ਜ਼ਿਲਾ ਬਰਨਾਲਾ ਕੀਤਾ ਅੱਖੋਂ-ਪਰੋਖੇ, ਧਾਰਮਿਕ ਯਾਤਰਾ ਦੇ ਵਾਅਦੇ ਬਣੇ ਥੋਥੇ

ss1

ਜ਼ਿਲਾ ਬਰਨਾਲਾ ਕੀਤਾ ਅੱਖੋਂ-ਪਰੋਖੇ, ਧਾਰਮਿਕ ਯਾਤਰਾ ਦੇ ਵਾਅਦੇ ਬਣੇ ਥੋਥੇ

ਬਰਨਾਲਾ, ਤਪਾ 16 ਜੂਨ (ਨਰੇਸ਼ ਗਰਗ,ਸੋਮ ਸ਼ਰਮਾ) ਪੰਜਾਬ ਅੰਦਰ ਰਾਜ ਕਰਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ 2012 ਦੀ ਵਿਧਾਨ ਸਭਾ ਅਤੇ 2014 ਦੀ ਲੋਕ ਸਭਾ ਚੋਣਾਂ ਵਿੱਚ ਬਰਨਾਲਾ ਜ਼ਿਲੇ ਅੰਦਰ ਹੋਈ ਹਾਰ ਬਰਦਾਸਤ ਨਹੀਂ ਕਰ ਰਹੀ। ਇਸ ਕਾਰਨ ਬਰਨਾਲਾ ਜ਼ਿਲੇ ਦੀ ਅਣਦੇਖੀ ਕੀਤੀ ਜਾ ਰਹੀ ਹੈ। ਬਰਨਾਲਾ ਜ਼ਿਲੇ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਅੰਦਰ ਨਾ ਤਾਂ ਬਰਨਾਲਾ ਜ਼ਿਲੇ ਨਾਲ ਸਬੰਧਤ ਕੋਈ ਵਿਧਾਇਕ ਹੈ। ਇਸੇ ਕਾਰਨ ਹੀ ਬਰਨਾਲਾ ਜ਼ਿਲੇ ਦਾ ਸਰਕਾਰੀ ਪੱਧਰ ਤੇ ਕੋਈ ਦਬਦਬਾ ਨਹੀਂ ਹੈ। ਬਰਨਾਲਾ ਜ਼ਿਲੇ ਦੀ ਅਣਦੇਖੀ ਦੀ ਸਭ ਤੋਂ ਵੱਡੀ ਮਿਸਾਲ ਉਸ ਸਮੇਂ ਸਾਹਮਣੇ ਆਉਂਦੀ ਹੈ ਜਦੋਂ ਪੂਰੇ ਪੰਜਾਬ ਅੰਦਰੋਂ ਮੁੱਖ ਮੰਤਰੀ ਸਾਹਿਬ ਮੁਫ਼ਤ ਯਾਤਰਾ ਸਕੀਮ ਤਹਿਤ ਵੱਡੇ ਪੱਧਰ ਤੇ ਰੇਲ ਗੱਡੀਆਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਮੁਫਤ ਦਰਸ਼ਨ ਕਰਵਾਉਣ ਲਈ ਜਾ ਰਹੀਆਂ ਹਨ।

ਜਿਨਾਂ ਧਾਰਮਿਕ ਸਥਾਨਾਂ ਦਾ ਰੇਲ ਨਾਲ ਸੰਪਰਕ ਨਹੀਂ ਹੈ, ਉਨਾਂ ਸਥਾਨਾਂ ਤੇ ਬੱਸਾਂ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ। ਖਾਣ-ਪੀਣ ਤੋਂ ਲੈਕੇ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਪਰੰਤੂ ਪੰਜਾਬ ਦਾ ਬਰਨਾਲਾ ਜ਼ਿਲਾ ਇੱਕ ਅਜਿਹਾ ਜ਼ਿਲਾ ਹੈ ਜਿਸ ਦੇ ਤਿੰਨ ਵਿਧਾਨ ਸਭਾ ਹਲਕੇ ਭਦੌੜ, ਬਰਨਾਲਾ ਅਤੇ ਮਹਿਲ ਕਲਾਂ ਅੰਦਰੋਂ ਇੱਕ ਵੀ ਬੱਸ ਜਾਂ ਰੇਲ ਗੱਡੀ ਕਿਸੇ ਵੀ ਧਾਰਮਿਕ ਸਥਾਨ ਤੇ ਮੁੱਖ ਮੰਤਰੀ ਮੁਫਤ ਯਾਤਰਾ ਸਕੀਮ ਤਹਿਤ ਨਹੀਂ ਗਈ। ਬਰਨਾਲਾ ਅਤੇ ਤਪਾ ਮੰਡੀ ਦੇ ਮੁੱਖ ਸ਼ਹਿਰ ਰੇਲ ਮਾਰਗ ਨਾਲ ਜੁੜੇ ਹੋਏ ਹਨ। ਇਸ ਦੇ ਕਈ ਕਾਰਨ ਹਨ, ਇਸ ਬਾਰੇ ਤਾਂ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ। ਪਰ ਇਹ ਗੱਲ ਸੱਚ ਹੈ ਕਿ ਬਰਨਾਲਾ ਜ਼ਿਲੇ ਦੇ ਲੋਕਾਂ ਤੋਂ ਆਪਣੀ ਹਾਰ ਦਾ ਬਦਲਾ ਲੈਣਾ ਜਰੂਰ ਹੈ। ਇੰਝ ਲਗਦਾ ਹੈ ਕਿ ਪੰਜਾਬ ਅੰਦਰ ਰਾਜ ਕਰਦੀ ਪਾਰਟੀ ਨੂੰ ਬਰਨਾਲਾ ਜ਼ਿਲੇ ਦੇ ਲੋਕਾਂ ਦੀਆਂ 2017 ਦੀ ਵਿਧਾਨ ਸਭਾ ਅੰਦਰ ਵੋਟਾਂ ਦੀ ਲੋੜ ਨਹੀਂ ਹੈ। ਬਰਨਾਲਾ ਜ਼ਿਲੇ ਦਾ ਕੋਈ ਵੀ ਕੱਦਵਾਰ ਨੇਤਾ ਅਕਾਲੀ ਦਲ ਅੰਦਰ ਵੱਡੀ ਪਹੁੰਚ ਨਹੀਂ ਰੱਖਦਾ। ਮੁਫਤ ਯਾਤਰਾ ਸਕੀਮ ਦੀ ਭਦੌੜ ਹਲਕੇ ਅੰਦਰੋਂ ਅਣਦੇਖੀ ਕਰਨ ਸਬੰਧੀ ਜਦ ਤਪਾ ਮੰਡੀ ਤੋਂ ਸਿਟੀ ਵੈਲਫੇਅਰ ਕਲੱਬ ਦੇ ਪ੍ਰਧਾਨ ਸ੍ਰੀ ਸੱਤਪਾਲ ਗੋਇਲ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅਕਾਲੀ ਦਲ ਦੀ ਅੰਦਰੂਨੀ ਫੁੱਟ ਕਾਰਨ ਹੀ ਭਦੌੜ ਹਲਕੇ ਸਮੇਤ ਪੂਰੇ ਜ਼ਿਲੇ ਦੀ ਅਣਦੇਖੀ ਹੋ ਰਹੀ ਹੈ। ਅਕਾਲੀ ਦਲ ਦੇ ਪ੍ਰਮੁੱਖ ਲੀਡਰ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀਆਂ ਕੋਸ਼ਿਸਾਂ ਹਰ ਸਮੇਂ ਕਰਦੇ ਹਨ। ਇਸ ਕਾਰਨ ਹਾਈਕਮਾਨ ਵੱਲੋਂ ਬਰਨਾਲਾ ਜ਼ਿਲੇ ਦੀਆਂ ਵਿਧਾਨ ਸਭਾ ਸੀਟਾਂ ਵੱਲ ਧਿਆਨ ਨਹੀਂ ਹੈ। ਕਾਰਨ ਕੋਈ ਵੀ ਹੋ ਸਕਦੇ ਹਨ ਪਰ ਇਹ ਗੱਲ ਸੱਚ ਹੈ ਕਿ ਬਰਨਾਲਾ ਜ਼ਿਲੇ ਅੰਦਰਲੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਅਣਦੇਖੀ ਦਾ ਬਦਲਾ ਲੈਣ ਲਈ ਤਿਆਰ ਬੈਠੇ ਹਨ।

Share Button

Leave a Reply

Your email address will not be published. Required fields are marked *