Wed. Apr 24th, 2019

ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਨਣ ਦੇ ਸੁਪਨੇ ਦੇਖ ਰਿਹਾ ਹੈ : ਹਰਸਿਮਰਤ

ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਨਣ ਦੇ ਸੁਪਨੇ ਦੇਖ ਰਿਹਾ ਹੈ : ਹਰਸਿਮਰਤ
ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਸਬਜ਼ਬਾਗ ਦਿਖਾ ਰਹੇ ਨੇ ਕੈਪਟਨ : ਕੇਂਦਰੀ ਮੰਤਰੀ
ਕਰੀਬ 52 ਕਰੋੜ ਰੁਪਏ ਦੀ ਲਾਗਤ ਵਾਲੇ ਕੰਮਾਂ ਦੇ ਰੱਖੇ ਨੀਂਹ ਪੱਥਰ, ਉਦਘਾਟਨ ਅਤੇ ਵੰਡੇ ਚੈਕ

ਬੋਹਾ, 23 ਦਸੰਬਰ (ਦਰਸਨ ਹਾਕਮਵਾਲਾ) : ਕੇਜਰੀਵਾਲ ਪੰਜਾਬ ਵਿਚ ਕਿਸੇ ਵੀ ਉਮੀਦਵਾਰ ਨੂੰ ਮੁੱਖ-ਮੰਤਰੀ ਨਹੀਂ ਐਲਾਨੇਗਾ, ਕਿਉਂਕਿ ਉਹ ਖੁਦ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਦੇਖ ਰਿਹਾ ਹੈ ਅਤੇ ਜਿਸ ਦਿਨ ਇਸ ਨੇ ਆਪਣਾ ਪੰਜਾਬ ਵਿਚ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ, ਉਸ ਦਿਨ ਇਨਾਂ ਦੀ ਪਾਰਟੀ ਦੇ ਪਟਾਕੇ ਪੈ ਜਾਣਗੇ। ਇਨਾਂ ਗੱਲਾਂ ਦਾ ਪ੍ਰਗਟਾਵਾ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲੇ ਦੇ ਆਪਣੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਲੱਗੀ ਹੋਈ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਲੋਕਾਂ ਨੂੰ ਕੁੜਕੀ ਮੁਆਫ਼, ਕਿਸਾਨਾਂ ਦਾ ਕਰਜਾ ਮੁਆਫ਼ ਅਤੇ ਲੋਕਾਂ ਨੂੰ ਨੌਕਰੀ ਦੇਣ ਵਾਲੀਆਂ ਗੁੰਮਰਾਹਕੁੰਨ ਗੱਲਾਂ ਕਰ ਰਹੇ ਹਨ ਜਦਕਿ ਆਪਣੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਨੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਸਨ। ਉਨਾਂ ਕਿਹਾ ਕਿ ਮੁੱਖ-ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ, ਜਿੱਥੇ ਗਰੀਬ ਤੇ ਲੋੜਵੰਦ ਵਿਅਕਤੀਆਂ ਲਈ ਅਨੇਕਾਂ ਸਕੀਮਾਂ ਚਲਾਈਆਂ, ਉਥੇ ਲੱਖਾਂ ਬੇਰੁ ਨੂੰ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਹਨ।

           ਇਸ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਅਲੀਸ਼ੇਰ ਖੁਰਦ ਵਿਖੇ 12 ਏਕੜ 2 ਕਨਾਲਾਂ ਵਿਚ ਕਰੀਬ 10 ਕਰੋੜ ਦੀ ਲਾਗਤ ਨਾਲ ਖੁਲਣ ਵਾਲੇ ਮੱਛੀ ਪੁੰਗ ਫਾਰਮ ਦਾ ਨੀਂਹ ਪੱਥਰ ਵੀ ਰੱਖਿਆ। ਬੀਬਾ ਬਾਦਲ ਨੇ ਕਿਹਾ ਕਿ ਇਸ ਮੱਛੀ ਪੁੰਗ ਫਾਰਮ ਦੇ ਖੁਲਣ ਨਾਲ ਜ਼ਿਲੇ ਦੇ ਮੱਛੀ ਪਾਲਕਾਂ ਨੂੰ ਕਾਫ਼ੀ ਫਾਇਦਾ ਮਿਲੇਗਾ। ਉਨਾਂ ਕਿਹਾ ਕਿ ਪਹਿਲਾਂ ਜਿੱਥੇ ਮਾਨਸਾ ਜ਼ਿਲੇ ਦੇ ਲੋਕਾਂ ਨੂੰ ਪੁੰਗ ਲੈਣ ਲਈ ਬਠਿੰਡਾ ਜਾਂ ਸੰਗਰੂਰ ਜ਼ਿਲਿਆਂ ਵੱਲ ਜਾਣਾ ਪੈਂਦਾ ਸੀ, ਉਥੇ ਹੁਣ ਜ਼ਿਲੇ ਅੰਦਰ ਹੀ ਇਸ ਫਾਰਮ ਰਾਹੀਂ ਮੱਛੀ ਪੁੰਗ ਸਪਲਾਈ ਹੋਣ ਲੱਗ ਪਵੇਗਾ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ਅੰਦਰ 14 ਮੱਛੀ ਪੁੰਗ ਫਾਰਮ ਚੱਲ ਰਹੇ ਹਨ ਅਤੇ ਅਲੀਸ਼ੇਰ ਖੁਰਦ ਦੇ ਪੁੰਗ ਫਾਰਮ ਨਾਲ ਇਨਾਂ ਦੀ ਸੰਖਿਆ 15 ਹੋ ਜਾਵੇਗੀ। ਇਸ ਉਪਰੰਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਓ.ਪੀ.ਆਰ.ਸੀ. ਪ੍ਰੋਜੈਕਟ ਅਧੀਨ ਕਰੀਬ 29 ਕਰੋੜ ਦੀ ਲਾਗਤ ਨਾਲ ਮਾਨਸਾ ਕੈਂਚੀਆਂ ਤੋਂ ਰਮੱਦਿੱਤੇ ਵਾਲਾ ਚੌਂਕ ਤੱਕ ਦੀ ਸੜਕ ਨੂੰ ਚਹੁੰਮਾਰਗੀ ਕਰਨ ਦਾ ਨੀਂਹ ਪੱਥਰ ਰੱਖਿਆ।

          ਅਲੀਸ਼ੇਰ ਖੁਰਦ ਅਤੇ ਮਾਨਸਾ ਕੈਂਚੀਆਂ ਵਿਖੇ ਨੀਂਹ ਪੱਥਰ ਰੱਖਣ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਨੇ ਬੁਢਲਾਡਾ ਹਲਕੇ ਦੇ ਪਿੰਡ ਗੁਰਨੇ ਕਲਾਂ ਵਿਖੇ ਨੰਨੀ ਛਾਂ ਮੁਹਿੰਮ ਅਧੀਨ ਕਢਾਈ-ਸਿਲਾਈ ਦਾ ਕੋਰਸ ਪੂਰਾ ਕਰ ਚੁੱਕੀਆਂ 11 ਪਿੰਡਾਂ ਦੀਆਂ ਔਰਤਾਂ ਤੇ ਕੁੜੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟਿਆਂ ਦੀ ਵੰਡ ਕੀਤੀ। ਉਨਾਂ ਕਿਹਾ ਕਿ ਇਸ ਨਾਲ ਲੜਕੀਆਂ ਆਪਣੇ ਪੈਰਾਂ ਸਿਰ ਖੜੀਆਂ ਹੋ ਸਕਣਗੀਆਂ ਅਤੇ ਘਰ ਦੇ ਖਰਚੇ ਵਿਚ ਆਪਣਾ ਯੋਗਦਾਨ ਪਾ ਸਕਣਗੀਆਂ। ਉਨਾਂ ਅਪੀਲ ਕਰਦਿਆਂ ਕਿਹਾ ਕਿ ਕੁੱਖ ਤੇ ਰੁੱਖ ਦੀ ਰਾਖੀ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

          ਇਸ ਉਪਰੰਤ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੋਹਾ ਵਿਖੇ ਐਮ.ਪੀ.ਲੈਂਡ ਅਧੀਨ 10 ਲੱਖ ਰੁਪਏ ਦੇ ਲਾਭਪਾਤਰੀਆਂ ਨੂੰ ਚੈਕ ਅਤੇ 2 ਲੱਖ ਰੁਪਏ ਦਾ ਚੈਕ ਬਾਗ ਵਾਲਾ ਵਿਹੜਾ ਧਰਮਸ਼ਾਲਾ ਨੂੰ ਸੌਂਪੇ। ਇਸ ਤੋਂ ਇਲਾਵਾ ਉਨਾਂ ਗੁੜਥੱੜੀ ਵਿਖੇ ਸਾਢੇ 4 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਗਰਿੱਡ ਦਾ ਨੀਂਹ ਪੱਥਰ ਵੀ ਰੱਖਿਆ।ਉਪਰੰਤ ਬੀਬਾ ਬਾਦਲ ਨੇ ਖੀਵਾ ਦਿਆਲੂ ਤੋਂ ਪੰਧੇਰ ਤੱਕ ਬਣੇ ਪੱਕੇ ਰਸਤੇ ਦਾ ਉਦਘਾਟਨ ਕੀਤਾ, ਜਿਸ ਦਾ 7 ਪਿੰਡਾਂ ਨੂੰ ਫਾਇਦਾ ਪਹੁੰਚੇਗਾ।ਇਸ ਤੋ ਇਲਾਵਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਾਊਸਿੰਗ ਫਾਰ ਆਲ ਸਕੀਮ ਅਧੀਨ 575 ਨਵੇਂ ਘਰ ਬਣਾਉਣ ਲਈ 8.62 ਕਰੋੜ ਅਤੇ 56 ਪੁਰਾਣੇ ਘਰਾਂ ਦੀ ਮੁਰੰਮਤ ਲਈ 16 ਲੱਖ ਰੁਪਏ ਦੇ ਮੰਨਜ਼ੂਰੀ ਪੱਤਰ ਸੌਂਪੇ।

           ਇਸ ਮੌਕੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਬਠਿੰਡਾ ਸ਼੍ਰੀ ਜਗਦੀਪ ਸਿੰਘ ਨੱਕਈ, ਚੇਅਰਮੈਨ ਪਨਸੀਡ ਪੰਜਾਬ ਸ਼੍ਰੀ ਸੁਖਵਿੰਦਰ ਸਿੰਘ ਔਲਖ, ਡਾ. ਨਿਸ਼ਾਨ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬੋਹਾ ਸ਼੍ਰੀ ਬੱਲਮ ਸਿੰਘ ਕਲੀਪੁਰ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਸ਼੍ਰੀ ਬਲਦੇਵ ਸਿੰਘ ਮਾਖਾ, ਡਾਇਰੈਕਟਰ ਮੱਛੀ ਪਾਲਣ ਵਿਭਾਗ ਡਾ. ਮਦਨ ਮੋਹਨ, ਪੀ.ਏ. ਟੂ ਡਿਪਟੀ ਸੀ.ਐਮ. ਸ਼੍ਰੀ ਮੋਹਨੀਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਿੰਦਰ ਸਿੰਘ ਸਰਾਂ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਸ਼੍ਰੀ ਗੁਰਮੇਲ ਸਿਘ ਫਫੜੇ ਭਾਈਕੇ, ਸਾਬਕਾ ਵਿਧਾਇਕ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਜ਼ਿਲਾ ਪ੍ਰਧਾਨ ਇਸਤਰੀ ਵਿੰਗ (ਦਿਹਾਤੀ) ਮੈਡਮ ਬਲਵੀਰ ਕੌਰ, ਜ਼ਿਲਾ ਪ੍ਰਧਾਨ ਇਸਤਰੀ ਵਿੰਗ (ਸ਼ਹਿਰੀ) ਮੈਡਮ ਸਿਮਰਜੀਤ ਕੌਰ ਸਿੰਮੀ, ਜ਼ਿਲਾ ਪ੍ਰਧਾਨ ਐਸ.ਸੀ. ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਪ੍ਰਧਾਨ ਨਗਰ ਪੰਚਾਇਤ ਬੋਹਾ ਸ਼੍ਰੀ ਜ਼ੋਗਾ ਸਿੰਘ ਪ੍ਰਧਾਨ ਨਗਰ ਕੌਂਸਲ ਬੁਢਲਾਡਾ ਸ਼੍ਰੀ ਹਰਵਿੰਦਰ ਸਿੰਘ ਬੰਟੀ, ਸੁਪਰਵਾਈਜ਼ਰ ਨੰਨੀ ਛਾਂ ਸਕੀਮ ਸ਼੍ਰੀਮਤੀ ਰਜਨੀ ਸੱਚਦੇਵਾ, ਸਰਕਲ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਕੁਲਾਣਾ ਤੋਂ ਇਲਾਵਾ ਹੋਰ ਵੀ ਸਖ਼ਸੀਅਤਾਂ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: