ਹੜਾਂ ਦੌਰਾਨ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੋਬਾਇਲ ਬੰਦ ਨਹੀਂ ਰੱਖੇਗਾ–ਡਿਪਟੀ ਕਮਿਸ਼ਨਰ

ਹੜਾਂ ਦੌਰਾਨ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੋਬਾਇਲ ਬੰਦ ਨਹੀਂ ਰੱਖੇਗਾ–ਡਿਪਟੀ ਕਮਿਸ਼ਨਰ
ਸੰਭਾਵੀ ਹੜਾਂ ਤੇ ਕਾਬੂ ਪਾਉਣ ਲਈ ਬਚਾਓ ਕਮੇਟੀਆਂ ਦਾ ਗਠਨ

ਸ੍ਰੀ ਮੁਕਤਸਰ ਸਾਹਿਬ, 1੦ ਜੂਨ ( ਆਰਤੀ ਕਮਲ) : ਬਰਸਾਤੀ ਮੌਸਮ ਦੌਰਾਨ ਜਿਲੇ ਵਿੱਚ ਆਉਣ ਵਾਲੇ ਸੰਭਾਵੀ ਹੜਾ ਦੀ ਸਥਿਤੀ ਤੇ ਕਾਬੂ ਪਾਉਣ ਲਈ ਅੱਜ ਜਿਲਾ ਫਲੱਡ ਕੰਟਰੋਲ ਕਮੇਟੀ ਦੀ ਇੱਕ ਅਹਿਮ ਮੀਟਿੰਗ ਡਾ.ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਵਿਸ਼ੇਸ਼ ਸਾਰੰਗਲ ਐਸ.ਡੀ.ਐਮ ਮਲੋਟ, ਸ੍ਰੀ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਦੀਪ ਸਿੰਘ ਜਿਲਾ ਟਰਾਂਸਪੋਰਟ ਅਫਸਰ ਤੋਂ ਇਲਾਵਾ ਸਿਹਤ,ਡਰੇਨਜ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਹੜਾਂ ਦੀ ਸਥਿਤੀ ਤੇ ਨਜ਼ਰ ਰੱਖਣ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਜਿਲਾ ਪੱਧਰ, ਸਬ ਡਵੀਜ਼ਨ ਪੱਧਰ ਤੇ ਫਲੱਡ ਕੰਟਰੋਲ ਰੂਮਾਂ ਦੀ ਸਥਾਪਨਾ ਕਰ ਦਿੱਤੀ ਗਈ ਹੈ ਅਤੇ ਜੁੰਮੇਵਾਰੀ ਕਰਮਚਾਰੀਆਂ ਦੇ ਡਿਊਟੀ ਲਗਾ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆਂ ਕਿ ਫਲੱਡਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆ ਜਾਣਗੀਆਂ ਤਾਂ ਜੋ ਨਾਜ਼ਕ ਸਥਿਤੀ ਸਮੇਂ ਕਿਸੇ ਪ੍ਰਕਾਰ ਦੀ ਸਮੱਸਿਆਂ ਪੇਸ਼ ਨਾ ਆਵੇ। ਉਹਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜਾਂ ਦੌਰਾਨ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਨਾ ਹੀ ਉਹ ਆਪਣਾ ਮੋਬਾਇਲ ਫੋਨ ਬੰਦ ਰੱਖੇਗਾ। ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਸਬੰਧਿਤ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਹੜਾਂ ਦੀ ਸਥਿਤੀ ਤੇ ਕਾਬੂ ਪਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਵੱਖ-ਵੱਖ ਤਾਲਮੇਲ ਬਚਾਓ ਕਮੇਟੀਆਂ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਅਤੇ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਨੂੰ ਜਿਲਾ ਫਲੱਡ ਕੰਟਰੋਲ ਅਫਸਰ ਨਿਯੁਕਤ ਕੀਤਾ ਗਿਆ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਲੇ ਵਿੱਚ ਸੰਭਾਵੀ ਹੜਾਂ ਦੀ ਸਥਿਤੀ ਦਾ ਜਾਇਜਾ ਲੈਂਦਿਆਂ ਡਰੇਨਜ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਲੇ ਵਿੱਚ ਡਰੇਨਾਂ ਦੀ ਸਫਾਈ ਦਾ ਕੰਮ 30 ਜੂਨ ਤੱਕ ਖਤਮ ਕਰ ਲਿਆ ਜਾਵੇ ਤਾਂ ਜੋ ਬਰਸਾਤੀ ਮੌਸਮ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਹਨਾਂ ਸਬੰਧਿਤ ਐਸ.ਡੀ.ਐਮ ਅਤੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਹਲਕੇ ਵਿੱਚ ਪੈਂਦੇ ਡਰੇਨਾਂ ਦੀ ਸਫਾਈ ਦੇ ਕੰਮ ਦਾ ਸਮੇਂ ਸਮੇਂ ਜਾਇਜਾ ਲੈਂਦੇ ਰਹਿਣ। ਉਹਨਾਂ ਅੱਗੇ ਦੱਸਿਆਂ ਕਿ ਲੋਕਾਂ ਦੇ ਜਾਨ ਅਤੇ ਮਾਲ ਦੀ ਹਿਫਾਜ਼ਤ ਲਈ ਬਰਸਾਤੀ ਪਾਣੀ ਦੇ ਨਿਕਾਸੀ ਲਈ ਸ਼ਹਿਰੀ ਇਲਾਕੇ ਵਿੱਚ ਸਬੰਧਿਤ ਨਗਰ ਕੌਸਲ ਅਧਿਕਾਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਲਈ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਮੀਟਿੰਗ ਦੌਰਾਨ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਡਰੇਨਜ ਵਿਭਾਗ ਵਲੋਂ ਡਰੇਨਾਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾਂ ਰਿਹਾ ਹੈ। ਸਿਹਤ ਵਿਭਾਗ ਵਲੋਂ ਹੜਾਂ ਦੌਰਾਨ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ 26 ਮੈਡੀਕਲ ਟੀਮਾਂ, 4 ਮੋਬਾਇਲ ਟੀਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਰਸਾਤੀ ਅਤੇ ਗਰਮੀ ਦੇ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮੈਡੀਕਲ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈੈ। ਡਿਪਟੀ ਕਮਿਸ਼ਨਰ ਨੇ ਪਸੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਲੋੜੀਦੀਆਂ ਦਵਾਈਆਂ, ਹਰੇ ਚਾਰੇ ਅਤੇ ਤੂੜੀ ਦਾ ਪ੍ਰਬੰਧ ਕਰਨ ਲਈ ਕਿਹਾ। ਜਨ ਸਿਹਤ ਵਿਭਾਗ ਨੂੰ ਪੀਣ ਵਾਲਾ ਸੁੱਧ ਪਾਣੀ ਮੁਹੱਈਆਂ ਕਰਵਾਉਣ ਅਤੇ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਜਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਨਾਉਣ ਲਈ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਫਲੱਡ ਕੰਟਰੋਲ ਰੂਮ ਦਾ ਸੰਪਰਕ ਨੰਬਰ 01633-260341 ਹੈ,ਜਦਕਿ ਮਲੋਟ ਦਾ ਸੰਪਰਕ ਨੰਬਰ 01637-261072, ਗਿੱਦੜਬਾਹਾ ਦਾ ਫਲੱਡ ਕੰਟਰੋਲ ਰੂਮ ਨੰਬਰ 01637- 231931 ਹੈ।

Share Button

Leave a Reply

Your email address will not be published. Required fields are marked *

%d bloggers like this: