.ਗ਼ਜ਼ਲ

ss1

ਗ਼ਜ਼ਲ

ਇਕ ਦਿਲ ਕਰਦਾ ਅੰਬਰ ਦੇ ਵਿਚ ਯਾਰ ਉਡਾਰੀ ਲਾਵਾਂ ।
ਕੁਦਰਤ ਰਾਣੀ ਦੇ ਰੰਗਾਂ ਨੂੰ ਧਾਅ ਗਲਵੱਕੜੀ ਪਾਵਾਂ ।

ਕਿੱਕਰ ਦੇ ਫੁੱਲਾਂ ਦੇ ਜੇਵਰ ਵਾਲਾਂ ਵਿੱਚ ਸਜਾਕੇ,
ਨਜ਼ਮ ਤਿਰੀ ਦਾ ਮੁੱਖੜਾ ਯਾਰਾ ਵੀਣੀ ਤੇ ਖੁਣਵਾਵਾਂ।

ਆਪ ਮੁਹਾਰੇ ਥਿਰਕਣ ਲੱਗਣ ਗੀਤ ਵੀ ਹੋਠਾਂ ਉੱਤੇ,
ਯਾਦ ਤਿਰੀ ਵਿਚ  ਖੀਵੀ ਹੋਵਾਂ ਤੇ ਵੰਗਾਂ  ਛਣਕਾਵਾਂ ।

ਦਿਲ ਦੇ ਵਿਹੜੇ ਅੰਦਰ ਸੁੱਚਾ ਚਾਨਣ ਵੰਡਣ ਰਿਸ਼ਮਾਂ,
ਸੁੱਚਾ ਚੰਦਰਮਾ ਦਾ ਟੁਕੜਾ ਮੱਥੇ ਤੇ ਚਿਪਕਾਵਾਂ ।

ਜਿੱਥੇ ਸੱਜਣ ਪੈਰ ਟਿਕਾਏ ਮਖਮਲ ਬਣਿਆ ਰੇਤਾ,
ਉਹਦੇ  ਪਿੰਡ ਦੇ ਰਾਹਾਂ ਵਰਗਾ ਕੋਈ ਗੀਤ ਬਣਾਵਾਂ ।

ਗੀਤ ਗ਼ਜ਼ਲ ਤੇ ਨਜ਼ਮਾਂ ਪੱਖੋ ਉਸਦੇ  ਨਾਮ ਏ ਕਰਨੇ,
ਹਾੜਾ ਕੋਈ ਦੱਸੇ ਮੈਨੂੰ ਸੱਜਣ ਦਾ ਸਿਰਨਾਵਾਂ ।

ਜਗਤਾਰ ਪੱਖੋ
ਮੋਬਾਇਲ: 9465196946
ਪਿੰਡ ਪੱਖੋ ਕਲਾਂ (ਬਰਨਾਲਾ) 

Share Button