ਜ਼ਿਲ੍ਹੇ ’ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ss1

ਜ਼ਿਲ੍ਹੇ ’ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਬਠਿੰਡਾ, 11 ਜੁਲਾਈ ( ਪਰਵਿੰਦਰ ਜੀਤ ਸਿੰਘ) ਸ਼੍ਰੀਮਤੀ ਪਰਮਪਾਲ ਕੌਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ । ਜਾਰੀ ਕੀਤੇ ਗਏ ਹੁਕਮ ਅਨੁਸਾਰ ਮਿੰਨੀ ਸਕੱਤਰੇਤ, ਬਠਿੰਡਾ ਵਿਚ ਕਾਗਜ਼ ਅਤੇ ਹੋਰ ਕੂੜਾ ਕਰਕਟ ਨੂੰ ਉਸ ਦੀ ਸਹੀ ਥਾਂ ’ਤੇ ਸੁਟਵਾਉਣ ਦੀ ਹਦਾਇਤ ਕੀਤੀ ਗਈ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਬੀੜੀ, ਸਿਗਰਟ ਦੇ ਟੋਟੇ ਜਾਂ ਹੋਰ ਗੰਦ ਮਿੰਨੀ ਸਕੱਤਰੇਤ ਦੀ ਇਮਾਰਤ ਦੇ ਅੰਦਰ ਨਾ ਸੁੱਟਿਆ ਜਾਵੇ ਅਤੇ ਇਸ ਤੋਂ ਇਲਾਵਾ ਪਾਨ, ਜਰਦਾ ਅਤੇ ਜਰਦੇ ਵਾਲੇ ਗੁਟਖੇ ਆਦਿ ਖਾ ਕੇ ਟੁਆਇਲਟ ਤੋਂ ਬਿਨ੍ਹਾਂ ਕਿਤੇ ਹੋਰ ਨਾ ਥੁੱਕਿਆ ਜਾਵੇ। ਇਸੇ ਤਰ੍ਹਾਂ ਇੱਕ ਹੋਰ ਹੁਕਮ ’ਚ ਜ਼ਿਲ੍ਹੇ ਅੰਦਰ ਕਾਰਖਾਨੇਦਾਰਾਂ, ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ’ਤੇ ਰੱਖੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸੂਚਨਾ, ਨਾਂਅ ਅਤੇ ਪਤੇ ਟਿਕਾਨੇ ਨੇੜੇ ਦੇ ਪੁਲਿਸ ਥਾਣੇ ਵਿਚ ਦੇਣ। ਇਸੇ ਤਰ੍ਹਾਂ ਹੋਟਲਾਂ/ਰੈਸਟੋਰੈਂਟਾਂ/ਧਰਮਸ਼ਾਲਾਵਾਂ ਦੇ ਮਾਲਕਾਂ/ਮੈਨੇਜਰਾਂ ਲਈ ਉਥੇ ਠਹਿਰਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਸਬੰਧੀ ਕੋਈ ਸਬੂਤ ਲੈਣਾ ਅਤੇ ਉਸ ਸਬੂਤ ਬਾਰੇ ਐਂਟਰੀ ਰਜਿਸਟਰ ਵਿਚ ਇੰਦਰਾਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਅਗਲੇ ਹੁਕਮ ਰਾਹੀਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਤੰਗ ਥਾਵਾਂ ਤੇ ਟਰੱਕ ਖੜ੍ਹਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਜਾਰੀ ਆਦੇਸ਼ਾਂ ’ਚ ਉਨ੍ਹਾਂ ਕਿਹਾ ਕਿ ਬਹੁ-ਮੰਤਵੀ ਖੇਡ ਸਟੇਡੀਅਮ ਕੋਲ ਟਰੱਕ ਖੜੇ੍ਹ ਹੋਣ ਕਾਰਨ ਐਮ.ਐਸ.ਡੀ. ਸਕੂਲ ਅਤੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ੍ਹ ਟਰੱਕਾਂ ਕਰਕੇ ਸਕੂਲਾਂ ਦੀਆਂ ਵੈਨਾ, ਬੱਸਾਂ, ਰਿਕਸ਼ੇ ਆਦਿ ਦਾ ਐੈਕਸੀਡੈਂਟ ਹੋਣ ਦਾ ਖਦਸਾ ਰਹਿੰਦਾ ਹੈ। ਇਨਾਂ੍ਹ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹਨੂਮਾਨ ਚੌਂਕ ਦੇ ਆਸ ਪਾਸ ਗੋਨਿਆਣਾ ਰੋਡ ਅਤੇ ਖੇਡ ਸਟੇਡੀਅਮ ਰੋਡ ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਉਨਾਂ੍ਹ ਇਹ ਵੀ ਨਿਰਦੇਸ਼ ਦਿੱਤੇ ਕਿ ਇਨਾਂ ਇਲਾਕਿਆਂ ’ਚ ਸਵੇਰੇ 6 ਵਜੇ ਤੋਂ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਕਿਸੇ ਵੀ ਟਰੱਕ ਨੂੰ ਚਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨਾਂ੍ਹ ਐਮ.ਐਸ.ਡੀ. ਸਕੂਲ ਅਤੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਕਿ ਛੁੱਟੀ ਸਮੇਂ ਆਪਣੇ ਵਿਦਿਆਰਥੀਆਂ ਨੂੰ ਸਕੂਲ ਦੇ ਕੰਪਾਉਂਡ ਵਿਚੋਂ ਹੀ ਰਿਕਸ਼ਾ, ਗੱਡੀ ਆਦਿ ਵਿਚ ਸੁਰੱਖਿਅਤ ਰੂਪ ਵਿਚ ਚੜਾਉਣਗੇ। ਉਨਾਂ੍ਹ ਕਿਹਾ ਕਿ ਸਕੂਲ ਤੋਂ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਉਣ ਵਾਲੇ ਰਿਕਸ਼ਾ ਅਤੇ ਗੱਡੀਆਂ ਸਕੂਲ ਦੇ ਬਾਹਰ ਸੜਕ ਜਾਂ ਸੜਕ ਦੇ ਕਿਨਾਰੇ ਪਾਰਕ ਨਹੀਂ ਕੀਤੇ ਜਾਣਗੇ।
ਇਸੇ ਤਰ੍ਹਾਂ ਉਨ੍ਹਾਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਕੋਈ ਵੀ ਅਸਲਾ ਜਿਵੇਂ ਕਿ ਲਾਇਸੰਸੀ ਹਥਿਆਰ/ਨੰਗੀਆਂ ਤਲਵਾਰਾਂ ਅਤੇ ਕਿਸੇ ਵੀ ਤਰ੍ਹਾਂ ਦੇ ਤੇਜ਼ਧਾਰ ਹਥਿਆਰ ਨਾਲ ਲੈ ਕੇ ਚੱਲਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤਾ ਹੈ। ਉਕਤ ਹੁਕਮ ਪੁਲਿਸ, ਹੋਮਗਾਰਡਜ਼ ਜਾਂ ਸੀ. ਆਰ. ਪੀ. ਐਫ. ਦੇ ਕਰਮਚਾਰੀਆਂ, ਜਿਨ੍ਹਾਂ ਕੋਲ ਸਰਕਾਰੀ ਹਥਿਆਰ ਹਨ, ’ਤੇ ਲਾਗੂ ਨਹੀਂ ਹੋਵੇਗਾ। ਇਸੇ ਤਰ੍ਹਾਂ ਹੀ ਇੱਕ ਹੋਰ ਹੁਕਮ ਰਾਹੀਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤਾ ਹੈ ਕਿ ਬਠਿੰਡਾ ਜ਼ਿਲ੍ਹੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਅਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਫੁਰਸਿਤ ਅਤੇ ਪੈਰ੍ਹਾ ਰਾਖੀ ਦੀ ਡਿਊਟੀ ਨਿਭਾਉਣਗੇ।
ਅਗਲੇ ਹੁਕਮਾਂ ਰਾਹੀਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਵਿੱਚ ਲੱਕੀ ਸਕੀਮਾਂ ਜਿਨ੍ਹਾਂ ਵਿੱਚ ਹਫ਼ਤਾਵਾਰੀ ਜਾਂ ਮਹੀਨੇਵਾਰੀ ਕਿਸ਼ਤਾਂ ਰਾਹੀਂ ਪੈਸੇ ਜਮ੍ਹਾਂ ਕਰਵਾਕੇ ਡਰਾਅ ਕੱਢੇ ਜਾਂਦੇ ਹਨ ਅਤੇ ਡਰਾਅ ਰਾਹੀਂ ਪੈਸੇ ਜਾਂ ਇਨਾਮੀ ਵਸਤੂ ਦਿੱਤੀ ਜਾਂਦੀ ਹੈ ਅਜਿਹੀਆਂ ਚੱਲ ਰਹੀਆਂ ਸਕੀਮਾਂ ‘ਤੇ ਪਾਬੰਦੀ ਲਾਈ ਗਈ ਹੈ। ਇਕ ਹੋਰ ਹੁਕਮ ਅਨੁਸਾਰ ਸਾਈਬਰ ਕੈਫੇ ਅਤੇ ਐਸ.ਟੀ.ਡੀ/ਪੀ.ਸੀ.ਓ ਮਾਲਕਾਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ਕਿ ਕਿਸੇ ਅਣਜਾਣ ਵਿਅਕਤੀ ਨੂੰ ਜਿਸਦੀ ਪਹਿਚਾਣ ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਦੇ ਮਾਲਕ ਵੱਲੋਂ ਨਹੀਂ ਦਿੱਤੀ ਗਈ, ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਦੀ ਵਰਤੋਂ ਕਰਨ ਤੋਂ ਰੋਕ ਲਗਾਈ ਜਾਵੇ। ਵਰਤੋਂ ਕਰਨ/ਆਉਣ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਾਇਆ ਜਾਵੇ ਤੇ ਉਸ ਵਿਚ ਉਸ ਦਾ ਨਾਂ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਕੀਤਾ ਜਾਵੇ। ਰਜਿਸਟਰ ਵਿਚ ਉਸ ਦੇ ਦਸਤਖਤ/ਨਿਸ਼ਾਨ ਅੰਗੂਠਾ ਵੀ ਕਰਵਾਏ ਜਾਣ। ਐਕਟੀਵਿਟੀ ਸਰਵਰ ਲੋਗ ਮੁੱਖ ਸਰਵਰ ਵਿਚ ਸੁਰੱਖਿਅਤ ਹੋਵੇਗਾ ਅਤੇ ਇਸ ਦਾ ਰਿਕਾਰਡ ਮੁੱਖ ਸਰਵਰ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਸੁਰੱਖਿਅਤ ਰੱਖਿਆ ਜਾਵੇ। ਸ਼ੱਕੀ ਵਿਅਕਤੀ ਬਾਰੇ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇ ਅਤੇ ਕਿਸੇ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ। ਇਸੇ ਤਰ੍ਹਾਂ ਇਕ ਹੋਰ ਹੁਕਮ ਜਾਰੀ ਕਰਕੇ ਗੋਲਾ ਬਾਰੂਦ ਡਿਪੂ ਮਿਲਟਰੀ ਏਰੀਆ ਦੇ 1200 ਗਜ਼ ਦੀ ਹਦੂਦ ਅੰਦਰ ਕਿਸੇ ਤਰ੍ਹਾਂ ਦੀ ਮਕਾਨਾਂ ਦੀ ਉਸਾਰੀ ਕਰਨ ‘ਤੇ ਰੋਕ ਲਗਾਈ ਹੈ। ਹੁਕਮ ਵਿੱਚ ਕਿਹਾ ਗਿਆ ਕਿ ਇਹ ਪਾਬੰਦੀ ਵਰਕ ਆਫ ਡੀਫੈਂਸ ਐਕਟ 1903 ਅਤੇ ਹੋਰ ਹਦਾਇਤਾਂ ਵਿੱਚ ਦਿੱਤੀਆਂ ਗਈਆਂ ਸ਼ਰਤਾਂ ਅਤੇ ਪ੍ਰਾਵਧਾਨਾ ਦੇ ਹਿਸਾਬ ਨਾਲ ਲਾਗੂ ਹੋਵੇਗੀ।
ਇਹ ਸਾਰੇ ਹੁਕਮ 31 ਅਗਸਤ 2016 ਤੱਕ ਲਾਗੂ ਰਹਿਣਗੇ।

Share Button

Leave a Reply

Your email address will not be published. Required fields are marked *