ਕੀ ਐਚ.ਐਸ.ਫੂਲਕਾ ਲਈ ਸਿਆਸਤ ਵਿਚ ਆਉਣਾ ਜਾਇਜ ਹੈ?

ਕੀ ਐਚ.ਐਸ.ਫੂਲਕਾ ਲਈ ਸਿਆਸਤ ਵਿਚ ਆਉਣਾ ਜਾਇਜ ਹੈ?

ਕੀ ਐਚ.ਐਸ.ਫੂਲਕਾ ਵਰਗੇ ਸ਼ਰੀਫ਼, ਦਿਆਨਤਦਾਰ, ਇਨਸਾਫ ਪਸੰਦ ਅਤੇ ਇਮਾਨਦਾਰ ਵਿਅਕਤੀ ਲਈ ਸਿਆਸਤ ਵਿਚ ਆਉਣਾ ਜ਼ਾਇਜ ਹੈ? ਸਿਆਸਤ ਵਿਚ ਤਿਕੜਮਬਾਜ਼ੀ ਕਰਨ ਵਾਲਾ ਹੀ ਸਫ਼ਲ ਹੁੰਦਾ ਹੈ। ਆਪਣੀ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਠਿੱਬੀ ਲਾਉਣ ਦਾ ਗੁਣ ਹੋਣਾ ਵੀ ਜ਼ਰੂਰੀ ਹੈ। ਜਿਸ ਵਿਅਕਤੀ ਵਿਚ ਉਪਰੋਕਤ ਗੁਣ ਨਹੀਂ ਹੋਣਗੇ ਉਹ ਅਜੋਕੀ ਸਿਆਸਤ ਦੀ ਖੇਡ ਵਿਚ ਸਫਲ ਨਹੀਂ ਹੋ ਸਕਦਾ। ਇਸ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਹਰਵਿੰਦਰ ਸਿੰਘ ਫੂਲਕਾ ਵਰਗੇ ਨੇਕ ਇਨਸਾਨ ਨੂੰ ਸਿਆਸਤ ਵਿਚ ਆਉਣਾ ਚਾਹੀਦਾ ਹੈ ਜਾਂ ਨਹੀਂ। ਜੇਕਰ ਉਸ ਵਿਚ ਅਜੋਕੇ ਸਿਆਸਤਦਾਨਾ ਵਰਗੇ ਗੁਣ ਹੁੰਦੇ ਤਾਂ ਉਸਨੂੰ ਅਸਤੀਫ਼ਾ ਦੇਣ ਦੀ ਲੋੜ ਨਹੀਂ ਸੀ। ਆਮ ਆਦਮੀ ਪਾਰਟੀ ਦੇ ਐਡਵੋਕੇਟ ਹਰਵਿੰਦਰ ਪਾਲ ਸਿੰਘ ਫੂਲਕਾ ਦਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣਾ ਭਾਂਜਵਾਦੀ ਰੁਚੀ ਦਾ ਪ੍ਰਤੀਕ, ਲੋਕਾਂ ਵੱਲੋਂ ਉਸ ਵਿਚ ਪ੍ਰਗਟਾਏ ਗਏ ਵਿਸ਼ਵਾਸ ਨੂੰ ਤੋੜਨਾ ਅਤੇ ਵੋਟਰਾਂ ਨਾਲ ਵਿਸ਼ਵਾਸ਼ਘਾਤ ਹੈ। ਕੀ ਐਚ.ਐਸ.ਫ਼ੂਲਕਾ ਦਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਲੋਂ ਅਸਤੀਫ਼ਾ ਦੇਣਾ ਜਾਇਜ਼ ਹੈ? ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਬੁਰੀ ਤਰਾਂ ਹਾਰਨ ਤੋਂ ਬਾਅਦ ਹਰਵਿੰਦਰ ਪਾਲ ਸਿੰਘ ਫੂਲਕਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਉਣ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਆਸ ਦੀ ਕਿਰਨ ਜਾਗੀ ਸੀ ਕਿਉਂਕਿ ਉਸ ਨੂੰ ਪੜਿਆ ਲਿਖਿਆ, ਸਮਝਦਾਰ, ਸਿਆਣਾ, ਵਫ਼ਾਦਾਰ ਅਤੇ ਇਮਾਨਦਾਰ ਵਿਅਕਤੀ ਸਮਝਿਆ ਜਾਂਦਾ ਹੈ। ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਆਸ ਸੀ ਕਿ ਫੂਲਕਾ ਦਿਆਨਤਦਾਰੀ ਨਾਲ ਆਪਣੇ ਫਰਜ ਨਿਭਾਕੇ ਇਕ ਵਕੀਲ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੇ ਮਸਲੇ ਵਿਧਾਨ ਸਭਾ ਵਿਚ ਸੁਚੱਜੇ ਢੰਗ ਨਾਲ ਰੱਖਕੇ ਲੋਕਾਂ ਦੇ ਹਿੱਤਾਂ ਦੀ ਵਕਾਲਤ ਕਰੇਗਾ, ਉਨਾਂ ਦੀਆਂ ਆਸਾਂ ਤੇ ਖ਼ਰਾ ਉਤਰੇਗਾ ਅਤੇ ਪਾਰਟੀ ਨੂੰ ਹਾਰ ਦੀ ਨਮੋਸ਼ੀ ਵਿਚੋਂ ਕੱਢਣ ਵਿਚ ਸਫਲ ਹੋਵੇਗਾ। ਇਸ ਨਾਲ ਪਾਰਟੀ ਦੇ ਵਰਕਰਾਂ ਦਾ ਮਨੋਬਲ ਵਧੇਗਾ। ਹਰਵਿੰਦਰਪਾਲ ਸਿੰਘ ਫੂਲਕਾ ਅਜਿਹਾ ਵਿਅਕਤੀ ਹੈ ਜਿਹੜਾ ਹੁਣ ਤੱਕ ਪਾਰਟੀ ਵਿਚ ਬਿਨਾ ਕਿਸੇ ਲਾਲਚ ਜਾਂ ਅਹੁਦੇ ਤੋਂ ਪਰਟੀ ਦੀ ਮਜ਼ਬੂਤੀ ਲਈ ਕੰਮ ਕਰਦਾ ਰਿਹਾ ਹੈ। ਆਮ ਆਦਮੀ ਪਾਰਟੀ ਵਿਚ ਚਾਪਲੂਸੀ ਦੀ ਸਿਆਸਤ ਭਾਰੂ ਹੋਣ ਕਰਕੇ ਲੰਮਾ ਸਮਾਂ ਉਸਨੂੰ ਅਣਡਿਠ ਕੀਤਾ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਚਾਪਲੂਸਾਂ ਦੀਆਂ ਚੁਗਲੀਆਂ ਅਤੇ ਫੂਲਕਾ ਦੀ ਕਾਬਲੀਅਤ ਤੋਂ ਡਰਦਿਆਂ ਉਸਨੂੰ ਪਾਰਟੀ ਵਿਚ ਕੋਈ ਅਹੁਦਾ ਹੀ ਨਹੀਂ ਦਿੱਤਾ ਗਿਆ ਸੀ। ਫੂਲਕਾ ਦੀ ਦਿਆਨਤਦਾਰੀ ਬਾਰੇ ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਉਹ ਆਪਣੀ ਵਕਾਲਤ ਵਿਚ ਮਾਹਿਰ ਪ੍ਰੰਤੂ ਸਿਆਸਤ ਵਿਚ ਅਨਾੜੀ ਸਾਬਤ ਹੋਇਆ ਹੈ। ਹੁਣ ਜਦੋਂ ਪਾਰਟੀ ਵਿਧਾਨ ਸਭਾ ਚੋਣਾ ਵਿਚ ਬੁਰੀ ਤਰਾਂ ਹਾਰ ਗਈ ਖਾਸ ਕਰਕੇ ਸੰਜੇ ਸਿੰਘ ਦੇ ਚਹੇਤਿਆਂ ਦੇ ਹਾਰਨ ਤੋਂ ਬਾਅਦ ਫੂਲਕਾ ਦੀ ਕਿਸਮਤ ਚਮਕੀ ਹੈ। ਜਦੋਂ ਭਗਵੰਤ ਮਾਨ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਵੀ ਉਸਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਹ ਦਿੱਲੀ ਦੇ ਨੁਮਾਇੰਦੇ ਸੰਜੇ ਸਿੰਘ ਦੀ ਚਾਪਲੂਸੀ ਵੀ ਨਹੀਂ ਕਰਦਾ ਸੀ। ਪਾਰਟੀ ਦੀ ਅੰਦਰੂਨੀ ਧੜੇਬੰਦੀ ਮੁੱਖ ਕਾਰਨ ਸੀ। ਅਸਲ ਵਿਚ ਪੰਜਾਬ ਦੇ ਮੋਹਰੀ ਸਿਆਸਤਦਾਨ ਜੋ ਜੀ ਹਜ਼ੂਰੀ ਦੀ ਸਿਆਸਤ ਕਰਦੇ ਸਨ, ਉਹ ਐਚ.ਐਸ.ਫੂਲਕਾ ਦੀ ਕਾਬਲੀਅਤ ਤੋਂ ਡਰਦੇ ਸਨ। ਜਦੋਂ ਪਾਰਟੀ ਹਾਰ ਗਈ ਤਾਂ ਪਾਰਟੀ ਲਈ ਸੰਕਟ ਦੇ ਸਮੇਂ ਵਿਚ ਉਸਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਦਿੱਤਾ ਗਿਆ, ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਤਾਂ ਭਗਵੰਤ ਮਾਨ ਮੋਹਰੀ ਹੁੰਦਾ। ਭਗਵੰਤ ਮਾਨ ਪਾਰਟੀ ਦਾ ਇਤਨਾ ਚਹੇਤਾ ਸੀ ਕਿ ਜੋ ਉਹ ਕਹਿੰਦਾ ਸੀ ਉਹੀ ਪਾਰਟੀ ਕਰਦੀ ਸੀ। ਜਿਵੇਂ ਇਕ ਕਹਾਵਤ ਹੈ ਕਿ ਹਸਦੀ ਨੇ ਫੁੱਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ। ਇਹ ਕਹਾਵਤ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪੂਰੀ ਢੁਕਦੀ ਸੀ। ਪੰਜਾਬ ਵਿਚ ਉਸਦੀ ਪੂਰੀ ਤੂਤੀ ਬੋਲਦੀ ਸੀ। ਹੁਣ ਜਦੋਂ ਪਾਰਟੀ ਨਿਰਾਸ਼ਾ ਦੇ ਆਲਮ ਵਿਚੋਂ ਗੁਜਰ ਰਹੀ ਸੀ ਤਾਂ ਫੂਲਕਾ ਅੱਗੇ ਕਰ ਦਿੱਤਾ। ਕਹਿਣ ਤੋਂ ਭਾਵ ”ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿਛ”। ਸੋਚਣ ਵਾਲੀ ਗੱਲ ਹੈ ਕਿ ਜੇਕਰ ਫੂਲਕਾ ਨੇ ਵਕਾਲਤ ਹੀ ਕਰਨੀ ਸੀ ਤਾਂ ਉਸਨੂੰ ਸਿਆਸਤ ਵਿਚ ਆਉਣ ਦੀ ਕੀ ਲੋੜ ਸੀ? ਚੋਣ ਜਿੱਤਣ ਤੋਂ ਬਾਅਦ ਫੂਲਕਾ ਨੇ ਕਿਹਾ ਸੀ ਕਿ ਉਹ ਹੁਣ ਵਕਾਲਤ ਕਰਨ ਲਈ ਨਵੇਂ ਕੇਸ ਨਹੀਂ ਫੜੇਗਾ, ਸਿਰਫ ਪੁਰਾਣੇ ਕੇਸਾਂ ਦੀ ਪੈਰਵੀ ਕਰੇਗਾ। ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਪੁਰਾਣੇ ਕੇਸਾਂ ਦੀ ਪੈਰਵੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਸਗੋਂ ਇਹ ਕਹਿ ਦਿੱਤਾ ਕਿ ਉਸਦਾ ਵਿਰੋਧੀ ਧਿਰ ਦੇ ਨੇਤਾ ਵਾਲਾ ਅਹੁਦਾ ਲਾਭ ਵਾਲਾ ਹੈ, ਇਸ ਲਈ ਉਸਨੂੰ ਇਕ ਹਫਤੇ ਵਿਚ ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕੇਸ ਲੜਨਾ ਚਾਹੁੰਦਾ ਹੈ ਤਾਂ ਵਿਰੋਧੀ ਧਿਰ ਦੇ ਅਹੁਦੇ ਉਪਰ ਨਹੀਂ ਰਹਿ ਸਕਦਾ। ਅਸਲ ਵਿਚ ਹਰਵਿੰਦਰ ਸਿੰਘ ਫੂਲਕਾ ਦਾ ਸਿਆਸੀ ਸਫਰ 1984 ਦੇ ਕਤਲੇਆਮ ਦੇ ਕੇਸਾਂ ਨੂੰ ਲੜਨ ਕਰਕੇ ਹੀ ਸ਼ੁਰੂ ਹੋਇਆ ਅਤੇ ਚਰਚਾ ਵਿਚ ਆਇਆ ਸੀ। ਇਸ ਤੋਂ ਪਹਿਲਾਂ ਤਾਂ ਆਮ ਵਕੀਲ ਹੀ ਸੀ। ਉਸਨੇ ਵਿਰੋਧੀ ਧਿਰ ਦੇ ਨੇਤਾ ਵਾਲਾ ਅਹੁਦਾ ਛੱਡ ਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ ਪ੍ਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਉਸਨੇ ਸਿਆਸਤ ਵਿਚ ਆ ਕੇ ਮੰਤਰੀ ਜਾਂ ਕੋਈ ਹੋਰ ਲਾਭ ਵਾਲਾ ਅਹੁਦਾ ਲੈਣਾ ਹੀ ਨਹੀਂ ਸੀ ਫਿਰ ਉਹ ਸਿਆਸੀ ਖਲਜਗਣ ਵਿਚ ਪਿਆ ਹੀ ਕਿਉਂ ਸੀ? ਸਿਆਸਤ ਗੰਧਲੀ ਖੇਡ ਹੈ, ਇਸ ਵਿਚ ਤਿਕੜਮਬਾਜ਼ੀ ਆਉਣੀ ਚਾਹੀਦੀ ਹੈ। ਫੂਲਕਾ ਤਿਕੜਮਬਾਜ਼ ਨਹੀਂ ਹੈ। ਜੇਕਰ ਉਸਦੇ ਮਨ ਵਿਚ ਸਿਆਸੀ ਚਾਹਤ ਸੀ ਤਾਂ ਹੀ ਪਹਿਲਾਂ ਲੋਕ ਸਭਾ ਦੀ ਚੋਣ ਲੁਧਿਆਣਾ ਤੋਂ ਲੜਿਆ ਅਤੇ ਫਿਰ ਪੰਜਾਬ ਵਿਧਾਨ ਸਭਾ ਦੀ ਚੋਣ ਦਾਖਾ ਹਲਕੇ ਤੋਂ ਅਕਾਲੀ ਦਲ ਦੇ ਦਿਗਜ ਲੀਡਰ ਮਨਪ੍ਰੀਤ ਸਿੰਘ ਇਆਲੀ ਨੂੰ ਹਰਾ ਕੇ ਜਿੱਤਿਆ ਹੈ। ਦਾਖਾ ਹਲਕੇ ਦੇ ਲੋਕਾਂ ਨੂੰ ਉਸ ਕੋਲੋਂ ਬਹੁਤ ਵੱਡੀਆਂ ਆਸਾਂ ਸਨ ਜਿਨਾਂ ਦਾ ਹੁਣ ਭੋਗ ਪੈ ਗਿਆ ਹੈ, ਦਾਖਾ ਹਲਕੇ ਦੇ ਵੋਟਰ ਨਿਰਾਸ਼ ਹਨ। ਪੰਜਾਬ ਦੇ ਲੋਕ ਤਾਂ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਉਪਰ ਵੇਖਣਾ ਚਾਹੁੰਦੇ ਸਨ। ਇਉਂ ਲੱਗਦਾ ਹੈ ਕਿ ਉਸਨੂੰ ਆਮ ਆਦਮੀ ਪਾਰਟੀ ਦਾ ਭਵਿਖ ਸੁਨਹਿਰਾ ਨਹੀਂ ਦਿਸ ਰਿਹਾ ਜਾਂ ਉਹ ਉਨਾਂ ਵਿਚ ਆਪਣੇ ਆਪ ਨੂੰ ਫਿਟ ਨਹੀਂ ਸਮਝਦਾ। ਜਿਸ ਕਰਕੇ ਉਹ ਇਸ ਦੌੜ ਵਿਚੋਂ 1984 ਦੇ ਕੇਸ ਲੜਨ ਦੇ ਬਹਾਨੇ ਬਾਹਰ ਹੋ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਵਿਧਾਨ ਸਭਾ ਸ਼ੈਸਨ ਵਿਚ ਉਸਦਾ ਰੋਲ ਬਹੁਤਾ ਚੰਗਾ ਨਹੀਂ ਰਿਹਾ। ਸਿਆਸੀ ਤਜਰਬਾ ਨਾ ਹੋਣ ਕਰਕੇ ਵਿਰੋਧੀ ਦੇ ਫਰਜ ਨਿਭਾਉਣ ਵਿਚ ਅਸਫਲ ਰਿਹਾ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਨਕਾਰਾਂ ਨੂੰ ਵਿਧਾਨ ਸਭਾ ਵਿਚ ਦਾਖ਼ਲ ਹੋਣ ਤੋਂ ਮਾਰਸ਼ਲ ਰੋਕ ਰਹੇ ਸਨ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਉਪਰ ਗੁਮਰਾਹ ਹੋ ਕੇ ਟਕਰਾਓ ਦੀ ਸਥਿਤੀ ਪੈਦਾ ਕਰਨ ਦੇ ਜ਼ਿੰਮੇਵਾਰ ਬਣੇ। ਉਸ ਵਕਤ ਉਹ ਆਪਣੇ ਵਿਧਾਨਕਾਰਾਂ ਨੂੰ ਸੁਚੱਜੀ ਅਗਵਾਈ ਦੇਣ ਵਿਚ ਅਸਫਲ ਰਹੇ ਕਿਉਂਕਿ ਬਹੁਤੇ ਵਿਧਾਇਕ ਤਾਂ ਪਹਿਲੀ ਵਾਰ ਚੋਣ ਜਿੱਤੇ ਹਨ, ਉਨਾਂ ਨੂੰ ਵਿਧਾਨ ਸਭਾ ਦੇ ਕਾਇਦੇ ਕਾਨੂੰਨ ਬਾਰੇ ਜਾਣਕਾਰੀ ਹੀ ਨਹੀਂ ਸੀ। ਅਜਿਹੇ ਸਮੇਂ ਨੇਤਾ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਝਗੜੇ ਤੋਂ ਬਾਅਦ ਜਿਨਾਂ ਅਕਾਲੀ ਦਲ ਦੇ ਨੇਤਾਵਾਂ ਉਪਰ ਆਮ ਆਦਮੀ ਪਾਰਟੀ ਗ਼ਲਤ ਕੰਮਾ ਦੇ ਇਲਜਾਮ ਲਗਾ ਰਹੀ ਸੀ ਉਹਨਾਂ ਦੀ ਕਾਰ ਵਿਚ ਬੈਠਕੇ ਹਸਪਤਾਲ ਪਹੁੰਚੇ। ਅਜਿਹੇ ਕਈ ਸਵਾਲ ਹਨ, ਜਿਹੜੇ ਫੂਲਕਾ ਨਾਲ ਕੇਜਰੀਵਾਲ ਦੀ ਨਰਾਜਗੀ ਅਤੇ ਅਸਤੀਫ਼ੇ ਦੇ ਕਾਰਨ ਬਣ ਰਹੇ ਹਨ। ਇਕ ਕਿਸਮ ਨਾਲ ਫੂਲਕਾ ਨੇ ਮਿਲਿਆ ਸੁਨਹਿਰੀ ਮੌਕਾ ਖੋਅ ਲਿਆ ਹੈ। ਅਸਲ ਵਿਚ ਫੂਲਕਾ ਦਿੱਲੀ ਵਿਚ ਰਹਿਣ ਕਰਕੇ ਮੁੱਖ ਮੰਤਰੀ ਤੋਂ ਘੱਟ ਕਿਸੇ ਅਹੁਦੇ ਤੇ ਰਹਿਣਾ ਪਸੰਦ ਹੀ ਨਹੀਂ ਕਰਦਾ। ਉਹ ਖ਼ੁਦਦਾਰ ਵਿਅਕਤੀ ਹੈ। ਕਿਸੇ ਦੀ ਈਨ ਨਹੀਂ ਮੰਨਦਾ। ਮੰਨੇ ਵੀ ਕਿਉਂਕਿ ਉਸਨੇ ਤਾਂ ਪਾਰਟੀ ਵਿਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦਾ ਮਾਣ ਵਧਾਇਆ ਸੀ। ਆਮ ਸਿਆਸਤਦਾਨ ਨਹੀਂ ਜਿਹੜਾ ਹਰ ਸਾਂਚੇ ਵਿਚ ਪੈ ਕੇ ਢਲ ਜਾਵੇ। ਵਕਾਲਤ ਵਿਚ ਆਮਦਨ ਵੀ ਜ਼ਿਆਦਾ ਹੈ। ਦਾਖਾ ਵਿਧਾਨ ਸਭਾ ਹਲਕੇ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਵਿਰੋਧੀ ਧਿਰ ਦਾ ਨੇਤਾ ਮੰਤਰੀ ਦੇ ਦਰਜੇ ਦਾ ਹੁੰਦਾ ਹੈ, ਇਸ ਲਈ ਲੋਕਾਂ ਦੇ ਕੰਮ ਕਾਰ ਹੁੰਦੇ ਰਹਿੰਦੇ ਹਨ। ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫੇ ਨਾਲ ਆਮ ਆਦਮੀ ਪਾਰਟੀ ਵਿਚ ਵੀ ਕਾਟੋ ਕਲੇਸ਼ ਵਧੇਗਾ ਕਿਉਂਕਿ ਹੁਣ ਉਸਦੀ ਥਾਂ ਲੈਣ ਵਾਲੇ ਵਿਧਾਨਕਾਰਾਂ ਵਿਚ ਸਭ ਤੋਂ ਮੋਹਰੀ ਅਤੇ ਸਿਆਸਤ ਵਿਚ ਤਜਰਬੇਕਾਰ ਸੁਖਪਾਲ ਸਿੰਘ ਖ਼ਹਿਰਾ ਹੀ ਹੈ ਪ੍ਰੰਤੂ ਖਹਿਰਾ ਬੇਬਾਕ ਹੋ ਕੇ ਪਾਰਟੀ ਦੇ ਵਿਰੁਧ ਵੀ ਜੇਕਰ ਪਾਰਟੀ ਗ਼ਲਤ ਹੋਵੇ ਤਾਂ ਬੋਲ ਪੈਂਦਾ ਹੈ। ਇਸ ਲਈ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਸੁਖਪਾਲ ਖਹਿਰਾ ਤੋਂ ਡਰਦੇ ਹਨ। ਜਦੋਂ ਫੂਲਕਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਇਆ ਸੀ ਤਾਂ ਉਦੋਂ ਵੀ ਬਹੁਤੇ ਵਿਧਾਨਕਾਰਾਂ ਨੇ ਸੁਖਪਾਲ ਖਹਿਰਾ ਦੇ ਹੱਕ ਵਿਚ ਹਾਅਦਾ ਨਾਹਰਾ ਮਾਰਿਆ ਸੀ। ਹੁਣ ਕੇਜਰੀਵਾਲ ਨੂੰ ਨੇਤਾ ਦੀ ਚੋਣ ਵਿਚ ਮੁਸ਼ਕਲ ਪੇਸ਼ ਆਵੇਗੀ। ਫੂਲਕਾ ਨੂੰ ਤਾਂ ਸੀਨੀਅਰ ਵਕੀਲ ਹੋਣ ਕਰਕੇ ਖਹਿਰਾ ਅਤੇ ਕੰਵਰ ਸੰਧੂ ਨੇ ਮੰਨ ਲਿਆ ਸੀ ਹੁਣ ਜੇਕਰ ਉਨਾਂ ਤੋਂ ਬਿਨਾਂ ਕਿਸੇ ਹੋਰ ਨੂੰ ਬਣਾ ਦਿੱਤਾ ਤਾਂ ਪਾਰਟੀ ਵਿਚ ਅਸੰਤੁਸ਼ਟਤਾ ਵੱਧਣ ਦੀ ਉਮੀਦ ਹੈ। ਦੂਜੇ ਨੰਬਰ ਤੇ ਕੰਵਰ ਸੰਧੂ ਹੈ ਜਿਹੜਾ ਸੀਨੀਅਰ ਪੱਤਰਕਾਰ ਅਤੇ ਸੁਲਝਿਆ ਹੋਇਆ ਵਿਅਕਤੀ ਹੈ ਪ੍ਰੰਤੂ ਉਹ ਵੀ ਪਾਰਟੀ ਦੀਆਂ ਗ਼ਲਤੀਆਂ ਤੇ ਕਿੰਤੂ ਪ੍ਰੰਤੂ ਕਰਦਾ ਰਹਿੰਦਾ ਹੈ। ਜਦੋਂ ਆਮ ਆਦਮੀ ਪਾਰਟੀ ਦੇ 2 ਐਮ.ਪੀ. ਡਾ.ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਨੂੰ ਵੱਖ ਕੀਤਾ ਗਿਆ ਸੀ ਤਾਂ ਕੰਵਰ ਸੰਧੂ ਉਨਾਂ ਨਾਲ ਸਮਝੌਤਾ ਕਰਨ ਦੀ ਵਕਾਲਤ ਕਰਦਾ ਰਿਹਾ ਸੀ। ਇਸ ਲਈ ਕੇਜਰੀਵਾਲ ਨੂੰ ਉਸ ਵਿਚ ਵੀ ਵਿਸ਼ਵਾਸ ਨਹੀਂ। ਤੀਜਾ ਉਮੀਦਵਾਰ ਸੁਨਾਮ ਤੋਂ ਵਿਧਾਨਕਾਰ ਅਤੇ ਪਾਰਟੀ ਦਾ ਕੋ-ਚੇਅਰਮੈਨ ਅਮਨ ਅਰੋੜਾ ਹੈ, ਜਿਹੜਾ ਕੇਜਰੀਵਾਲ ਦਾ ਵਿਸ਼ਵਾਸ ਪਾਤਰ ਕਿਹਾ ਜਾ ਸਕਦਾ ਹੈ। ਉਹ ਪਾਰਟੀ ਵਿਚ ਹਿੰਦੂ ਫੇਸ ਵੀ ਹੈ ਕਿਉਂਕਿ ਸਮਝਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੰਦੂ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਸਨ ਜਿਸ ਕਰਕੇ ਕਾਂਗਰਸ ਪਾਰਟੀ ਸਰਕਾਰ ਬਣਾ ਸਕੀ ਹੈ। ਆਉਂਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਅਮਨ ਅਰੋੜਾ ਨੂੰ ਨੇਤਾ ਚੁਣਿਆਂ ਜਾ ਸਕਦਾ ਹੈ। ਚੌਥੀ ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਹੈ, ਜਿਸਦੇ ਭਾਸ਼ਣ ਨੇ ਵਿਧਾਨ ਸਭਾ ਵਿਚ ਆਪਣੀ ਸਿਆਣਪ ਦਾ ਸਬੂਤ ਦੇ ਦਿੱਤਾ ਹੈ ਪ੍ਰੰਤੂ ਉਸਦਾ ਨੇਤਾ ਬਣਨਾ ਅਸੰਭਵ ਲੱਗਦਾ ਹੈ ਕਿਉਂਕਿ ਪਹਿਲਾਂ ਹੀ ਪਾਰਟੀ ਦੀ ਉਪ ਲੀਡਰ ਇਕ ਇਸਤਰੀ ਬੀਬੀ ਸਰਬਜੀਤ ਕੌਰ ਮਾਣੂੰਕੇ ਹੈ ਜੋ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਹੈ। ਸਾਰੇ ਪੱਖਾਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਅਮਨ ਅਰੋੜਾ ਦੇ ਨੇਤਾ ਬਣਨ ਦੀ ਉਮੀਦ ਹੈ ਪ੍ਰੰਤੂ ਇਹ ਹੋ ਸਕਦਾ ਹੈ ਉਸਦੀ ਥਾਂ ਪਾਰਟੀ ਦਾ ਕੋ-ਚੇਅਰਮੈਨ ਕਿਸੇ ਹੋਰ ਨੂੰ ਬਣਾਇਆ ਜਾਵੇ ਕਿਉਂਕਿ ਦੋ ਅਹੁਦੇ ਇਕ ਵਿਅਕਤੀ ਨੂੰ ਮਿਲਣੇ ਸੰਭਵ ਨਹੀਂ। ਅਟਕਲ ਪਚੂ ਇਹ ਵੀ ਲਗਾਏ ਜਾ ਰਹੇ ਹਨ ਕਿ ਲੋਕ ਇਨਸਾਫ਼ ਪਾਰਟੀ ਜਿਹੜੀ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਦੀ ਭਾਈਵਾਲ ਸੀ, ਉਸਦੇ ਦੋਵੇਂ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਕੇ ਵਿਰੋਧੀ ਧਿਰ ਦਾ ਨੇਤਾ ਉਹਨਾਂ ਵਿਚੋਂ ਸਿਮਰਜੀਤ ਸਿੰਘ ਬੈਂਸ ਨੂੰ ਬਣਾ ਦਿੱਤਾ ਜਾਵੇ। ਇਸ ਪ੍ਰਕਾਰ ਲੋਕ ਇਨਸਾਫ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਬਣਨ ਤੋਂ ਰੋਕਿਆ ਜਾ ਸਕੇਗਾ ਕਿਉਂਕਿ ਉਨਾਂ ਰਾਸ਼ਟਰਪਤੀ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਦੇ ਦਿੱਤੀ ਹੈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੇ ਖ਼ੁਦ ਆ ਕੇ ਸਪੀਕਰ ਨੂੰ ਅਸਤੀਫ਼ਾ ਦਿੱਤਾ ਹੋਵੇ, ਆਮ ਤੌਰ ਤੇ ਜਿਸ ਪਾਰਟੀ ਦਾ ਉਹ ਮੈਂਬਰ ਹੁੰਦਾ ਹੈ, ਉਸ ਪਾਰਟੀ ਦਾ ਪ੍ਰਧਾਨ ਲਿਖਕੇ ਦਿੰਦਾ ਹੈ ਕਿ ਸਾਡੀ ਪਾਰਟੀ ਨੇ ਉਸ ਪਾਰਟੀ ਦਾ ਲੀਡਰ ਚੁਣਿਆਂ ਹੈ। ਜਿਸ ਪ੍ਰਕਾਰ ਸੁਨੀਲ ਜਾਖੜ ਬਾਰੇ ਹੋਇਆ ਸੀ। ਆਮ ਆਦਮੀ ਪਾਰਟੀ ਲਈ ਇਹ ਸਮਾਂ ਪਰਖ ਦਾ ਹੈ ਕਿ ਉਨਾਂ ਦੀ ਕਿਸਮ ਕਿਸ ਪਾਸੇ ਕਰਵਟ ਲੈਂਦੀ ਹੈ।

ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072

Share Button

Leave a Reply

Your email address will not be published. Required fields are marked *

%d bloggers like this: