ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਡੀਏਪੀ ਖਾਦ ਦੇਣੋਂ ਇਨਕਾਰ

ss1

ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਡੀਏਪੀ ਖਾਦ ਦੇਣੋਂ ਇਨਕਾਰ
ਪਿਛਲੀ ਅਦਾਇਗੀ ਦਾ ਭੁਗਤਾਨ ਕਰਨ ਮਗਰੋਂ ਹੀ ਦਿੱਤੀ ਜਾਵੇਗੀ ਨਵੇਂ ਸਿਰਿਉਂ ਖਾਦ
ਕਿਸਾਨ ਪ੍ਰੇਸ਼ਾਨ, ਝੋਨੇ ਦੀ ਵੀ ਨਹੀਂ ਹੋ ਰਹੀ ਅਦਾਇਗੀ

ਬਨੂੜ, 12 ਅਕਤੂਬਰ (ਰਣਜੀਤ ਸਿੰਘ ਰਾਣਾ): ਬਨੂੜ ਖੇਤਰ ਦੇ ਕਿਸਾਨ ਇਨੀਂ ਦਿਨੀਂ ਬਹੁਤ ਪ੍ਰੇਸ਼ਾਨ ਹਨ। ਉਨਾਂ ਨੂੰ ਆਪਣੀ ਵੇਚੀ ਜਾ ਰਹੀ ਝੋਨੇ ਦੀ ਫ਼ਸਲ ਦੀ ਅਦਾਇਗੀ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਖੇਤੀਬਾੜੀ ਸਹਿਕਾਰੀ ਸਭਾਵਾਂ ਨੇ ਕਿਸਾਨਾਂ ਨੂੰ ਡੀਏਪੀ ਖਾਦ ਦੇਣ ਤੋਂ ਹੱਥ ਖੜੇ ਕਰ ਦਿੱਤੇ ਹਨ। ਕਿਸਾਨਾਂ ਨੂੰ ਆਲੂਆਂ ਅਤੇ ਕਣਕ ਦੀ ਬਿਜਾਰੀ ਲਈ ਡੀਏਪੀ ਖਾਦ ਦੀ ਭਾਰੀ ਲੋੜ ਹੈ ਪਰ ਉਨਾਂ ਨੂੰ ਸਾਰੇ ਪਾਸਿਉਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।
ਬਨੂੜ ਖੇਤਰ ਦੇ ਅਨੇਕਾਂ ਕਿਸਾਨਾਂ ਜਸਵੰਤ ਸਿੰਘ ਨੰਡਿਆਲੀ, ਗੁਰਪਾਲ ਸਿੰਘ ਖਾਨਪੁਰ, ਗੁਰਮੀਤ ਸਿੰਘ ਨੰਡਿਆਲੀ, ਗੁਰਨਾਮ ਸਿੰਘ ਹੁਲਕਾ, ਗੁਰਵਿੰਦਰ ਸਿੰਘ, ਸੁਖਦੀਪ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਸਾਉਣੀ ਦੀਆਂ ਫ਼ਸਲਾਂ ਲਈ 30 ਸਤੰਬਰ ਤੱਕ ਲਿਮਟਾਂ ਵਿੱਚੋਂ ਲਏ ਕਰਜ਼ੇ ਦੇ ਭੁਗਤਾਨ ਤੋਂ ਬਿਨਾਂ ਉਨਾਂ ਨੂੰ ਡੀਏਪੀ ਦੇਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 30 ਸਤੰਬਰ ਤੱਕ ਅਦਾਇਗੀਆਂ ਕਿਸੇ ਵੀ ਤਰਾਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਝੋਨੇ ਦੀ ਸਰਕਾਰੀ ਖ੍ਰੀਦ ਹੀ ਪਹਿਲੀ ਅਕਤੂਬਰ ਨੂੰ ਆਰੰਭ ਹੁੰਦੀ ਹੈ ਤੇ ਸਰਕਾਰੀ ਏਜੰਸੀਆਂ ਵੱਲੋਂ ਖ੍ਰੀਦੇ ਝੋਨੇ ਦੀ ਅਦਾਇਗੀ ਅੱਜ ਤੱਕ ਵੀ ਨਹੀਂ ਹੋਈ ਹੈ।
ਕਿਸਾਨਾਂ ਨੇ ਦੱਸਿਆ ਕਿ ਇੱਕ ਪਾਸ ਸਹਿਕਾਰੀ ਸਭਾਵਾਂ ਦੀਆਂ ਪਾਸ ਬੁੱਕਾਂ ਉੱਤੇ ਇਹ ਦਰਜ ਕੀਤਾ ਗਿਆ ਹੈ ਕਿ 31 ਜਨਵਰੀ ਤੱਕ ਅਦਾਇਗੀ ਨਾ ਕਰਨ ਵਾਲੇ ਕਿਸਾਨਾਂ ਨੂੰ ਡਿਫ਼ਾਲਟਰ ਘੋਸ਼ਿਤ ਕੀਤਾ ਜਾਵੇਗਾ ਪਰ ਦੂਜੇ ਪਾਸੇ ਉਨਾਂ ਨੂੰ 30 ਸਤੰਬਰ ਨੂੰ ਹੀ ਡਿਫ਼ਾਲਟਰ ਬਣਾ ਦਿੱਤਾ ਗਿਆ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨਾਂ ਦੀਆਂ ਲਿਮਟਾਂ ਵਿੱਚ ਬਾਕਾਇਦਾ ਵਰਤਣਯੋਗ ਰਾਸ਼ੀ ਬਕਾਇਆ ਵੀ ਪਈ ਹੈ ਅਤੇ ਉਹ ਪਹਿਲਾਂ ਵੀ ਹਰ ਵਰੇ ਝੋਨੇ ਦੀ ਅਦਾਇਗੀ ਹੋਣ ਮਗਰੋਂ ਹੀ ਖੇਤੀਬਾੜੀ ਸਭਾਵਾਂ ਵਿਚਲੀ ਕਰਜ਼ਾ ਰਾਸ਼ੀ ਦਾ ਭੁਗਤਾਨ ਕਰਦੇ ਹਨ। ਉਨਾਂ ਕਿਹਾ ਕਿ ਐਤਕੀਂ ਪਹਿਲੀ ਵਾਰ ਅਜਿਹਾ ਹੋਇਆ ਹੈ ਤੇ ਉਨਾਂ ਨੂੰ ਡੀਏਪੀ ਦੇਣੋਂ ਜਵਾਬ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਅਜਿਹੀ ਸਥਿਤੀ ਵਿੱਚ ਉਹ ਆੜਤੀਆਂ ਕੋਲੋਂ ਉਧਾਰ ਡੀਏਪੀ ਚੁੱਕਣ ਲਈ ਮਜ਼ਬੂਰ ਹਨ।
ਉੱਧਰ ਜਦੋਂ ਇਸ ਸਬੰਧੀ ਖੇਤੀਬਾੜੀ ਸਹਿਕਾਰੀ ਸਭਾ ਹੁਲਕਾ ਦੇ ਸਕੱਤਰ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਅਜਿਹਾ ਕੋ-ਆਪਰੇਟਿਵ ਬੈਂਕਾਂ ਵੱਲੋਂ ਕੀਤਾ ਗਿਆ ਹੈ। ਉਨਾਂ ਮੰਨਿਆ ਕਿ ਪਹਿਲਾਂ ਵੀ ਕਿਸਾਨਾਂ ਦੀ ਅਦਾਇਗੀ ਝੋਨੇ ਦੀ ਅਦਾਇਗੀ ਮਗਰੋਂ ਹੀ ਹੁੰਦੀ ਰਹੀ ਹੈ ਤੇ ਕਿਸਾਨਾਂ ਨੂੰ ਡੀਏਪੀ ਖਾਦ ਵੀ ਦਿੱਤੀ ਜਾਂਦੀ ਰਹੀ ਹੈ। ਉਨਾਂ ਦੱਸਿਆ ਕਿ ਬੈਂਕਾਂ ਵੱਲੋਂ ਉਨਾਂ ਕੋਲੋਂ ਕਿਸਾਨਾਂ ਦੇ ਚੈੱਕ ਨਹੀਂ ਵਸੂਲੇ ਜਾ ਰਹੇ ਜਸ ਕਾਰਨ ਉਹ ਕਿਸਾਨਾਂ ਨੂੰ ਜਵਾਬ ਦੇ ਰਹੇ ਹਨ। ਉਨਾਂ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਕਿਸਾਨਾਂ ਨੇ ਬਾਹਰੋਂ ਡੀਏਪੀ ਖਾਦ ਚੁੱਕ ਲਈ ਤਾਂ ਇਸ ਨਾਲ ਸੋਸਾਇਟੀਆਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ ਤੇ ਡੀਏਪੀ ਵੀ ਬਚੀ ਰਹੇਗੀ।

ਪਹਿਲੀ ਅਦਾਇਗੀ ਜ਼ਰੂਰੀ-ਮੈਨੇਜਰ
ਸਹਿਕਾਰੀ ਬੈਂਕ ਬਨੂੜ ਦੇ ਮੈਨੇਜਰ ਕੁਲਵੰਤ ਸਿੰਘ ਨੇ ਦੱਸਿਆ ਕਿ ਉੱਪਰਲੀਆਂ ਹਦਾਇਤਾਂ ਅਨੁਸਾਰ ਹੀ ਸਾਰੀ ਕਰਾਵਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦੀ ਅਦਾਇਗੀ ਕਰਨੀ ਪਵੇਗੀ ਤੇ ਉਸ ਮਗਰੋਂ ਹੀ ਉਸਨੂੰ ਹਾੜੀ ਦੀ ਫ਼ਸਲ ਲਈ ਕਰਜ਼ਾ ਲਿਮਟ ਜਾਰੀ ਹੋਵੇਗੀ।

Share Button

Leave a Reply

Your email address will not be published. Required fields are marked *