ਆਰਜ਼ੀ ਦੁਕਾਨਾਂ ‘ਤੇ ਸ਼ਰਧਾਲੂਆਂ ਦੀ ਹੋਣ ਵਾਲੀ ਲੁੱਟ ਦੇ ਚੱਲ ਰਹੇ ਗੋਰਖ ਧੰਦੇ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਚੁੱਕੇਗੀ ਸਖਤ ਕਦਮ:-ਭਾਈ ਚਾਵਲਾ

ss1

ਆਰਜ਼ੀ ਦੁਕਾਨਾਂ ‘ਤੇ ਸ਼ਰਧਾਲੂਆਂ ਦੀ ਹੋਣ ਵਾਲੀ ਲੁੱਟ ਦੇ ਚੱਲ ਰਹੇ ਗੋਰਖ ਧੰਦੇ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਚੁੱਕੇਗੀ ਸਖਤ ਕਦਮ:-ਭਾਈ ਚਾਵਲਾ
ਹਰ ਸਾਲ ਕਰੋੜਾਂ ਰੁਪਏ ਤੱਕ ਜਾਣ ਵਾਲੀ ਬੋਲੀ ਦੇਣ ਲਈ ਸ਼ਰਤਾਂ ਕੀਤੀਆਂ ਸਖਤ

ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਇਰਦ-ਗਿਰਦ ਲੱਗਣ ਵਾਲੀਆਂ ਸੈਂਕੜੇ ਆਰਜ਼ੀ ਦੁਕਾਨਾਂ ‘ਤੇ ਸ਼ਰਧਾਲੂਆਂ ਦੀ ਕੀਤੀ ਜਾਣ ਵਾਲੀ ਲੁੱਟ ਦੇ ਗੋਰਖਧੰਦੇ ਨੂੰ ਨੱਥ ਪਾਉਣ ਦੇ ਲਈ ਸ਼੍ਰੋਮਣੀ ਕਮੇਟੀ ਅੱਗੇ ਆਈ ਹੈ।ਜਿਸ ਵਾਸਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਇਨਾਂ ਦੁਕਾਨਾਂ ਦੀ ਬੋਲੀ ਦੇਣ ਵਾਲੇ ਠੇਕੇਦਾਰਾਂ ਲਈ ਨਿਯਮਾਂ ਨੂੰ ਬੁਹਤ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ।

         ਅੱਜ ਦੇਰ ਸ਼ਾਮ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਇਰਦ-ਗਿਰਦ ਲੱਗਣ ਵਾਲੀਆਂ ਆਰਜ਼ੀ ਦੁਕਾਨਾਂ ‘ਤੇ ਦੇਸ਼-ਵਿਦੇਸ਼ ਤੋਂ ਸੱਚੀ ਸ਼ਰਧਾ ਤੇ ਆਸਥਾ ਦੇ ਨਾਲ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ ਦੁਕਾਨਾਂ ਵਾਲਿਆਂ ਤੋਂ ਮਨ ਮਰਜ਼ੀ ਦੀਆਂ ਕੀਮਤਾਂ ਹੀ ਨਹੀਂ ਵਸੂਲੀਆਂ ਜਾਂਦੀਆਂ ਬਲਕਿ ਕੋਈ ਪੱਕਾ ਬਿੱਲ ਵੀ ਨਹੀਂ ਦਿੱਤਾ ਜਾਂਦਾ ਸੀ। ਹੋਰ ਤਾਂ ਹੋਰ ਤਖਤ ਸਾਹਿਬ ਤੋਂ ਇਨਾਂ ਆਰਜ਼ੀ ਦੁਕਾਨਾਂ ਦੀ ਬੋਲੀ ਕਰੋੜਾਂ ਰੁਪਏ ‘ਚ ਲੈਣ ਵਾਲੇ ਠੇਕੇਦਾਰ ਵੱਲੋਂ ਵੀ ਸ਼ਰਧਾਲੂਆਂ ਦੇ ਨਾਲ ਹੋਣ ਵਾਲੀ ਇਸ ਵਧੀਕੀ ਦਾ ਕੋਈ ਨੋਟਿਸ ਨਹੀਂ ਲਿਆ ਜਾਂਦਾ ਸੀ। ਜਿਸ ਕਰਕੇ ਰੋਜ਼ਾਨਾਂ ਹੀ ਸ਼ਰਧਾਲੂਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਸੀ। ਇਹੀ ਕਾਰਨ ਹੈ ਕਿ ਹੁਣ ਅਸੀਂ ਮਾਨਯੋਗ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਡਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਲੁੱਟ ਦਾ ਸ਼ਿਕਾਰ ਨਾ ਹੋਣ ਦੇ ਲਈ ਜਿੱਥੇ ਨਿਯਮਾਂ ‘ਚ ਸਖਤੀ ਕਰ ਰਹੇ ਹਾਂ ਉੱਥੇ ਹੀ ਇਸਨੂੰ ਯਕੀਨੀ ਬਨਾਉਣ ਦੇ ਲਈ ਵੀ ਪਾਬੰਦ ਰਹਾਂਗੇ।

         ਭਾਈ ਚਾਵਲਾ ਨੇ ਦੱਸਿਆ ਕਿ ਅਸੀਂ ਇਹ ਫੈਸਲਾ ਕੀਤਾ ਹੈ ਕਿ 9 ਦਸੰਬਰ ਨੂੰ ਹੋਣ ਵਾਲੀ ਬੋਲੀ ਦੇ ਦੌਰਾਨ ਜਿਹੜਾ ਵੀ ਬੋਲੀਕਾਰ ਬੋਲੀ ਦੇਵੇਗਾ ਉਸਨੂੰ ਇਹ ਯਕੀਨੀ ਬਨਾਉਣਾ ਪਵੇਗਾ ਕਿ ਉਹ ਸਾਰੀਆਂ ਦੁਕਾਨਾਂ ਨਿਰਧਾਰਿਤ ਸਾਈਜ਼ ਦੀਆਂ ਲਗਵਾਇਆ ਕਰੇਗਾ ਅਤੇ ਸ਼ਰਧਾਲੂਆਂ ਦੇ ਲੰਘਣ ਵਾਲੇ ਰਸਤੇ ਦੇ ਵਿੱਚ ਉਹ ਦੁਕਾਨਾਂ ਕੋਈ ਰੁਕਾਵਟ ਨਹੀਂ ਪੈਦਾ ਕਰਨਗੀਆਂ। ਜਦਕਿ ਫੁੱਟਪਾਥ ‘ਤੇ ਲੱਗੀਆਂ ਗਰਿੱਲਾਂ ਦੇ ਅੰਦਰ-ਅੰਦਰ ਹੀ ਇਹ ਸਾਰੀਆਂ ਦੁਕਾਨਾਂ ਰਹਿਣਗੀਆਂ। ਇਹੀ ਨਹੀਂ ਦੁਕਾਨਾਂ ਲਗਾਉਣ ਵਾਲੇ ਸਾਰੇ ਦੁਕਾਨਦਾਰ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਦੇ ਅਨੁਸਾਰ ਸਾਰੀਆਂ ਵੇਚੀਆਂ ਜਾਣ ਵਾਲੀਆਂ ਵਸਤੂਆਂ ਦੀ ਰੇਟ ਲਿਸਟ ਦੁਕਾਨ ਦੇ ਬਾਹਰ ਲਗਾਉਣਗੇ ਅਤੇ ਠੇਕੇਦਾਰ ਵੱਲੋਂ ਅਲਾਟ ਕੀਤੇ ਨੰਬਰ ਨੂੰ ਵੀ ਦੁਕਾਨ ਦੇ ਬਾਹਰ ਲਿਖਿਆ ਜਾਵੇਗਾ ਤਾਂ ਜੋ ਕੋਈ ਵੀ ਸ਼ਰਧਾਲੂ ਆਪਣੇ ਨਾਲ ਹੋਣ ਵਾਲੀ ਵਧੀਕੀ ਦੀ ਲਿਖਤੀ ਸ਼ਿਕਾਇਤ ਦੁਕਾਨ ਨੰਬਰ ਦੇ ਅਧਾਰ ਤੇ ਕਰ ਸਕੇ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਦੁਕਾਨਦਾਰ ਫਾਲਤੂ ਕੀਮਤ ਵਸੂਲਦਾ ਫੜਿਆ ਜਾਵੇਗਾ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਤੋਨ ਸ਼੍ਰੋਮਣੀ ਕਮੇਟੀ ਗੁਰੇਜ਼ ਨਹੀਂ ਕਰੇਗੀ। ਭਾਈ ਚਾਵਲਾ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਜਿੱਥੇ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਹੋਵੇਗੀ ਉੱਥੇ ਹੀ ਆਸ਼ਥਾ ਦੇ ਨਾਮ ਤੇ ਹੋ ਰਹੀ ਕਾਲਾਬਜ਼ਾਰੀ ਨੂੰ ਵੀ ਠੱਲ ਪਵੇਗੀ।ਇਸ ਮੌਕੇ ਉਨਾਂ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ, ਜਸਵੰਤ ਸਿੰਘ ਪਟਵਾਰੀ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *