤੋਂ ਹੀ ਭਟਕ ਗਏ ਹਨ। ਉਹਨਾਂ ਕਿਹਾ ਕਿ ਅਜੋਕੀ ਅਕਾਲੀ ਰਾਜਨੀਤੀ ਲੋਕ ਪੱਖੀ ਸਿਆਸਤ ਤੋਂ ਇਸ ਲਈ ਦੂਰ ਚਲੀ ਗਈ ਹੈ ਕਿਉਂਕਿ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਸਿਧਾਂਤਹੀਣ ਅਤੇ ਨਿੱਜਪ੍ਰਸਤ ਹੋ ਗਈ ਹੈ। ਉੱਘੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਜਥੇਦਾਰ ਟੌਹੜਾ ਨੂੰ ਆਖਰੀ ਟਕਸਾਲੀ ਆਗੂ ਅਖਦਿਆਂ ਕਿਹਾ ਕਿ ਅਜੋਕੀ ਅਕਾਲੀ ਲੀਡਰਸ਼ਿੱਪ ਵਿਚ ਲੋਕਾਂ ਤੇ ਸਿੱਖ ਪੰਥ ਪਤੀ ਵਚਨਬੱਧਤਾ ਦੀ ਘਾਟ ਕਾਰਨ ਹੀ ਇਹ ਲੋਕਾਂ ਤੋਂ ਦੂਰ ਹੋ ਗਈ ਹੈ।
ਪੱਤਰਕਾਰ ਤੇ ਲੇਖਕ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ਖਾਸ ਕਰ ਕੇ ਅੰਗਰੇਜ਼ੀ ਅਖ਼ਬਾਰਾਂ ਨੇ ਜਥੇਦਾਰ ਟੌਹੜਾ ਨੂੰ ਹਮੇਸ਼ਾ ਹੀ ਗਲਤ ਰੰਗ ਵਿਚ ਪੇਸ਼ ਕੀਤਾ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਵੀ ਉਹਨਾਂ ਨੂੰ ਮੁੱਖ ਸਿਆਸੀ ਧਾਰਾ ਵਿਚ ਆਉਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲ ਹੀ ਧੱਕੀ ਰੱਖਿਆ। ਸ਼੍ਰੀ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀਆਂ ਪਾਰਟੀਆਂ ਨਾਲ ਮਿਲ ਕੇ ਮੁਲਕ ਵਿਚ ਭਗਵਾਂਕਰਨ ਦੀ ਮੁਹਿੰਮ ਨੂੰ ਠੱਲਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਥੇਦਾਰ ਟੌਹੜਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦ ਤੇ ਖ਼ੁਦਮੁਖਤਿਆਰ ਹਸਤੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ ਜਿਸ ਨੂੰ ਰੋਕਿਆ ਜਾਣਾ ਜਰੁਰੀ ਹੈ। ਉਹਨਾਂ ਕਿਹਾ ਕਿ ਇਸ ਨਾਲ ਪੰਥ ਦੀ ਨੁਮਾਇਦਾ ਸੰਸਥਾ ਅਤੇ ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਢਾਹ ਲੱਗੀ ਹੈ।
ਸੈਮੀਨਾਰ ਦੇ ਸ਼ੁਰੂ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਦੇ ਪਰਧਾਨ ਸ਼ੇਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਦੋਂ ਕਿ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਧੰਨਵਾਦ ਕੀਤਾ। ਸਟੇਜ ਸਕੱਤਰ ਦਾ ਕਾਰਜ ਨਿਭਾਉਂਦਿਆਂ ਗੁਰਦਰਸ਼ਨ ਸਿੰਘ ਬਾਹੀਆ ਨੇ ਜਥੇਦਾਰ ਟੌਹੜਾ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਮੰਝਪੁਰ ਅਤੇ ਗੁਰਵਿੰਦਰ ਸਿੰਘ ਡੂਮਛੇੜੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: