ਅੱਚਲਪੁਰ ਬੀਤ ਦੇ ਵਿਰਾਸਤੀ ਛਿੰਝ ਮੇਲੇ ਤੇ ਵਿਸ਼ੇਸ਼

ਅੱਚਲਪੁਰ ਬੀਤ ਦੇ ਵਿਰਾਸਤੀ ਛਿੰਝ ਮੇਲੇ ਤੇ ਵਿਸ਼ੇਸ਼

“ਦਾਲ ਮਾਹਾਂ ਦੀ, ਛਿੰਝ ਛਰਾਹਾਂ ਦੀ“

ਗੜ੍ਹਸ਼ੰਕਰ-ਮੇਲੇ ਕਿਸੇ ਵੀ ਸੱਭਿਆਚਾਰ ਦਾ ਸਰਮਾਇਆ ਹੁੰਦੇ ਹਨ।ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਬੜੇ ਸ਼ੌਕੀਨ ਰਹੇ ਹਨ।ਸਦੀਆਂ ਪੁਰਾਣਾ ਮੇਲਾ “ਛਿੰਝ ਛਰਾਹਾਂ ਦੀ” ਪੰਜਾਬ ਦੇ ਗਿਣਵੇਂ-ਚੁਣਵੇਂ ਮੇਲਿਆ ਵਿੱਚ ਸ਼ੁਮਾਰ ਹੋ ਚੁੱਕਾ ਹੈ।ਇਹ ਮੇਲਾ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਕ ਪਹਾੜੀਆਂ ਦੀ ਗੋਦ ਵਿੱਚ ਵਸੇ ‘ਬੀਤ’ ਇਲਾਕੇ ਦੇ ਪਿੰਡ ਅਚਲਪੁਰ (ਛਰਾਹਾਂ) ਵਿਖੇ ਹਰ ਵਰ੍ਹੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈਕੇ ਲਗਾਤਾਰ ਚਾਰ ਦਿਨ ਚਲਦਾ ਹੈ।ਦੂਰ- ਦੂਰ ਤੱਕ ਇਹ ਮੇਲਾ ਬਹੁਤ ਮਸ਼ਹੂਰ ਹੈ।

“ਛਿੰਝ ਛਰਾਹਾਂ ਦੀ” ਨਾਂ ਨਾਲ ਮਸ਼ਹੂਰ ਸਾਰੇ ਵਰਗਾਂ ਦਾ ਸਾਂਝਾ ਇਹ ਮੇਲਾ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੋਣ ਦੇ ਨਾਲ਼-ਨਾਲ਼ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪੱਖੋਂ ਵੀ ਮਹੱਤਵ ਰੱਖਦਾ ਹੈ।ਮੇਲੇ ਵਾਲੇ ਸਥਾਨ ਅਚਲਪੁਰ ਨੂੰ ਵੱਖ-ਵੱਖ ਇਲਾਕਿਆਂ ਤੋਂ ਛੇ ਪਗਡੰਡੀਆਂ ਆ ਕੇ ਮਿਲਦੀਆਂ ਸਨ।ਲੋਕ ਪੈਦਲ ਹੀ ਸਫਰ ਕਰਦੇ ਸਨ।ਛੇ ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਇਸ ਮੇਲੇ ਦਾ ਨਾਂ “ਛਿੰਝ ਛਰਾਹਾਂ ਦੀ” ਪੈ ਗਿਆ।ਕਈਆਂ ਲੋਕਾ ਦਾ ਇਹ ਵੀ ਖਿਆਲ ਹੈ ਕਿ ਛਰਾਹਾਂ ਸ਼ਬਦ ਸ਼ਾਹਾਂ ਤੋਂ ਬਣਿਆ ਹੈ।ਪੁਰਾਣੇ ਵੇਲਿਆਂ ਵਿੱਚ ਵੱਡੇ-ਵੱਡੇ ਸ਼ਾਹ ਲੋਕ ਖੱਚਰਾਂ ‘ਤੇ ਧਨ ਲੱਦਕੇ ਇਸ ਮੇਲੇ ਵਿੱਚ ਜੂਆ ਖੇਡਣ ਅਤੇ ਵਪਾਰ ਕਰਨ ਲਈ ਆਉਂਦੇ ਹੁੰਦੇ ਸਨ।ਪਿੰਡ ਦੇ ਲਹਿੰਦੇ ਪਾਸੇ ਚੁਫੇਰਿਉਂ ਪਿੱਪਲਾਂ ਦੇ ਦਰਖਤਾਂ ਅਤੇ ਤ੍ਰਿਵੈਣੀਆਂ ਨਾਲ ਘਿਰਿਆ ਸਾਫ-ਸੁਥਰੇ ਵਾਤਾਵਰਣ ਵਿੱਚ ਸਥਿਤ ਸਿੱਧ ਬਾਬਾ ਬਾਲਕ ਰੂਪ ਜੀ ਦਾ ਪ੍ਰਾਚੀਨ ਮੰਦਰ ਸੁਸ਼ੋਭਿਤ ਹੈ।ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਇੱਥੇ ਨਤਮਸਤਕ ਹੁੰਦੀਆਂ ਹਨ।ਜਾਨ-ਮਾਲ ਦੀ ਸੁੱਖ-ਸਾਂਦ ਲਈ ਮੰਨਤਾਂ ਮੰਗਦੀਆਂ ਹਨ ਅਤੇ ਸੁੱਖਣਾਂ ਲਾਹੁੰਦੀਆਂ ਹਨ।ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਯੱਗ ਕਰਵਾਏ ਜਾਂਦੇ ਹਨ।ਇਹ ਯੱਗ ਅਚਲਪੁਰ, ਮਜਾਰੀ, ਝੋਣੋਵਾਲ,ਨੈਣਵਾਂ ਅਤੇ ਇੰਦੋਵਾਲ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੁੰਦੇ ਹਨ।ਮੇਲੇ ਦੇ ਸਾਰੇ ਦਿਨਾਂ ਵਿੱਚ ਅਤੁੱਟ ਲੰਗਰ ਚਲਦਾ ਹੈ।ਘਰਾਂ ਵਿੱਚ ਮਾਹਾਂ ਦੀ ਦਾਲ ਜਰੂਰ ਬਣਦੀ ਹੈ।ਮੇਲੇ ਦੇ ਪਹਿਲੇ ਦਿਨ ਨਵਾਂ ਅੰਨ ਮੱਕੀ ਦੇ ਦਾਣੇ , ਦੁੱਧ-ਖੀਰ,ਮਾਹਾਂ ਦੀ ਦਾਲ ਚੜ੍ਹਾ ਕੇ ਸੰਗਤਾਂ ਜਾਨ-ਮਾਲ ਦੀ ਤੰਦਰੁਸਤੀ ਲਈ ਦੁਆ ਕਰਦੀਆਂ ਹਨ।ਮੇਲੇ ਦੇ ਪਹਿਲੇ ਦਿਨ ਪਹਿਲਵਾਨਾਂ ਦਾ ਘੋਲ ਕਰਵਾਇਆ ਜਾਂਦਾ ਹੈ।

ਘਰਾਂ ਵਿੱਚੋਂ ਅਲੋਪ ਹੋ ਰਹੇ ਮਿੱਟੀ ਦੇ ਬਣੇ ਭਾਂਡੇ ਜਿਵੇਂ ਚਾਟੀਆਂ, ਘੜੇ, ਦਧੂਨੀਆਂ, ਤੌੜੀਆਂ, ਚੱਪਣੀਆਂ, ਕੁੱਜੇ ਅਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਪੇਂਡੂ ਸੁਆਣੀਆਂ ਲਈ ਖਿੱਚ ਦਾ ਕੇਂਦਰ ਹੁੰਦੀਆਂ ਹਨ।ਪੁਰਾਣੇ ਸਮਿਆਂ ਵਿੱਚ ਲੋੜੀਦੀਆਂ ਚੀਜਾਂ ਖਰੀਦਣ ਲਈ ਬਜ਼ਾਰ ਨੇੜੇ ਨਹੀਂ ਸਨ ਹੁੰਦੇ।ਲੋਕ ਸਾਲ ਭਰ ਦੀਆਂ ਚੀਜਾਂ ਮੇਲੇ ਵਿੱਚੋਂ ਖਰੀਦ ਲੈਂਦੇ ਸਨ।ਉਹਨਾਂ ਲਈ ਇਹ ਮੇਲਾ ਸਾਲਾਨਾ ਬਜ਼ਾਰ ਹੀ ਹੋਇਆ ਕਰਦਾ ਸੀ।ਮੇਲੇ ਦਾ ਸੰਬੰਧ ਇਸ ਖੇਤਰ ਦੇ ਕਿਰਸਾਣੀ ਜੀਵਨ ਨਾਲ ਵੀ ਹੈ।ਇਹਨਾਂ ਦਿਨਾਂ ਵਿੱਚ ਮੱਕੀ ਦੀ ਫਸਲ ਅਤੇ ਕੱਖ-ਕੰਡਾ ਸੰਭਾਲਕੇ ਕਣਕ ਦੀ ਬਿਜਾਈ ਦਾ ਕੰਮ ਨਿਬੇੜ ਲਿਆ ਜਾਂਦਾ ਹੈ।ਗੰਨੇ ਤੋਂ ਗੁੜ ਬਣਾਉਣ ਦੇ ਕੰਮ ਨੂੰ ਹਾਲੇ ਵਕਤ ਹੁੰਦਾ ਹੈ।ਕਿਸਾਨਾਂ ਲਈ ਇਹ ਦਿਨ ਵਿਹਲ ਵਾਲੇ ਹੂੰਦੇ ਹਨ।

ਅੱਜਕੱਲ੍ਹ ਆਵਾਜਾਈ ਦੇ ਸਾਧਨਾਂ ਵਿੱਚ ਅਥਾਹ ਵਾਧਾ ਹੋਣ ਕਰਕੇ ਅਤੇ ਪਿੰਡ-ਪਿੰਡ ਗਲ਼ੀ-ਗਲ਼ੀ ਹੱਟੀਆਂ ਦੀ ਪਹੁੰਚ ਕਾਰਨ ਲੋਕਾਂ ਦੇ ਖਰੀਦੋ-ਫਰੋਖਤ ਦੇ ਢੰਗਾਂ ਵਿੱਚ ਤਬਦੀਲੀ ਜਰੂਰ ਆਈ ਹੈ,ਪਰ ਮੇਲੇ ਦੀਆਂ ਰੌਣਕਾਂ ਬਰਕਰਾਰ ਹਨ।ਪੁਰਾਣੀ ਤਕਨੀਕ ਵਾਲੀਆਂ ਫੋਟੋਗ੍ਰਾਫਰਾਂ ਦੀਆਂ ਦੁਕਾਨਾਂ ਹੁਣ ਬੀਤੇ ਦੀ ਗੱਲ੍ਹ ਬਣ ਚੁੱਕੀਆਂ ਹਨ।ਸਮੇਂ ਦੀ ਤੋਰ ਨੇ ਮੇਲੇ ਦਾ ਰੰਗ-ਢੰਗ ਬਦਲ ਦਿੱਤਾ ਹੈ।ਬਲਦਾਂ ਦੀ ਲਗਦੀ ਭਾਰੀ ਮੰਡੀ ਪਿਛਲੇ ਕਈ ਸਾਲਾਂ ਤੋਂ ਗਾਇਬ ਹੈ।ਰੰਗ-ਬਿਰੰਗੇ ਪਰਾਂਦਿਆਂ ਅਤੇ ਰੀਬਨਾਂ ਨਾਲ ਸ਼ਿੰਗਾਰੇ ਊਠਾਂ ਦੀ ਮੰਡੀ ਵੀ ਹੁਣ ਪ੍ਰਦਰਸ਼ਨੀ ਮਾਤਰ ਰਹਿ ਗਈ ਹੈ।ਕੋਈ ਵੇਲ਼ਾ ਸੀ ਜਦੋਂ ਪਸ਼ੂਆਂ ਦੇ ਵਪਾਰੀ ਦੂਰ-ਦੁਰਾਡੇ ਇਲਾਕਿਆਂ ਤੋਂ ਆਉਂਦੇ ਹੁੰਦੇ ਸਨ। ਬਜ਼ੁਰਗਾਂ ਅਨੁਸਾਰ ਲਾਹੌਰ ਤੋਂ ਹੱਟੀਆ ਇਸ ਮੇਲੇ ਦਾ ਸ਼ਿਗਾਰ ਬਣਦੀਆਂ ਰਹੀਆਂ ਹਨ।

ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਬੀਤ ਦੇ ਪਿੰਡਾਂ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ।ਕੱਚੇ ਘਰਾਂ ਨੂੰ ਲਿੱਪਿਆ-ਪਰੋਲਿਆ ਜਾਂਦਾ ਸੀ।ਬੜੇ ਉਤਸ਼ਾਹ ਨਾਲ ਬੈਠਕਾਂ ਨੂੰ ਸ਼ਿੰਗਾਰਿਆ ਜਾਂਦਾ ਸੀ। ਇਲਾਕੇ ਦੇ ਸਮੂਹ ਲੋਕਾਂ ਤੋਂ ਇਲਾਵਾ ਦੁਆਬਾ, ਹਿਮਾਚਲ ਪ੍ਰਦੇਸ਼ ਅਤੇ ਦੂਰ-ਦੁਰਾਡੇ ਜਾ ਵਸੇ ਲੋਕ ਬੜੀ ਸ਼ਰਧਾ ਨਾਲ ਇੱਥੇ ਹਾਜਰੀ ਭਰਦੇ ਹਨ।ਮੇਲੇ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕ ਮੱਘਰ ਮਹੀਨੇ ਨੂੰ ਛਿੰਝ ਵਾਲਾ ਮਹੀਨਾ ਕਹਿਕੇ ਯਾਦ ਰੱਖਦੇ ਹਨ।

ਮੇਲੇ ਵਿੱਚ ਦੁਕਾਨਾਂ ਲਾਉਂਣ ਲਈ ਮਹੀਨਾ ਪਹਿਲਾਂ ਥਾਂ ਮੱਲ ਲਈ ਜਾਂਦੀ ਹੈ।ਆਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ।ਮੇਲੇ ਦੇ ਦਿਨਾਂ ਵਿੱਚ ਇੰਨੀ ਭੀੜ ਹੁੁੰਦੀ ਹੈ ਕਿ ਮੋਟਰ-ਗੱਡੀਆਂ ਦਾ ਸੜ੍ਹਕ ਤੋਂ ਗੁਜਰਨਾ ਮੁਹਾਲ ਹੋ ਜਾਂਦਾ ਹੈ।ਮਨਿਆਰੀ ਅਤੇ ਹੋਰ ਨਿੱਕ-ਸੁੱਕ ਦੀਆਂ ਦੁਕਾਨਾਂ ‘ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੁੰਦੀ ਹੈ।ਗੱਭਰੂ ਟੋਲੀਆਂ ਬਣਾਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ। ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿੱਚ ਨਿੱਘ ਵਧਾਉਂਦਾ ਹੈ ਉੱਥੇ ਬੀਤ ਇਲਾਕੇ ਦੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਵੀ ਹੈ।ਐਤਕੀਂ ਇਹ ਮੇਲਾ 19 ਤੋਂ 23 ਨਵੰਬਰ ਤੱਕ ਲਗ ਰਿਹਾ ਹੈ।ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਮੇਲੇ ਨੂੰ ਵਿਰਾਸਤੀ ਮੇਲਾ ਘੋਸ਼ਿਤ ਕਰੇ।

ਪੱਤਰਕਾਰ
ਅਸ਼ਵਨੀ ਸ਼ਰਮਾ
ਹੈਬੋਵਾਲ ਬੀਤ
9417353518

Share Button

Leave a Reply

Your email address will not be published. Required fields are marked *

%d bloggers like this: