ਜ਼ਹਿਰੀਲੀਆਂ ਸਬਜ਼ੀਆਂ ਤੇ ਫਲਾਂ ਦੇ ਕਾਰਨ ਮਨੁੱਖ ਨੂੰ ਲੱਗ ਰਹੀਆਂ ਹਨ ਭਿਆਨਕ ਬਿਮਾਰੀਆਂ

ਜ਼ਹਿਰੀਲੀਆਂ ਸਬਜ਼ੀਆਂ ਤੇ ਫਲਾਂ ਦੇ ਕਾਰਨ ਮਨੁੱਖ ਨੂੰ ਲੱਗ ਰਹੀਆਂ ਹਨ ਭਿਆਨਕ ਬਿਮਾਰੀਆਂ

ਹਰੀਆਂ ਸਬਜ਼ੀਆਂ ਅਤੇ ਫਲਾਂ ਦੇ ਨਾਮ ਤੇ ਅਸੀ ਖਾ ਰਹੇ ਹਾਂ ਮਿੱਠਾ ਜ਼ਹਿਰ

16-4

ਦਿੜ੍ਹਬਾ ਮੰਡੀ/ਕੋਹਰੀਆਂ 15 ਜੂਨ (ਰਣ ਸਿੰਘ ਚੱਠਾ) ਸਿਹਤਮੰਦ ਬਣਾਉਣ ਦੀ ਥਾਂ ਬਿਮਾਰ ਹੀ ਕਰ ਰਹੇ ਨੇ ਜ਼ਹਿਰੀਲੇ ਫ਼ਲ ਤੇ ਸਬਜ਼ੀਆਂ, ਕੁਦਰਤੀ ਖੇਤੀ ਤੋਂ ਦੂਰ ਹੋਏ ਪੰਜਾਬ ਦੇ ਕਿਸਾਨ, ਫਲਾਂ ਤੇ ਸਬਜ਼ੀਆਂ ਉਪਰ ਹੁੰਦੇ ਜ਼ਹਿਰੀਲੀਆਂ ਸਪਰੇਆਂ ਦਾ ਅਸਰ, ਫ਼ਲਾਂ ਨੂੰ ਚਮਕੀਲੇ ਬਣਾਉਣ ਲਈ ਕੀਤੀ ਜਾਂਦੀ ਹੈ ਪਾਲਿਸ਼,ਕੈਮੀਕਲਾਂ ਨਾਲ ਵੀ ਪਕਾਏ ਜਾਂਦੇ ਨੇ ਫ਼ਲ ਤੇ ਸਬਜ਼ੀਆਂ,ਹਰ ਦਿਨ ਹੀ ਅਸੀਂ ਬਾਜ਼ਾਰ ਵਿੱਚੋਂ ਹਰੀਆਂ ਸਬਜ਼ੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਫਲ ਖਰੀਦ ਕੇ ਖਾਂਦੇ ਹਾਂ ਤੇ ਸੋਚਦੇ ਹਾਂ ਕਿ ਇਹਨਾਂ ਨੂੰ ਖਾ ਕੇ ਅਸੀਂ ਜਲਦੀ ਹੀ ਸਿਹਤਮੰਦ ਅਤੇ ਹੋਰ ਤਕੜੇ ਹੋ ਜਾਵਾਂਗੇ ਪਰ ਸਾਡੇ ਚਿਤ ਚੇਤੇ ਵੀ ਨਹੀਂ ਹੁੰਦਾ ਕਿ ਅਸੀਂ ਇਹਨਾਂ ਹੀ ਹਰੀਆਂ ਸਬਜ਼ੀਆਂ ਤੇ ਫ਼ਲਾਂ ਨੂੰ ਖਾ ਕੇ ਅਸਲ ਵਿੱਚ ਬਿਮਾਰ ਹੀ ਹੋ ਰਹੇ ਹਾਂ। ਇਸਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਸਬਜੀਆਂ ਅਤੇ ਫ਼ਲਾਂ ਉਪਰ ਕੀੜੇਮਾਰ ਜ਼ਹਿਰੀਲੀਆਂ ਦਵਾਈਆਂ ਦੀ ਸਪਰੇਅ ਕੀਤੀ ਹੁੰਦੀ ਹੈ,ਜਿਸ ਦਾ ਅਸਰ ਇਹਨਾਂ ਸਬਜੀਆਂ ਅਤੇ ਫ਼ਲਾਂ ਉਪਰ ਹਮੇਸ਼ਾ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਸਬਜੀਆਂ ਖਾਸ ਕਰਕੇ ਫ਼ਲਾਂ ਨੂੰ ਪਕਾਉਣ ਵੇਲੇ ਵੀ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ,ਜਿਸ ਕਰਕੇ ਇਹ ਫ਼ਲ ਜ਼ਹਿਰੀਲੇ ਹੋ ਜਾਂਦੇ ਹਨ ਤੇ ਸਾਡੀ ਸਿਹਤ ਉਪਰ ਮਾਰੂ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਹਰੀਆਂ ਸਬਜ਼ੀਆਂ ਤੇ ਮਹਿੰਗੇ ਫ਼ਲਾਂ ਦੇ ਨਾਮ ਉਪਰ ਮਿੱਠਾ ਜ਼ਹਿਰ ਹੀ ਖਾ ਰਹੇ ਹਾਂ।

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਦੇ ਵੱਡੀ ਗਿਣਤੀ ਵਸਨੀਕਾਂ ਦਾ ਮੁੱਖ ਕਿੱਤਾ ਹੀ ਖੇਤੀਬਾੜੀ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਕਿਸਾਨਾਂ ਨੇ ਫਲਾਂ ਤੇ ਸਬਜੀਆਂ ਦੀ ਵੀ ਕਾਸ਼ਤ ਕੀਤੀ ਹੋਈ ਹੈ। ਇਸ ਦੇ ਨਾਲ ਹੀ ਅਨੇਕਾਂ ਹੀ ਫਲ ਤੇ ਸਬਜੀਆਂ ਪੰਜਾਬ ਵਿੱਚ ਦੂਸਰੇ ਰਾਜਾਂ ਤੋਂ ਵੀ ਆ ਕੇ ਵਿਕ ਰਹੇ ਹਨ। ਦੂਜੇ ਰਾਜਾਂ ਵਿਚੋਂ ਇਹ ਫਲ ਤੇ ਸਬਜ਼ੀਆਂ ਅਸਲ ਵਿੱਚ ਕੱਚੇ ਹੀ ਆਉਂਦੇ ਹਨ ਤੇ ਪੰਜਾਬ ਵਿੱਚ ਇਹਨਾਂ ਨੂੰ ਮਸਾਲੇ ਨਾਲ ਤੇ ਕੈਮੀਕਲਾਂ ਨਾਲ ਪਕਾ ਲਿਆ ਜਾਂਦਾ ਹੈ,ਜਿਸ ਕਰਕੇ ਮਸਾਲੇ ਤੇ ਕੈਮੀਕਲਾਂ ਦਾ ਅਸਰ ਇਹਨਾਂ ਉਪਰ ਹੋ ਜਾਂਦਾ ਹੈ। ਜਦੋਂ ਅਸੀਂ ਇਹਨਾਂ ਫ਼ਲਾਂ ਤੇ ਸਬਜ਼ੀਆਂ ਨੂੰ ਖਾਂਦੇ ਹਾਂ ਤਾਂ ਇਹਨਾਂ ਮਸਾਲੇ ਤੇ ਕੈਮੀਕਲਾਂ ਦਾ ਅਸਰ ਸਾਡੇ ਸਰੀਰ ਉਪਰ ਵੀ ਹੋ ਜਾਂਦਾ ਹੈ ਤੇ ਅਸੀਂ ਬਿਮਾਰ ਹੋ ਜਾਂਦੇ ਹਾਂ। ਪੰਜਾਬ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਇਕ ਕਾਰਨ ਜ਼ਹਿਰੀਲੀਆਂ ਸਬਜੀਆਂ ਤੇ ਜ਼ਹਿਰੀਲੇ ਫ਼ਲ ਵੀ ਹਨ। ਖੇਤੀ ਖੇਤਰ ਵਿੱਚ ਹਰਾ ਇਨਕਲਾਬ ਆਏ ਨੂੰ ਭਾਵੇਂ ਕਾਫੀ ਸਮਾਂ ਹੋ ਗਿਆ ਹੈ ਪਰ ਫਿਰ ਵੀ ਇਸ ਸਮੇਂ ਹਾਲ ਇਹ ਹੈ ਕਿ ਇਕ ਨਵਾਂ ਇਨਕਲਾਬ ਹੀ ਇਸ ਖੇਤਰ ਵਿਚ ਆ ਗਿਆ ਹੈ। ਇਸ ਦਾ ਸਬੂਤ ਅੱਜ ਮਾਰਕੀਟ ਵਿੱਚ ਮਿਲਦੇ ਗੈਰ ਮੌਸਮੀ ਫਲਾਂ ਅਤੇ ਸਬਜੀਆਂ ਤੋਂ ਲਿਆ ਜਾ ਸਕਦਾ ਹੈ। ਪੰਜਾਬ ਵਿੱਚ ਹਾਲ ਇਹ ਹੈ ਕਿ ਗਰਮੀ ਦੇ ਸੀਜ਼ਨ ਦੌਰਾਨ ਗੋਭੀ ਤੇ ਗਾਜਰਾਂ ਸ਼ਰੇਆਮ ਵਿਕਦੀਆਂ ਹਨ ਅਤੇ ਹੁਣ ਵੀ ਵਿਕ ਰਹੀਆਂ ਹਨ। ਜਦੋਂ ਸਬਜੀਆਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਹੁਣ ਹਾਈਬ੍ਰਿਡ ਬੀਜ਼ ਆ ਗਏ ਹਨ ਅਤੇ ਇਸ ਕਰਕੇ ਗਰਮੀਆਂ ਵਿੱਚ ਵੀ ਗੋਭੀ ਤੇ ਗਾਜਰਾਂ ਖੇਤਾਂ ਵਿੱਚ ਉੱਗਣ ਲੱਗ ਪਈਆਂ ਹਨ, ਇਸ ਤੋਂ ਇਲਾਵਾ ਮੂਲੀਆਂ ਵੀ ਹੁਣ ਗਰਮੀਆਂ ਵਿੱਚ ਵੀ ਖੇਤਾਂ ਵਿਚ ਉੱਗਣ ਲੱਗ ਪਈਆਂ ਹਨ। ਇਹਨਾਂ ਆਫ ਸੀਜ਼ਨ ਸਬਜੀਆਂ ਦਾ ਸਵਾਦ ਭਾਵੇਂ ਫਿੱਕਾ ਜਿਹਾ ਹੀ ਹੁੰਦਾ ਹੈ ਪਰ ਲੋਕ ਇਹਨਾਂ ਨੂੰ ਧੜਾਧੜ ਖਰੀਦਦੇ ਹਨ ਅਤੇ ਖਾਂਦੇ ਹਨ। ਇਹ ਹੀ ਹਾਲ ਫਲਾਂ ਦਾ ਹੈ। ਅੱਜ ਕੱਲ ਬਾਜ਼ਾਰ ਵਿਚ ਜਿਥੇ ਭਾਰਤੀ ਫਲ ਵਿਕ ਰਹੇ ਹਨ, ਉਥੇ ਹੀ ਚੀਨ ਅਤੇ ਅਮਰੀਕਾ ਤੇ ਹੋਰ ਦੇਸ਼ਾਂ ਤੋਂ ਆਏ ਫਲ ਵੀ ਵਿਕ ਰਹੇ ਹਨ। ਇਹ ਸੱਚਮੁਚ ਹੀ ਅਮਰੀਕਾ ਤੋਂ ਆਏ ਫਲ ਹੀ ਹਨ ਜਾਂ ਭਾਰਤੀ ਫਲ ਹੀ ਹਨ,ਇਸ ਬਾਰੇ ਗਾਰੰਟੀ ਨਾਲ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਬਾਜ਼ਾਰ ਵਿਚ ਇਹ ਮਹਿੰਗੇ ਭਾਅ ਤੋਂ ਲੈ ਕੇ ਦਰਮਿਆਨੇ ਭਾਅ ਉਪਰ ਵੀ ਵੇਚੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਫਲ ਤੇ ਸਬਜੀਆਂ ਅਜਿਹੇ ਹਨ,ਜਿਹਨਾਂ ਨੂੰ ਕੋਲਡ ਸਟੋਰ ਵਿਚੋਂ ਕੱਢ ਕੇ ਵੇਚਿਆ ਜਾਂਦਾ ਹੈ। ਜਦੋਂ ਇਹਨਾਂ ਨੂੰ ਲੋਕ ਖਰੀਦਦੇ ਹਨ ਤਾਂ ਇਹ ਫਲ ਸਬਜੀਆਂ ਕਾਫੀ ਠੰਡੇ ਹੁੰਦੇ ਹਨ। ਸਿਹਤ ਮਾਹਿਰ ਕਹਿੰਦੇ ਹਨ ਕਿ ਸਬਜੀ ਤੇ ਫਲ ਉਹ ਹੀ ਖਾਣੇ ਚਾਹੀਦੇ ਹਨ,ਜਿਸ ਨੂੰ ਕੀੜੇ ਲੱਗੇ ਹੋਣ ਕਿਉਂਕਿ ਅਜਿਹੀ ਸਬਜੀ ਉਪਰ ਕੀੜੇਮਾਰ ਦਵਾਈ ਦਾ ਅਸਰ ਘੱਟ ਹੁੰਦਾ ਹੈ। ਪੰਜਾਬ ਦੀ ਧਰਤੀ ਹੁਣ ਇੱਕ ਤਰ੍ਹਾਂ ਜ਼ਹਿਰੀਲੀ ਹੋਣ ਕੰਢੇ ਪਹੁੰਚ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਕਿਸਾਨਾਂ ਵੱਲੋਂ ਫ਼ਸਲਾਂ ਉੱਪਰ ਲਗਾਤਾਰ ਕੀੜੇਮਾਰ ਦਵਾਈਆਂ ਅਤੇ ਰਸਾਇਣਕ ਖ਼ਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਕਣਕ-ਝੋਨਾ ਹੀ ਬੀਜਿਆ ਜਾਣ ਕਰਕੇ ਜ਼ਮੀਨ ਦੇ ਖੁਰਾਕੀ ਤੱਤ ਘਟਦੇ ਜਾ ਰਹੇ ਹਨ। ਵੱਡੇ ਤੱਤਾਂ ਦੀ ਗੱਲ ਹੀ ਛੱਡੋ ਹੁਣ ਤਾਂ ਜ਼ਮੀਨ ਵਿੱਚੋਂ ਜ਼ਿੰਕ, ਮੈਗਨੀਜ਼ ਅਤੇ ਲੋਹੇ ਵਰਗੇ ਛੋਟੇ ਤੱਤ ਵੀ ਘਟਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਜਿਹੜੀਆਂ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਿਰਫ਼ ਕੀੜਿਆਂ ਉੱਪਰ ਹੀ ਨਹੀਂ ਸਗੋਂ ਸਬਜ਼ੀਆਂ ਉੱਪਰ ਵੀ ਹੋ ਜਾਂਦਾ ਹੈ। ਕਈ ਵਾਰ ਤਾਂ ਕਿਸਾਨ ਕੀੜੇਮਾਰ ਦਵਾਈਆਂ ਦੇ ਘੋਲ ਵਿੱਚ ਬੀਜ ਨੂੰ ਡੁਬੋ ਕੇ ਹੀ ਫ਼ਸਲ ਬੀਜਦੇ ਹਨ, ਜਿਸ ਕਾਰਨ ਬੀਜ ਜ਼ਹਿਰੀਲਾ ਹੋ ਜਾਂਦਾ ਹੈ। ਉਸ ਬੀਜ ਤੋਂ ਪੈਦਾ ਹੋਈ ਫ਼ਸਲ ਨੇ ਤਾਂ ਫਿਰ ਜ਼ਹਿਰੀਲਾ ਹੋਣਾ ਹੀ ਹੋਇਆ। ਇਹ ਜ਼ਹਿਰੀਲੀ ਫ਼ਸਲ ਜਿੱਥੇ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਉੱਥੇ ਹੀ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਪੰਛੀ ਹੋਏ ਹਨ। ਅੱਜ ਪੰਜਾਬ ਦੇ ਆਕਾਸ਼ ਵਿੱਚੋਂ ਜਿੱਥੇ ਗਿਰਝਾਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ। ਉੱਥੇ ਚਿੜੀਆਂ ਵੀ ਗ਼ਾਇਬ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਜਿਸ ਪੰਜਾਬ ਵਿੱਚ ਕਿਸੇ ਸਮੇਂ ਹਰ ਪਾਸੇ ਮੋਰ ਪੈਲਾਂ ਪਾਉਂਦੇ ਫਿਰਦੇ ਹੁੰਦੇ ਸਨ, ਉਹ ਮੋਰ ਹੁਣ ਗ਼ਾਇਬ ਹੋ ਗਏ ਹਨ।ਮਨੁੱਖਾਂ ਅਤੇ ਪੰਛੀਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਅੱਜ ਸਰਕਾਰ ਨੂੰ ਲੋੜ ਹੈ ਕਿਸਾਨਾਂ ਨੂੰ ਚੰਗੇ ਭਾਅ ਦੇਕੇ ਦੇਸੀ ਖਾਦ ਨਾਲ ਤਿਆਰ ਹੋਣ ਵਾਲੀ ਕੁਦਰਤੀ ਖੇਤੀ ਨੂੰ ਚੰਗੇ ਮੁਨਾਫੇ ਲਈ ਲਾਹੇਬੰਦ ਬਣਾਇਆ ਜਾਵੇ।

Share Button

Leave a Reply

Your email address will not be published. Required fields are marked *

%d bloggers like this: