ਕੰਮਾਂ ਵਿੱਚ ਹੋ ਰਹੀ ਬੇਲੋੜੀ ਦੇਰੀ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸਪੀਕਰ

ss1

ਕੰਮਾਂ ਵਿੱਚ ਹੋ ਰਹੀ ਬੇਲੋੜੀ ਦੇਰੀ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸਪੀਕਰ
ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਏਜਾ
ਹਲਕੇ ਦਾ ਕੋਈ ਵੀ ਵਿਅਕਤੀ ਬੇਘਰਾ ਨਹੀਂ ਰਹੇਗਾ
ਲੋਕਾਂ ਨਾਲ ਕੀਤੇ ਹਰ ਇੱਕ ਵਾਦੇ ਨੂੰ ਪੂਰਾ ਕਰਨਾ ਹੀ ਸਾਡਾ ਮੁੱਖ ਮਨੋਰਥ

ਸ੍ਰੀ ਅਨੰਦਪੁਰ ਸਾਹਿਬ, 5 ਅਪ੍ਰੈਲ (ਦਵਿੰਦਰਪਾਲ ਸਿੰਘ/ਅੰਕੁਸ਼): ਪਰਜਾਤੰਤਰ ਵਿੱਚ ਲੋਕ ਰਾਜ ਦਾ ਭਾਵ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੱਲੋਂ ਲੋਕਾਂ ਦੀ ਸਹੁਲਤ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਨੂੰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਲਾਗੂ ਕਰਵਾਉਣਾ ਹੈ। ਜਿਹੜੇ ਵਾਅਦੇ ਕਰਕੇ ਅਸੀਂ ਲੋਕਾਂ ਤੋਂ ਫਤਵਾ ਹਾਸਿਲ ਕੀਤਾ ਹੈ ਉਹ ਉਸ ਦਾ ਹਰ ਇੱਕ ਸ਼ਬਦ ਸਾਡੇ ਲਈ ਸੌਂਅ ਚੁਕਣ ਦੇ ਬਰਾਬਰ ਹੈ ਅਤੇ ਉਹ ਹਰ ਵਾਦਾ ਹਰ ਹਾਲਤ ਵਿੰਚ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਦਾ ਲੋਕ ਰਾਜ ਵਿੱਚ ਭਰੋਸਾ ਹੋਰ ਮਜਬੂਤ ਹੋ ਸਕੇ ਇਸ ਲਈ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਕੋਈ ਵੀ ਵਿਅਕਤੀ ਬੇਘਰਾ ਨਹੀਂ ਰਹਿਣ ਦਿੱਤਾ ਜਾਵੇਗਾ। ਹਲਕੇ ਵਿੱਚ ਬੇਘਰੇ ਲੋਕਾਂ ਨੂੰ ਪੰਚਾਇਤੀ ਜਮੀਨਾਂ ਵਿੱਚੋਂ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਤਲੁਜ ਸਦਨ, ਨੰਗਲ ਵਿਖੇ ਸਪੀਕਰ ਬਨਣ ਤੋਂ ਬਾਅਦ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਸਬੰਧੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਪਿੰਡਾ ਤੇ ਸ਼ਹਿਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵਿਸਥਾਰ ਸਹਿਤ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇ।
ਸਪੀਕਰ ਨੇ ਨੰਗਲ ਵਿੱਚ ਫਲਾਈਓਵਰ ਦੇ ਨਿਰਮਾਣ ਖਰੋਟਾ ਪੁੱਲ, ਐਨ.ਟੀ.ਪੀ.ਸੀ. ਯੋਜਨਾ ਅਧੀਨ ਨੰਗਲ ਵਿੱਚ ਬਨਣ ਵਾਲੇ ਇੰਜੀਨੀਅਰਿੰਗ ਕਾਲਜ, ਸਿਵਲ ਹਸਪਤਾਲ ਨੰਗਲ ਦੇ ਕੰਮਾਂ ਨੂੰ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਤੇ ਸਖਤ ਨਾਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਕਿ ਨਗਰ ਕੋਂਸਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰਾਣਾ ਕੰਵਰਪਾਲ ਸਿੰਘ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜਾ ਲੈਂਦੇ ਹੋਏ ਜਿਲਾ ਪੁਲਿਸ ਮੁਖੀ ਨਿਲੰਬਰੀ ਜਗਦਲੇ ਨੂੰ ਕਿਹਾ ਕਿ ਹਲਕੇ ਵਿੱਚ ਕਿਸੇ ਵੀ ਕਿਸਮ ਦੇ ਪ੍ਰਾਈਵੇਟ ਵਾਹਨ ਤੇ ਪੁਲਿਸ ਦੇ ਸਟੀਕਰ ਲਗਾਕੇ ਘੁੰਮ ਰਹੇ ਵਾਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਨੰਗਲ ਸ਼ਹਿਰ ਵਿੱਚ ਦੜਾ ਸਟਾ ਅਤੇ ਜੂਏ ਦਾ ਧੰਦਾ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ। ਉਨਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਡਿਊਟੀ ਵਿੱਚ ਲਾਪਰਵਾਹੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ਼ ਨੇ ਜਿਲੇ ਦੇ ਸਮੂਹ ਅਧਿਕਾਰੀਆਂ ਨੂੰ ਆਪਣੇ-ਆਪਣੇ ਕੰਮਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਭਰੌਸਾ ਦਵਾਇਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦਿੱਤਾ ਜਾਵਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਤੀਸ਼ ਚੰਦਰ ਵਸ਼ਿਸ਼ਟ, ਐਸ.ਡੀ.ਐਮ. ਨੰਗਲ ਸੁਭਾਸ਼ ਚੰਦਰ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ, ਡੀ.ਐਸ.ਪੀ. ਨੰਗਲ ਗੁਰਦੀਪ ਸਿੰਘ ਗੋਸਲ, ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਣਧੀਰ ਸਿੰਘ, ਤਹਿਸੀਲਦਾਰ ਨੰਗਲ ਡੀ.ਪੀ. ਪਾਂਡੇ, ਤਹਿਸੀਲਦਾਰ ਅਨੰਦਪੁਰ ਸਾਹਿਬ ਮਨਬੀਰ ਸਿੰਘ ਢਿਲੋਂ, ਨਾਇਬ ਤਹਿਸੀਲਦਾਰ ਹਰਮਨੋਹਰ ਸਿੰਘ ਅਤੇ ਦਲੀਪ ਸਿੰਘ, ਐਕਸੀਅਨ ਡਰੇਨ ਸਤਿੰਦਰ ਸਿੰਘ, ਐਕਸੀਅਨ ਪੀ.ਡਬਲਿਯੂ.ਡੀ. ਇੰਦਰਜੀਤ ਸਿੰਘ, ਐਕਸੀਅਨ ਜਲ ਸਪਲਾਈ ਹਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *