Sun. Jun 16th, 2019

ਕਾਮਰੇਡ ਮੇਘ ਰਾਜ ਪ੍ਰੋਫੈਸਰ ਸ਼ਰਧਾਂਜਲੀ ਸਮਾਂਰੋਹ ਕਮੇਟੀ ਵੱਲੋਂ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ

ਕਾਮਰੇਡ ਮੇਘ ਰਾਜ ਪ੍ਰੋਫੈਸਰ ਸ਼ਰਧਾਂਜਲੀ ਸਮਾਂਰੋਹ ਕਮੇਟੀ ਵੱਲੋਂ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ

ਰਾਮਪੁਰਾ ਫੂਲ, 14 ਅਕਤੂਬਰ (ਕੁਲਜੀਤ ਸਿੰਘ ਢੀਗਰਾ) : ਕਾਮਰੇਡ ਮੇਘਰਾਜ ਪ੍ਰੋਫੈਸਰ ਸ਼ਰਧਾਂਜਲੀ ਸਮਾਰੋਹ ਕਮੇਟੀ ਦੀ ਮੀਟਿੰਗ ਪੰਚਾਇਤੀ ਧਰਮਸ਼ਾਲਾ ਰਾਮਪੁਰਾਫੂਲ ਵਿਖੇ ਹੋਈ। ਇਸ ਮੀਟਿੰਗ ਵਿੱਚ 16 ਅਕਤੂਬਰ 2016 ਦਿਨ ਐਤਵਾਰ ਨੂੰ ਹੋ ਰਹੇ ਸ਼ਰਧਾਂਜਲੀ ਸਮਾਂਰੋਹ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ-2 ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਲਈ ਜਾਰੀ ਕਰਦਿਆਂ ਕਮੇਟੀ ਮੈਂਬਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਸਰਧਾਜਲੀ ਸਮਾਰੋਹ ਵਿੱਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫੈਸਰ ਮੇਘ ਰਾਜ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ। ਪ੍ਰੋਫੈਸਰ ਮੇਘ ਰਾਜ ਤੇ ਉਨਾਂ ਦੀ ਸੋਚ ਅਤੇ ਜੀਵਨ ਦੇ ਉਦੇਸ਼ ਨੂੰ ਉਭਾਰਦਾ ਇੱਕ ਹੱਥ ਪਰਚਾ ਛਪਵਾ ਕੇ ਵੰਡਿਆ ਜਾ ਰਿਹਾ ਹੈ। ਉਨਾਂ ਦੇ ਸਮੇਂ-2 ‘ਤੇ ਰਹੇ ਵਿਦਿਆਰਥੀਆਂ ਸਮੇਤ ਸਮੂਹ ਕਮਾਊ ਲੋਕਾਂ ਨੂੰ ਸ਼ਰਧਾਂਜਲੀ ਸਮਾਗਮ ਨਾਲ ਜੋੜਨ ਲਈ ਸੱਦਾ ਪੱਤਰ ਵੰਡ ਕੇ ਜਾਂ ਪ੍ਰਚਾਰ ਦੀਆਂ ਹੋਰ ਸ਼ਕਲਾਂ ਰਾਹੀਂ ਪ੍ਰੋਗਰਾਮ ਵਿੱਚ ਪਹੁੰਚਣ ਲਈ ਅਤੇ ਕਾਮਰੇਡ ਮੇਘ ਰਾਜ ਪ੍ਰੋਫੈਸਰ ਦੀ ਸੋਚ ਨਾਲ ਜੁੜਨ ਲਈ ਪ੍ਰੇਰਿਆ ਜਾ ਰਿਹਾ ਹੈ। ਕਿਉਂਕਿ ਪ੍ਰੋਫੈਸਰ ਮੇਘ ਰਾਜ ਦੀ ਸੋਚ ਸੀ ਕਿ ਇੱਥੇ ਲੁਟੇਰੇ ਰਾਜ ਪ੍ਰਬੰਧ ਦੀ ਛਤਰ ਛਾਇਆ ਹੇਠ ਪਲ ਰਹੀਆਂ ਹਾਕਮ ਜਮਾਤਾਂ ਦੀ ਹਕੂਮਤ ਦਾ ਤਖਤਾ ਪਲਟ ਕੇ ਖਰਾ ਲੋਕ ਪੱਖੀ ਅਤੇ ਲੋਕਾਂ ਦਾ ਆਪਣਾ ਰਾਜ ਪ੍ਰਬੰਧ ਸਿਰਜਣ ਦੀ ਲਹਿਰ ਚਲਾਉਣਾ। ਜਦੋਂ ਅੱਜ ਰੰਗ ਬਰੰਗੀਆਂ ਵੋਟ ਪਾਰਟੀਆਂ ਦੀਆਂ ਸਰਕਾਰਾਂ ਅਮਰੀਕੀ ਸਾਮਰਾਜੀਆਂ ਪੱਖੀ ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਹਨ, ਜਿਨਾਂ ਸਦਕਾ ਸਾਡੇ ਅਨੇਕਾਂ ਨੌਜੁਆਨ ਵਿਦੇਸ਼ਾਂ ਵਿੱਚ ਰੁਜਗਾਰ ਲਈ ਰੁਲਦੇ ਫਿਰਦੇ ਹਨ ਅਤੇ ਵੱਡੀ ਗਿਣਤੀ ਸੜਕਾਂ ‘ਤੇ ਪੁਲਿਸ ਹੱਥੋਂ ਡਾਗਾਂ ਖਾਂਦੇ ਜਾਂ ਨਸ਼ਿਆਂ ਦੇ ਜਾਲ ਵਿੱਚ ਫਸੇ ਫਿਰਦੇ ਹਨ। ਕਿਸਾਨ ਅਤੇ ਮਜਦੂਰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਖੁਦਕਸ਼ੀਆਂ ਕਰਨ ਲਈ ਮਜਬੂਰ ਕੀਤੇ ਜਾ ਰਹੇ ਹਨ। ਅੱਜ ਛੋਟਾ ਕਾਰੋਬਾਰ ਅਤੇ ਵਪਾਰ ਉਜੜ ਰਿਹਾ ਹੈ। ਉਸ ਸਮੇਂ ਇਨਾਂ ਨੌਜੁਆਨਾਂ ਸਮੇਤ ਮਜ਼ਦੂਰਾਂ, ਕਿਸਾਨਾਂ, ਮੱਧ ਵਰਗ ਸਮੇਤ ਛੋਟੇ ਵਪਾਰੀਆਂ/ਕਰੋਬਾਰੀਆਂ ਦੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ, ਕਾਮਰੇਡ ਮੇਘ ਰਾਜ ਦੀ ਸੋਚ ਅਤੇ ਉਸ ਦੁਆਰਾ ਦੱਸੇ ਰਸਤੇ ‘ਤੇ ਤੁਰਨਾ। ਮੀਟਿੰਗ ਵਿੱਚ ਸ਼ਾਮਲ ਕਮੇਟੀ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਕਾਮਰੇਡ ਮੇਘ ਰਾਜ ਦੀ ਸੋਚ ਨੂੰ ਲੋਕਾਂ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ।
ਸ਼ਰਧਾਂਜਲੀ ਸਮਾਰੋਹ ਕਮੇਟੀ ਨੇ ਸਾਰੇ ਮਿਹਨਤੀ ਅਤੇ ਕਮਾੳ ਲੋਕਾਂ, ਇਨਕਲਾਬੀ ਧਿਰਾਂ,ਜਨਤਕ ਜਥੇਬੰਦੀਆਂ ਨੂੰ ਸੱਦਾ ਦਿਤਾ, ਕਿ 16 ਅਕਤੂਬਰ ਐਤਵਾਰ ਨੂੰ ਪੰਚਾਇਤੀ ਧਰਮਸ਼ਾਲਾ ਰਾਮਪੁਰਾਫੂਲ ਪਹੁੰਚ ਕੇ ਕਾਮਰੇਡ ਮੇਘ ਰਾਜ ਨੂੰ ਸ਼ਰਧਾਂਜਲੀ ਦੇਈਏ ਅਤੇ ਉਸ ਦੀ ਸੋਚ ਨਾਲ ਜੁੜਨ ਦਾ ਯਤਨ ਕਰੀਏ।

Leave a Reply

Your email address will not be published. Required fields are marked *

%d bloggers like this: