Fri. Apr 26th, 2019

ਕਲਾ ਨਿਰਦੇਸ਼ਨ ਦੇ ਮਹੱਤਵ ਦੀ ਗੱਲ ਕਰਦਾ ਕਲਾ ਨਿਰਦੇਸ਼ਕ: ਸਤਨਾਮ ਲਾਡੀ

ਕਲਾ ਨਿਰਦੇਸ਼ਨ ਦੇ ਮਹੱਤਵ ਦੀ ਗੱਲ ਕਰਦਾ ਕਲਾ ਨਿਰਦੇਸ਼ਕ: ਸਤਨਾਮ ਲਾਡੀ

ਫ਼ਿਲਮ ਇੱਕ ਮਿਸ਼ਰਤ ਕਲਾ ਹੈ ਜਿਸ ਵਿੱਚ ਸੰਗੀਤ, ਅਦਾਕਾਰੀ, ਮੇਕ-ਅੱਪ, ਨੱਚਣ-ਗਾਉਣ ਵਰਗੀਆਂ ਹੋਰ ਕਈ ਕਲਾਵਾਂ ਜੁੜੀਆਂ ਹੁੰਦੀਆਂ ਹਨ।ਇੱਕ ਫ਼ਿਲਮ ਸਮੂਹਿਕ ਕਲਾ ਦੇ ਰੂਪ ਵਿੱਚ ਦਰਸ਼ਕਾਂ ਸਾਹਵੇਂ ਆਉਂਦੀ ਹੈ ਤਾਂ ਸਮੱਗਰ ਰੂਪ ਵਿੱਚ ਦਰਸ਼ਕ ਸਿਰਫ਼ ਅਦਾਕਾਰਾਂ ਨੂੰ ਜਾਂ ਕਹਾਣੀ ਨੂੰ ਹੀ ਤਵੱਜੋ ਦੇਂਦੇ ਹਨ।ਜੇ ਫ਼ਿਲਮ ਦੇਖਣ ਦੇ ਸੁਹਜ ਦੀ ਜਾਣਕਾਰੀ ਰੱਖਣ ਵਾਲੇ ਦਰਸ਼ਕਾਂ ਦੀ ਗਿਣਤੀ ਵੀ ਮੱਦੇਨਜ਼ਰ ਰੱਖੀਏ ਤਾਂ ਬਹੁਤੇ ਲੋਕ ਨਿਰਦੇਸ਼ਕ ਜਾਂ ਪ੍ਰੋਡਿਊਸਰ ਦੇ ਕੰਮ ਤੋਂ ਹੀ ਵਾਕਿਫ਼ ਹੁੰਦੇ ਹਨ। ਇਸਦੇ ਉਲਟ ਫ਼ਿਲਮ ਇੱਕ ਵੱਡੀ ਟੀਮ ਦੀ ਰਚਨਾ ਹੁੰਦੀ ਹੈ। ਇਸਦੇ ਵੱਖੋ-ਵੱਖ ਕੰਪੋਨੈਂਟਾਂ ਵਿੱਚੋਂ ਆਰਟ ਡਾਇਰੈਕਸ਼ਨ ਦਾ ਕੰਪੋਨੈਂਟ ਇੱਕ ਅਹਿਮ ਹਿੱਸਾ ਹੈ। ਫ਼ਿਲਮ ਦੇ ਨਿਰਮਾਣ ਵੇਲੇ ਕਿਸੇ ਦ੍ਰਿਸ਼ ਦੀ ਵਿਉਂਤਬੰਦੀ ਕਰਨੀ ਅਤੇ ਉਸ ਲਈ ਲੋੜੀਂਦਾ ਸਮਾਨ ਸੁਝਾਉਣਾ ਆਰਟ ਨਿਰਦੇਸ਼ਕ ਦੇ ਹਿੱਸੇ ਹੀ ਆਉਂਦਾ ਹੈ। ਉਂਝ ਤਾਂ ਹਰ ਫ਼ਿਲਮ ਵਿੱਚ ਹੀ ਆਰਟ ਡਾਇਰੈਕਟਰ ਦੀ ਲੋੜ ਹੁੰਦੀ ਹੀ ਹੈ ਪਰ ਜਦੋਂ ਕਿਸੇ ਦੀ ਜੀਵਨੀ ਦਾ ਬਾਇਓਪਿਕ ਜਾਂ ਪੀਰੀਓਡੀਕਲ ਫ਼ਿਲਮ ਦਾ ਨਿਰਮਾਣ ਹੋਵੇ ਤਾਂ ਕਲਾ ਨਿਰਦੇਸ਼ਕ ਦੇ ਕੰੰੰੰਮ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਕਿਸੇ ਦ੍ਰਿਸ਼ ਵਿੱਚ ਕੀ ਸਮਾਨ ਰੱਖਣਾ ਹੈ, ਕਿਰਦਾਰ ਕਿਸ ਜ਼ਮਾਨੇ ਦਾ ਘੜਨਾ ਹੈ, ਬੀਤੇ ਵਕਤ ਵਿੱਚ ਕਿਸ ਤਰ੍ਹਾਂ ਦਾ ਰਹਿਣ-ਸਹਿਣ ਸੀ ਏਹ ਸਾਰੇ ਵਿਸ਼ੇ ਕਲਾ ਨਿਰਦੇਸ਼ਕ ਲਈ ਖੋਜ ਦੇ ਵਿਸ਼ੇ ਹੁੰਦੇ ਹਨ। ਹਾਲੀਵੁੱਡ ਫ਼ਿਲਮਾਂ ਦੀ ਦ੍ਰਿਸ਼ਕਾਰੀ ਅਤੇ ਖੂਬਸੂਰਤੀ ਪਿੱਛੇ ਚੰਗੇ ਕਲਾ ਨਿਰਦੇਸ਼ਕ ਦੀ ਅਹਿਮੀਅਤ ਛੁਪੀ ਹੁੰਦੀ ਹੈ ਜਦਕਿ ਪੰਜਾਬੀ ਸਿਨਮਾ ਇੰਡਸਟਰੀ ਇਸ ਗੱਲ ਨੂੰ ਅਜੇ ਏਨੀ ਤਵੱਜੋ ਨਹੀਂ ਦੇ ਰਹੀ।ਏਸੇ ਲਈ ਕਈ ਵਾਰ ਪੁਰਾਣੇ ਸੱਭਿਆਚਾਰ ਦੀ ਪੇਸ਼ਕਾਰੀ ਕਰਦੀਆਂ ਪੰਜਾਬੀ ਫ਼ਿਲਮਾਂ ਵਿੱਚੋਂ ਹੋਈਆਂ ਗਲਤੀਆਂ ਅਕਸਰ ਦੇਖੀਆਂ ਜਾ ਸਕਦੀਆਂ ਹਨ।

ਕਲਾ ਨਿਰਦੇਸ਼ਨ ਦੀ ਅਹਿਮੀਅਤ ਨੂੰ ਜਾਣਨ ਲਈ ਪਿਛਲੇ ਦਿਨੀਂ ਆਰਟ ਡਾਇਰੈਕਟਰ ਸਤਨਾਮ ਲਾਡੀ ਨੂੰ ਮਿਲਣ ਦਾ ਸਬੱਬ ਬਣਿਆ। ਸਤਨਾਮ ਲਾਡੀ ਜੋ ਕਿ ਚੰਡੀਗੜ੍ਹ ਦੇ ਆਰਟ ਕਾਲਜ ਸੈਕਟਰ ਦਸ ਤੋਂ ਮਾਸਟਰ ਡਿਗਰੀ ਪਾਸ ਹੈ। ਸਤਨਾਮ ਨੇ ਹਾਲ ਹੀ ਵਿੱਚ ਬਤੌਰ ਕਲਾ ਨਿਰਦੇਸ਼ਕ, ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ਸਾਡੇ ਆਲੇ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਤੋਂ ਇਲਾਵਾ ਉਹ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਫ਼ਿਲਮ ਜੱਟ ਤਾਂ ਕਰਾ ਦਊ ਘੀਸੀਆਂ ਲਈ ਵੀ ਕੰਮ ਕਰ ਚੁੱਕਾ ਹੈ।ਇਹਨਾਂ ਦੇ ਨਾਲ-ਨਾਲ ਉਹ ਚੰਡੀਗੜ੍ਹ ਵਿੱਚ ਸ਼ਾਰਟ ਫ਼ਿਲਮਾਂ ਦਾ ਨਿਰਮਾਣ ਵੀ ਲਗਾਤਾਰ ਕਰ ਰਿਹਾ ਹੈ। ਮੁਲਾਕਾਤ ਦੌਰਾਨ ਸਤਨਾਮ ਲਾਡੀ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਪੰਜਾਬੀ ਨਿਰਦੇਸ਼ਕ ਕਲਾ ਨਿਰਦੇਸ਼ਨ ਦੇ ਕੰਮ ਲਈ ਸੁਖਾਂਵੇ ਬਜਟ ਨੂੰ ਧਿਆਨਗੋਚਰ ਨਹੀਂ ਕਰਦੇ।ਸ਼ਾਇਦ, ਏਸੇ ਲਈ ਉਹਨਾਂ ਦਾ ਕੰੰਮ ਲੋਕਾਂ ਦੀਆਂ ਅੱਖਾਂ ਤੋਂ ਪਰੋਖੇ ਹੀ ਰਹਿ ਜਾਂਦਾ ਹੈ।

ਉਸਦਾ ਮੰਨਣਾ ਹੈ ਕਿ ਫ਼ਿਲਮ ਦੀ ਵਿਧਾ ਭਾਂਵੇਂ ਕਮਰਸ਼ੀਅਲ ਹੋਵੇ, ਕਲਾਤਮਕ ਹੋਵੇ, ਫ਼ਿਕਸ਼ਨ ਹੋਵੇ ਜਾਂ ਸੁੱਪਰ ਡਰਾਮਾ ਫ਼ਿਲਮ ਵਿੱਚੋਂ ਕਲਾ ਨਿਰਦੇਸ਼ਕ ਮਨਫ਼ੀ ਨਹੀਂ ਹੋ ਸਕਦਾ। ਫ਼ਿਲਮ ਪਿੱਛੇ ਕੰਮ ਕਰਦੀ ਸਾਰੀ ਟੀਮ ਦੇ ਯੋਗਦਾਨ ਸਦਕਾ ਹੀ ਫ਼ਿਲਮ ਨਿਰਮਿਤ ਹੁੰਦੀ ਹੈ।ਸੋ, ਦਰਸ਼ਕਾਂ ਤੱਕ ਹਰ ਵਿਅਕਤੀ ਦੇ ਕੰਮ ਦੀ ਜਾਣਕਾਰੀ ਹੋਵੇ ਤਾਂ ਫ਼ਿਲਮ ਵਿੱਚੋਂ ਕਮੀਆਂ/ਖੂਬੀਆਂ ਲੱਭਣ ਦੇ ਸਮਰੱਥ ਵੀ ਹੋਣਗੇ।ਏਸ ਲਈ ਲੋੜ ਹੈ ਕਿ ਦਰਸ਼ਕ ਫ਼ਿਲਮ ਦੇਖਣ ਲਈ ਆਪਣੀ ਸੁਹਜ ਸ਼ਕਤੀ ਨੂੰ ਹੋਰ ਵਿਕਸਿਤ ਕਰਨ ਤਾਂ ਜੋ ਹਰ ਵਿਅਕਤੀ ਦਾ ਕੰਮ ਅਤੇ ਨਾਮ ਦਰਸ਼ਕਾਂ ਦੀ ਨਜ਼ਰਸਾਨੀ ‘ਚ ਹੋਵੇ।

ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217

 

Share Button

1 thought on “ਕਲਾ ਨਿਰਦੇਸ਼ਨ ਦੇ ਮਹੱਤਵ ਦੀ ਗੱਲ ਕਰਦਾ ਕਲਾ ਨਿਰਦੇਸ਼ਕ: ਸਤਨਾਮ ਲਾਡੀ

Leave a Reply

Your email address will not be published. Required fields are marked *

%d bloggers like this: