ਚਿੱਟ ਫੰਡ ਕੰਪਨੀਆਂ ਨੇ ਮਹਿਲ ਕਲਾਂ ਇਲਾਕੇ ਵਿੱਚ ਵਿਛਾਇਆ ਜਾਲ

ਚਿੱਟ ਫੰਡ ਕੰਪਨੀਆਂ ਨੇ ਮਹਿਲ ਕਲਾਂ ਇਲਾਕੇ ਵਿੱਚ ਵਿਛਾਇਆ ਜਾਲ
ਮਜਦੂਰ ਆਗੂਆਂ ਨੇ ਘੇਰੇ ਕੰਪਨੀ ਦੇ ਏਜੰਟ

05-guri-01ਮਹਿਲ ਕਲਾਂ 05 ਦਸੰਬਰ ( ਗੁਰਭਿੰਦਰ ਗੁਰੀ ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਕੇ ਜਿੱਥੇ ਕਾਲਾ ਧਨ ਜਮਾਂ ਕਰਨ ਵਾਲਿਆਂ ਤੇ ਸ਼ਿਕੰਜਾ ਕਸਿਆ ਗਿਆ ਹੈ ਉੱਥੇ ਕਾਲਾ ਧਨ ਜਮਾਂ ਕਰਨ ਵਾਲੇ ਟੈਕਸ ਚੋਰਾਂ ਨੇ ਵੀ ਗੈਰ ਕਾਨੂੰਨੀ ਢੰਗ ਤਰੀਕਿਆਂ ਨਾਲ ਇਕੱਠੇ ਕੀਤੇ ਕਾਲੇ ਪੈਸੇ ਨੂੰ ਚਿੱਟਾ ਕਰਨ ਲਈ ਨਵੇਂ ਢੰਗ ਤਰੀਕੇ ਅਪਣਾ ਲਏ ਹਨ। ਅਜਿਹੇ ਲੋਕਾਂ ਨੇ ਆਪਣਾ ਕਾਲਾ ਧਨ ਕਰਜ਼ੇ ਦੇ ਰੂਪ ਵਿੱਚ ਪਿੰਡਾਂ ਦੀਆਂ ਭੋਲ਼ੀਆਂ ਭਾਲੀਆਂ ਔਰਤਾਂ ਨੂੰ ਵੰਡ ਦਿੱਤਾ ਹੈ। ਇਨਾਂ ਟੈਕਸ ਚੋਰਾ ਦੇ ਏਜੰਟ ਪਿੰਡਾਂ ਵਿੱਚ ਜਾ ਕੇ ਇੱਕ ਵਿਚੋਲਾ ਲੱਭ ਲੈਂਦੇ ਹਨ ਅਤੇ ਫਿਰ ਉਸ ਵਿਚੋਲੇ ਰਾਹੀਂ ਆਂਢ ਗੁਆਂਢ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਪ੍ਰਤੀ ਮੈਂਬਰ 25000-30000-50000 ਤੱਕ ਦਾ ਲੋਨ ਦੇ ਦਿੰਦੇ ਹਨ ਜੋ ਕਿ ਇਨਾਂ ਔਰਤਾਂ ਨੇ ਹਫਤਾਵਾਰੀ,ਪੰਦਰਵਾੜਾ ਅਤੇ ਮਹੀਨਾਵਾਰ ਕਿਸ਼ਤਾਂ ਦੇ ਰੂਪ ਵਿੱਚ ਵਾਪਸ ਕਰਨਾ ਹੁੰਦਾ ਹੈ। ਇਨਾਂ ਚਿੱਟ ਫੰਡ ਕੰਪਨੀਆਂ ਦੇ ਏਜੰਟ ਪਿੰਡਾਂ ਵਿੱਚ ਆਪ ਆਕੇ ਕਿਸ਼ਤਾਂ ਇਕੱਠੀਆਂ ਕਰਕੇ ਲਿਜਾਂਦੇ ਹਨ ਅਤੇ ਕਿਸ਼ਤਾਂ ਜਮਾਂ ਕਰਨ ਮੌਕੇ ਨਵੀਂ ਕਰੰਸੀ ਦੀ ਮੰਗ ਕਰਦੇ ਹਨ ਜਦੋਂ ਕਿ ਇਨਾਂ ਨੇ ਸੰਬੰਧਿਤ ਔਰਤਾਂ ਨੂੰ ਕਰਜ਼ਾ ਪੁਰਾਣੇ 500-1000 ਦੇ ਨੋਟਾਂ ਦੇ ਰੂਪ ਵਿੱਚ ਦਿੱਤਾ ਹੋਇਆ ਹੈ। ਅੱਜ ਮਹਿਲ ਕਲਾਂ ਬਲਾਕ ਦੇ ਪਿੰਡ ਕਲਾਲਮਾਜਰਾ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਇਨਾਂ ਚਿੱਟ ਫੰਡ ਕੰਪਨੀਆਂ ਦੇ ਏਜੰਟ ਲੋਕਾਂ ਤੋਂ ਆਪਣੀ ਜਾਨ ਬਚਾ ਕੇ ਭੱਜ ਨਿਕਲੇ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਭੋਲਾ ਸਿੰਘ ਕਲਾਲਮਾਜਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਏਜੰਟ ਦਿੱਤੇ ਹੋਏ ਕਰਜ਼ੇ ਦੀਆ ਕਿਸ਼ਤਾਂ ਭਰਾਉਣ ਆਏ ਤਾਂ ਸੰਬੰਧਿਤ ਔਰਤਾਂ ਪਾਸੋਂ ਕਿਸ਼ਤਾਂ ਭਰਨ ਲਈ ਨਵੀਂ ਕਰੰਸੀ ਦੀ ਮੰਗ ਕੀਤੀ,ਜਦਕਿ ਨੋਟਬੰਦੀ ਤੋਂ ਬਾਅਦ ਠੱਪ ਹੋਏ ਕਾਰੋਬਾਰ ਕਾਰਨ ਮਜ਼ਦੂਰ ਵਿਹਲੇ ਬੈਠੇ ਹਨ ਜਿਸ ਕਾਰਨ ਕਰਜ਼ਾ ਲੈਣ ਵਾਲੀਆ ਔਰਤਾਂ ਨੇ ਕੰਪਨੀ ਦੇ ਏਜੰਟਾਂ ਨੂੰ ਕਿਹਾ ਕਿ ਤੁਸੀਂ ਦਸੰਬਰ ਮਹੀਨੇ ਦੀ ਕਿਸ਼ਤ ਜਨਵਰੀ ਮਹੀਨੇ ਜਮਾਂ ਕਰਵਾਓ ਜਾਂ ਫਿਰ ਪੁਰਾਣੇ ਨੋਟ ਲੈ ਲਵੋ ਪ੍ਰੰਤੂ ਕੰਪਨੀ ਦੇ ਏਜੰਟ ਨਵੀਂ ਕਰੰਸੀ ਨਾਲ ਹੀ ਕਿਸ਼ਤ ਜਮਾਂ ਕਰਵਾਉਣ ਤੇ ਅੜੇ ਰਹੇ ਜਿਸਦੇ ਫਲਸਰੂਪ ਔਰਤਾਂ ਅਤੇ ਏਜੰਟਾਂ ਵਿਚਕਾਰ ਤਕਰਾਰ ਬਾਜ਼ੀ ਹੋ ਗਈ ਅਤੇ ਮੌਕੇ ਤੇ ਮਜ਼ਦੂਰ ਆਗੂ ਭੋਲਾ ਸਿੰਘ ਕਲਾਲਮਾਜਰਾ ਤੇ ਜੁਗਰਾਜ ਸਿੰਘ ਮੂੰਮ ਸਮੇਤ ਹੋਰ ਲੋਕਾਂ ਦੇ ਪਹੁੰਚਣ ਤੋਂ ਬਾਅਦ ਇਨਾਂ ਏਜੰਟਾਂ ਨੇ ਉੱਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ। ਇਸ ਮੌਕੇ ਹਾਜ਼ਰ ਮਜ਼ਦੂਰ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਅਜਿਹੀਆਂ ਅਨ ਰਜਿਸਟਰਡ ਚਿੱਟ ਫੰਡ ਕੰਪਨੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਆਪਣਾ ਕਾਲਾ ਧਨ ਚਿੱਟਾ ਕਰਨ ਲਈ ਵੱਧ ਵਿਆਜ ਤੇ ਲੋਨ ਦੇ ਕੇ ਪੇਂਡੂ ਮਜ਼ਦੂਰ ਔਰਤਾਂ ਦੀ ਆਰਥਿਕ ਲੁੱਟ ਕਰਦੇ ਹਨ।

Share Button

Leave a Reply

Your email address will not be published. Required fields are marked *

%d bloggers like this: