ਫ਼ਰੀਦਕੋਟ ਦੇ ਲੋਕਾਂ ਲਈ ਸਾਫ਼ ਪਾਣੀ ਬਣਿਆ ਫਿਰ ਸੁਪਨਾ

ss1

ਫ਼ਰੀਦਕੋਟ ਦੇ ਲੋਕਾਂ ਲਈ ਸਾਫ਼ ਪਾਣੀ ਬਣਿਆ ਫਿਰ ਸੁਪਨਾ
ਅਕਾਲੀ ਆਗੂਆ ਦੀ ਗੁੱਟਬਾਜੀ ਕਰਕੇ ਰਾਜਾ ਮਾਈਨਰ ਪ੍ਰੋਜੈਕਟ ਅੱਧ ਵਿਚਾਲੇ ਲਟਕਿਆ, ਲੋਕ ਦੁਖੀ

fdk-3ਫ਼ਰੀਦਕੋਟ 24 ਅਕਤੂਬਰ ( ਜਗਦੀਸ਼ ਬਾਂਬਾ ) ਕਰੀਬ ਸਾਢੇ ਚਾਰ ਸਾਲ ਪਹਿਲਾਂ ਸ਼ਹਿਰ ਵਾਸੀਆਂ ਲਈ ਸਾਫ਼-ਸੁਥਰਾ ਪਾਣੀ ਨਸੀਬ ਹੋਣ ਦੀ ਜਾਗੀ ਉਮੀਦ ਹੁਣ ਹੌਲੀ-ਹੌਲੀ ਦੰਮ ਤੋੜਦੀ ਨਜ਼ਰ ਆ ਰਹੀ ਹੈ,ਕਿਉਂਕਿ ਸਾਢੇ ਚਾਰ ਸਾਲਾਂ ਵਿੱਚ ਪਹਿਲਾਂ ਤਾਂ ਦੋਂ ਸਾਲ ਇਹ ਪ੍ਰਾਜੈਕਟ ਪਾਸ ਹੀ ਨਹੀ ਸੀ ਹੋ ਸਕਿਆ ,ਜੇ ਪਾਸ ਹੋਇਆ ਤਾਂ ਹੁਣ ਲੰਘੇ ਦੋਂ ਸਾਲਾਂ ਤੋਂ ਇਸ ਪ੍ਰਾਜੈਕਟ ਅਧੀਨ ਚੱਲ ਰਹੇ ਕੰਮ ਵਿੱਚ ਮਹਿਜ਼ 1 ਕਿਲੋਮੀਟਰ ਦੇ ਖੇਤਰ ਵਿੱਚ ਪਾਈਪਾਂ ਪਾ ਕੇ ਰਾਜਾ ਮਾਈਨਰ ਤੋਂ ਵਾਟਰ ਵਰਕਸ ਫ਼ਰੀਦਕੋਟ ਤੱਕ ਪਾਣੀ ਸਪਲਾਈ ਹੋਣੀ ਸੀ,ਪਰ ਹਾਲੇ ਤੱਕ ਇਹ ਪਾਈਪ ਲਾਈਨ ਹੀ ਨਹੀ ਪੈ ਸਕੀ। ਉਂਝ ਗੋਗਲੂਆਂ ਤੋਂ ਮਿੱਟੀ ਝਾੜਨ ਤੇ ਸ਼ਹਿਰ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਪਾਈਪ ਲਾਈਨ ਪਾਉਣ ਦਾ ਡਰਾਮਾ ਵੀ ਕੀਤਾ ਗਿਆ ,ਜੋ ਅੱਧ ਵਿਚਾਲੇ ਲਟਕਿਆਂ ਹੋਇਆ ਹੈ । ਜਿਸ ਕਾਰਨ ਇਨਂ ਦਿਨੀਂ ਸੱਤਾਧਾਰੀ ਪੱਖ ਖਿਲਾਫ਼ ਸ਼ਹਿਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਚਰਚਾ ਇਹ ਵੀ ਹੈ ਕਿ ਇਹ ਪ੍ਰੋਜੈਕਟ ਸੱਤਾਧਾਰੀ ਆਗੂਆ ਦੀ ਆਪਸੀ ਗੁੱਟਬਾਜੀ ਦੀ ਭੇਂਟ ਚੜਿਆ ਹੋਇਆ ਹੈ । ਅਸਲ ਕੀ ਹੈ ਰਾਜਾ ਮਾਈਨਰ ਦਾ ਮਾਮਲਾਂ : ਸ਼ਹਿਰ ਫ਼ਰੀਦਕੋਟ ਇੱਕ ਰਿਆਸਤੀ ਸ਼ਹਿਰ ਹੈ ਤੇ ਰਾਜੇ ਦੇ ਕਾਲ ਸਮੇਂ ਸ਼ਹਿਰ ਵਿੱਚ ਪੀਣ ਵਾਲਾ ਪਾਣੀ ਰਾਜਾ ਮਾਈਨਰ ,ਜੋ ਅਬੋਹਰ ਮਾਈਨਰ ਵਿੱਚੋ ਨਿਕਲ ਕੇ ਫ਼ਰੀਦਕੋਟ ਆਉਂਦੀ ਸੀ ਵਿੱਚੋਂ ਸਪਲਾਈ ਕੀਤਾ ਜਾਂਦਾ ਸੀ। ਮੰਨਿਆਂ ਜਾਂਦਾ ਹੈ ਕਿ ਅਬੋਹਰ ਮਾਈਨਰ ਵਿੱਚ ਭਾਖੜਾ ਦਾ ਪਾਣੀ ਚੱਲਦਾ ਹੈ,ਜਿਸ ਵਿੱਚ ਕਿਸੇ ਵੀ ਤਰਾਂ ਦਾ ਪ੍ਰਦੂਸ਼ਣ ਨਹੀ ਹੈ,ਜਦਕਿ ਇਨੀ ਦਿਨੀਂ ਜੋ ਪਾਣੀ ਫ਼ਰੀਦਕੋਟ ਵਾਸੀਆਂ ਵਾਸਤੇ ਪੀਣ ਲਈ ਸਪਲਾਈ ਹੋ ਰਿਹਾ ਹੈ,ਉਹ ਸਤਲੁਜ ਦਰਿਆ ਵਿੱਚੋ ਨਿਕਲ ਕੇ ਕਰੀਬ ਅੱਧੇ ਪੰਜਾਬ ਵਿੱਚ ਸਪਲਾਈ ਕਰਨ ਵਾਲੀ ਸਰਹਿੰਦ ਨਹਿਰ ਵਿੱਚੋ ਕੀਤਾ ਜਾ ਰਿਹਾ ਹੇੈ। ਜਿਸ ਵਿੱਚ ਅਨੇਂਕਾਂ ਫੈਕਟਰੀਆਂ ਦੇ ਨਾਲ-ਨਾਲ ਬੁੱਢੇ ਨਾਲੇ ਦਾ ਗੰਦਾ ਪਾਣੀ ਰਲਿਆਂ ਹੁੰਦਾ ਹੈ ਤੇ ਕਈ ਤਰਾਂ ਦੇ ਰਸਾਇਣ ਵੀ ਮਿਲੇ ਹੁੰਦੇ ਹਨ ਜੋ ਇਨਸਾਨੀ ਸਿਹਤ ਲਈ ਖਤਰਨਾਕ ਸਿੱਧ ਹੁੰਦੇ ਹਨ । ਇਸੇ ਕਾਰਨ 2012 ਦੀਆਂ ਵਿਧਾਨ ਸਭਾਂ ਚੌਣਾਂ ਸਮੇਂ ਸ਼ਹਿਰ ਵਾਸੀਆਂ ਲਈ ਸਾਫ-ਸੁਥਰੇ ਪਾਣੀ ਦਾ ਮਾਮਲਾ ਵੱਡੇ ਪੱਧਰ ਤੇ ਉਭਰਿਆਂ ਸੀ ਤੇ ਸ਼ਹਿਰ ਦੇ ਲੋਕਾਂ ਨੇ ਮੌਜੂਦਾ ਵਿਧਾਇਕ ਦੀਪ ਮਲਹੋਤਰਾ ਨੂੰ ਇਸੇ ਕਰਕੇ ਜਿਤਾਇਆ ਸੀ ਕਿ ਉਹ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ,ਪਰ ਹੋਇਆ ਸਭ ਇਸ ਦੇ ਉਲਟ। ਪਹਿਲੇ ਸਾਲ ਤਾਂ ਹਲਕਾ ਵਿਧਾਇਕ ਨੇ ਸ਼ਹਿਰ ਵਾਸੀਆਂ ਦੀ ਸਾਰ ਹੀ ਨਹੀ ਲਈ,ਆਖਰਕਾਰ ਲੋਕ ਸਭਾ ਦੇ ਐਨ ਮੌਕੇ ‘ਤੇ ਉਨਾਂ ਸ਼ਹਿਰ ਵਿੱਚ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਲਈ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਨੀਂਹ ਪੱਥਰ ਰਖਵਾ ਕੇ ਲੋਕਾਂ ਵਿੱਚ ਵਾਹ-ਵਾਹ ਖੱਟੀ,ਪਰ ਚੌਣਾਂ ਲੰਘਦਿਆਂ ਹੀ ਇਹ ਪ੍ਰੋਜੈਕਟ ਲਟਕ ਗਿਆ ,ਜੋ ਅੱਜ ਤੱਕ ਸਿਰੇ ਨਹੀ ਚੜ ਸਕਿਆ । ਸ਼ਹਿਰ ਵਾਸੀਆਂ ਦੀ ਸਾਫ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਓੁ ਦੀ ਤਿਓ ਬਣੀ ਹੋਈ ਹੈ । ਉਧਰ ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਉਨਾਂ ਪਹਿਲੀ ਵਾਰ ਕਿਸੇ ਅਜਿਹੇ ਵਿਅਕਤੀ ‘ਤੇ ਵਿਸ਼ਵਾਸ ਕਰਕੇ ਉਸਨੂੰ ਜਿਤਾਇਆ ਸੀ,ਜੋ ਰਾਜਸੀ ਨੇਤਾ ਨਹੀ ਸੀ । ਲੋਕਾਂ ਨੂੰ ਆਸ ਸੀ ਕਿ ਉਹ ਰਾਜਸੀ ਲੀਡਰਾਂ ਦੀ ਤਰਾਂ ਝੂਠ ਤੇ ਛਲਾਵੇ ਦੀ ਰਾਜਨੀਤੀ ਨਹੀ ਕਰੇਗਾ ਤੇ ਸ਼ਹਿਰ ਵਾਸੀਆਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰੇਗਾ,ਪਰ ਹੋਇਆ ਸਭ ਇਸ ਦੇ ਉਲਟ। ਹਲਕਾ ਵਿਧਾਇਕ ਨੇ ਸ਼ਹਿਰ ਦੀਆਂ ਮੁੱਖ ਮੰਗਾਂ ਵੱਲ ਸਮਾਂ ਰਹਿੰਦੇ ਕੋਈ ਧਿਆਨ ਨਾ ਦਿੱਤਾ,ਜਿਸ ਕਾਰਨ ਨਾ ਤਾਂ ਅੱਜ ਤੱਕ ਤਲਵੰਡੀ ਰੋਡ ਫਾਟਕ ਤੇ ਪੁਲ ਬਣ ਸਕਿਆ,ਨਾ ਸੀਵਰੇਜ ਪ੍ਰੋਜੈਕਟ ਪੂਰਾ ਹੋ ਿਸਕਿਆ ਤੇ ਨਾ ਹੀ ਰਾਜਾ ਮਾਈਨਰ ਦਾ ਪਾਣੀ ਲੋਕਾਂ ਨੂੰ ਮਿਲਿਆ । ਉਕਤ ਮਾਮਲੇ ਸਬੰਧੀ ਜਦ ਅਕਾਲੀ ਵਿਧਾਇਕ ਦੀਪ ਮਲਹੋਤਰਾ ਨਾਲ ਗੱਲ ਕੀਤਾ ਤਾਂ ਉਨਾਂ ਦਾ ਕਹਿਣਾ ਸੀ ਕਿ ਉਕਤ ਕੰਮ ਸਬੰਧੀ ਮੁਕੰਮਲ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਗਈ ਹੈ,ਜਦੋਂ ਮਨਜੂਰੀ ਮਿਲੀ,ਉਸ ਤੋਂ ਬਾਅਦ ਕੰਮ ਸੁਰੂ ਕਰ ਦਿੱਤਾ ਜਾਵੇਗਾ ।

Share Button