ਕੈਪਟਨ ਤੇ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਸਿਆਸੀ ਢਕਵੰਜ-ਬਾਦਲ

ਕੈਪਟਨ ਤੇ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਸਿਆਸੀ ਢਕਵੰਜ-ਬਾਦਲ
ਪਾਣੀਆਂ ਦੀ ਰਾਖੀ ਲਈ ਗੱਠਜੋੜ ਸਰਕਾਰ ਡਟ ਕੇ ਲੜਾਈ ਲੜੇਗੀ
ਸੁਪਰੀਮ ਕੋਰਟ ਵਿੱਚ ਪੰਜਾਬ ਖਿਲਾਫ ਹਲਫੀਆ ਬਿਆਨ ਦੇਣ ਨਾਲ ‘ਆਪ’ ਦਾ ਅਸਲੀ ਚਿਹਰਾ ਸਾਹਮਣੇ ਆਇਆ

12malout01ਲੰਬੀ/ਕੋਲਿਆਂਵਾਲੀ, 12 ਨਵੰਬਰ (ਆਰਤੀ ਕਮਲ) : ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ 42 ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਨਿਰੀ ਡਰਾਮੇਬਾਜ਼ੀ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਜੇਕਰ ਉਨਾਂ ਨੇ ਅਸਤੀਫਾ ਦੇ ਕੇ ਪੰਜਾਬ ਪ੍ਰਤੀ ਹਮਦਰਦੀ ਦਿਖਾਉਣ ਦਾ ਢਕਵੰਜ ਨਹੀਂ ਰਚਿਆ ਹੈ ਤਾਂ ਉਹ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਅਸਤੀਫੇ ਕਿਉਂ ਨਹੀਂ ਲੈ ਰਹੇ।

         ਅੱਜ ਲੰਬੀ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਚਿੱਟੇ ਦਿਨ ਗੱਦਾਰੀ ਕਰਨ ਵਾਲੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਅਸਤੀਫਾ ਪੰਜਾਬੀਆਂ ਦੇ ਹੱਕ ਵਿੱਚ ਨਹੀਂ ਸਗੋਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਦਿੱਤਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਵਿਧਾਨ ਸਭਾ ਚੋਣ ਲੜਨ ਦੇ ਇਛੁੱਕ ਹਨ ਜਿਸ ਕਰਕੇ ਉਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਵਿੱਚ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਮੁੜ ਵਿਧਾਨ ਸਭਾ ਚੋਣਾਂ ਲੜਨ ਦੀ ਚਾਹਤ ਪਾਲਣ ਲਈ ਕਾਂਗਰਸੀ ਨੇਤਾਵਾਂ ਨੇ ਤਾਂ ਅਸਤੀਫੇ ਦੇ ਦਿੱਤੇ ਪਰ ਲੋਕ ਸਭਾ ਚੋਣਾਂ ਅਜੇ ਦੂਰ ਹੋਣ ਕਰਕੇ ਸੂਬੇ ਤੋਂ ਚੁਣੇ ਗਏ ਕਾਂਗਰਸ ਦੇ ਸੰਸਦ ਮੈਂਬਰ ਅਸਤੀਫਾ ਦੇਣ ਤੋਂ ਇਨਕਾਰੀ ਹਨ।

          ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲ ਦਲ ਦੇ ਚੁਣੇ ਗਏ ਨੁਮਾਇੰਦਿਆਂ ਵੱਲੋਂ ਅਸਤੀਫਾ ਨਾ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਪੂਰੀ ਤਰਾਂ ਜਾਇਜ਼ ਠਹਿਰਾਉਂਦਿਆਂ ਆਖਿਆ ਕਿ ਪੰਜਾਬ ਵਾਸੀਆਂ ਨੇ ਸਾਨੂੰ ਦੁੱਖ-ਸੁਖ ਦੀ ਘੜੀ ਵਿੱਚ ਪੰਜਾਬ ਦੀ ਆਵਾਜ਼ ਉਠਾਉਣ ਤੇ ਲੜਾਈ ਲੜਨ ਲਈ ਸੱਤਾ ਦੀ ਸੇਵਾ ਸੌਂਪੀ ਹੈ ਅਤੇ ਜਦੋਂ ਹੁਣ ਪੰਜਾਬ ਦੇ ਪਾਣੀਆਂ ‘ਤੇ ਡਾਕਾ ਪੈਣ ਦਾ ਸੰਕਟ ਆ ਪਿਆ ਤਾਂ ਅਕਾਲੀ ਦਲ ਮੈਦਾਨ ਛੱਡ ਕੇ ਭੱਜਣ ਦੀ ਥਾਂ ਡਟ ਕੇ ਲੜਾਈ ਲੜੇਗਾ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਆਉਂਦੀ 16 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ ਤਾਂ ਕਿ ਪੰਜਾਬ ਦੇ ਪਾਣੀਆਂ ਨੂੰ ਹਰੇਕ ਕੀਮਤ ‘ਤੇ ਬਚਾਉਣ ਲਈ ਭਵਿੱਖੀ ਰਣਨੀਤੀ ਘੜਨ ਲਈ ਸਾਂਝੇ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅਜਿਹੇ ਨਾਜ਼ੁਕ ਮੌਕੇ ਕਾਂਗਰਸੀ ਵਿਧਾਇਕਾਂ ਨੇ ਆਪਣੀ ਆਵਾਜ਼ ਅਜ਼ੀਮ ਸਦਨ ਵਿੱਚ ਰੱਖਣ ਦੀ ਬਜਾਏ ਅਸਤੀਫੇ ਦੇ ਦਿੱਤੇ ਜੋ ਕਿ ਲੋਕਾਂ ਨਾਲ ਸਰਾਸਰ ਧੋਖਾ ਤੇ ਗੱਦਾਰੀ ਹੈ। ਉਨਾਂ ਇਹ ਵੀ ਦੱਸਿਆ ਕਿ ਮੁਲਕ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਕੋਲ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦਾ ਪੱਖ ਰੱਖਣ ਲਈ ਸਮੁੱਚਾ ਮੰਤਰੀ ਮੰਡਲ ਜਾਵੇਗਾ ਅਤੇ ਇਸ ਲਈ ਰਾਸ਼ਟਰਪਤੀ ਪਾਸੋਂ ਸਮਾਂ ਮੰਗਿਆ ਗਿਆ ਹੈ।

        ਸਤਲੁਜ ਯਮੁਨਾ ਲਿੰਕ ਨਹਿਰ ਲਈ ਸਿੱਧੇ ਤੌਰ ‘ਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਮੁੱਢ ਤੋਂ ਆਪਣੀ ਹਾਈ ਕਮਾਂਡ ਦੀਆਂ ਕਠਪੁਤਲੀਆਂ ਬਣ ਕੇ ਸੂਬੇ ਦੇ ਹਿੱਤਾਂ ਦਾ ਘਾਣ ਕਰਦੇ ਰਹੇ ਹਨ। ਇਸ ਦੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਸ. ਦਰਬਾਰਾ ਸਿੰਘ ਪਾਸੋਂ ਬਾਂਹ ਮਰੋੜ ਕੇ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਆਪਣੀ ਮਰਜ਼ੀ ਦੇ ਫੈਸਲੇ ਥੋਪੇ। ਇਸ ਮਗਰੋਂ ਪੰਜਾਬੀਆਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਲਈ ਸਤੁਲਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਉਣ ਲਈ ਇੰਦਰਾ ਗਾਂਧੀ ਖੁਦ ਪਹੁੰਚੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਲਿੰਕ ਨਹਿਰ ਦਾ ਟੱਕ ਲਾਉਣ ਮੌਕੇ ਉਹ (ਸ. ਬਾਦਲ) ਤੇ ਹੋਰ ਅਕਾਲੀ ਨੇਤਾ ਰੋਸ ਵਜੋਂ ਗ੍ਰਿਫਤਾਰੀਆਂ ਦੇ ਰਹੇ ਸਨ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਟੱਕ ਲਾਉਣ ਵਾਲੇ ਸਮਾਗਮ ਵਿਚ ਖੁਦ ਹਾਜ਼ਰ ਹੋ ਕੇ ਆਪਣੀ ਲੀਡਰ ਨੂੰ ਖੁਸ਼ ਕਰਨ ਲਈ ਪੱਬਾਂ ਭਾਰ ਹੋ ਕੇ ਨਹਿਰ ਬਣਾਉਣ ਦੇ ਫੈਸਲੇ ਦਾ ਸੁਆਗਤ ਕਰ ਰਿਹਾ ਸੀ।

       ਆਮ ਆਦਮੀ ਪਾਰਟੀ ਨੂੰ ਦੋਹਰੇ ਕਿਰਦਾਰ ਵਾਲੀ ਪਾਰਟੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਇਸ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਤਾਂ ਪਾਣੀਆਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਵਿੱਚ ਪੰਜਾਬ ਖਿਲਾਫ ਹਲਫੀਆ ਬਿਆਨ ਦੇ ਕੇ ਪਹਿਲਾਂ ਹੀ ਆਪਣਾ ਅਸਲੀ ਰੂਪ ਦਿਖਾ ਦਿੱਤਾ ਸੀ।

       ਦਰਿਆਈ ਪਾਣੀਆਂ ਦੀ ਰਾਖੀ ਲਈ ਲੜਾਈ ਲੜਨ ਵਾਸਤੇ ਪੰਜਾਬੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ. ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾ ਰਹੀ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਵਿੱਚ ਹਰੇਕ ਪੰਜਾਬੀ ਨੂੰ ਪਹੁੰਚਣ ਦਾ ਸੱਦਾ ਦਿੱਤਾ। ਉਨਾਂ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਸਪੱਸ਼ਟ ਕੀਤਾ ਕਿ ਪਾਣੀ ਦੀ ਇਕ ਵੀ ਬੂੰਦ ਪੰਜਾਬ ਤੋਂ ਕਿਸੇ ਵੀ ਕੀਮਤ ‘ਤੇ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਚਾਹੇ ਇਸ ਲਈ ਕਿੱਡੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਪੰਜਾਬ ਤੋਂ ਬਾਹਰ ਪਾਣੀ ਨਾ ਜਾਣ ਦੇਣ ਦਾ ਤਰਕ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅੰਨ ਸੁਰੱਖਿਆ ਲਈ ਪੰਜਾਬ ਨੇ ਪਹਿਲਾਂ ਹੀ ਪਾਣੀ ਤੇ ਜ਼ਮੀਨ ਵਰਗੇ ਅਣਮੁੱਲੇ ਵਸੀਲਿਆਂ ਦੀ ਵੀ ਕੁਰਬਾਨੀ ਦੇ ਦਿੱਤੀ ਪਰ ਹੁਣ ਬਾਕੀ ਬਚਦਾ ਪਾਣੀ ਵੀ ਜੇਕਰ ਸੂਬੇ ਤੋਂ ਬਾਹਰ ਚਲਾ ਗਿਆ ਤਾਂ ਸਾਡਾ ਸੂਬਾ ਤਬਾਹ ਹੋ ਜਾਵੇਗਾ।

         ਕੇਂਦਰ ਸਰਕਾਰ ਵੱਲੋਂ 500 ਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਾਉਣ ਦੇ ਫੈਸਲੇ ਨਾਲ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਪੁੱਛੇ ਸਵਾਲ ਦੇ ਮੱਦੇਨਜ਼ਰ ਸ. ਬਾਦਲ ਨੇ ਕਿਹਾ ਕਿ ਭਾਵੇਂ ਸ਼ੁਰੂ ਵਿੱਚ ਲੋਕਾਂ ਨੂੰ ਥੋੜੀ-ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਪਰ ਦੇਸ਼ ਵਿਚ ਕਾਲੇ ਧੰਨ ਅਤੇ ਭ੍ਰਿਸ਼ਟਾਚਾਰ ਦੀ ਲਾਹਨਤ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੀਤੀ ਇਸ ਠੋਸ ਪਹਿਲਕਦਮੀ ਦੇ ਦੂਰਗਾਮੀ ਸਿੱਟੇ ਨਿਕਲਣਗੇ।

         ਮੁੱਖ ਮੰਤਰੀ ਨੇ ਅੱਜ ਪਿੰਡ ਬੋਦੀਵਾਲਾ, ਰੱਤਾ ਖੇੜਾ ਵੱਡਾ, ਰੱਤਾ ਖੇੜਾ ਛੋਟਾ, ਆਲਮਵਾਲਾ, ਕੋਲਿਆਂਵਾਲੀ, ਢਾਣੀ ਚੰਦਨ, ਢਾਣੀ ਕੁੰਦਨ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੱਤੀਆਂ।

       ਮੁੱਖ ਮੰਤਰੀ ਨਾਲ ਪੰਜਾਬ ਐਗਰੋ ਦੇ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਵੀਰਪਾਲ ਕੌਰ ਤਰਮਾਲਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਤੇ ਸ੍ਰੀ ਐਸ. ਕਰੁਣਾ ਰਾਜੂ, ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਏ.ਡੀ.ਸੀ. ਸ੍ਰੀ ਕੁਲਵੰਤ ਸਿੰਘ, ਜ਼ਿਲਾ ਪੁਲੀਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਹਾਜ਼ਰ, ਬਲਾਕ ਸੰਮਤੀ ਚੇਅਰਮੈਨ ਸ: ਗੁਰਬਖਸੀਸ਼ ਸਿੰਘ ਮਿੱਡੂ ਖੇੜਾ, ਜਗਜੀਤ ਸਿੰਘ ਪੰਜਾਵਾ ਸਨ।

Share Button

Leave a Reply

Your email address will not be published. Required fields are marked *

%d bloggers like this: