Wed. Apr 17th, 2019

ਚੋਣ ਜ਼ਾਬਤੇ ਦੇ ਡਰੋਂ ਅਧੂਰੇ ਕੋਟ ਬੁੱਢਾ ਵਾਲੇ ਸੜਕੀ ਪੁੱਲ ਦਾ ਉਦਘਾਟਨ ਹੋਇਆ

ਚੋਣ ਜ਼ਾਬਤੇ ਦੇ ਡਰੋਂ ਅਧੂਰੇ ਕੋਟ ਬੁੱਢਾ ਵਾਲੇ ਸੜਕੀ ਪੁੱਲ ਦਾ ਉਦਘਾਟਨ ਹੋਇਆ
ਅਧੂਰੇ ਪੁੱਲ ਦੇ ਬਣ ਰਹੀ ਰੇਲਿੰਗ ਵਾਲੇ ਜੰਗਲੇ ਵਿਚਕਾਰ ਤੋ ਹਨ ਟੁੱਟੇ
ਵੱਡਾ ਲੀਡਰ, ਮੰਤਰੀ ਤੇ ਅਧਿਕਾਰੀ ਨਹੀ ਆਏ ਸਮਾਗਮ ਵਿਚ 

ਪੱਟੀ, 22 ਦਸਬੰਰ (ਅਵਤਾਰ ਸਿੰਘ/ ਕੁਲਵਿੰਦਰ ਬੱਬੂ ) ਬੀਤੇ ਦਿਨ 21 ਦਸੰਬਰ 2016 ਨੂੰ ਸ਼ਾਮ 6 ਵਜ਼ੇ ਪਿੰਡ ਕੋਟ ਬੁੱਢਾ ਵਿਖੇ ਮਾਝੇ ਤੇ ਮਾਲਵੇ ਨੂੰ ਜੋੜਨ ਵਾਲੇ ਅਧੂਰੇ ਸੜਕੀ ਪੁੱਲ ਦਾ ਉਦਘਾਟਨ ਚੋਣ ਜ਼ਾਬਤੇ ਦੇ ਡਰੋਂ ਬੀਬਾ ਪਰਨੀਤ ਕੌਰ ਪਤਨੀ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ ਫਿਰੋਜ਼ਪੁਰ ਵੱਲੋ ਜਲਦਬਾਜ਼ੀ ਵਿਚ ਕਰ ਦਿੱਤਾ ਗਿਆ ਹੈ, ਜਦ ਕਿ ਮੌਕੇ ਉੱਪਰ ਵੇਖਣ ਵਿਚ ਆਇਆ ਕਿ ਪੁੱਲ ਦੇ ਦੋਵੇ ਪਾਸੇ ਲੱਗ ਰਹੇ ਰੇਲਿੰਗ ਲਈ ਜੰਗਲੇ ਜੋ ਅਧੂਰੇ ਹੋਣ ਕਾਰਨ ਕਿਸੇ ਵੀ ਹਾਦਸੇ ਨੂੰ ਸੱਦਾ ਦੇ ਸਕਦੇ ਹਨ ਅਤੇ ਰੇਲਿੰਗ ਲਈ ਬਣ ਰਹੀ ਥਾਂ ਤੇ ਲੱਗਾ ਕੰਟਰਕਸ਼ਨ ਵਾਲਾ ਜਾਲ ਅਧੂਰੇ ਪੁੱਲ ਦੀ ਗਵਾਹੀ ਭਰਦਾ ਹੈ। ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਾ ਗਿਆ ਅਤੇ ਜਲਦਬਾਜ਼ੀ ਵਿਚ ਪੁੱਲ ਦਾ ਉਦਘਾਟਨ ਕਰਨਾ ਪਿਆ।
ਵੱਡਾ ਲੀਡਰ, ਮੰਤਰੀ ਤੇ ਅਧਿਕਾਰੀ ਨਹੀ ਆਏ ਸਮਾਗਮ ਵਿਚ : ਇਸ ਸਮਾਗਮ ਵਿਚ ਨਾ ਕੋਈ ਕੈਬਨਿਟ ਮੰਤਰੀ, ਨਾ ਮੁੱਖ ਮੰਤਰੀ ਤੇ ਨਾ ਸਰਕਾਰੀ ਅਧਿਕਾਰੀ ਇਸ ਸਮਾਗਮ ਵਿਚ ਸ਼ਾਮਲ ਹੋ ਸਕੇ। ਇਸ ਮੌਕੇ ਸਿਰਫ ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ ਦੇ ਅਧਿਕਾਰੀ ਤੇ ਪੁੱਲ ਬਣਾਉਣ ਵਾਲੇ ਕੰਪਨੀ ਦੇ ਠੇਕੇਦਾਰ ਤੇ ਇੰਜੀਨਅਰ ਹਾਜ਼ਰ ਸਨ। ਦੋਵੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਲੋਕ ਸੰਪਰਕ ਅਧਿਕਾਰੀ ਵੀ ਮੌਕੇ ਉੱਪਰ ਨਾ ਪਹੁੰਚ ਸਕੇ।
ਪੱਟੀ ਹਲਕੇ ਨਾਲ ਸਬੰਧਤ ਅਕਾਲੀ ਆਗੂ ਤੇ ਲੀਡਰ ਰਹੇ ਗੈਰ ਹਾਜ਼ਰ : ਇਸ ਸਮਾਗਮ ਵਿਚ ਪੱਟੀ ਹਲਕੇ ਨਾਲ ਸਬੰਧਤ ਕੋਈ ਵੀ ਅਕਾਲੀ ਆਗੂ ਜਾਂ ਲੀਡਰ ਗੈਰ ਹਾਜ਼ਰ ਰਹਿਣ ਕਰਕੇ ਚਰਚਾ ਹੋ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਸਹਿਰ ਤੇ ਹਲਕੇ ਵਿਚ ਕਿਸੇ ਵੀ ਆਗੂ ਤੇ ਲੀਡਰਾਂ ਨੂੰ ਇਸ ਪੁੱਲ ਦੇ ਉਦਘਾਟਨ ਬਾਰੇ ਨਾ ਕੋਈ ਸੂਚਨਾ ਤੇ ਨਾ ਕੋਈ ਮੈਸੇਜ਼ ਭੇਜਿਆ ਗਿਆ ਅਤੇ ਲੀਡਰ ਤੇ ਆਗੂ ਹੈਰਾਨ ਰਹਿ ਗਏ ਕਿ ਪੁੱਲ ਦਾ ਉਦਘਾਟਨ ਹੋ ਵੀ ਗਿਆ ਹੈ।
ਸੜਕੀ ਪੁੱਲ ਦਾ ਚੋਣਾਂ ਮੌਕੇ ਨੀਹ ਪੱਥਰ ਤੇ ਫਿਰ ਚੋਣਾਂ ਮੌਕੇ ਉਦਘਾਟਨ: ਜਿਕਰਯੋਗ ਹੈ ਕਿ ਉਕਤ ਕੋਟ ਬੁੱਢਾ ਵਾਲੇ ਸੜਕੀ ਪੁੱਲ ਦਾ ਨਿਰਮਾਣ ਕਾਰਜ਼ 18 ਨਵੰਬਰ 2011 ਵਿਚ ਮੁੱਖ ਮੰਤਰੀ ਬਾਦਲ ਵੱਲੋ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਰਕੇ ਰੱਖਿਆ ਸੀ ਅਤੇ ਹੁਣ 5 ਸਾਲ ਬੀਤ ਜਾਣ ਤੇ ਬੀਤੇ ਦਿਨ 21 ਦਸੰਬਰ 2016 ਨੂੰ ਸ਼ਾਮ 6 ਵਜ਼ੇ ਫਿਰ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਚੋਣਾਂ ਦੇ ਸੀਜ਼ਨ ਦੌਰਾਨ ਜਲਦਬਾਜ਼ੀ ਵਿਚ ਇਸ ਅਧੂਰੇ ਪੁੱਲ ਦਾ ਉਦਘਾਟਨ ਕਰ ਦਿੱਤਾ।ਪੁੱਲ ਦੇ ਦੋਵੇ ਪਾਸੇ ਲੱਗ ਰਹੇ ਰੇਲਿੰਗ ਲਈ ਜੰਗਲੇ ਜੋ ਕਿ ਵਿਚਕਾਰ ਤੋ ਟੁੱਟੇ ਹੋਣ ਕਰਕੇ ਹਾਦਸੇ ਨੂੰ ਸੱਦਾ ਦੇ ਰਹੇ ਹਨ ਅਤੇ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਾ ਗਿਆ ਅਤੇ ਜਲਦਬਾਜ਼ੀ ਵਿਚ ਪੁੱਲ ਦਾ ਉਦਘਾਟਨ ਕਰਨਾ ਪਿਆ।

ਇਕ ਸਾਲ ਵਿਚ ਬਣਨਾ ਸੀ ਸੜਕੀ ਪੁੱਲ, ਪਰ ਲੱਗ ਗਏ ਪੰਜ ਸਾਲ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 18 ਨਵੰਬਰ 2011 ਵਿਚ ਫਿਰੋਜ਼ਪੁਰ ਤੇ ਪੱਟੀ ਵਿਚਕਾਰ ਪਿੰਡ ਕੋਟ ਬੁੱਢਾ ਵਿਖੇ 780 ਮੀਟਰ ਲੰਬਾਈ ਅਤੇ 14.22 ਚੌੜਾਈ ਵਾਲੇ ਸੜਕੀ ਪੁੱਲ ਦਾ ਨਿਰਮਾਣ ਕਰਵਾਉਣ ਲਈ 2 ਨੀਂਹ ਪੱਥਰ ਇਕ ਤਰਨਤਾਰਨ ਵਾਲੇ ਪਾਸੇ ਤੇ ਦੂਜ਼ਾ ਫਿਰੋਜ਼ਪੁਰ ਵਾਲੇ ਪਾਸੇ ਰੱਖੇ ਗਏ ਸਨ। ਲੋਕ ਨਿਰਮਾਣ ਵਿਭਾਗ ਵੱਲੋ ਉਕਤ ਪੁੱਲ ਦਾ ਕੰਮ ਜੀ ਐਸ ਕੰਟਰਕਸ਼ਨ ਕੰਪਨੀ ਸੰਗਰੂਰ ਨੂੰ ਅਲਾਟ ਕੀਤਾ ਗਿਆ ਸੀ ਅਤੇ ਕੰਪਨੀ ਵੱਲੋਂ ਇਕ ਸਾਲ ਵਿਚ ਪੁੱਲ ਦਾ ਨਿਰਮਾਣ ਕਰਨਾ ਸੀ, ਸ਼ੁਰੂਆਤ ਮੌਕੇ ਗ੍ਰਾਂਟ ਮਿਲ ਜਾਣ ਨਾਲ ਜਿਲਾ ਤਰਨਤਾਰਨ ਵਾਲੇ ਪਾਸੇ ਸਤਲੁੱਜ ਦਰਿਆ ਤੇ ਪੁੱਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋ ਬਾਦ ਗ੍ਰਾਂਟ ਰੁਕ ਗਈ ਤੇ 2 ਸਾਲ ਤੱਕ ਕੰਮ ਰੋਕ ਦਿੱਤਾ ਗਿਆ ਅਤੇ ਇਕ ਸਾਲ ਭਾਰੀ ਮੀਂਹ ਪੈਣ ਕਰਕੇ ਦਰਿਆ ਵਿਚ ਜ਼ਿਆਦਾ ਪਾਣੀ ਆਉਣ ਕਰਕੇ ਕੰਮ ਰੋਕ ਦਿੱਤਾ ਗਿਆ। 2015 ਵਿਚ ਫਿਰ ਸਰਕਾਰ ਵੱਲੋਂ ਇਸ ਪਾਸੇ ਧਿਆਨ ਦਿੱਤਾ ਗਿਆ ਅਤੇ ਬਕਾਇਆ ਰਹਿੰਦੀ ਗ੍ਰਾਂਟ ਜਾਰੀ ਕੀਤੀ ਗਈ, ਜਿਸ ਨਾਲ ਪੁੱਲ ਦਾ ਕੰਮ ਫਿਰ ਸ਼ੁਰੂ ਹੋ ਗਿਆ। ਇਹ ਪੁੱਲ ਕਰੀਬ 102 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਸਕਿਆ।

        ਇਹ ਪੁੱਲ ਬਣ ਜਾਣ ਨਾਲ ਫਿਰੋਜ਼ਪੁਰ ਤੇ ਪੱਟੀ ਵਿਚਕਾਰ 72 ਕਿਲੋਮੀਟਰ ਦੀ ਦੂਰੀ ਘੱਟ ਕੇ 42 ਕਿਲੋਮੀਟਰ ਹੋ ਜਾਣ ਨਾਲ 30 ਕਿਲੋਮੀਟਰ ਦਾ ਵਾਧੂ ਸਫਰ ਨਹੀ ਕਰਨਾ ਪਵੇਗਾ। ਜਿਸ ਨਾਲ ਸਵਾਰੀਆਂ ਤੇ ਲੋਕਾਂ ਨੂੰ ਸਮੇਂ ਤੇ ਰੁਪਏ ਦੀ ਬੱਚਤ ਵੀ ਹੋਵੇਗੀ।ਜੰਮੂ ਕਸ਼ਮੀਰ ਤੋ ਲੈ ਕੇ ਕਾਂਡਲਾ ਬੰਦਰਗਾਹ ਤੱਕ ਟੱਰਕਾਂ ਦੀ ਮਾਲ ਢੁਆਈ ਲਈ ਇਹ ਪੁੱਲ ਵਰਦਾਨ ਸਾਬਤ ਹੋਵੇਗਾ। ਇਸ ਪੁੱਲ ਦੇ ਚਾਲੂ ਹੋ ਜਾਣ ਨਾਲ ਪੱਟੀ ਤੇ ਫਿਰੋਜ਼ਪੁਰ ਇਲਾਕਿਆਂ ਵਿਚ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ।

Share Button

Leave a Reply

Your email address will not be published. Required fields are marked *

%d bloggers like this: