Sat. Apr 4th, 2020

ਹਿੰਮਤੀ ਖੁਸ਼ਮੀਤ: ਕਰੋਨਾ ਵਾਇਰਸ ਤੋਂ ਜਾਗਰੂਕ ਕਰਦੀ ਬਾਲ ਕਹਾਣੀ

ਹਿੰਮਤੀ ਖੁਸ਼ਮੀਤ: ਕਰੋਨਾ ਵਾਇਰਸ ਤੋਂ ਜਾਗਰੂਕ ਕਰਦੀ ਬਾਲ ਕਹਾਣੀ

ਖੁਸ਼ਮੀਤ ਕੌਰ ਬਾਰਵੀਂ ਜਮਾਤ ਵਿੱਚ ਮੈਡੀਕਲ ਗਰੁੱਪ ਦੀ ਵਿਦਿਆਰਥਣ ਹੁੰਦੀ ਹੈ। ਖੁਸ਼ਮੀਤ ਬੜੀ ਹੀ ਹੱਸਮੁੱਖ ਸੁਭਾਅ ਵਾਲੀ ਕੁੜੀ ਹੁੰਦੀ ਹੈ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਹਰ ਜਮਾਤ ਵਿੱਚੋਂ ਫ਼ਸਟ ਆਉਂਦੀ ਰਹੀ। ਉਸਦਾ ਸੁਪਨਾ ਹੁੰਦਾ ਹੈ ਕਿ ਉਹ ਡਾਕਟਰ ਬਣਕੇ ਲੋੜਵੰਦਾਂ ਦਾ ਇਲਾਜ ਕਰੇ। ਉਸਦੇ ਮਾਤਾ-ਪਿਤਾ ਦੋਵੇਂ ਹੀ ਉਸੇ ਸਕੂਲ ਵਿੱਚ ਗਣਿਤ ਦੇ ਟੀਚਰ ਹੁੰਦੇ ਹਨ। ਖੁਸ਼ਮੀਤ ਨੂੰ ਉਸਦੇ ਮਾਪਿਆਂ ਦੇ ਨਾਲ-ਨਾਲ ਸਾਰੇ ਹੀ ਟੀਚਰ ਉਸਦੇ ਨੇਕ ਚਾਲ ਚੱਲਣ ਅਤੇ ਪਰਉਪਕਾਰੀ ਵਤੀਰੇ ਕਰਕੇ ਬਹੁਤ ਪਿਆਰ ਕਰਦੇ। ਖੁਸ਼ਮੀਤ ਵੀ ਆਪਣੇ ਟੀਚਰਾਂ ਦਾ ਕਹਿਣਾ ਮੰਨਦੀ ਅਤੇ ਆਪਣੇ ਜਮਾਤੀਆਂ ਦੀ ਵੀ ਪੜ੍ਹਾਈ ਵਿੱਚ ਮਦਦ ਕਰਦੀ ਰਹਿੰਦੀ ਹੈ। ਪੱਕੇ ਪੇਪਰ ਨੇੜੇ ਹੋਣ ਕਰਕੇ ਖੁਸ਼ਮੀਤ ਬੜੀ ਉਤਸੁਕ ਹੁੰਦੀ ਹੈ, ਕਿਉਂਕਿ ਉਸਨੇ ਸਭ ਵਿਸ਼ਿਆਂ ਦੀ ਤਿਆਰੀ ਚੰਗੀ ਤਰ੍ਹਾਂ ਨਾਲ ਕਰ ਲਈ ਹੈ। ਸਭ ਵਿਸ਼ਿਆਂ ਦੇ ਅਧਿਆਪਕ ਵੀ ਆਪਣੇ ਵਿਸ਼ਿਆਂ ਦੀ ਦੁਹਰਾਈ ਕਰਵਾਉਂਦੇ ਹਨ।

ਪਿਛਲੇ ਕੁਝ ਦਿਨਾਂ ਤੋਂ ਪੂਰੇ ਪਿੰਡ ਅੰਦਰ ਲੋਕ ਇੱਕ ਨਵੀਂ ਬਿਮਾਰੀ ਦੇ ਫੈਲਣ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਇਹ ਗੱਲਾਂ ਸੁਣਕੇ ਕੁਝ ਲੋਕ ਤਾਂ ਬਹੁਤ ਡਰ ਜਾਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਡਰਨ ਦੀ ਲੋੜ ਨਹੀਂ, ਕੁਝ ਨਹੀਂ ਹੁੰਦਾ। ਚਲੋਂ ਆਪਾਂ ਅਨੰਦਪੁਰ ਸਾਹਿਬ ਵਾਲੇ ਮੇਲੇ ਚੱਲੀਏ। ਖੁਸ਼ਮੀਤ ਦਾ ਵੀ ਮੇਲੇ ਜਾਣ ਲਈ ਬੜਾ ਜੀਅ ਕਰਦਾ ਹੈ। ਉਹ ਘਰ ਆ ਕੇ ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰਦੀ ਹੈ। ਉਸਦੇ ਪਿਤਾ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਧੀਏ! ਇੱਕ ਨਵੀਂ ਬਿਮਾਰੀ ਕਰੋਨਾ ਨੇ ਚੀਨ ਵਿੱਚ ਬਹੁਤ ਕਹਿਰ ਢਾਇਆ ਹੈ। ਉਹਨਾਂ ਦੀਆਂ ਜੀਵ ਜੰਤੂ ਖਾਣ ਦੀਆਂ ਗਲਤ ਆਦਤਾਂ ਕਰਕੇ ਇਹ ਵਾਇਰਸ ਫੈਲਿਆ ਹੈ। ਸਫਾਈ ਹੀ ਇਸਦਾ ਇੱਕੋ ਇੱਕ ਇਲਾਜ ਹੈ। ਹੱਥ ਮਿਲਾਉਣ ਨਾਲੋਂ ਨਮਸਤੇ ਕਰੋ ਅਤੇ ਸਾਬਣ ਨਾਲ ਹੱਥ ਧੋਵੋ। ਰਹੀ ਗੱਲ ਮੇਲਾ ਦੇਖਣ ਦੀ, ਆਪਾਂ ਇਸ ਵਾਰ ਨਹੀਂ ਜਾਣਾ। ਮੈਂ ਸੁਣਿਆ ਹੈ ਕਿ ਭੀੜ ਭੜੱਕੇ ਵਾਲੀਆਂ ਥਾਵਾਂ ਉੱਤੇ ਇਹ ਬਿਮਾਰੀ ਆਸਾਨੀ ਨਾਲ ਫੈਲਦੀ ਹੈ। ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਤੂੰ ਘਰੇ ਰਹਿ ਕੇ ਪੇਪਰਾਂ ਦੀ ਤਿਆਰੀ ਕਰ ਧੀਏ। ਅਗਲੀ ਵਾਰ ਦੇਖਾਂਗੇ। ਖੁਸ਼ਮੀਤ ਬੜੇ ਧਿਆਨ ਨਾਲ ਗੱਲਾਂ ਸੁਣਦੀ ਹੈ ਅਤੇ ਪਿਤਾ ਜਾ ਦੀ ਗੱਲ ਮੰਨ ਲੈਂਦੀ ਹੈ।

ਅਗਲੇ ਦਿਨ ਸਕੂਲ ਵਿੱਚ ਖੁਸ਼ਮੀਤ ਆਪਣੀਆਂ ਸਹੇਲੀਆਂ ਨੂੰ ਵੀ ਕਰੋਨਾ ਬਾਰੇ ਦੱਸਦੀ ਹੈ ਅਤੇ ਸਫਾਈ ਰੱਖਣ ਲਈ ਪ੍ਰੇਰਦੀ ਹੈ। ਪ੍ਰਾਥਨਾ ਸਭਾ ਦੌਰਾਨ ਵੀ ਸਭ ਵਿਦਿਆਰਥੀਆਂ ਨੂੰ ਕਰੋਨਾ ਵਾਇਰਸ ਤੋਂ ਬੱਚਣ ਬਾਰੇ ਦੱਸਿਆ ਜਾਂਦਾ ਹੈ। ਪੰਜਵੇਂ ਪੀਰਡ ਦੌਰਾਨ ਬਾਇਓਲੋਜ਼ੀ ਦੇ ਮਾਸਟਰ ਸੁਭਾਸ਼ ਜੀ ਬੱਚਿਆਂ ਨੂੰ ਦੱਸਦੇ ਹਨ ਕਿ ਵਿਦਿਆਰਥੀਓ! ਜੇਕਰ ਅਸੀਂ ਆਪਣੇ ਸਰੀਰ ਦੇ ਅੰਗਾਂ ਦੀ ਸਫਾਈ ਨਹੀਂ ਰੱਖਾਂਗੇ ਅਤੇ ਆਪਣੇ ਮਿਲਣ ਦੇ ਤਰੀਕੇ ਅਤੇ ਆਦਤਾਂ ਵਿੱਚ ਬਦਲਾਵ ਕਰਕੇ ਪ੍ਰਹੇਜ਼ ਨਹੀਂ ਕਰਾਂਗੇ ਤਾਂ ਇਹ ਕਰੋਨਾ ਵਾਇਰਸ, ਜੋ ਗਵਾਂਢੀ ਮੁਲਕ ਚੀਨ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਦੇ ਨਾਲ-ਨਾਲ ਸਾਡੇ ਦੇਸ ਅੰਦਰ ਵੀ ਫੈਲ ਚੁੱਕਾ ਹੈ। ਚੀਨ ਦੇ ਨਾਲ ਨਾਲ ਇਰਾਨ, ਇਟਲੀ ਸਣੇ ਕੁਝ ਹੋਰ ਮੁਲਕਾਂ ਵਿੱਚ ਕਰੋਨਾ ਵਾਇਰਸ ਫੈਲਣ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਨਜਿੱਠਣ ਲਈ ਤੁਸੀਂ ਵਿਦਿਆਰਥੀ ਹੀ ਆਪਣੇ ਮਾਪਿਆਂ ਨੂੰ ਜਾਗਰੂਕ ਕਰ ਸਕਦੇ ਹੋ। ਜੇਕਰ ਕੋਈ ਵਿਅਕਤੀ ਚੀਨ ਜਾਂ ਵਿਦੇਸ਼ ਤੋਂ ਆਇਆ ਹੋਵੇ ਤਾਂ ਉਸ ਨਾਲ ਹਫਤਾ ਭਰ ਨਾ ਮਿਲੋ, ਹੋ ਸਕਦਾ ਹੈ ਉਹ ਕਰੋਨਾ ਪੀੜਤ ਹੋਵੇ। ਉਸਦੀ ਡਾਕਟਰੀ ਜਾਂਚ ਕਰਵਾਈ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਸੁੱਕੀ ਖੰਘ, ਤੇਜ਼ ਬੁਖਾਰ 104° ਤੱਕ ਅਤੇ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਉਹ ਕਰੋਨਾ ਵਾਇਰਸ ਦਾ ਸ਼ਿਕਾਰ ਹੈ।

ਪਰ ਜੇਕਰ ਸਿਰਫ ਖੰਘ ਜਾਂ ਸਿਰਫ ਬੁਖਾਰ ਹੀ ਤਾਂ ਡਰਨ ਦੀ ਲੋੜ ਨਹੀਂ, ਬਸ ਡਾਕਟਰ ਕੋਲੋਂ ਦਵਾਈ ਲਵੋ। ਕਰੋਨਾ ਦੇ ਇਲਾਜ ਲਈ ਦਵਾਈ ਬਣ ਰਹੀ ਹੈ, ਜਿਸਨੂੰ ਅਮਰੀਕਾ ਵਿੱਚ ਚੈੱਕ ਕੀਤਾ ਜਾ ਰਿਹਾ ਹੈ। ਜਦੋਂ ਤੱਕ ਇਸਦੀ ਰੋਕਥਾਮ ਲਈ ਅਸਰ ਦਾਇਕ ਦਵਾਈ ਨਹੀਂ ਬਣ ਜਾਂਦੀ, ਤਦ ਤੱਕ ਪ੍ਰਹੇਜ਼ ਰੱਖੋ। ਕਿਸੇ ਨੂੰ ਹੱਥ ਨਾ ਮਿਲਾਓ, ਨਾ ਹੀ ਗਲੇ ਮਿਲੋ। ਆਉਣ ਜਾਣ ਵੇਲੇ ਮੂੰਹ ‘ਤੇ ਰੁਮਾਲ ਜਾਂ ਮਾਸਕ ਬੰਨੋ। ਜੇਕਰ ਨਿੱਛਾਂ ਆਉਣ ਤਾਂ ਕੂਹਣੀ ਨਾਲ ਮੂੰਹ ਨੱਕ ਢੱਕ ਲਵੋ। ਕਰੰਸੀ ਨੋਟਾਂ ਦੀ ਵਰਤੋਂ ਅਤੇ ਜਨਤਕ ਥਾਵਾਂ ‘ਤੇ ਆਉਣਾ ਜਾਣਾ ਬਹੁਤ ਘੱਟ ਕਰੋ। ਭੀੜ ਭੜੱਕੇ ਵਾਲੀਆਂ ਥਾਵਾਂ, ਮੇਲਿਆਂ, ਸਮਾਗਮਾਂ ਆਦਿ ‘ਤੇ ਨਾ ਜਾਓ। ਸਭ ਤੋਂ ਚੰਗਾ ਹੈ ਕਿ ਤੁਸੀਂ ਕੁਝ ਦਿਨ ਘਰ ਹੀ ਰਹੋ ਕਿਉਂਕਿ ਕਰੋਨਾ ਦਾ ਕੀਟਾਣੂ ਕੋਵਿਡ-19 ਕਿਸੇ ਧਾਤੂ ਜਾਂ ਥਾਂ ਉੱਤੇ ਵੱਧ ਤੋਂ ਵੱਧ 12 ਘੰਟੇ ਤੱਕ ਹੀ ਜਿਊਂਦਾ ਰਹਿੰਦਾ ਹੈ। ਇਹ ਹਵਾ ਰਾਹੀਂ ਨਹੀਂ ਫੈਲਦਾ, ਸਗੋਂ ਸਾਡੇ ਇੱਕ ਦੂਜੇ ਨਾਲ ਮਿਲਣ ਗਿਲਣ ਨਾਲ ਹੀ ਇੱਕ ਤੋਂ ਦੂਜੇ ਤੱਕ ਪੁੱਜ ਜਾਂਦਾ ਹੈ। ਅੱਖਾਂ ਅਤੇ ਮੂੰਹ ਨੂੰ ਹੱਥ ਨਾ ਲਗਾਓ, ਸਗੋਂ ਮੂੰਹ ‘ਤੇ ਰੁਮਾਲ ਜਾਂ ਮਾਸਕ ਲਗਾਓ। ਸਾਬਣ ਨਾਲ ਹੱਥ ਧੋਂਦੇ ਰਹੋ। ਇਸ ਲਈ ਪ੍ਰਹੇਜ਼ ਰੱਖਣਾ ਬੜਾ ਜ਼ਰੂਰੀ ਹੈ। ਬੱਚਿਓ! ਹੁਣ ਵੇਲਾ ਘਬਰਾਉਣ ਦਾ ਨਹੀਂ, ਸਗੋਂ ਡਟ ਕੇ ਇਸਦਾ ਮੁਕਾਬਲਾ ਕਰਨ ਦਾ ਹੈ। ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ। ਪੌਦੇ ਲਗਾਓ ਅਤੇ ਰੁੱਖਾਂ ਦੀ ਸਾਂਭ ਸੰਭਾਲ ਕਰੋ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਹੀ ਖਾਓ। ਬਜ਼ਾਰ ਵਿੱਚ ਕੋਈ ਚੀਜ਼ ਨਾ ਖਾਓ, ਘਰ ਦਾ ਬਣਿਆ ਹੀ ਭੋਜਨ ਖਾਓ। ਬੱਚਿਓ! ਇਹ ਜਾਣਕਾਰੀ ਸਭ ਤੱਕ ਪੁੱਜਦੀ ਕਰੋ। ਕੁਝ ਲੋਕ ਇਸਨੂੰ ਮਜ਼ਾਕ ਵਿੱਚ ਲੈ ਰਹੇ ਹਨ, ਗਲਤ ਅਫਵਾਹਾਂ ਫੈਲਾ ਰਹੇ ਹਨ। ਪਰ ਤੁਸੀਂ ਸਹੀ ਜਾਣਕਾਰੀ ਸਭ ਨਾਲ ਸਾਂਝੀ ਕਰਕੇ ਮਾਨਵਤਾ ਦਾ ਭਲਾ ਕਰ ਸਕਦੇ ਹੋ। ਮਾਸਟਰ ਜੀ ਦੇ ਇੰਨਾ ਕਹਿਣ ਬਾਅਦ ਪੀਰਡ ਦੀ ਘੰਟੀ ਵੱਜ ਜਾਂਦੀ ਹੈ।

ਸ਼ਾਮ ਨੂੰ ਖੁਸ਼ਮੀਤ ਆਪਣੀਆਂ ਸਹੇਲੀਆਂ ਨੂੰ ਮਾਸਟਰ ਜੀ ਦੀਆਂ ਗੱਲਾਂ ਦੱਸਦੀ ਹੈ। ਉਹ ਆਪਣੀਆਂ ਸਹੇਲੀਆਂ ਨਾਲ ਸਫਾਈ ਟੀਮ ਬਣਾ ਕੇ ਆਪਣੇ ਮੁਹੱਲੇ ਵਾਲੀ ਗਲੀ ਅਤੇ ਨਾਲੀਆਂ ਦੀ ਸਫਾਈ ਕਰਦੀ ਹੈ। ਲੋਕਾਂ ਨੂੰ ਖੁਸ਼ਮੀਤ ਅਤੇ ਉਸਦੀਆਂ ਸਹੇਲੀਆਂ ਕਰੋਨਾ ਵਾਇਰਸ ਤੋਂ ਪ੍ਰਹੇਜ਼ ਕਿਵੇਂ ਰੱਖਣਾ ਹੈ, ਬਾਰੇ ਦੱਸਦੀਆਂ ਹਨ। ਕੁਝ ਲੋਕ ਖੁਸ਼ਮੀਤ ਦੀ ਹਿੰਮਤ ਅਤੇ ਸਿਆਣਪ ਕਰਕੇ ਉਸਦੇ ਮਾਪਿਆਂ ਨੂੰ ਵਧਾਈ ਦਿੰਦੇ ਹਨ। ਉਸਦੀ ਸਫਾਈ ਟੀਮ ਦੀ ਪ੍ਰਸ਼ੰਸਾ ਕਰਦੇ ਹਨ। ਪਰ ਕੁਝ ਲੋਕ ਉਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਚਾਚੀ ਤਾਰੋ ਵੀ ਹੱਸਦੀ ਹੋਈ ਕਹਿੰਦੀ ਹੈ ਕਿ ਕੁੜੀਓ! ਸਫਾਈ ਰੱਖਣੀ ਜ਼ਰੂਰੀ ਹੈ, ਪਰ ਜਿਸਨੂੰ ਬਿਮਾਰੀ ਹੋਵੇ ਤਾਂ ਇਲਾਜ ਨਾਲ ਹੀ ਫਰਕ ਪੈਣਾ, ਨਾਲੇ ਆਪਣੇ ਕਿਹੜਾ ਆਹ ਭੈੜੀ ਬਿਮਾਰੀ ਕਿਸੇ ਨੂੰ ਹੈਗੀ? ਚਲੋ ਕਰੀ ਚੱਲੋਂ ਸਫਾਈਆਂ, ਤੁਸੀਂ ਤਾਂ ਵਿਹਲੀਆਂ ਹੋ। ਇੰਨਾ ਕਹਿ ਕੇ ਚਾਚੀ ਤਾਰੋ ਪਾਥੀਆਂ ਪੱਥਣ ਲੱਗ ਪੈਂਦੀ ਹੈ।

ਅਗਲੇ ਦਿਨ ਖੁਸ਼ਮੀਤ ਦੇ ਹੋਰ ਜਮਾਤੀ ਵੀ ਸਫਾਈ ਕਾਰਜਾਂ ਵਿੱਚ ਜੁੱਟ ਜਾਂਦੇ ਹਨ। ਗਵਾਂਢੀ ਪਿੰਡਾਂ ਵਿੱਚ ਵੀ ਇਹ ਸਫਾਈ ਕਾਰਜ ਸ਼ੁਰੂ ਹੋ ਜਾਂਦੇ ਹਨ। ਜਿੱਥੇ ਖੁਸ਼ਮੀਤ ਆਪਣੀਆਂ ਸਹੇਲੀਆਂ ਨਾਲ ਹਰ ਘਰ ਵਿੱਚ ਜਾ ਕੇ ਕਰੋਨਾ ਵਾਇਰਸ ਤੋਂ ਬੱਚਣ ਲਈ ਪ੍ਰਹੇਜ਼ ਰੱਖਣ ਵਾਲੀਆਂ ਗੱਲਾਂ ਦੱਸਦੀ ਹੈ। ਖੁਸ਼ਮੀਤ ਦੇ ਇਸ ਹਿੰਮਤ ਭਰੇ ਕੰਮ ਲਈ ਉਸਦੇ ਮਾਪੇ ਸ਼ਾਬਾਸ਼ ਦਿੰਦੇ ਹਨ। ਫਿਰ ਮਾਤਾ ਜੀ ਸਭ ਲਈ ਘਰ ਵਿੱਚ ਪਕੌੜੇ ਬਣਾਉਂਦੇ ਹਨ। ਖੁਸ਼ਮੀਤ ਅਤੇ ਉਸਦੀਆਂ ਸਹੇਲੀਆਂ ਪਕੌੜੇ ਖਾ ਕੇ ਬੜਾ ਖੁਸ਼ ਹੁੰਦੀਆਂ ਹਨ।

ਹੋਲੀ -ਹੋਲੀ ਸਭ ਲੋਕ ਸਫਾਈ ਰੱਖਣ ਲੱਗ ਪੈਂਦੇ ਹਨ। ਚਾਰ ਦਿਨਾਂ ਵਿੱਚ ਹੀ ਸਾਰੇ ਪਿੰਡ ਸਾਫ-ਸੁੱਥਰੇ ਅਤੇ ਸੋਹਣੇ ਲੱਗਣ ਲੱਗ ਪੈਂਦੇ ਹਨ। ਲੋਕ ਵੀ ਇੱਕ ਦੂਜੇ ਨੂੰ ਮਿਲਣ ਲੱਗੇ ਹੱਥ ਮਿਲਾਉਣ ਨਾਲੋਂ ਫਤਹਿ ਬੁਲਾਉਂਦੇ ਹਨ। ਨਿੱਛਾਂ ਆਉਣ ਵੇਲੇ ਮੂੰਹ ‘ਤੇ ਰੁਮਾਲ ਜਾਂ ਮਾਸਕ ਬੰਨਦੇ ਹਨ।

ਇਸੇ ਦੌਰਾਨ ਸਕੂਲ ਦਾ ਸਲਾਨਾ ਸਮਾਰੋਹ ਵੀ ਨੇੜੇ ਆ ਜਾਂਦਾ ਹੈ। ਸਭ ਵਿਦਿਆਰਥੀਆਂ ਸੰਗ ਖੁਸ਼ਮੀਤ ਵੀ ਬੜੀ ਖੁਸ਼ ਹੁੰਦੀ ਹੈ ਕਿਉਂਕਿ ਉਸਨੇ ਸਮਾਰੋਹ ਵਿੱਚ ਸ਼ਬਦ ਗਾਇਨ ਕਰਨਾ ਅਤੇ ਸਵਾਗਤੀ ਭਾਸ਼ਣ ਦੇਣਾ ਹੈ। ਸਭ ਵਿਦਿਆਰਥੀਆਂ ਵਿੱਚ ਸਲਾਨਾ ਸਮਾਰੋਹ ਬਾਰੇ ਬੜਾ ਚਾਅ ਹੁੰਦਾ ਹੈ। ਮਾਸਟਰ ਸੁਭਾਸ਼ ਜੀ ਖੁਸ਼ਮੀਤ ਅਤੇ ਸਹੇਲੀਆਂ ਨੂੰ ਸ਼ਾਬਾਸ਼ ਦਿੰਦਿਆਂ ਕਹਿੰਦੇ ਹਨ ਕਿ ਧੀਓ! ਤੁਸੀਂ ਸੱਚੀ, ਸਹੀ ਜਾਣਕਾਰੀ ਸਾਂਝੀ ਕਰਕੇ ਅਤੇ ਸਫਾਈ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਕੇ ਇਸ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਲਿਆ ਹੈ। ਪਰ ਇਹ ਬਿਮਾਰੀ ਖਤਮ ਨਹੀਂ ਹੋਈ। ਤੁਸੀਂ ਸਭ ਨੇ ਇਹ ਪ੍ਰਹੇਜ਼ ਵਾਲੀ ਮੁਹਿੰਮ ਜਾਰੀ ਰੱਖਣੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਹੈ। ਇੰਨੇ ਨੂੰ ਅੱਧੀ ਛੁੱਟੀ ਹੋ ਜਾਂਦੀ ਹੈ। ਪ੍ਰਾਥਨਾ ਸਭਾ ਵਾਲੀ ਥਾਂ ‘ਤੇ ਸਭ ਟੀਚਰ ਅਤੇ ਵਿਦਿਆਰਥੀ ਇਕੱਠੇ ਹੋ ਜਾਂਦੇ ਹਨ। ਸਭ ਸੋਚਦੇ ਹਨ ਕਿ ਇੰਝ ਇਕੱਠੇ ਕਰਨ ਦਾ ਕੀ ਕਾਰਨ ਹੈ? ਇੰਨੇ ਨੂੰ ਸਕੂਲ ਦੇ ਪ੍ਰਿੰਸੀਪਲ ਜੀ ਕਹਿੰਦੇ ਹਨ ਕਿ ਪਿਆਰੇ ਵਿਦਿਆਰਥੀਓ! ਇਸ ਸਾਲ ਸਲਾਨਾ ਸਮਾਰੋਹ ਨਹੀਂ ਹੋਵੇਗਾ ਅਤੇ ਸਕੂਲ 31 ਮਾਰਚ ਤੱਕ ਬੰਦ ਰਹੇਗਾ। ਇਹ ਸਭ ਸੁਣ ਕੇ ਸਾਰੇ ਵਿਦਿਆਰਥੀਆਂ ਦੇ ਚਿਹਰੇ ਉਤਰ ਜਾਂਦੇ ਨੇ। ਸਭ ਸੋਚਦੇ ਨੇ ਕਿ ਅਜਿਹਾ ਕੀ ਹੋ ਗਿਆ? ਫਿਰ ਪ੍ਰਿੰਸੀਪਲ ਜੀ ਕਹਿੰਦੇ ਹਨ ਕਿ ਬੱਚਿਓ! ਦਸਵੀਂ, ਬਾਰਵੀਂ ਦੇ ਪੇਪਰ ਵੀ ਨਵੀਂ ਡੇਟਸ਼ੀਟ ਅਨੁਸਾਰ ਅਪ੍ਰੈਲ ਵਿੱਚ ਹੋਣਗੇ। ਇਹ ਸਭ ਕਦਮ ਨਵੀਂ ਬਿਮਾਰੀ ਕਰੋਨਾ ਵਾਇਰਸ ਤੋਂ ਬੱਚਣ ਲਈ ਚੁੱਕੇ ਹਨ। ਹੁਣ ਤੁਹਾਨੂੰ ਅਤੇ ਸਟਾਫ ਨੂੰ ਛੁੱਟੀਆਂ ਹਨ। ਸਭ ਵਿਦਿਆਰਥੀ ਆਪਣੇ ਘਰਾਂ ਅੰਦਰ ਰਹਿ ਕੇ ਪੇਪਰਾਂ ਦੀ ਤਿਆਰੀ ਕਰਦੇ ਰਹਿਣ। ਸਾਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਰੱਖਣਾ ਬੜਾ ਜ਼ਰੂਰੀ ਹੈ। ਫਿਰ ਸਾਰੀ ਛੁੱਟੀ ਹੋਣ ਦੀ ਘੰਟੀ ਵੱਜ ਜਾਂਦੀ ਹੈ।

ਸ਼ਾਮ ਨੂੰ ਖੁਸ਼ਮੀਤ ਆਪਣੇ ਘਰ ਦੇ ਵਿਹੜੇ ਵਿੱਚ ਸਹੇਲੀਆਂ ਨਾਲ ਅੱਡਾ-ਖੱਡਾ ਖੇਡ ਖੇਡਦੀ ਹੈ। ਉਸਦੀ ਮਾਤਾ ਜੀ ਨੂੰ ਮਿਲਣ ਗਵਾਂਢਣ ਚਾਚੀ ਤਾਰੋ ਆ ਜਾਂਦੀ ਹੈ। ਚਾਚੀ ਤਾਰੋ ਕਹਿੰਦੀ ਕਿ ਭੈਣੇ! ਕੱਲ੍ਹ ਹੀ ਤੇਰਾ ਦਿਉਰ ਬੀਰਾ ਵਲੈਤੀਆ ਆਇਆ। ਉਹਦਾ ਤਾਂ ਖੰਘ ਨਾਲ ਬੁਰਾ ਹਾਲ ਆ, ਸਾਰੇ ਕਹਿੰਦੇ ਕਿ ਉਹਨੂੰ ਕਰੋਨਾ ਹੋਇਆ। ਅਸੀਂ ਤਾਂ ਡਰੇ ਪਏ ਹਾਂ। ਪਹਿਲਾਂ ਜਦੋਂ ਬੀਰਾ ਬਾਹਰੋਂ ਆਉਂਦਾ ਸੀ ਤਾਂ ਮਹੀਨਾ ਭਰ ਲੋਕ ਮਿਲਣ ਆਉਂਦੇ ਸੀ। ਪਰ ਹੁਣ ਸਾਡੀ ਕੋਈ ਨਹੀਂ ਬਹੁੜਿਆ। ਕੋਈ ਵੀ ਮਦਦ ਕਰਨ ਨੂੰ ਤਿਆਰ ਨਹੀਂ। ਮੈਂ ਤਾਂ ਮਾਸਟਰ ਵੱਲ ਆਈ ਹਾਂ ਕਿ ਹੁਣ ਕੀ ਕਰੀਏ? ਮੈਨੂੰ ਤਾਂ ਹੁਣ ਖੁਸ਼ਮੀਤ ਦੀ ਸਫਾਈ ਵਾਲੀਆਂ ਤੇ ਪ੍ਰਹੇਜ਼ ਰੱਖਣ ਵਾਲੀਆਂ ਗੱਲਾਂ ਦੀ ਸਮਝ ਲੱਗੀ ਹੈ। ਮੈਂ ਵੀ ਹੁਣ ਵਾਰ-ਵਾਰ ਸਾਬਣ ਨਾਲ ਹੱਥ ਧੋ ਕੇ ਹੀ ਹਰ ਕੰਮ ਕਰਦੀ ਹਾਂ। ਸਾਰੀ ਗੱਲ ਸੁਣਕੇ ਖੁਸ਼ਮੀਤ ਕਹਿੰਦੀ ਕਿ ਚਾਚੀ ਜੀ ਜੇਕਰ ਚਾਚੇ ਬੀਰੇ ਨੂੰ ਖੰਘ ਦੇ ਨਾਲ ਤੇਜ਼ ਬੁਖਾਰ ਅਤੇ ਸਾਹ ਵੀ ਔਖਾ ਆਉਂਦਾ ਫਿਰ ਹੀ ਕਰੋਨਾ ਹੋਣ ਦੀ ਸੰਭਾਵਨਾ ਹੈ। ਐਵੀਂ ਹੀ ਨਾ ਘਬਰਾਓ। ਉਹਨਾਂ ਦੀ ਡਾਕਟਰੀ ਜਾਂਚ ਕਰਵਾ ਕੇ ਦਵਾਈ ਲਿਆਓ। ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ। ਫਿਰ ਉਹ ਮਾਸਟਰ ਸੁਭਾਸ਼ ਜੀ ਦੀਆਂ ਦੱਸੀਆਂ ਗੱਲਾਂ ਦੁਹਰਾਉਂਦੀ ਹੈ। ਉਸਦੀਆਂ ਸਹੇਲੀਆਂ ਵੀ ਬੜੇ ਧਿਆਨ ਨਾਲ ਸੁਣਦੀਆਂ ਹਨ। ਖੁਸ਼ਮੀਤ ਦੇ ਮਾਤਾ ਜੀ ਕਹਿੰਦੇ ਹਨ ਕਿ ਤਾਰੋ ਭੈਣ ਜੀ ਖੁਸ਼ਮੀਤ ਸਹੀ ਕਹਿ ਰਹੀ ਹੈ। ਇਸਦੇ ਪਿਤਾ ਜੀ ਤੁਹਾਡੇ ਨਾਲ ਜਾ ਕੇ ਬੀਰੇ ਵੀਰ ਦੀ ਦਵਾਈ ਲੈ ਆਉਣਗੇ। ਤੁਸੀਂ ਘਰ ਚਲੋ, ਮੈਂ ਖੁਸ਼ਮੀਤ ਦੇ ਪਿਤਾ ਜੀ ਨੂੰ ਭੇਜਦੀ ਹਾਂ। ਸਭ ਸਹੇਲੀਆਂ ਵੀ ਆਪੋਂ ਆਪਣੇ ਘਰ ਜਾ ਕੇ ਖੁਸ਼ਮੀਤ ਦੀਆਂ ਗੱਲਾਂ ਦੱਸਦੀਆਂ ਹਨ। ਅਗਲੇ ਦਿਨ ਚਾਚੇ ਬੀਰੇ ਦੀ ਡਾਕਟਰੀ ਜਾਂਚ ਵਿੱਚ ਸਧਾਰਣ ਖੰਘ ਹੋਣ ਦੀ ਰਿਪੋਰਟ ਆਉਂਦੀ ਹੈ। ਡਾਕਟਰ ਕੋਲੋਂ ਦਵਾਈ ਲੈ ਕੇ ਘਰ ਆ ਜਾਂਦੇ ਹਨ। ਕੁਝ ਦਿਨ ਦਵਾਈ ਖਾਣ ਬਾਅਦ ਬੀਰਾ ਠੀਕ ਹੋ ਜਾਂਦਾ ਹੈ। ਇੱਕ ਹਫਤੇ ਬਾਅਦ ਟੀ.ਵੀ. ਉੱਤੇ ਖਬਰ ਆਉਂਦੀ ਹੈ ਕਿ ਕਰੋਨਾ ਬਿਮਾਰੀ ਦਾ ਇਲਾਜ ਲੱਭ ਗਿਆ ਹੈ, ਜਿਸ ਨਾਲ ਸਾਰੇ ਕਰੋਨਾ ਪੀੜਤਾਂ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਸਾਰੇ ਇਸ ਭੈੜੀ ਬਿਮਾਰੀ ਦਾ ਇਲਾਜ ਲੱਭਣ ‘ਤੇ ਸ਼ੁਕਰ ਮਨਾਉਂਦੇ ਹਨ। ਪਿੰਡ ਦੇ ਸਾਰੇ ਲੋਕ ਖੁਸ਼ਮੀਤ ਦੇ ਘਰ ਜਾ ਕੇ ਉਸਦਾ ਧੰਨਵਾਦ ਕਰਦੇ ਹਨ, ਕਿਉਂਕਿ ਉਸਦੀ ਹਿੰਮਤ ਅਤੇ ਸਹੀ ਜਾਣਕਾਰੀ ਕਰਕੇ ਪ੍ਰਹੇਜ਼ ਰੱਖਣ ਸਦਕਾ ਸਭ ਲੋਕ ਸਿਹਤਮੰਦ ਰਹਿ ਸਕੇ ਹਨ।

ਇਸ ਲਈ ਪਿਆਰੇ ਬੱਚਿਓ! ਸਹੀ ਜਾਣਕਾਰੀ ਨਾਲ ਹੀ ਅਸੀਂ ਹਰ ਮੁਸੀਬਤ, ਬਿਮਾਰੀ ਦਾ ਮੁਕਾਬਲਾ ਕਰ ਸਕਦੇ ਹਾਂ। ਅਫਵਾਹਾਂ ਹਮੇਸ਼ਾਂ ਝੂਠੀਆਂ ਅਤੇ ਜਾਨਲੇਵਾ ਹੁੰਦੀਆਂ ਹਨ। ਸਹੀ ਜਾਣਕਾਰੀ ਸਾਂਝੀ ਕਰਨਾ ਵੀ ਮਾਨਵਤਾ ਦੀ ਸੇਵਾ ਹੈ।

ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆ (ਸ਼ਾਹਕੋਟ) ਜਲੰਧਰ
9779191447

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: