ਹੋਲੇ ਮਹੱਲੇ ਮੌਕੇ ਸ਼ਿਵ ਸੈਨਾ ਦੀ ਕਾਨਫਰੰਸ ਨਹੀਂ ਹੋਵੇਗੀ, ਪ੍ਰਸ਼ਾਸਨ ਨੇ ਨਹੀਂ ਦਿੱਤੀ ਆਗਿਆ

ss1

ਹੋਲੇ ਮਹੱਲੇ ਮੌਕੇ ਸ਼ਿਵ ਸੈਨਾ ਦੀ ਕਾਨਫਰੰਸ ਨਹੀਂ ਹੋਵੇਗੀ, ਪ੍ਰਸ਼ਾਸਨ ਨੇ ਨਹੀਂ ਦਿੱਤੀ ਆਗਿਆ
ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਦੀ ਹੋਈ ਜਿੱਤ

ਸ੍ਰੀ ਆਨੰਦਪੁਰ ਸਾਹਿਬ, 22 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਸਿੱਖ ਕੌਮ ਦੇ ਕੌਮੀ ਤਿਓਹਾਰ ਹੋਲੇ ਮਹੱਲੇ ਮੌਕੇ ਸ਼ਿਵ ਸੈਨਾ ਵੱਲੋਂ ਸਿਆਸੀ ਕਾਨਫਰੰਸ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿੱਥੇ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਹੀ ਅੱਜ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਅਹਿਮ ਫੈਸਲਾ ਲੈਂਦੇ ਹੋਏ ਸ਼ਿਵ ਸੈਨਾ ਨੂੰ ਹੋਲੇ ਮਹੱਲੇ ਮੌਕੇ ਰਾਜਸੀ ਕਾਨਫਰੰਸ ਕਰਨ ਦੀ ਇਜ਼ਾਜ਼ਤ ਨਾ ਦੇਣ ਦਾ ਫੈਸਲਾ ਕਰ ਲਿਆ ਹੈ।
ਇਸਦੀ ਪੁਸ਼ਟੀ ਕਰਦੇ ਹੋਏ ਐਸ ਡੀ ਐਮ ਕਮ ਮੇਲਾ ਅਫਸਰ ਰਕੇਸ਼ ਕੁਮਾਰ ਗਰਗ ਅਤੇ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਪ੍ਰਸ਼ਾਸਨ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਣ ਦੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਭੰਗ ਨਾ ਹੋਣ ਕਰਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਸ਼ਿਵ ਸੈਨਾ ਦੀ ਹੋਲਾ ਮਹੱਲਾ ਮੌਕੇ ਕਾਨਫਰੰਸ ਨਹੀਂ ਹੋਣ ਦਿੱਤੀ ਜਾਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਸਿੱਖ ਕੌਮ ਦੇ ਕੌਮੀ ਤਿਓਹਾਰ ਮੌਕੇ ਸਿੱਖ ਆਗੂਆਂ ਬਾਰੇ ਗ਼ਲਤ ਸ਼ਬਦਾਵਲੀ ਵਾਰਤਣ ਵਾਲੀ ਸ਼ਿਵ ਸੈਨਾ ਦੀ ਕਾਨਫਰੰਸ ਦਾ ਵਿਰੋਧ ਕਰਨ ਵਾਲਿ਼ਆਂ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸਥਾਨਕ ਮੈਂਬਰ ਸ਼੍ਰੋਮਣੀ ਕਮੇਟੀ ਪ੍ਰਿੰਸੀਪਲ ਸੁਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਡਾ. ਦਿਲਜੀਤ ਸਿੰਘ ਭਿੰਡਰ ਅਤੇ ਹੋਰ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਵਿੱਚ ਪ੍ਰਸ਼ਾਸਨ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਖੁਸ਼ੀ ਪਾਈ ਜਾ ਰਹੀ ਹੈ।

Share Button

Leave a Reply

Your email address will not be published. Required fields are marked *