ਆਨਲਾਇਨ

ss1

ਆਨਲਾਇਨ

ਮੈਨੂੰ ਯਾਦ ਹੈ ਕਿ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਡਾਕਘਰਾਂ ਵਿੱਚ ਲਗੀ ਟੈਲੀਫੋਨ ਐਕਸਚੇਂਜ ਤੇ ਕਾਲ ਬੁੱਕ ਕਰਵਾ ਕੇ ਕਾਫ਼ੀ ਸਮਾਂ ਗੱਲਬਾਤ ਕਰਨ ਦੀ ਤਾਂਘਵਿੱਚ ਬੈਠੇ ਰਹਿਣਾ ਕਈ ਵਾਰੀ ਤਾਂ ਮਿਲਦੇ ਹੀ ਲਾਇਨ ਕੱਟੀ ਜਾਣੀ ਫਿਰ ਉਡੀਕ ਸ਼ੁਰੂ ਕਰ ਦੇਣੀ ਤੇ ਕਾਫ਼ੀ ਸਮੇਂ ਬਾਅਦ ਜੱਦ ਰਾਜੀ ਖੁੱਸੀ ਦਾ ਪਤਾ ਲੱਗਣਾ ਤਾਂ ਜਾ ਕੇ ਹੋਸਲਾ ਹੋਣਾ।ਹੌਲੀ ਹੌਲੀ ਟੈਕਨੋਲਜੀ ਵਿੱਚ ਵਾਧਾ ਹੋਇਆ ਮੋਬਾਇਲ ਫੋਨ ਆਉਣ ਨਾਲ ਹੋਰ ਵੀ ਕਈ ਸਹੂਲਤਾਂ ਮਿਲੀਆਂ ਜਿਵੇਂ ਵੀਡੀਓ ਕਾਲ ਰਾਂਹੀਂ ਰੂਬਰੂ ਹੋ ਕੇ ਗੱਲ ਕਰਨਾ। ਜਿਥੋਂ ਤੱਕ ਇਨਾਂ ਦੀ ਸਹੂਲਤ ਦਾ ਸਵਾਲ ਹੈ।ਇਸ ਦੇ ਨਾਲ ਹੀ ਇਸ ਦੀ ਸਹੀ ਵਰਤੋਂ ਕਰਨ ਦੇ ਨਾਲ ਹੀ ਦੁਰਵਰਤੋਂ ਜਿਆਦਾ ਹੋਣ ਲੱਗ ਪਈ।

ਵੱਟਸਐਪ ਅਤੇ ਇਸ ਨਵੀਂ ਟੈਕਨੋਲਜੀ ਦੀ ਵਰਤੋਂ ਇਸ ਲਈ ਸੀ ਕਿ ਕੋਈ ਜਰੂਰੀ ਸੰਦੇਸ਼ ਪਹੁੰਚਣ ਲਈ ਅਤੇ ਕਈ ਵਾਰੀ ਕੋਈ ਜਰੂਰੀ ਦਸਤਾਵੇਜ਼ ਭੇਜਣ ਵਿੱਚ ਆਸਾਨੀ ਹੋ ਸਕੇ ਅਤੇ ਮੁਸ਼ਕਲ ਦੂਰ ਹੋ ਸਕੇ ਪਰੰਤੂ ਅਸੀਂ ਕੀ ਦੇਖਦੇ ਹਾਂ ਕਿ ਸਵੇਰੇ ਨੂੰ ਫੋਨ ਆਨ ਕਰੋ ਤਾਂ ਇੱਕ ਗੁੱਡ ਮੋਰਨਿੰਗ ਦਾ ਮੈਜੇਜ਼ ਘੁੰਮ ਘੁਮਾ ਕੇ ਦੱਸ ਤੋਂ ਵੱਧ ਵਾਰ ਆਇਆ ਹੁੰਦਾ ਹੈ।ਕਈ ਵਾਰੀ ਤਾਂ ਸਾਹਮਣੇ ਬੈਠੇ ਦੋ ਤਿੰਨ ਬੰਦੇ ਮੋਬਾਇਲ ਤੇ ਐਨੇ ਰੁਝੇ ਹੁੰਦੇ ਹਨ ਕਿ ਇਕ ਦੂਜੇ ਨੂੰ ਬੋਲ ਕੇ ਕਹਿਣ ਦੀ ਬਜਾਏ ਨੈਟ ਰਾਂਹੀਂ ਹੀ ਗੁਡ ਮੋਰਨਿਗ ਦੇ ਮੈਸਜ਼ ਭੇਜਦੇ ਦਿੰਦੇ ਹਨ। ਇੱਕ ਵਾਰੀ ਇੱਕ ਸੱਜਣ ਦੱਸਣ ਲੱਗਾ ਕਿ ਉਸ ਦੇ ਪੁੱਤਰ ਦਾ ਵਿਆਹ ਹੋਇਆ ਤਾਂ ਉਸ ਦੀ ਨਵੀਂ ਵਿਆਹੀ ਪਤਨੀ ਮੋਬਾਇਲ ਤੇ ਲਾਈਵ ਕਰਕੇ ਆਪਣੀ ਮਾਂ ਨੂੰ ਦਿਖਾ ਰਹੀ ਸੀ ਕਿ “ਪਿਆਜ ਐਨਾ ਕੁ ਲਾਲ ਹੋ ਗਿਆ ਹੈ ਕਿ ਮੈਂ ਇਸ ਵਿੱਚ ਹੁਣ ਸਬਜੀ ਪਾ ਲਵਾਂ ” ਇਸ ਦੇ ਨਾਲ ਹੀ ਉਹ ਆਪਣੀ ਮਾਂ ਵੱਲੋਂ ਦੱਸੇ ਅਨੁਸਾਰ ਹੀ ਕੰਮ ਕਰੀ ਜਾ ਰਹੀ ਸੀ।ਜਿਸ ਤੋਂ ਅਸੀਂ ਅੰਦਾਜਾ ਲਗਾ ਸਕਦੇ ਹਾਂ ਕਿ ਘਰੇਲੂ ਕੰਮ ਨਾਲੋਂ ਜਿਆਦਾ ਤਰਜ਼ੀਹ ਇਸ ਨੈਟ ਨੂੰ ਹੀ ਦਿੱਤੀ ਹੈ।

ਇਹ ਸਾਰੀਆਂ ਸਹੂਲਤਾਂ ਦੇਣ ਵਾਲਿਆਂ ਨੇ ਸੋਚਿਆ ਹੋਣਾ ਕਿ ਇਸ ਦਾ ਸਹੀ ਇਸਤਮਾਲ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਇਸ ਦੇ ਵਰਤੋਂ ਕੀਤੀ ਜਾਵੇਗੀ ਪਰੰਤੂ ਅਸੀਂ ਇਸ ਤੇ ਵੀ ਅੰਧਵਿਸ਼ਵਾਸ ਨੂੰ ਵਧਾਉਣ ਵਾਲੇ ਮੈਸਜ ਭੇਜਣ ਤੋਂ ਵੀ ਗੁਰੇਜ਼ ਨਹੀਂ ਕਰਦੇ ਜਿਵੇਂ ਕਾਫ਼ੀ ਸਮੇਂ ਪਹਿਲਾਂ ਘਰਾਂ, ਮੁਹੱਲਿਆਂ ਵਿੱਚ ਲੋਕੀ ਪਰਚੇ ਵੰਡ ਦੇ ਹੁੰਦੇ ਸਨ ਕਿ ਇਹ ਪਰਚਾ ਪੜ੍ਹਣ ਵਾਲਾ ਅਗਾਂਹ ਦੋ ਸੋ ਪਰਚਾ ਹੋਰ ਛੱਪਵਾ ਕੇ ਵੰਡੇ ਤਾਂ ਉਸ ਦੀ ਮਨੋਕਾਮਨਾ ਪੂਰੀ ਹੋਵੇਗੀ ਨਹੀਂ ਤਾਂ ਨਕੁਸਾਨ ਹੋਵੇਗਾ। ਉਸ ਤਰ੍ਹਾਂ ਹੀ ਹੁਣ ਵੱਟਸਐਪ ਤੇ ਮੈਸਜ਼ ਭੇਜੇ ਜਾਂਦੇ ਹਨ ਕਿ ਇਹ ਮੈਸਜ਼ ਹੋਰ ਲੋਕਾਂ ਨੂੰ ਭੇਜ਼ੋ ਇਸ ਨੂੰ ਕੱਟਣ ਜਾਂ ਨਾ ਭੇਜਣ ਨਾਲ ਤੁਹਾਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹੋ ਵੇਖ ਕੇ ਆਉਂਦਾ ਹੈ ਕਿ ਜਿਉਂ ਜਿਉਂ ਅਧੁਨਿਕ ਟੈਕਨੋਲਜੀ ਵਿੱਚ ਵਾਧਾ ਤਾਂ ਜਰੂਰ ਹੋਇਆ ਹੈ ਪਰੰਤੂ ਇੱਕ ਨਸ਼ੇ ਦੇ ਤਰ੍ਹਾਂ ਇਸ ਦੀ ਵੀ ਸਾਨੂੰ ਲਤ ਲੱਗ ਗਈ ਹੈ।ਹਰ ਸਮੇਂ ਤਕਰੀਬਨ ਹਰ ਕੋਈ ਆਨਲਾਇਨ ਹੋਇਆ ਹੁੰਦਾ ਹੈ।ਇਸ ਨਾਲ ਖਾਸ ਰਿਸਤਿਆਂ ਵਿੱਚ ਵੀ ਦਿਨ ਪ੍ਰਤੀ ਦਿਨ ਦਾਰੜ ਪੈਂਦੀ ਜਾ ਰਹੀ ਹੈ ਕਿਉਂਕਿ ਆਪਣੇ ਪਿਆਰਿਆਂ ਦੀ ਫੋਟੋ ਫੇਸ ਬੁੱਕ ਤੇ ਲਾਇਕ ਕਰਕੇ ਹੀ ਅਪਣੱਤ ਦਾ ਅਜਿਹਾਰ ਕਰਨ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਆਪਸੀ ਗੱਲਬਾਤ ਕਰਨ ਨੂੰ ਵੀ ਸਮਾਂ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ।
ਹੋਰ ਤੇ ਹੋਰ ਜੇ ਕਿਤੇ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਸਮੇਂ ਮੁਸੀਬਤ ਵਿੱਚ ਫਸੇ ਹੋਏ ਲੋਕਾਂ ਨੂੰ ਮੁਸੀਬਤ ਵਿੱਚੋਂ ਬਾਹਰ ਕੱਢਣ ਦੀ ਬਜਾਏ ਨਜ਼ਦੀਕ ਖੜੇ ਲੋਕ ਮੋਕੇ ਦੀ ਵੀਡੀਓ ਬਣਾ ਕੇ ਜਲਦੀ ਤੋਂ ਜਲਦੀ ਅਗਾਂਹ ਭੇਜਣ ਦੀ ਦੋੜ ਵਿੱਚ ਲੱਗ ਜਾਂਦੇ ਹਨ।

ਕਈ ਵਾਰੀ ਕਿਸੇ ਗੁੰਮ ਹੋਈ ਵਸਤੂ ਜਾਂ ਵਿਅਕਤੀ ਦੀ ਸੂਚਨਾ ਨੂੰ ਵੀ ਐਨਾ ਫੈਲਾਇਆ ਜਾਂਦਾ ਹੈ ਕਿ ਉਹ ਅਸਲ ਜਗ੍ਹਾ ਤੇ ਤਾਂ ਪਹੁੰਚ ਗਈ ਹੁੰਦੀ ਹੈ ਫਿਰ ਵੀ ਮਹੀਨੇ ਤੋਂ ਵੱਧ ਸਮੇਂ ਤੱਕ ਉਹੀ ਮੈਸਜ਼ ਆਉਂਦੇ ਰਹਿੰਦੇ ਹਨ।

ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ “ਭੁੱਖੇ ਨੂੰ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ” ਇਸ ਲਈ ਸਾਨੂੰ ਜਾਣਕਾਰੀ ਭਰਪੂਰ ਅਤੇ ਲੋੜੀਂਦੇ ਸੰਦੇਸ਼ ਹੀ ਭੇਜਣੇ ਚਾਹੀਦੇ ਹਨ ਨਾ ਕਿ ਪੁਰਾਣੀ ਅਖੋਤ ਵਾਂਗ ‘ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ’ ਵਾਲੀ ਗੱਲ ਸਾਬਤ ਕਰਨ ਦੀ ਜਗ੍ਹਾ ਸਹੀ ਵਰਤੋਂ ਕਰਨੀ ਚਾਹੀਦੀ ਹੈ।ਜਿਸ ਨਾਲ ਇਨ੍ਹਾਂ ਸਹੂਲਤਾਂ ਦੁਰਉਪਯੋਗ ਦੀ ਜਗ੍ਹਾ ਸਹੀ ਉਪਯੋਗ ਹੋ ਸਕੇ ਅਤੇ ਆਪਣੇ ਪਰਿਵਾਰਾਂ ਨੂੰ ਅਤੇ ਸੱਜਣਾ ਮਿਤਰਾਂ ਨੂੰ ਸਮਾਂ ਦਿੱਤਾ ਜਾ ਸਕੇ ਜਿਸ ਨਾਲ ਰਿਸ਼ਤਿਆਂ ਵਿੱਚ ਹੋਰ ਵੀ ਨਿੱਘ ਮਹਿਸੂਸ ਹੋਵੇ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326

Share Button

Leave a Reply

Your email address will not be published. Required fields are marked *