ਗਰੀਬਾਂ ਦੇ ਮੂੰਹੋ ਬੁਰਕੀ ਖੋਹ ਕੇ ਵੱਡੇ ਟਰਾਂਸਪੋਰਟਰਾਂ ਦੇ ਢਿੱਡ ਭਰਨ ਲਈ ਟਰੱਕ ਯੂਨੀਅਨਾਂ ਦਾ ਭੋਗ ਪਾਇਆ ਜਾ ਰਿਹਾ ਹੈ: ਅਮਰਜੀਤ ਸਿੰਘ ਸੰਦੋਆ

ss1

ਗਰੀਬਾਂ ਦੇ ਮੂੰਹੋ ਬੁਰਕੀ ਖੋਹ ਕੇ ਵੱਡੇ ਟਰਾਂਸਪੋਰਟਰਾਂ ਦੇ ਢਿੱਡ ਭਰਨ ਲਈ ਟਰੱਕ ਯੂਨੀਅਨਾਂ ਦਾ ਭੋਗ ਪਾਇਆ ਜਾ ਰਿਹਾ ਹੈ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 7 ਅਗਸਤ (ਨਿਰਪੱਖ ਆਵਾਜ਼ ਬਿਊਰੋ): ਪੰਜਾਬ ਭਰ ਵਿੱਚ ਇਕ ਲੱਖ ਦੇ ਕਰੀਬ ਗਰੀਬ ਟਰਕ ਓਪਰੇਟਰਾਂ ਦੇ ਮੂੰਹੋ ਬੁਰਕੀ ਖੋਹ ਕੇ ਵੱਡੇ ਵੱਡੇ ਟਰਾਂਸਪੋਰਟਰਾਂ ਦੇ ਢਿੱਡ ਭਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਡੂੰਘੀ ਸਾਜਿਸ਼ ਅਧੀਨ ਟਰਕ ਓਪਰੇਟਰਾਂ ਨੂੰ ਰਾਹ ਦਾ ਰੋੜਾ ਸਮਝ ਕੇ ਹਟਾਉਣ ਲਈ ਪੰਜਾਬ ਦੀਆਂ 134 ਦੇ ਕਰੀਬ ਟਰੱਕ ਯੂਨੀਅਨਾਂ ਦਾ ਕੈਪਟਨ ਸਰਕਾਰ ਵੱਲੋਂ ਭੋਗ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਰੂਪਨਗਰ ਤੋਂ ‘ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਉਸ ਵੇਲੇ ਕੀਤਾ ਜਦੋਂ ਉਹ ਰੂਪਨਗਰ ਦੇ ਲਾਗੇ ਪੈਂਦੇ ਪਿੰਡ ਆਸਰੋਂ ਟਰੱਕ ਯੂਨੀਅਨ ਓਪਰੇਟਰਾਂ ਦੇ ਸੱਦੇ ਤੇ ਉਕਤ ਯੂਨੀਅਨ ਵਿੱਚ ਉਹਨਾਂ ਦੁੱਖੜੇ ਸੁਣਨ ਪਹੁੰਚੇ।
ਸਰਕਾਰ ਦੇ ਫੈਸਲੇ ਤੋਂ ਪੀੜਤ ਟਰਕ ਓਪਰੇਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਡੀ ਇਸ ਯੂਨੀਅਨ ਵਿੱਚ 100 ਦੇ ਕਰੀਬ ਟਰੱਕ ਹਨ। ਕੈਪਟਨ ਸਰਕਾਰ ਦੇ ਗਰੀਬ ਮਾਰੂ ਫੈਸਲੇ ਨਾਲ ਂਇਹਨਾਂ ਦੇ ਚੁਲਿਆਂ ਦੇ ਅੱਗ ਠੰਡੀ ਹੋਣ ਕਿਨਾਰੇ ਹੈ। ਉਹਨਾਂ ਕਿਹਾ ਕਿ ਯੂਨੀਅਨਾਂ ਨੂੰ ਬੰਦ ਕਰਨ ਦੇ ਫੈਸਲੇ ਦੇ ਐਲਾਨ ਨਾਲ ਹੀ 70 ਫੀਸਦੀ ਕੰਮ ਘੱਟ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਬੁਲਾਰੇ ਪ੍ਰਿੰਸੀਪਲ ਸੁਰਜਨ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1947 ਤੋਂ ਲੈ ਕੇ 2002 ਤੱਕ ਇਹ ਯੂਨੀਅਨਾਂ ਆਪਸੀ ਸਹਿਮਤੀ ਨਾਲ ਹੀ ਚਲਦੀਆਂ ਸਨ ਪਰ 2002 ਵਿੱਚ ਉਦੋਂ ਵੀ ਮੌਜੂਦਾ ਕੈਪਟਨ ਸਰਕਾਰ ਦੇ ਹੁਕਮਾਂ ਨਾਲ ਹੀ ਇਹਨਾਂ ਯੂਨੀਅਨਾਂ ਨੂੰ ਰਜਿਸਟਰਡ ਸੁਸਾਇਟੀਆਂ ਵਿੱਚ ਤਬਦੀਲ ਕੀਤਾ ਗਿਆ ਸੀ। ਰੋਪੜ ਯੂਨੀਅਨ ਸਮੇਤ ਸਾਰੀਆਂ ਯੂਨੀਅਨਾਂ ਵੱਲੋਂ 2002 ਤੋਂ ਬਾਅਦ ਰਿਟਰਨਾਂ ਭਰੀਆਂ ਜਾਂਦੀਆਂ ਹਨ ਅਤੇ ਇਹਨਾਂ ਯੂਨੀਅਨਾਂ ਵੱਲੋਂ ਆਪਣੇ ਖਰਚੇ ਤੇ ਲੱਖਾਂ ਰੁਪਏ ਖਰਚ ਕੇ ਆਪਣੇ ਦਫਤਰ ਟਾਈਪ ਬਿਲਡਿੰਗਾਂ ਵੀ ਖੁਦ ਬਣਾਈਆਂ ਹਨ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਜਦੋਂ ਸਭ ਨੂੰ ਨਿਯਮਾਂ ਮੁਤਾਬਿਕ ਚਲ ਰਿਹਾ ਹੈ ਤਾਂ ਨਾਦਰਸ਼ਾਹੀ ਫੁਰਮਾਨ ਦੇ ਕੇ ਇਹਨਾਂ ਅਦਾਰਿਆਂ ਨੂੰ ਬੰਦ ਕਰਨ ਦੀ ਕੋਈ ਤੁੱਕ ਹੀ ਨਹੀਂ ਬਣਦੀ। ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਹਰ ਕਿਸੇ ਨੂੰ ਰੁਜ਼ਗਾਰ ਦੇਣ ਦੀ ਬੜਕਾਂ ਮਾਰ ਰਹੀ ਹੈ, ਦੂਜੇ ਪਾਸੇ ਇਸ ਗਲਤ ਫੈਸਲੇ ਨਾਲ ਟੱਰਕਾਂ ਨਾਲ ਜੁੜੇ ਸਿੱਧੇ ਅਤੇ ਅਸਿੱਧੇ ਤੌਰ ਤੇ ਪੰਜ ਲੱਖ ਲੋਕਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ। ‘ਆਪ’ ਦੇ ਬੁਲਾਰੇ ਨੇ ਸਾਰੇ ਟੱਰਕ ਓਪਰੇਟਰਾਂ ਦੀ ਤਰਜ਼ਮਾਨੀ ਕਰਦੇ ਹੋਏ ਕੈਪਟਨ ਸਰਕਾਰ ਨੂੰ ਇਸ ਫੈਸਲੇ ਤੇ ਪੂਨਰ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਗਰੀਬਾਂ ਦੇ ਪਾਲੇ ਵਿੱਚ ਹੀ ਖੜੇਗੀ।

Share Button

Leave a Reply

Your email address will not be published. Required fields are marked *