ਹਿੰਮਤ ਸਿੰਘ ਸ਼ੇਰਗਿੱਲ ਮੁਹਾਲੀ ਦੀ ਬਜਾਏ ਮਜੀਠਾ ਤੋਂ ਲੜ ਸਕਦੇ ਨੇ ਚੋਣ

ss1

ਹਿੰਮਤ ਸਿੰਘ ਸ਼ੇਰਗਿੱਲ ਮੁਹਾਲੀ ਦੀ ਬਜਾਏ ਮਜੀਠਾ ਤੋਂ ਲੜ ਸਕਦੇ ਨੇ ਚੋਣ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਤੇਜ਼-ਤਰਾਰ ਅਤੇ ਪਾਵਰਫੁੱਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਆਖਿਰਕਾਰ ਆਮ ਆਦਮੀ ਪਾਰਟੀ ਦੇ ਨੇਤਾ ਹਿੰਮਤ ਸਿੰਘ ਸ਼ੇਰਗਿੱਲ ਨੇ ‘ਹਿੰਮਤ’ ਦਿਖਾ ਦਿੱਤੀ ਹੈ। ਆਮ ਆਦਮੀ ਪਾਰਟੀ ਹਾਲਾਂਕਿ ਮਜੀਠਾ ਹਲਕੇ ਤੋਂ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਮੈਦਾਨ ‘ਚ ਉਤਾਰਨਾ ਚਾਹੁੰਦੀ ਸੀ ਪਰ ਘੁੱਗੀ ਵੱਲੋਂ ਰੁਚੀ ਨਾ ਦਿਖਾਉਣ ਕਾਰਨ ਪਾਰਟੀ ਨੂੰ ਆਪਣਾ ਫੈਸਲਾ ਬਦਲਣਾ ਪਿਆ। ਕੇਜਰੀਵਾਲ ਦੀ ਮਜੀਠਾ ‘ਚ ਰੈਲੀ ਦੇ ਦਿਨ ਹੀ ਇਸ ਦਾ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।
‘ਆਪ’ ਦੇ ਉੱਚ ਪੱਧਰੀ ਸੂਤਰਾਂ ਵੱਲੋਂ ਇਸ ਸੂਚਨਾ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਹਾਲੇ ਇਸ ਗੱਲ ‘ਤੇ ਫੈਸਲਾ ਨਹੀਂ ਹੋ ਪਾਇਆ ਹੈ ਕਿ ਹਿੰਮਤ ਸਿੰਘ ਸ਼ੇਰਗਿੱਲ ਮੋਹਾਲੀ ‘ਚ ਵੀ ਨਾਲ ਹੀ ਚੋਣ ਲੜਨਗੇ ਜਾਂ ਫਿਰ ਸਿਰਫ ਮਜੀਠਾ ਸੀਟ ਤੋਂ ਹੀ। ਜ਼ਿਕਰਯੋਗ ਹੈ ਕਿ ਹਿੰਮਤ ਸਿੰਘ ਸ਼ੇਰਗਿੱਲ ਨੂੰ ਆਪ ਵੱਲੋਂ ਮੋਹਾਲੀ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਸੀ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ।
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਅਰਵਿੰਦ ਕੇਜਰੀਵਾਲ ਤੇ ਲੀਡਰਸ਼ਿਪ ਦਾ ਵਿਚਾਰ ਸੀ ਕਿ ਮਜੀਠਾ ‘ਚ ਬਿਕਰਮ ਸਿੰਘ ਮਜੀਠੀਆ ਵਰਗੇ ਨੇਤਾ ਖਿਲਾਫ ਪ੍ਰਦੇਸ਼ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵਰਗਾ ਨੇਤਾ ਚੋਣ ਮੈਦਾਨ ‘ਚ ਉਤਰੇ ਪਰ ਘੁੱਗੀ ਦੇ ਬਟਾਲਾ ਜਾਂ ਜਲੰਧਰ ‘ਤੇ ਅਟਕੇ ਹੋਣ ਕਾਰਨ ਗੱਲ ਨਹੀਂ ਬਣ ਸਕੀ। ਹਾਲਾਂਕਿ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਖਿਲਾਫ ਲੜਨ ਦਾ ਹਵਾਲਾ ਵੀ ਦਿੱਤਾ ਗਿਆ ਪਰ ਇਸ ਦਲੀਲ ਦੀ ਕਾਟ ‘ਚ ਕਿਹਾ ਗਿਆ ਕਿ ਭਗਵੰਤ ਮਾਨ ਜੇਕਰ ਹਾਰ ਵੀ ਜਾਂਦੇ ਹਨ ਤਾਂ ਉਨ੍ਹਾਂ ਦੇ ਸਿਆਸੀ ਕਰੀਅਰ ‘ਤੇ ਕੋਈ ਅਸਰ ਨਹੀਂ ਪਵੇਗਾ, ਜਦੋਂਕਿ ਘੁੱਗੀ ਨਾਲ ਅਜਿਹੀ ਸਥਿਤੀ ਨਹੀਂ ਹੈ।
ਅਰਵਿੰਦ ਕੇਜਰੀਵਾਲ ਦੇ ਮੌਜੂਦਾ ਪੰਜਾਬ ਦੌਰੇ ਦੀ ਆਖਰੀ ਰੈਲੀ ਮਜੀਠਾ ਹਲਕੇ ‘ਚ ਰੱਖਣ ਦਾ ਮਕਸਦ ਹੀ ਇਸ ਵੱਡੇ ਐਲਾਨ ਨੂੰ ਲੈ ਕੇ ਸੀ ਪਰ ਉਮੀਦਵਾਰ ਫਾਈਨਲ ਨਾ ਹੋਣ ਕਾਰਨ ਰੈਲੀ ਦਾ ਮਕਸਦ ਖਤਮ ਹੋ ਜਾਣਾ ਸੀ। ਇਸ ਤੋਂ ਬਾਅਦ ਪੰਜਾਬ ਮਾਮਲਿਆਂ ਨੂੰ ਵੇਖਣ ਵਾਲੀ ਪੂਰੀ ਟੀਮ ਵੱਲੋਂ ਮੰਥਨ ਕਰਨ ਮਗਰੋਂ ਹਿੰਮਤ ਸਿੰਘ ਸ਼ੇਰਗਿੱਲ ‘ਤੇ ਸਹਿਮਤੀ ਬਣਾ ਲਈ ਗਈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਸ਼ੇਰਗਿੱਲ ਨਾਲ ਵੀ ਗੱਲ ਕਰ ਕੇ ਉਨ੍ਹਾਂ ਦੀ ਸਹਿਮਤੀ ਲਈ ਜਾ ਚੁੱਕੀ ਹੈ।

Share Button

Leave a Reply

Your email address will not be published. Required fields are marked *