ਜ਼ਿਲੇ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਰਕਾਰੀ ਏਜੰਸੀਆਂ ਅਤੇ ਪੰਚਾਇਤਾਂ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਉਣ- ਭੁਪਿੰਦਰ ਸਿੰਘ ਰਾਏ

ਜ਼ਿਲੇ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਰਕਾਰੀ ਏਜੰਸੀਆਂ ਅਤੇ ਪੰਚਾਇਤਾਂ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਉਣ- ਭੁਪਿੰਦਰ ਸਿੰਘ ਰਾਏ
ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਪਿੰਡ ਕੁਤਬਾ, ਹਰਦਾਸਪੁਰਾ ਅਤੇ ਛਾਪਾ ਦਾ ਕੀਤਾ ਦੌਰਾ

23-28
ਬਰਨਾਲਾ, 22 ਜੂਨ (ਨਰੇਸ਼ ਗਰਗ) ਜ਼ਿਲੇ ਵਿੱਚ ਪੇਂਡੂ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਰਕਾਰੀ ਏਜੰਸੀਆਂ ਅਤੇ ਪੰਚਾਇਤਾਂ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਉਣ। ਇਹ ਵਿਕਾਸ ਕਾਰਜ ਉੱਚ ਗੁਣਵੱਤਾ ਦੇ ਹੋਣੇ ਚਾਹੀਦੇ ਹਨ ਅਤੇ ਵਿਕਾਸ ਕੰਮਾਂ ਦੀ ਕੁਆਇਲਟੀ ਵਿੱਚ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਜ਼ਿਲੇ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਪਿੰਡ ਕੁਤਬਾ, ਹਰਦਾਸਪੁਰਾ ਅਤੇ ਛਾਪਾ ਦਾ ਦੌਰਾ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਇਹ ਅਧਿਕਾਰੀਆਂ ਦੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਚੱਲ ਰਹੇ ਵਿਕਾਸ ਕੰਮਾਂ ਦੀ ਨਿਗਰਾਨੀ ਖੁਦ ਆਪ ਕਰਨ। ਉਨਾਂ ਇਹ ਵੀ ਕਿਹਾ ਕਿ ਇੰਨਾਂ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਉਨਾਂ ਨੂੰ ਅਗਲੀ ਕਿਸ਼ਤ ਜਾਰੀ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਪਿੰਡ ਕੁਤਬਾ ਨੂੰ ਗੰਦੇ ਪਾਣੀ ਦੇ ਨਿਕਾਸ, ਗਲੀਆਂ-ਨਾਲੀਆਂ ਦੀ ਉਸਾਰੀ, ਸਟੇਡੀਅਮ ਦੀ ਚਾਰਦੀਵਾਰੀ ਅਤੇ ਕਮਰਿਆਂ ਲਈ, ਪੰਚਾਇਤ ਘਰ ਆਦਿ ਲਈ 29 ਲੱਖ ਰੁਪਏ ਦੀ ਗਰਾਂਟ ਮੰਨਜ਼ੂਰ ਕੀਤੀ ਗਈ ਹੈ। ਇਸੇ ਤਰਾਂ ਹਰਦਾਸਪੁਰਾ ਪਿੰਡ ਨੂੰ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਅਤੇ ਪਿੰਡ ਛਾਪਾ ਲਈ 25 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਰਾਸ਼ੀ ਵਿਚੋਂ ਚੱਲ ਰਹੇ ਵਿਕਾਸ ਕਾਰਜਾਂ ਲਈ 40 ਫ਼ੀਸਦ ਰਾਸ਼ੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀ ਰਾਸ਼ੀ ਵੀ ਜਲਦ ਜਾਰੀ ਕੀਤੀ ਜਾਵੇਗੀ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪਿੰਡ ਕੁਤਬਾ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਪੁਲ ਦਾ ਨਿਰੀਖਣ ਕੀਤਾ। ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਸਬੰਧਤ ਠੇਕੇਦਾਰ ਵੱਲੋਂ ਇਸ ਪੁਲ ਨੂੰ ਆਵਾਜਾਈ ਲਈ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਜ਼ਮੀਨ ਵਿੱਚ ਜਾਣ ਅਤੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੇ ਡਿਪਟੀ ਕਮਿਸ਼ਨਰ ਨੇ ਇਸ ਪੁਲ ਨੂੰ ਬਣਾ ਰਹੇ ਐਕਸੀਅਨ ਮੰਡੀ ਬੋਰਡ ਨੂੰ ਕਿਹਾ ਕਿ ਪਹਿਲਾਂ ਪੁਲ ਦੇ ਦੋਵੇਂ ਪਾਸੇ ਪਿਲਰ ਖੜੇ ਕਰ ਲਏ ਜਾਣ ਅਤੇ ਜਦ ਪੁਲ ਦਾ ਕੰਮ ਮੁਕੰਮਲ ਹੋਣ ਦੇ ਨਜ਼ਦੀਕ ਹੋਵੇ ਉਸ ਸਮੇਂ ਇਸ ਪੁਲ ਨੂੰ ਬੰਦ ਕੀਤਾ ਜਾਏ। ਇਸ ਲਈ ਪੁਲ ਨੂੰ ਮੌਜੂਦਾ ਸਮੇਂ ਪਿੰਡ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੋਲ ਦਿੱਤਾ ਜਾਵੇ। ਐਕਸੀਅਨ ਮੰਡੀ ਬੋਰਡ ਸਤਿਨਾਮ ਸਿੰਘ ਚਹਿਲ ਨੇ ਦੱਸਿਆ ਕਿ ਇਸ ਪੁਲ ਨੂੰ ਮੁਕੰਮਲ ਕਰਨ ਦਾ ਟੀਚਾ 9 ਮਹੀਨਿਆਂ ਦਾ ਹੈ, ਪਰ ਇਸ ਪੁਲ ਨੂੰ 6 ਮਹੀਨਿਆਂ ਵਿੱਚ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਹੁਣ ਇਸ ਪੁਲ ਨੂੰ ਕੇਵਲ ਦੋ ਮਹੀਨੇ ਪਹਿਲਾਂ ਹੀ ਬੰਦ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਜਗਵਿੰਦਰਜੀਤ ਸਿੰਘ, ਐੱਸ.ਡੀ.ਐੱਮ. ਬਰਨਾਲਾ ਸ. ਅਮਰਬੀਰ ਸਿੰਘ ਸਿੱਧੂ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਗੁਰਮੀਤ ਸਿੰਘ ਸਿੱਧੂ, ਐਕਸੀਅਨ ਮੰਡੀ ਬੋਰਡ ਸਤਿਨਾਮ ਸਿੰਘ ਚਹਿਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: