Tue. Apr 7th, 2020

ਜ਼ਿਲਾ ਫਰੀਦਕੋਟ ਦੇ ਪਿੰਡ ‘ਫਿੱਡੇ ਖੁਰਦ’ਅਤੇ ‘ਫਿੱਡੇ ਕਲਾਂ’ ਦਾ ਇਤਿਹਾਸਿਕ ਪਿਛੋਕੜ

ਜ਼ਿਲਾ ਫਰੀਦਕੋਟ ਦੇ ਪਿੰਡ ‘ਫਿੱਡੇ ਖੁਰਦ’ਅਤੇ ‘ਫਿੱਡੇ ਕਲਾਂ’ ਦਾ ਇਤਿਹਾਸਿਕ ਪਿਛੋਕੜ

ਫਿੱਡੇ ਖੁਰਦਇਹ ਪਿੰਡ ਕੋਟਕਪੂਰਾ-ਮੁਕਤਸਰ ਰੋਡ ਤੋਂ ਵਾਂਦਰ ਜਟਾਣੇ ਰਾਹੀਂ ਪੰਜ ਕਿਲੋਮੀਟਰ ਦੀ ਦੂਰੀ ਅਤੇ ਵਾਂਦਰ ਰੇਲਵੇ ਸਟੇਸ਼ਨ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਦੁਆਰੇਆਣਾ, ਵਾਂਦਰ ਜਟਾਣਾ, ਢੀਮਾਂ ਵਾਲੀ, ਡੱਗੋ ਰਮਾਣਾ, ਚੱਕ ਕਲਿਆਣ ਅਤੇ ਫਿੱਡੇ ਕਲਾਂ ਨੂੰ ਜੋੜਦਾ ਹੈ। ਪੁਰਾਣੇ ਸਮੇਂ ਦੇ ਸੰਘਣੇ ਜੰਗਲਾਂ ਵਾਲੇ ਇਸ ਪਿੰਡ ਨੂੰ ਸੰਨ 1242 ਈਸਵੀ ਵਿੱਚ ਜੈਸਲਮੇਰ (ਰਾਜਸਥਾਨ) ਤੋਂ ਆਏ ਬਰਾੜ ਨੱਥਾ ਸਿੰਘ ਨੇ ਮੋਹੜੀ ਗੱਡ ਕੇ ਵਸਾਇਆ ਸੀ। ਉਸ ਨੇ ਤਕਰੀਬਨ 3000 ਏਕੜ ਰਕਬੇ ਦੀ ਖਰੀਦ ਕੀਤੀ ਤੇ ਆਸ-ਪਾਸ ਦੇ ਕਈ ਜਾਤੀਆਂ ਦੇ ਲੋਕਾਂ ਨੂੰ ਇੱਥੇ ਲਿਆ ਕੇ ਵਸਾਇਆ।

ਨੱਥਾ ਸਿੰਘ ਬਰਾੜ ਦੀ ਅੰਸ਼ ਵਿੱਚੋਂ ਗੁੱਦੜ ਸਿੰਘ ਅਤੇ ਭਾਈ ਬਿੱਲੂ ਸਿੰਘ ਸਰਾਏ ਨਾਗਾ ਜਾ ਵਸੇ ਹਨ ਜਿਨਾਂ ਦੇ ਪਰਿਵਾਰ ਵਿੱਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ. ਹਰਚਰਨ ਸਿੰਘ ਬਰਾੜ ਦਾ ਪਰਿਵਾਰ ਹੈ ਸੀ। ਪਿੰਡ ਨੂੰ ਆਬਾਦ ਕਰਨ ਦੇ ਇਰਾਦੇ ਨਾਲ ਉਸਨੇ ਰਾਜਸਥਾਨ ਤੋਂ ਇਕ ਅਮੀਰ ਘਰਾਣੇ ਦੇ ਮਾਰਵਾੜੀ ਬਾਣੀਏ ਅਗਰਵਾਲ ਪਰਿਵਾਰ ਨੂੰ ਲਿਆਂਦਾ ਤੇ ਲਗਭਗ 300 ਏਕੜ ਜ਼ਮੀਨ ਵੀ ਦਿੱਤੀ।ਇਹ ਪਰਿਵਾਰ ਅੱਜ-ਕੱਲ ਕੋਟਕਪੂਰੇ ਵੱਸ ਰਿਹਾ ਹੈ। ਸਿਰੀਆ ਬਰਾੜ ਤੇ ਗੁਰੀਆ ਬਰਾੜ ਜੰਡੋ ਕੇ ਤੋਂ ਆ ਕੇ ਵੱਸੇ ਤੇ ਇਹਨਾਂ ਦੇ ਪਰਿਵਾਰ ਅੱਜ ਵੀ ਪਿੰਡ ਵਿੱਚ ਮੌਜੂਦ ਹਨ। ਮੁਗਲਾਂ ਦੇ ਹਮਲਿਆਂ ਕਾਰਨ ਇਹ ਪਿੰਡ ਤਿੰਨ ਵਾਰ ਉੱਜੜ ਕੇ ਚੌਥੀ ਵਾਰ ਵੱਸਿਆ। ਹਮਲਿਆਂ ਦੌਰਾਨ ਇੱਥੋਂ ਦੇ ਕੁਝ ਲੋਕ ਘੁਗਿਆਣਾ ਅਤੇ ਚੇਤ ਸਿੰਘ ਵਾਲਾ ਵਿੱਚ ਜਾ ਵਸੇ ਸਨ। ਪਿੰਡ ਵਾਲਿਆਂ ਦਾ ਕੁਝ ਸਬੰਧ ਮੁੱਦਕੀ ਨੇੜਲੇ ਪਿੰਡ ਫਿੱਡਿਆਂ ਅਤੇ ਜਮਨਾ ਕਿਨਾਰੇ ਵਸੇ ਪਿੰਡ ਫਿੱਡਿਆਂ ਨਾਲ਼ ਵੀ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਮਹਾਰਾਜਾ ਫਰੀਦਕੋਟ ਨੇ ਇਸ ਪਿੰਡ ਦੀ 100 ਏਕੜ ਜ਼ਮੀਨ ਗਊਆਂ ਦੀ ਚਰਾਂਦ ਲਈ ਨਾਲ ਦੇ ਪਿੰਡ ਚੱਕ ਕਲਿਆਣ ਨੂੰ ਵੇਚ ਦਿੱਤੀ ਸੀ। 1885 ਈਸਵੀ ਵਿੱਚ ਪਿੰਡ ਦੀ ਜ਼ਮੀਨ ਦੀ ਉਪਜ ਵਧਾਉਣ ਲਈ ਸਮੇਂ ਦੀ ਸਰਕਾਰ ਵੱਲੋਂ ਸਰਹੰਦ ਕੈਨਾਲ਼ ਵਿੱਚੋਂ ਫਰੀਦਕੋਟ ਰਜਬਾਹੇ ਦਾ ਨਿਕਾਸ ਕੀਤਾ ਗਿਆ ਜਿਸ ਨਾਲ ਫਸਲਾਂ ਵਧੀਆ ਹੋਣ ਲੱਗੀਆਂ ਤੇ ਖੇਤਾਂ ਵਿੱਚ ਲਹਿਰਾਂ-ਬਹਿਰਾਂ ਹੋ ਗਈਆਂ। ਇਸ ਦੀ ਸਿਫਤ ਵਿੱਚ ਕਿਸੇ ਸ਼ਾਇਰ ਨੇ ਇਹ ਲਾਈਨਾਂ ਲਿਖ ਦਿੱਤੀਆਂ।

‘ਇਹ ਧਰਤੀ ਸੋਹਣੀ ਰਾਂਜਲੀ,ਜਿੱਥੇ ਰਬ ਕੀ ਮੇਹਰ ਬਸੇ।
ਨੀਰ ਬਹੇ ਅਲਬੇਲੜੇ, ਪਵਨ ਪਾਣੀ ਬਹੇ’।

1947 ਦੇ ਉਜਾੜੇ ਵੇਲੇ ਕੁਝ ਘਰ ਸੇਖੋਂ ਪਰਿਵਾਰ ਦੇ ਇੱਥੇ ਆ ਕੇ ਵਸੇ।ਇਹਨਾਂ ਪਰਿਵਾਰਾਂ ਨੂੰ ਨੱਥਾ ਸਿੰਘ ਬਰਾੜ ਨੇ 70 ਏਕੜ ਰਕਬਾ ਦੇ ਕੇ ਵਸਾਇਆ ਮਜ਼ਬੀ ਸਿੱਖ ਪਰਿਵਾਰਾਂ ਨੂੰ ਆਕਲੀਏ ਤੋਂ ਲਿਆ ਕੇ ਵਸਾਇਆ। ਇਨਾਂ ਸਾਰੇ ਗੋਤਾਂ ਦੇ ਲੋਕ ਅੱਜ ਵੀ ਰਲ਼-ਮਿਲ਼ ਕੇ ਬਿਨਾਂ ਕਿਸੇ ਵਿਤਕਰੇ ਦੇ ਰਹਿ ਰਹੇ ਹਨ। ਪਿੰਡ ਦੇ ਵਿਚਕਾਰ ਗੁਰਦੁਆਰਾ ‘ਗੁਰੂ ਕੀ ਮਾਹਲ ਸਾਹਿਬ’ ਸੁਸ਼ੋਭਿਤ ਹੈ। ਜਿਸ ਦੇ ਇਤਿਹਾਸ ਬਾਰੇ ਕਿਆਸਰਾਈਆਂ ਹਨ ਕਿ ਜਦੋਂ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਚਾਲ਼ੀ ਸਿੰਘ ਭਾਈ ਮਹਾਂ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰੂ ਜੀ ਦਾ ਸਾਥ ਦੇਣ ਅਤੇ ਬੇਦਾਵਾ ਪਾੜਨ ਦੀ ਬੇਨਤੀ ਗਏ ਸਨ ਤਾਂ ਉਸ ਸਮੇਂ ਮਾਈ ਭਾਗੋ ਜੀ ਵੀ ਆਪਣੇ ਜੱਥੇ ਨਾਲ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਇਸ ਪਿੰਡ ਵਿੱਚ ਬਣੀ ਦਰੱਖਤਾਂ ਦੀ ਝਿੜੀ ਵਿੱਚ ਵਿਸ਼ਰਾਮ ਕਰਨ ਲਈ ਰੁਕੇ ਸਨ। ਉਹਨਾਂ ਨੇ ਇੱਥੇ ਮੌਜੂਦ ਮਾਹਲਾਂ (ਵਣਾਂ ਦੇ ਦਰੱਖਤਾਂ)ਨਾਲ ਆਪਣੇ ਦਲ਼ ਦੇ ਘੋੜਿਆਂ ਨੂੰ ਬੰਨਿਆ ਸੀ। ਇਸ ਪਿੰਡ ਦੇ ਲੋਕਾਂ ਨੇ ਉਹਨਾਂ ਦੀ ਪੂਰੀ ਸੇਵਾ ਕੀਤੀ। ਜਾਂਦੇ ਹੋਏ ਮਾਈ ਭਾਗੋ ਨੇ ਪਿੰਡ ਨੂੰ ਸੁੱਖ-ਸ਼ਾਂਤੀ ਨਾਲ ਵਸਣ ਦੀ ਅਸੀਸ ਵੀ ਦਿੱਤੀ। ਪਿੰਡ ਵਾਲੇ ਅਸੀਸ ਦਾ ਹੀ ਪ੍ਰਤਾਪ ਮੰਨਦੇ ਹਨ ਕਿ ਪੰਜਾਬ ਦੇ ਕਾਲ਼ੇ ਦੌਰ ਦੇ ਦਿਨਾਂ ਵਿੱਚ ਵੀ ਪਿੰਡ ਤੇ ਕਿਸੇ ਤਰਾਂ ਦਾ ਮਾੜਾ ਅਸਰ ਨਹੀਂ ਹੋਇਆ। ਇਸ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਲੈ ਕੇ ਗੁਰੂੁ ਗੋਬਿੰਦ ਸਿੰਘ ਪੁਰਬ ਤੱਕ ਕੋਤਰੀ ਦੇ ਪਾਠ ਹੁੰਦੇ ਹਨ। ਇਹ ਪਿੰਡ ਫਰੀਦਕੋਟ ਦੇ ਵਧੀਆ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ।

ਫਿੱਡੇ ਕਲਾਂ ਇਸ ਪਿੰਡ ਦਾ ਰਕਬਾ 400 ਹੈਕਟੇਅਰ ਹੈ। ਇਹ ਮੁਕਤਸਰ-ਕੋਟਕਪੂਰਾ ਸੜਕ ਤੋਂ 8 ਕਿਲੋਮੀਟਰ ਦੂਰੀ ਤੇ ਹੈ। ਬਰਾੜ ਨੱਥਾ ਸਿੰਘ ਦੇ ਵੱਡੇ ਭਰਾ,ਬਰਾੜ ਝੰਡਾ ਸਿੰਘ ਨੇ ਫਿੱਡੇ ਖੁਰਦ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ਤੇ ਮੋਹੜੀ ਗੱਡ ਕੇ ਪਿੰਡ ਫਿੱਡੇ ਕਲਾਂ ਵਸਾਇਆ। ਪਿੰਡ ਵਿੱਚ ਬਾਬਾ ਝੰਡਾ ਸਿੰਘ ਦੀ ਸਮਾਧ ਬਣੀ ਹੋਈ ਹੈ। ਬਾਬਾ ਦੀਪ ਸਿੰਘ ਦੇ ਜਨਮ ਵਾਲੇ ਦਿਨ ਹੀ ਇੱਥੇ ਭੋਗ ਪਾਏ ਜਾਂਦੇ ਹਨ। ਇਸ ਪਿੰਡ ਵਿੱਚ ਧਾਰਮਿਕ ਤੇ ਸਿਹਤਮੰਦ ਖਿਆਲਾਂ ਵਾਲੇ ਬਾਬਾ ਸੁੰਦਰ ਦਾਸ ਜੀ ਰਹਿੰਦੇ ਸਨ, ਜੋ ਕਿ ਆਪ ਸੌਂਚੀ ਦੇ ਖਿਡਾਰੀ ਸਨ ਤੇ ਸਮੇਂ-ਸਮੇਂ ਤੇ ਪਹਿਲਵਾਨਾਂ ਦੇ ਅਖਾੜੇ ਕਰਵਾਉਂਦੇ ਰਹਿੰਦੇ ਸਨ। ਉਹ ਦੇਸੀ ਜੜੀ-ਬੂਟੀਆਂ ਦੇ ਚੰਗੇ ਜਾਣਕਾਰ ਸਨ ਤੇ ਦੂਰ-ਦੁਰਾਡੇ ਦੇ ਲੋਕ ਉਹਨਾਂ ਕੋਲ ਇਲਾਜ ਲਈ ਆਉਂਦੇ ਸਨ। ਕੁਝ ਲੁਟੇਰਿਆਂ ਨੇ ਲੁੱਟ-ਖੋਹ ਦੀ ਨੀਅਤ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਸੀ। ਉਹਨਾਂ ਦੇ ਰਹਿਣ ਬਸੇਰੇ ਦੀ ਥਾਂ ਤੇ ਮਾਈ ਅਮਰਦਾਸੀ ਨੇ ਸਮਾਧ ਬਣਾ ਦਿੱਤੀ। ਉਸ ਸਮੇਂ ਤੱਕ ਪਿੰਡ ਵਿੱਚ ਕੋਈ ਗੁਰਦੁਆਰਾ ਨਹੀਂ ਸੀ। ਇਸ ਥਾਂ ਤੇ ਹੁਣ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ।

ਮੋਹੜੀ ਗੱਡਣਾ: ਬ੍ਰੈਂਡਰਥ ਲਿਖਦਾ ਹੈ ਕਿ ਰਾਜਪੂਤ ਡੋਗਰੇ ਜ਼ੋਰ ਜਬਰਦਸਤੀ ਰਕਬੇ ਤੇ ਕਬਜਾ ਕਰਕੇ ਵਸਨੀਕਾਂ ਨੂੰ ਭਜਾ ਦਿੰਦੇ ਸਨ ਪਰ ਜੱਟ ਤੈਅ ਸ਼ੁਦਾ ਤਰੀਕੇ ਨਾਲ ਪਿੰਡ ਬੰਨਦੇ ਸਨ। ਸਰਕਾਰੀ ਦਫਤਰ ਨੂੰ ਇਤਲਾਹ ਕਰਦੇ ਸਨ।ਉਪਰੰਤ ਕਾਰਦਾਰ ਵੱਲੋਂ ਉਸ ਥਾਂ ਦਾ ਦੌਰਾ ਕੀਤਾ ਜਾਂਦਾ ਸੀ। ਪਿੰਡ ਬੰਨਣ ਦੀ ਰਸਮ ਵਿੱਚ ਹੋਰ ਪਿੰਡਾਂ ਦੇ ਮੁਹਤਬਰ ਲੋਕਾਂ ਨੂੰ ਵੀ ਸੱਦਿਆ ਜਾਂਦਾ ਸੀ। ਕੋਈ 8 ਤੋਂ 10 ਫੁੱਟ ਲੰਮੀ ਮੋਹੜੀ ਜੋ ਆਮ ਤੌਰ ਤੇ ਕਿਸੇ ਦਰੱਖਤ ਦਾ ਤਣਾ ਹੁੰਦਾ ਸੀ। ਇਹਨੂੰ 3-4 ਫੁੱਟ ਡੂੰਘਾ ਗੱਡਿਆ ਜਾਂਦਾ ਸੀ। ਕਈ ਵਾਰ ਮੋਹੜੀ ਦੀਆਂ ਜੜਾਂ ਲੱਗ ਜਾਂਦੀਆਂ ਤੇ ਹਰਾ ਭਰਾ ਰੁੱਖ ਬਣ ਜਾਂਦਾ ਸੀ, ਜਿਸ ਨੂੰ ਸ਼ੁੱਭ ਮੰਨਿਆ ਜਾਂਦਾ ਸੀ’।

(ਸ੍ਰੋਤ ਸਮੱਗਰੀ : ਪਿੰਡ ਵਾਸੀਆਂ ਤੋਂ ਇਕੱਤਰ ਜਾਣਕਾਰੀ, ਸਹਾਇਕ: ਮੀਡੀਆ ਰਿਪੋਰਟਰ ਸ਼ਾਮ ਲਾਲ ਚਾਵਲਾ)

ਪਰਮਜੀਤ ਕੌਰ ਸਰਾਂ
ਕੋਟਕਪੂਰਾ
89688-92929

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: