Sun. Sep 22nd, 2019

ਜ਼ਿੰਦਗੀ ਨਾਲੋਂ ਟੁੱਟੇ ਮਨੁੱਖ ਦੇ ਮੁੜ ਜੁੜਨ ਦੀ ਕਹਾਣੀ-ਅਰਦਾਸ ਕਰਾਂ

ਜ਼ਿੰਦਗੀ ਨਾਲੋਂ ਟੁੱਟੇ ਮਨੁੱਖ ਦੇ ਮੁੜ ਜੁੜਨ ਦੀ ਕਹਾਣੀ-ਅਰਦਾਸ ਕਰਾਂ

ਕੁਝ ਫ਼ਿਲਮਾਂ ਮਨੋਂਰਜਨ ਦੇ ਨਾਲ ਨਾਲ ਸਮਾਜ ਸੁਧਾਰਕ ਹੋਣ ਦਾ ਫ਼ਰਜ ਵੀ ਨਿਭਾਉਦੀਆਂ ਹਨ। ਅਜਿਹੀਆਂ ਫ਼ਿਲਮਾਂ ਦੀ ਗਿਣਤੀ ਭਾਵੇਂ ‘ਆਟੇ ‘ਚ ਲੂਣ’ ਬਰਾਬਰ ਹੀ ਹੁੰਦੀ ਹੈ ਪਰ ਇਹ ਦਰਸ਼ਕਾਂ ਦੇ ਧੁਰ ਅੰਦਰ ਤੱਕ ਵੱਸ ਜਾਂਦੀਆਂ ਹਨ। ‘ਅਰਦਾਸ’ ਫ਼ਿਲਮ ਬਾਰੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਜਿਸ ਨੇ ਵੀ ਇਹ ਫਿਲਮ ਵੇਖੀ, ਉਹ ਧੁਰ ਅੰਦਰ ਤੱਕ ਹਲੂਣਿਆਂ ਗਿਆ। ਹੁਣ ਇਸ ਫਿਲਮ ਦਾ ਸੀਕੁਅਲ ‘ਅਰਦਾਸ ਕਰਾਂ’ ਦੇ ਨਾਂ ਨਾਲ ਆ ਰਿਹਾ ਹੈ। ਬੀਤੇ ਦਿਨੀਂ ਸਾਗਾ ਮਿਊਜ਼ਿਕ ਵਲੋਂ ਇਸ ਫਿਲਮ ‘ਅਰਦਾਸ ਕਰਾਂ’ ਦਾ ਮਿਊਜ਼ਿਕ ਲਾਂਚ ਸਮਾਗਮ ਹੋਇਆ ਹੈ ਤੇ ਅੱਜ ਇਸ ਫਿਲਮ ਦਾ ਟਰੇਲਰ ਰਿਲੀਜ ਕੀਤਾ ਗਿਆ ਹੈ। 19 ਜੁਲਾਈ ਨੂੰ ਰਿਲੀਜ਼ ਹੋ ਰਹੀ ‘ਹੰਬਲ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਨਿਰਮਾਤਾ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਜਿੰਦਗੀ ਦੇ ਵੱਖ ਵੱਖ ਪਹਿਲੂਆ ਨਾਲ ਜੁੜੀ ਅਧਿਆਤਮਿਕ ਵਿਸ਼ੇ ਦੀ ਫਿਲਮ ‘ਅਰਦਾਸ ਕਰਾਂ’ ਦੇ ਪਹਿਲੇ ਗੀਤ ‘ਸਤਿਗੁਰ ਪਿਆਰੇ’ ਤੋਂ ਬਾਅਦ ਦੂਸਰਾ ਗੀਤ ‘ਤੇਰੇ ਰੰਗ ਨਿਆਰੇ’ ਰਿਲੀਜ਼ ਹੋਇਆ ।

     ਹੈਪੀ ਰਾਏਕੋਟੀ ਦੇ ਲਿਖੇ ਇਸ ਗੀਤ ਨੂੰ ਨਛੱਤਰ ਗਿੱਲ ਨੇ ਬੜੀ ਹੀ ਰੂਹ ਨਾਲ ਗਾਇਆ ਹੈ। ਇਸ ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤਕ ਧੁਨਾਂ ਦਿੱਤੀਆਂ ਹਨ। ਹੁਣ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਜੋ ਅਪਣਿਆ ਨਾਲੋਂ ਟੁੱਟੇ ਤੇ ਰੱਬ ਨਾਲ ਜੁੜੇ ਬੰਦੇ ਦੀ ਕਹਾਣੀ ਦਾ ਪੱਖ ਪੂਰਦਾ ਪ੍ਰਤੀਤ ਹੁੰਦਾ ਹੈ। ਟਰੇਲਰ ‘ਚੋਂ ਵਿਦੇਸ਼ੀ ਧਰਤੀ ‘ਤੇ ਆਪਣੇ ਕਬੀਲਦਾਰ ਬੱਚਿਆਂ ਨਾਲ ਰਹਿੰਦੇ ਬਜੁਰਗਾਂ ਦੀ ਕਹਾਣੀ ਵੀ ਉੱਭਰਦੀ ਹੈ ਜੋ ਆਪਣੇ ਹੀ ਢਿੱਡੋਂ ਜੰਮਿਆਂ ਦੀਆਂ ਨਿੱਕੀਆਂ ਨਿੱਕੀਆਂ ਜਲੀਲ ਭਰੀਆਂ ਗੱਲਾਂ ਸੁਣ ਸੁਣ ਅੰਦਰੋਂ ਅੰਦਰੀ ਟੁੱਟੇ ਪਏ ਹਨ।

ਫਿਲਮ ਵਿੱਚ ਸਰਦਾਰ ਸੋਹੀ ਤੇ ਰਾਣਾ ਜੰਗ ਬਹਾਦਰ ਇੱਕ ਵੱਖਰੇ ਤੇ ਪ੍ਰਭਾਵਸਾਲੀ ਕਿਰਦਾਰਾਂ ‘ਚ ਨਜ਼ਰ ਆਉਣਗੇ। ਮਨੁੱਖੀ ਰਿਸ਼ਤਿਆਂ ਦੀ ਤਿੜਕਣਬਾਜ਼ੀ ਬਿਆਨ ਕਰਦੀ ਇਹ ਫਿਲਮ ਇੱਕ ਸਮਾਜਿਕ ਵਿਸ਼ੇ ਦੀ ਕਹਾਣੀ ਪ੍ਰਤੀਤ ਹੁੰਦੀ ਹੈ। ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾਂ ਪੱਬੀ, ਰਾਣਾ ਜੰਗ ਬਹਾਦਰ, ਸੀਮਾ ਕੌਸ਼ਿਲ,ਮਲਕੀਤ ਰੌਣੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਸਾਗਾ ਮਿਊਜਿਕ ਪੰਜਾਬੀ ਸੰਗੀਤ ਅਤੇ ਫਿਲਮ ਨਿਰਮਾਣ ਖੇਤਰ ਦੀ ਇੱਕ ਨਾਮਵਰ ਕੰਪਨੀ ਹੈ ਜਿਸਦੇ ਕਰਤਾ ਧਰਤਾ ਸਰਦਾਰ ਸੁਮੀਤ ਸਿੰਘ ਨੇ ਇਸ ਫ਼ਿਲਮ ਦਾ ਮਿਊਜਿਕ ਰਿਲੀਜ਼ ਕਰਦਿਆ ਬੇਹੱਦ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ‘ਸਾਗਾ’ ਨੇ ਹਮੇਸ਼ਾਂ ਹੀ ਚੰਗੀਆਂ ਤੇ ਮਿਆਰੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ‘ਅਰਦਾਸ ਕਰਾਂ’ ਵੀ ਇੱਕ ਬੇਹਤਰੀਨ ਫ਼ਿਲਮ ਹੈ ਜਿਸਦਾ ਮਿਊਂਜਿਕ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਫ਼ਿਲਮ ਵੀ ਦਰਸ਼ਕਾਂ ਦੀ ਪਸੰਦ ਬਣੇਗੀ।

ਸੁਰਜੀਤ ਜੱਸਲ

Leave a Reply

Your email address will not be published. Required fields are marked *

%d bloggers like this: