ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੱਤ-ਰੋਜ਼ਾ ਫੈਕਲਟੀ ਡਿਵੈਲਮੈਂਟ ਪ੍ਰੋਗਰਾਮ ਦਾ ਹੋਇਆ ਆਗਾਜ਼

ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੱਤ-ਰੋਜ਼ਾ ਫੈਕਲਟੀ ਡਿਵੈਲਮੈਂਟ ਪ੍ਰੋਗਰਾਮ ਦਾ ਹੋਇਆ ਆਗਾਜ਼
ਦੇਸ਼ ਦੀਆਂ ਨਾਮੀ ਵਿੱਦਿਅਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਪ੍ਰੋਫੈਸਰ ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਆਨ ਲਾਈਨ ਟੀਚਿੰਗ ਦੇ ਨਾਲ ਸੰਬੰਧਿਤ ਵਡਮੁੱਲੀ ਜਾਣਕਾਰੀ ਦੇਣਗੇ: ਪ੍ਰਿੰ:ਜਸਵੀਰ ਸਿੰਘ
ਕਲਾਸਰੂਮ ਟੀਚਿੰਗ ਦੇ ਨਾਲ ਨਾਲ ਵਰਚੁਅਲ ਟੀਚਿੰਗ ਬਾਰੇ ਅਧਿਆਪਕਾਂ ਨੂੰ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ-:ਡਾ. ਜਤਿੰਦਰ ਕੌਰ ਧਾਲੀਵਾਲ
ਸ੍ਰੀ ਅਨੰਦਪੁਰ ਸਾਹਿਬ 7 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ (ਆਟੋਨੋਮਸ ਕਾਲਜ) ਵਿਖੇ ਅਧਿਆਪਕਾਂ ਨੂੰ ਅੱਪਡੇਟ ਕਰਨ ਦੇ ਮੰਤਵ ਦੇ ਨਾਲ ਸੱਤ ਰੋਜ਼ਾ ਫੈਕਲਟੀ ਡਿਵੈਲਮੈਂਟ ਪ੍ਰੋਗਰਾਮ (ਐਫ.ਡੀ.ਪੀ.) ਦਾ ਆਗਾਜ਼ ਕੀਤਾ ਗਿਆ। ਗੌਰਤਲਬ ਹੈ ਕਿ ਗੂਗਲ ਮੀਟ, ਯੂਟਿਊਬ, ਅਤੇ ਫੇਸਬੁੱਕ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਅਧਿਆਪਕਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਗਿਆ ਅਤੇ ਕਰੋਨਾ ਮਹਾਂਮਾਰੀ ਕਾਰਨ ਤੇਜ਼ੀ ਨਾਲ ਬਦਲ ਰਹੇ ਹਲਾਤਾਂ ਵਿੱਚ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐਫ.ਡੀ.ਪੀ. ਦੇ ਆਗਾਜ਼ ਮੌਕੇ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਿੱਖਿਆ ਡਾ. ਜਤਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਨਾਲ ਜਿੱਥੇ ਸਮਾਜ ਦਾ ਹਰ ਖੇਤਰ ਪ੍ਰਭਾਵਿਤ ਹੋਇਆ ਹੈ ਉਥੇ ਅਧਿਆਪਕ ਅਤੇ ਵਿਦਿਆਰਥੀ ਵਰਗ ਉੱਪਰ ਵੀ ਇਸ ਦਾ ਡੂੰਘਾ ਪ੍ਰਭਾਵ ਪਿਆ ਹੈ। ਉਨਾਂ ਕਿਹਾ ਕਿ ਕਲਾਸਰੂਮ ਟੀਚਿੰਗ ਦੇ ਨਾਲ ਨਾਲ ਵਰਚੁਅਲ ਟੀਚਿੰਗ ਦਾ ਕ੍ਰਾਂਤੀਕਾਰੀ ਯੁੱਗ ਵੀ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਬਾਰੇ ਸਾਰੇ ਅਧਿਆਪਕਾਂ ਨੂੰ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਇਸੇ ਤੇ ਆਧਾਰਿਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸੱਤ-ਰੋਜ਼ਾ ਫੈਕਲਟੀ ਡੈਵਲਪਮੈਂਟ ਪ੍ਰੋਗਰਾਮ ਲਗਾਇਆ ਜਾ ਰਿਹਾ ਹੈ। ਉਨਾਂ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਇਸ ਐਫ.ਡੀ.ਪੀ. ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰੋਫੈਸਰ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ।
ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਇਸ ਐਫ.ਡੀ.ਪੀ. ਵਿੱਚ ਭਾਗ ਲੈਣ ਵਾਲੇ ਪ੍ਰੋਫੈਸਰ ਸਾਹਿਬਾਨਾਂ ਨੂੰ ਜੀ ਆਇਆ ਆਖਿਆ। ਉਨਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਦੱਸਿਆ ਕਿ ਕਾਲਜ ਦੇ ਗਣਿਤ ਵਿਭਾਗ ਅਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਭਾਰਤ ਸਰਕਾਰ ਦੀ ਡੀ.ਬੀ.ਟੀ. ਸਟਾਰ ਸਕੀਮ ਦੇ ਤਹਿਤ ਸੱਤ ਰੋਜ਼ਾ ਐਫ.ਡੀ.ਪੀ. ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਜਾਣਕਾਰੀ ਦਿੱਤੀ ਕਿ ਆਉਂਦੇ ਸੱਤ ਦਿਨਾਂ ਦੇ ਵਿੱਚ ਦੇਸ਼ ਦੀਆਂ ਨਾਮੀ ਵਿੱਦਿਅਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਪ੍ਰੋਫੈਸਰ ਸਾਹਿਬਾਨ ਇਸ ਐੱਫ.ਡੀ.ਪੀ ਵਿੱਚ ਹਿੱਸਾ ਲੈਣ ਵਾਲੇ ਤਕਰੀਬਨ ਹਜ਼ਾਰ ਦੇ ਕਰੀਬ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਆਨ ਲਾਈਨ ਟੀਚਿੰਗ ਦੇ ਨਾਲ ਸੰਬੰਧਿਤ ਵਡਮੁੱਲੀ ਜਾਣਕਾਰੀ ਦੇਣਗੇ।
ਐਫ.ਡੀ.ਪੀ. ਦੇ ਪਹਿਲੇ ਦਿਨ ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਐਸੋਸੀਏਟ ਪ੍ਰੋਫੈਸਰ ਡਾ. ਤਜਿੰਦਰਪਾਲ ਸਿੰਘ ਅਤੇ ਆਈ.ਆਈ.ਟੀ., ਰੋਪੜ ਤੋਂ ਐਸੋਸੀਏਟ ਪ੍ਰੋਫੈਸਰ ਡਾ. ਨੀਰਜ ਗੋਇਲ ਨੇ ਮੁੱਖ ਵਕਤਾ ਵਜੋਂ ਐਫ.ਡੀ.ਪੀ. ਵਿੱਚ ਭਾਗ ਲੈਣ ਵਾਲੇ ਪ੍ਰੋਫੈਸਰ ਸਾਹਿਬਾਨਾਂ ਨਾਲ ਆਨਲਾਈਨ ਟੀਚਿੰਗ ਅਤੇ ਆਨਲਾਈਨ ਟੀਚਿੰਗ ਸਾਫ਼ਟਵੇਅਰਾਂ ਸਬੰਧੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਫ.ਡੀ.ਪੀ. ਪ੍ਰੋਗਰਾਮ ਦੇ ਕਨਵੀਨਰ ਡਾ. ਸੰਗੀਤ ਕੁਮਾਰ, ਪ੍ਰੋ. ਸੁਰੇਂਦਰ ਕੁਮਾਰ , ਕੋਆਰਡੀਨੇਟਰ ਪ੍ਰੋ. ਦਰਪਨ ਸੂਦ, ਪ੍ਰੋ. ਤਜਿੰਦਰ ਕੌਰ, ਪ੍ਰੋ. ਪਰਮਜੀਤ ਕੌਰ ਅਤੇ ਕਾਲਜ ਦਾ ਸਮੁੱਚਾ ਸਟਾਫ਼ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਰਾਹੀਂ ਇਸ ਐਫ.ਡੀ.ਪੀ. ਵਿੱਚ ਮੌਜੂਦ ਰਿਹਾ।