Wed. Jul 24th, 2019

ਹੋਲਾ ਮਹੱਲਾ ਖਾਲਸਾਈ ਜਾਹੋ-ਜਲਾਲ ਦੇ ਨਾਲ ਹੋਇਆ ਸੰਪੰਨ

ਹੋਲਾ ਮਹੱਲਾ ਖਾਲਸਾਈ ਜਾਹੋ-ਜਲਾਲ ਦੇ ਨਾਲ ਹੋਇਆ ਸੰਪੰਨ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਖ਼ਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ
ਪੁਰਾਤਨ ਚਰਨ ਗੰਗਾ ਸਟੇਡੀਅਮ ਵਿਖੇ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਦਿਖਾਏ ਹੈਰਾਨੀਜਨਕ ਕਰਤਵ

ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼): ਖ਼ਾਲਸਾ ਪੰਥ ਦੇ ਜਾਹੋ ਜਲਾਲ ਅਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਗੁਰੂ ਕੀਆਂ ਲਾਡਲੀਆਂ ਫੋਜਾਂ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਸਜਾਏ ਮਹੱਲੇ ਨਾਲ ਅਮਨ ਸਾਂਤੀ ਨਾਲ ਸਮਾਪਤ ਹੋ ਗਿਆ। ਹੋਲੇ ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ ਕੀਆਂ ਲਾਡਲੀਆਂ ਖਾਲਸਾਈ ਫੋਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਪੁਰਾਤਨ ਰਵਾਇਤਾਂ ਨਾਲ ਮਹੱਲਾ ਸਜਾਇਆ ਗਿਆ। ਜਿਸ ਵਿਚ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਲ ਬਾਬਾ ਨਿਹਾਲ ਸਿੰਘ ਮੁੱਖੀ ਮਿਸ਼ਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ, ਜਥੇਦਾਰ ਬਾਬਾ ਗੱਜਣ ਸਿੰਘ ਮੁੱਖੀ ਤਰਨਾ ਦਲ ਬਾਬਾ ਬਕਾਲਾ, ਜਥੇਦਾਰ ਬਾਬਾ ਅਵਤਾਰ ਸਿੰਘ ਮੁੱਖੀ ਤਰਨਾ ਦਲ ਸੰਪਰਦਾ ਬਾਬਾ ਬੀਧੀ ਚੰਦ ਸੁਰ ਸਿੰਘ, ਬਾਬਾ ਗੁਰਦੇਵ ਸਿੰਘ ਤਰਨਾ ਦਲ ਸ਼ਹੀਦੀ ਬਾਗ, ਬਾਬਾ ਮਾਨ ਸਿੰਘ ਮੜੀਆਂ ਵਾਲੇ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਮਾਲਵਾ ਤਰਨਾ ਦਲ ਦੇ ਜਥੇਦਾਰ ਬਾਬਾ ਨਾਹਰ ਸਿੰਘ, ਜਥੇਦਾਰ ਬਾਬਾ ਬਲਦੇਵ ਸਿੰਘ ਬੱਲਾ, ਜਥੇਦਾਰ ਬਾਬਾ ਵੱਸਣ ਸਿੰਘ ਮੜੀਆਂ ਵਾਲੇ, ਜਥੇਦਾਰ ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਜਥੇਦਾਰ ਬਾਬਾ ਲਾਲ ਸਿੰਘ, ਜਥੇਦਾਰ ਬਾਬਾ ਸਿੰਦਾ ਸਿੰਘ ਭਿਖੀਵਿੰਡ, ਜਥੇਦਾਰ ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਗੁਰੂ ਕੀਆਂ ਲਾਡਲੀਆਂ ਫੋਜਾਂ ਨਿਹੰਗ ਸਿੰਘ ਆਪਣੇ ਆਪਣੇ ਦਲਾਂ ਬਲਾਂ ਸਮੇਤ ਸ਼ਾਮਲ ਹੋਈਆਂ। ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਆਰੰਭ ਹੋਇਆ ਮਹੱਲਾ ਗੁਰਦੁਆਰਾ ਬਾਬਾ ਅਜੀਤਗੜ ਸਾਹਿਬ ਨਿਹੰਗ ਛਾਉਣੀ ਤਰਨਾ ਦਲ ਹਰੀਆਂ ਵੇਲਾਂ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਨਿਹੰਗ ਸਿੰਘ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਹੁੰਦਾ ਹੋਇਆ ਨਵੀਂ ਅਬਾਦੀ, ਤਖ਼ਤ ਸ੍ਰੀ ਕੇਸਗੜ ਸਾਹਿਬ, ਵੇਰਕਾ ਚੌਂਕ, ਬੱਸ ਅੱਡਾ ਹੋ ਕੇ ਇਤਿਹਾਸਕ ਅਸਥਾਨ ਗੁਰਦੁਆਰਾ ਮਾਤਾ ਜੀਤੋ ਜੀ ਸਾਹਿਬ ਵਿਖੇ ਨਤਮਸਤਕ ਹੋ ਕੇ ਪੁਰਾਤਨ ਚਰਨ ਗੰਗਾ ਸਟੇਡੀਅਮ ਵਿਖੇ ਪੁੱਜਾ। ਜਿਥੇ ਸ਼੍ਰੋਮਣੀ ਸੇਵਾ ਰਤਨ ਨਿਹੰਗ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਵੱਖ ਵੱਖ ਨਿਹੰਗ ਸੰਪਰਦਾਵਾਂ ਦੇ ਸਿੰਘ ਰਵਾਇਤੀ ਬਾਣਿਆਂ, ਸ਼ਸ਼ਤਰਾਂ, ਘੋੜੇ, ਹਾਥੀਆਂ, ਉੱਠਾਂ ‘ਤੇ ਸਵਾਰ ਹੋ ਕੇ ਦਸਮੇਸ਼ ਪਿਤਾ ਜੀ ਦੇ ਵੇਲੇ ਤੋਂ ਹੀ ਘੋੜ ਦੋੜਾਂ ਲਈ ਵਰਤੇ ਜਾਂਦੇ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇ। ਜਿਥੇ ਉਨਾਂ ਨੇ ਸੰਗਤਾਂ ਦੇ ਲਾਮਿਸਾਲ ਇਕੱਠ ਨੂੰ ਘੋੜ ਸਵਾਰੀ, ਨੇਜੇਬਾਜੀ, ਗੱਤਕੇਬਾਜੀ ਆਦਿ ਦੇ ਜੰਗਜੂ ਜੋਹਰ ਦਿਖਾਕੇ ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੁਰਾਤਨ ਹੋਲੀ ਤਿਉਹਾਰ ਨੂੰ ਨਵਾਂ ਕ੍ਰਾਂਤੀਕਾਰੀ ਰੂਪ ਦੇਕੇ ਹੋਲੇ ਮਹੱਲੇ ਦੀ ਪੰਥਕ ਰਵਾਇਤ ਸ਼ੁਰੂ ਕੀਤੀ ਸੀ, ਦੇ ਦ੍ਰਿਸ਼ਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਉਪਰੰਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ, ਤਰਨਾ ਦਲ ਹਰੀਆਂ ਵੇਲਾ ਵੱਲੋਂ ਜਥੇਦਾਰ ਬਾਬਾ ਨਿਹਾਲ ਸਿੰਘ ਨੇ ਹੋਲੇ ਮਹੱਲੇ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਸਮ ਪਾਤਸ਼ਾਹ ਜੀ ਵੱਲੋਂ ਚਲਾਈ ਸਿੱਖ ਪੰਥ ਦੇ ਨਿਆਰੇਪਣ ਦੀ ਹੋਲੇ ਮਹੱਲੇ ਦੀ ਰਵਾਇਤ ਨੂੰ ਨਿਹੰਗ ਸਿੰਘ ਫੌਜਾਂ ਪੁਰਾਤਨ ਤੌਰ ਤਰੀਕਿਆਂ ਅਨੁਸਾਰ ਮਨਾਉਣ ਲਈ ਵੱਡੇ ਉਪਰਾਲੇ ਕਰ ਰਹੀਆਂ ਹਨ । ਉਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਾਵਨ ਅਤੇ ਪਵਿੱਤਰ ਮੌਕੇ ‘ਤੇ ਗੁਰਬਾਣੀ ਅਤੇ ਬਾਣੇ ਨਾਲ ਜੁੜਣ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਸਮਾਜ ਵਿੱਚੋਂ ਜਾਤਪਾਤ, ਭਰੂਣ ਹੱਤਿਆ, ਦਾਜ ਦਹੇਜ, ਨਸ਼ਿਆਂ ਆਦਿ ਬੁਰਾਈਆਂ ਨੂੰ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਪੂਰਣ ਸਹਿਯੋਗ ਦੇਈਏ। ਇਸ ਮੌਕੇ ਉਕਤ ਤੋਂ ਇਲਾਵਾ ਜਥੇੇਦਾਰ ਬਾਬਾ ਜੱਸਾ ਸਿੰਘ ਸਾਬੋ ਕੀ ਤਲਵੰਡੀ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਸਰਵਣ ਸਿੰਘ ਮਝੈਲ, ਦਿਲਜੀਤ ਸਿੰਘ ਬੇਦੀ ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਜਥੇਦਾਰ ਬਾਬਾ ਪਿਆਰਾ ਸਿੰਘ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਮਾਨ ਸਿੰਘ, ਗੁਰਬਖਸ਼ ਸਿੰਘ ਤਰਨਾ ਦਲ ਯੂ.ਪੀ., ਬਾਬਾ ਤਾਰਾ ਸਿੰਘ ਝਾੜ ਸਾਹਿਬ, ਬਾਬਾ ਗੁਰਪਿੰਦਰ ਸਿੰਘ ਸਤਲਾਨੀ ਸਾਹਿਬ, ਗਿਆਨੀ ਪ੍ਰਤਾਪ ਸਿੰਘ ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਹਜੂਰ ਸਾਹਿਬ, ਭਾਈ ਵਿਸ਼ਵ ਪ੍ਰਤਾਪ ਸਿੰਘ, ਭਾਈ ਮਲੂਕ ਸਿੰਘ, ਭਾਈ ਭਗਤ ਸਿੰਘ ਮਿੱਠਾਸਰ, ਭਾਈ ਬਲਦੇਵ ਸਿੰਘ ਟੋਡੀਵਿੰਡ, ਭਾਈ ਰਣਜੋਧ ਸਿੰਘ, ਭਾਈ ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *

%d bloggers like this: