ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਡੀ.ਏ.ਵੀ. ਸਕੂਲ ‘ਚ ਕਰਵਾਇਆ ਨਸ਼ਿਆਂ ਵਿਰੁੱਧ ਸੈਮੀਨਾਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਡੀ.ਏ.ਵੀ. ਸਕੂਲ ‘ਚ ਕਰਵਾਇਆ ਨਸ਼ਿਆਂ ਵਿਰੁੱਧ ਸੈਮੀਨਾਰ
ਨਸ਼ਿਆਂ ਵਿਰੁੱਧ ਕਰਵਾਏ ਸੈਮੀਨਾਰ ਦੌਰਾਨ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਜ਼ਰੂਰੀ : ਸਕੱਤਰ

28-9 (1) 28-9 (2)
ਮਾਨਸਾ, 27 ਮਈ (ਜੋਨੀ ਜਿੰਦਲ) : ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਨਸ਼ਿਆਂ ਖਿਲਾਫ ਇਕ ਸੈਮੀਨਾਰ ‘ਈਵੈਂਟ ਅਗੇਨਸਟ ਡਰੱਗਸ’ ਅਤੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਖਵਿੰਦਰ ਕੌਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ. ਮਾਨਸਾ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਡੀ.ਏ.ਵੀ. ਸਕੂਲ ਮਾਨਸਾ ਦੇ ਤਕਰੀਬਨ 100 ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਇਕ ਰੈਲੀ ਵੀ ਕੱਢੀ ਗਈ, ਜਿਸਨੂੰ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਕੂਲੀ ਬੱਚਿਆਂ ਨੇ ਨਸ਼ਿਆਂ ਵਿਰੁੱਧ ਬੈਨਰ ਅਤੇ ਪਲੇਅ ਕਾਰਡ ਲੈ ਕੇ ਮਾਨਸਾ ਸ਼ਹਿਰ ਦੇ ਮੇਨ ਬਜਾਰ ਵਿੱਚ ਪੈਦਲ ਮਾਰਚ ਕੀਤਾ। ਰੈਲੀ ਉਪਰੰਤ ਡੀ.ਏ.ਵੀ. ਪਬਲਿਕ ਸਕੂਲ ਦੇ ਕਾਨਫਰੰਸ ਹਾਲ ਵਿੱਚ ਨਸ਼ਿਆਂ ਦੇ ਖਿਲਾਫ ਸੈਮੀਨਾਰ ਕੀਤਾ ਗਿਆ। ਇਸ ਦੋਰਾਨ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਸਮਾ ਦੇਵੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਉਸ ਸਕੀਮ ਦਾ ਇੱਕ ਹਿੱਸਾ ਹੈ, ਜੋ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਬਹੁਤ ਸਾਰੇ ਟੀਚੇ ਮਿੱਥੇ ਗਏ ਹਨ, ਜਿਨ੍ਹਾਂ ਵਿਚ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਾਉਣਾ ਸ਼ਾਮਿਲ ਹੈ।
ਸ਼੍ਰੀਮਤੀ ਸ਼ੁਸ਼ਮਾ ਦੇਵੀ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਤੇ ਬੱਚੇ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਅਨਮੋਲ ਧਨ ਹੁੰਦੇ ਹਨ। ਉਹ ਦੇਸ਼ ਦੇ ਆਉਣ ਵਾਲੇ ਕੱਲ ਦਾ ਚਿਹਰਾ ਹੁੰਦੇ ਹਨ। ਉਨ੍ਹਾ ਦੱਸਿਆ ਕਿ ਨੌਜਵਾਨਾਂ ਤੇ ਬੱਚਿਆਂ ਵਿਚ ਦਿਨ-ਬ-ਦਿਨ ਵਧ ਰਹੀ ਨਸ਼ਾ ਪ੍ਰਵਿਰਤੀ ਨੇ ਸਾਡੇ ਦੇਸ਼ ਦੀ ਆਰਥਿਕ ਤਰੱਕੀ ਤੇ ਜਨਤਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਖਤਮ ਕਰਨਾ ਨਾ ਸਿਰਫ ਸਰਕਾਰ ਦੀ ਜਿੰਮੇਵਾਰੀ ਹੈ, ਬਲਕਿ ਸਾਨੂੰ ਸਾਰਿਆ ਨੂੰ ਸਮਾਜ ਨੂੰ ਖੋਖਲਾ ਕਰਨ ਵਾਲੀ ਇਸ ਬੁਰਾਈ ਦੇ ਖਿਲਾਫ ਸਾਂਝੇ ਤੌਰ ‘ਤੇ ਜੰਗ ਲੜਨ ਲਈ ਆਪਣੀ ਕਮਰ ਕਸਣੀ ਪਏਗੀ। ਇਸ ਮੌਕੇ ਡਾ. ਹਰਪਾਲ ਸਿੰਘ ਸਰਾਂ ਨੇ ਬੱਚਿਆ ਨੂੰ ਨਸ਼ਿਆ ਦੀਆਂ ਵੱਖ-ਵੱਖ ਕਿਸਮਾਂ, ਇਨ੍ਹਾਂ ਦੇ ਦੁਰਉਪਯੋਗ ਅਤੇ ਮਨੁੱਖੀ ਸਿਹਤ ਉਪਰ ਹੋਣ ਵਾਲੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।
ਸੈਮੀਨਾਰ ਦੌਰਾਨ ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ ਸ਼੍ਰੀ ਐਸ.ਐਸ. ਠਾਕੁਰ ਨੇ ਕਿਹਾ ਕਿ ਸਰੀਰ ਨੂੰ ਖੋਖਲਾ ਕਰਨ ਵਾਲੇ ਨਸ਼ੇ ਦੀ ਬਜਾਏ ਇਨਸਾਨ ਅੰਦਰ ਪੜਾਈ, ਵੱਡਿਆਂ ਦਾ ਆਦਰ-ਸਤਿਕਾਰ ਅਤੇ ਦੇਸ਼ ਭਗਤੀ ਦੀ ਭਾਵਨਾ ਦਾ ਨਸ਼ਾ ਹੋਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਜਸਪਾਲ ਸਿੰਘ ਭੰਡਾਰੀ ਅਤੇ ਸ਼੍ਰੀ ਅਰੁਣ ਕੁਮਾਰ ਅਧਿਆਪਕ ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਨੇ ਵੀ ਬੱਚਿਆਂ ਨੂੰ ਦੱਸਿਆ ਕਿ ਨਸ਼ਿਆ ਨਾਲ ਭਰੀ ਜਿੰਦਗੀ ਨਰਕ ਦੇ ਸਮਾਨ ਹੈ ਅਤੇ ਇਸ ਤੋਂ ਸਭ ਨੂੰ ਬੱਚਣਾ ਚਾਹੀਦਾ ਹੈ। ਇਸ ਮੋਕੇ ਤੇ ਬੱਚਿਆ ਨੂੰ ਰੀਫਰੈਂਸਮੈਂਟ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋ ਦਿੱਤੀ ਗਈ।
ਇਸ ਮੌਕੇ ਏ.ਡੀ.ਜੇ. ਸ਼੍ਰੀ ਕੇ.ਐਸ. ਸੂਲਰ, ਸਿਵਲ ਜੱਜ ਸੀਨੀਅਰ ਡਵੀਜ਼ਨ ਸ਼੍ਰੀ ਕੇ.ਐਸ.ਚੀਮਾਂ, ਸੀ.ਜੇ.ਐਮ. ਸ਼੍ਰੀਮਤੀ ਮਨੀਲਾ ਚੁੰਗ, ਏ.ਸੀ.ਜੇ. (ਐਸ.ਡੀ.) ਮਿਸ. ਦਲਜੀਤ ਕੌਰ, ਡੀ.ਐਸ.ਪੀ. ਸ਼੍ਰੀ ਬਹਾਦਰ ਸਿੰਘ, ਡਿਪਟੀ ਡੀ.ਈ.ਓ. ਸ਼੍ਰੀ ਜਗਰੂਪ ਸਿੰਘ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਸੁਰਜ ਪ੍ਰਕਾਸ਼ ਗੋਇਲ, ਸ਼੍ਰੀ ਅਸ਼ੋਕ ਗਰਗ ਅਤੇ ਸ਼੍ਰੀ ਕ੍ਰਿਸ਼ਣ ਚੰਦ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: