ਕਸ਼ਮੀਰ ਬਾਰੇ ਭਾਰਤੀ ਮੀਡੀਆ ਅਸਲ ਸੱਚਾਈ ਲੋਕਾਂ ਸਾਹਮਣੇ ਲਿਆਵੇ

ss1

ਕਸ਼ਮੀਰ ਬਾਰੇ ਭਾਰਤੀ ਮੀਡੀਆ ਅਸਲ ਸੱਚਾਈ ਲੋਕਾਂ ਸਾਹਮਣੇ ਲਿਆਵੇ

ਭਾਰਤ ਦੇ ਲਗਭਗ 7 ਰਾਜਾਂ ਵਿੱਚ ਲੋਕ ਅਜਾਦੀ ਦੀ ਲੜਾਈ ਲੜ ਰਹੇ ਹਨ ਕਿਉਂਕਿ ਇਹਨਾਂ ਰਾਜਾਂ ਵਿੱਚ ਰਹਿੰਦੇ ਲੋਕ ਭਾਰਤੀ ਸਿਸਟਮ ਦੀਆਂ ਗਲਤ ਨੀਤੀਆਂ ਤੇ ਫੌਜ ਦੀਆਂ ਧੱਕੇਸ਼ਾਹੀਆਂ ਤੋਂ ਅੱਕ ਕੇ ਬਾਗੀ ਹੋਏ ਹਨ। ਇਹਨਾ ਪੀੜਤ ਰਾਜਾਂ ਬਾਰੇ ਭਾਰਤ ਸਰਕਾਰ ਦਾ ਕੋਈ ਬਹੁਤਾ ਚੰਗਾ ਵਤੀਰਾ ਨਹੀਂ ਤੇ ਕੇਂਦਰ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਫੌਜ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ ਤੇ ਫੌਜ ਵੀ ਆਪਣੀ ਮਨਮਰਜੀ ਨਾਲ ਜੋ ਚਾਹੇ ਕਰ ਰਹੀ ਹੈ ਤੇ ਕਈ ਰਾਜਾਂ ਵਿੱਚ ਤਾਂ ਅਫਸਪਾ ਕਾਨੂੰਨ ਬਣਾਕੇ ਫੌਜ ਨੂੰ ਕੁੱਝ ਵੀ ਕਰਨ ਦੀ ਖੁੱਲੀ ਅਜਾਦੀ ਹੈ ਤੇ ਫੌਜ ਵੱਲੋਂ ਅੱਤਵਾਦੀ ਆਪ੍ਰੇਸ਼ਨਾਂ ਦੇ ਨਾਂ ਤੇ ਆਮ ਨਾਗਰਿਕਾਂ ਤੇ ਘੋਰ ਤਸ਼ੱਦਦ ਕੀਤਾ ਜਾਂਦਾ ਹੈ ਤੇ ਫੌਜ ਦੇ ਅਣਮਨੁੱਖੀ ਵਤੀਰੇ ਬਾਰੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਬਹੁਤ ਵਾਰ ਸਟੇਟਮੈਂਟ ਦਿੱਤੀ ਹੈ ਕਿ ਬੇਦੋਸ਼ਾਂ ਨੂੰ ਇਸ ਤਰਾਂ ਗੋਲੀਆਂ ਨਾਲ ਭੁੰਨਣ ਦੀ ਫੌਜ ਕੋਲ ਕੋਈ ਪਾਵਰ ਨਹੀਂ। ਹੋਰਨਾਂ ਰਾਜਾਂ ਤੋਂ ਬਿਨਾਂ ਜੇਕਰ ਗੱਲ ਇੱਕਲੇ ਜੰਮੂ ਕਸ਼ਮੀਰ ਦੀ ਕਰੀਏ ਤਾਂ ਇੱਥੋਂ ਦੇ ਹਾਲਾਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ ਤੇ ਹਰ ਨਿੱਤ ਨਵੀਆਂ ਘਟਨਾਵਾਂ ਕਸ਼ਮੀਰ ਵਾਸੀਆਂ ਦੀ ਨੀਂਦ ਉਡਾ ਰਹੀਆਂ ਹਨ ਤੇ ਉਥੋਂ ਦੇ ਸਿਸਟਮ ਨੂੰ ਸਰਕਾਰ ਵੱਲੋਂ ਪੂਰੀ ਤਰਾਂ ਉਥਲ ਪੁਥਲ ਕੀਤਾ ਗਿਆ ਹੈ। ਅੱਤਵਾਦ ਦੇ ਨਾਂ ਤੇ ਪਿਛਲੇ ਲੰਬੇ ਸਮੇਂ ਤੋਂ ਫੌਜ ਹਵਾਲੇ ਕਸ਼ਮੀਰੀਆਂ ਦੀ ਜਿੰਦਗੀ ਸਹਿਕ ਰਹੀ ਹੈ ਤੇ ਉਹਨਾਂ ਦੇ ਦੁੱਖ ਦਰਦ ਨੂੰ ਭਾਰਤੀ ਮੀਡੀਆ ਨੇ ਵੀ ਲੋਕਾਂ ਸਾਹਮਣੇ ਨਹੀਂ ਰੱਖਿਆ ਤੇ ਬਹੁਤੇ ਅਖਬਾਰ ਤੇ ਚੈਨਲ ਆਪਣੇ ਅਕਾਵਾਂ ਦੇ ਇਸ਼ਾਰੇ ਤੇ ਰਾਸ਼ਟਰਪਤੀ ਬੋਲੀ ਬੋਲਦੇ ਹਨ ਅਤੇ ਜੋ ਚੈਨਲ ਤੇ ਅਖ਼ਬਾਰ ਉਹਨਾਂ ਦੇ ਦੁੱਖ ਦਰਦ ਦੀ ਕਹਾਣੀ ਨੂੰ ਬਿਆਨਦੇ ਸਨ ਉਹਨਾਂ ਨੂੰ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਨੇ ਭੜਕਾਊ ਚੈਨਲ ਤੇ ਅਖ਼ਬਾਰ ਕਹਿਕੇ ਬੰਦ ਕਰਵਾ ਦਿੱਤਾ ਤੇ ਹੁਣ ਜੋ ਵੀ ਸਰਕਾਰ ਦੇ ਹੁਕਮਾਂ ਮੁਤਾਬਕ ਭਾਰਤੀ ਮੀਡੀਆ ਦਿਖਾਉਂਦਾ ਹੈ ਪੂਰਾ ਦੇਸ਼ ਉਸਨੂੰ ਹੀ ਸੱਚ ਮੰਨ ਰਿਹਾ ਹੈ ਜਦ ਕਿ ਕਸ਼ਮੀਰ ਦੇ ਹਾਲਾਤ ਕੁੱਝ ਹੋਰ ਹਨ। ਮੀਡੀਆ ਨੂੰ ਦੇਸ਼ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਕਿਉਂਕਿ ਮੀਡੀਆ ਨੇ ਹੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਨਣਾ ਹੁੰਦਾ ਹੈ ਤੇ ਲੋਕਾਂ ਨਾਲ ਬੇਇਨਸਾਫੀ ਕਰਨ ਵਾਲਿਆਂ ਨੂੰ ਨੰਗੇ ਚਿੱਟੇ ਕਰਨਾ ਹੁੰਦਾ ਹੈ। ਪਰ ਕਸ਼ਮੀਰ ਦੇ ਮਾਮਲੇ ਵਿੱਚ ਮੀਡੀਆ ਦਾ ਰੋਲ ਨਾ ਪੱਖੀ ਹੀ ਰਿਹਾ ਹੈ। ਭਾਵੇਂ ਕਿ ਸਰਕਾਰ ਨੇ ਆਪਣਾ ਕੰਮ ਕਰਨਾ ਹੈ ਪਰ ਮੀਡੀਆ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਉੱਥੋਂ ਦੇ ਲੋਕਾਂ ਦੀ ਨਬਜ਼ ਪਛਾਣਕੇ ਤੇ ਸਥਿਤੀ ਨੂੰ ਜਾਣ ਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ ਕਿ ਕੀ ਕਾਰਨ ਹਨ ਕਿ ਅਮਨ ਸ਼ਾਂਤੀ ਨਾਲ ਰਹਿਣ ਵਾਲੇ ਲੋਕ ਕਿਉਂ ਹੱਥਾਂ ਵਿੱਚ ਪੁਲਿਸ ਤੇ ਫੌਜ ਦੇ ਖਿਲਾਫ ਪੱਥਰ ਤੇ ਹਥਿਆਰ ਚੁੱਕਣ ਲਈ ਰਾਜੀ ਹੋ ਜਾਂਦੇ ਹਨ? ਫੌਜ ਦੀ ਧੱਕੇਸ਼ਾਹੀ ਦੇ ਖਿਲਾਫ ਉੱਥੋਂ ਦੀ ਨੌਜਵਾਨ ਪੀੜੀ ਮੁੰਡੇ, ਕੁੜੀਆਂ ਤੇ ਇੱਥੋਂ ਤੱਕ ਕਿ ਛੋਟੇ ਬੱਚਿਆਂ ਵਿੱਚ ਵੀ ਬਹੁਤ ਰੋਹ ਪਾਇਆ ਜਾ ਰਿਹਾ ਹੈ ਤੇ ਪੜਨ ਲਿਖਣ ਦੀ ਉਮਰ ਵਾਲੇ ਨੌਜਵਾਨ ਹੱਥ ਵਿੱਚ ਪੱਥਰ ਲੈਕੇ ਫੌਜ ਦੇ ਤਸ਼ੱਦਦ ਦਾ ਮੁਕਾਬਲਾ ਕਰ ਰਹੇ ਹਨ ਤੇ ਇੱਕ ਨਵੀਂ ਖਬਰ ਮੁਤਾਬਕ ਇਕ ਰਾਸ਼ਟਰੀ ਪਲੇਅਰ ਫੁੱਟਬਾਲਰ ਅਫਸ਼ਾ ਜੋ ਕਿ ਪਟਿਆਲਾ ਦੇ ਐਨ.ਆਈ.ਐਸ. ਤੋਂ ਸਿਖਲਾਈ ਪ੍ਰਾਪਤ ਹੈ ਨੇ ਪੁਲਿਸ ਵਧੀਕੀ ਕਾਰਨ ਹੱਥ ਵਿੱਚ ਪੱਥਰ ਚੁੱਕ ਲਏ ਹਨ ਕਿਉਂਕਿ ਉਸਦਾ ਦੋਸ਼ ਹੈ ਕਿ ਕਸ਼ਮੀਰਵਾਦੀ ਨੂੰ ਫੌਜ ਤੇ ਪੁਲਿਸ ਵੱਲੋਂ ਗੰਧਲਾ ਕੀਤਾ ਜਾ ਰਿਹਾ ਹੈ।

ਸੁਰਿੰਦਰਪਾਲ ਸਿੰਘ ਖਾਲਸਾ
ਮੋ. 73473-46417

Share Button