ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਹਿੰਦੀ ਬਾਲ ਕਹਾਣੀ: ਦੋ ਚਿੜੀਆਂ

ਹਿੰਦੀ ਬਾਲ ਕਹਾਣੀ: ਦੋ ਚਿੜੀਆਂ

* ਮੂਲ : ਭੀਸ਼ਮ ਸਾਹਨੀ
* ਅਨੁ : ਪ੍ਰੋ. ਨਵ ਸੰਗੀਤ ਸਿੰਘ

ਘਰ ਵਿੱਚ ਅਸੀਂ ਤਿੰਨ ਹੀ ਜਣੇ ਰਹਿੰਦੇ ਹਾਂ- ਮਾਂ, ਪਿਤਾ ਜੀ ਅਤੇ ਮੈਂ। ਪਰ ਪਿਤਾ ਜੀ ਕਹਿੰਦੇ ਹਨ ਕਿ ਇਹ ਘਰ ਸਰਾਂ ਬਣਿਆ ਹੋਇਆ ਹੈ। ਅਸੀਂ ਤਾਂ ਜਿਵੇਂ ਇੱਥੇ ਮਹਿਮਾਨ ਹਾਂ। ਘਰ ਦੇ ਮਾਲਕ ਤਾਂ ਕੋਈ ਹੋਰ ਹੀ ਹਨ।

ਵਿਹੜੇ ਵਿੱਚ ਅੰਬ ਦਾ ਰੁੱਖ ਹੈ। ਕਈ ਤਰ੍ਹਾਂ ਦੇ ਪੰਛੀ ਉਸ ਤੇ ਡੇਰਾ ਜਮਾਈ ਰੱਖਦੇ ਹਨ। ਜੋ ਵੀ ਪੰਛੀ ਪਹਾੜੀਆਂ- ਘਾਟੀਆਂ ਤੋਂ ਉੱਡਦਾ ਹੋਇਆ ਦਿੱਲੀ ਪਹੁੰਚਦਾ ਹੈ, ਪਿਤਾ ਜੀ ਕਹਿੰਦੇ ਹਨ- ਉਹ ਸਿੱਧਾ ਸਾਡੇ ਘਰ ਪਹੁੰਚ ਜਾਂਦਾ ਹੈ, ਜਿਵੇਂ ਸਾਡੇ ਘਰ ਦਾ ਪਤਾ ਲਿਖਵਾ ਕੇ ਲਿਆਇਆ ਹੋਵੇ। ਇੱਥੇ ਕਦੇ ਤੋਤੇ ਪਹੁੰਚ ਜਾਂਦੇ ਹਨ ਤੇ ਕਦੇ ਕਾਂ ਅਤੇ ਕਦੇ ਕਈ ਤਰ੍ਹਾਂ ਦੀਆਂ ਚਿੜੀਆਂ। ਉਹ ਰੌਲਾ ਪੈਂਦਾ ਹੈ ਕਿ ਕੰਨਾਂ ਦੇ ਪਰਦੇ ਪਾਟ ਜਾਣ, ਪਰ ਲੋਕ ਕਹਿੰਦੇ ਨੇ ਕਿ ਪੰਛੀ ਗਾ ਰਹੇ ਹਨ!

ਘਰ ਦੇ ਅੰਦਰ ਵੀ ਇਹੋ ਹਾਲ ਹੈ। ਵੀਹ ਤਾਂ ਚੂਹੇ ਰਹਿੰਦੇ ਹਨ। ਸਾਰੀ ਰਾਤ ਇਕ ਕਮਰੇ ਤੋਂ ਦੂਜੇ ਕਮਰੇ ਵਿੱਚ ਦੌੜਦੇ ਫਿਰਦੇ ਹਨ। ਉਹ ਰੌਲਾ ਪੈਂਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੇ। ਭਾਂਡੇ ਡਿਗਦੇ ਹਨ, ਡੱਬੇ ਖੁੱਲ੍ਹਦੇ ਹਨ, ਪਿਆਲੀਆਂ ਟੁੱਟਦੀਆਂ ਹਨ। ਇੱਕ ਚੂਹਾ ਅੰਗੀਠੀ ਦੇ ਪਿੱਛੇ ਬੈਠਣਾ ਪਸੰਦ ਕਰਦਾ ਹੈ, ਸ਼ਾਇਦ ਉਹ ਬੁੱਢਾ ਹੈ, ਉਹਨੂੰ ਠੰਡ ਬਹੁਤ ਲੱਗਦੀ ਹੈ। ਇੱਕ ਹੋਰ ਹੈ, ਜਿਹਨੂੰ ਬਾਥਰੂਮ ਦੀ ਟੈਂਕੀ ਤੇ ਚੜ੍ਹ ਕੇ ਬੈਠਣਾ ਪਸੰਦ ਹੈ। ਉਹਨੂੰ ਸ਼ਾਇਦ ਗਰਮੀ ਬਹੁਤ ਲੱਗਦੀ ਹੈ। ਬਿੱਲੀ ਸਾਡੇ ਘਰ ਵਿੱਚ ਰਹਿੰਦੀ ਤਾਂ ਨਹੀਂ, ਪਰ ਘਰ ਉਹਨੂੰ ਵੀ ਪਸੰਦ ਹੈ ਅਤੇ ਉਹ ਕਦੇ- ਕਦੇ ਝਾਕ ਵੀ ਜਾਂਦੀ ਹੈ। ਜੀਅ ਕੀਤਾ ਤਾਂ ਅੰਦਰ ਆ ਕੇ ਦੁੱਧ ਪੀ ਗਈ, ਨਾ ਕੀਤਾ ਤਾਂ ਬਾਹਰ ਤੋਂ ਹੀ ‘ਫੇਰ ਆਊਂਗੀ’ ਕਹਿ ਕੇ ਚਲੀ ਜਾਂਦੀ ਹੈ। ਸ਼ਾਮ ਹੁੰਦਿਆਂ ਹੀ ਦੋ- ਤਿੰਨ ਚਮਗਿੱਦੜ ਕਮਰਿਆਂ ਦੇ ਆਰ- ਪਾਰ ਖੰਭ ਫੈਲਾਈ ਕਸਰਤ ਕਰਨ ਲੱਗਦੇ ਹਨ। ਘਰ ਵਿੱਚ ਕਬੂਤਰ ਵੀ ਹਨ। ਸਾਰਾ ਦਿਨ ‘ਗੁਟਰ-ਗੂੰ, ਗੁਟਰ-ਗੂੰ’ ਦਾ ਸੰਗੀਤ ਸੁਣਾਈ ਦਿੰਦਾ ਰਹਿੰਦਾ ਹੈ। ਇੰਨੇ ਨਾਲ ਹੀ ਬੱਸ ਨਹੀਂ, ਘਰ ਵਿੱਚ ਕਿਰਲੀਆਂ ਵੀ ਬਹੁਤ ਹਨ। ਬੜੇ ਵੀ ਹਨ ਅਤੇ ਕੀੜੀਆਂ ਦੀ ਤਾਂ ਜਿਵੇਂ ਫ਼ੌਜ ਹੀ ਛਾਉਣੀ ਪਾਈ ਬੈਠੀ ਹੈ।

ਹੁਣ ਇੱਕ ਦਿਨ ਦੋ ਚਿੜੀਆਂ ਸਿੱਧੀਆਂ ਅੰਦਰ ਵੜ ਆਈਆਂ ਅਤੇ ਬਿਨਾਂ ਪੁੱਛਿਆਂ ਉੱਡ- ਉੱਡ ਕੇ ਘਰ ਦੇਖਣ ਲੱਗੀਆਂ। ਪਿਤਾ ਜੀ ਕਹਿਣ ਲੱਗੇ ਕਿ ਘਰ ਦਾ ਨਿਰੀਖਣ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਰਹਿਣ- ਯੋਗ ਹੈ ਵੀ ਜਾਂ ਨਹੀਂ। ਕਦੇ ਉਹ ਕਿਸੇ ਰੌਸ਼ਨਦਾਨ ਤੇ ਜਾ ਬਹਿੰਦੀਆਂ ਤੇ ਕਦੇ ਕਿਸੇ ਖਿੜਕੀ ਤੇ। ਫਿਰ ਜਿਵੇਂ ਆਈਆਂ ਸਨ ਉਵੇਂ ਹੀ ਉੱਡ ਵੀ ਗਈਆਂ। ਪਰ ਦੋ ਦਿਨਾਂ ਪਿੱਛੋਂ ਅਸੀਂ ਵੇਖਿਆ ਕਿ ਬੈਠਕ ਦੀ ਛੱਤ ਵਿੱਚ ਲੱਗੇ ਪੱਖੇ ਦੇ ਗੋਲੇ ਵਿੱਚ ਉਨ੍ਹਾਂ ਨੇ ਆਪਣਾ ਬਿਸਤਰਾ ਵਿਛਾ ਲਿਆ ਹੈ ਅਤੇ ਸਾਮਾਨ ਵੀ ਲੈ ਆਈਆਂ ਹਨ ਅਤੇ ਮਜ਼ੇ ਨਾਲ ਦੋਵੇਂ ਬੈਠੀਆਂ ਗਾਣਾ ਗਾ ਰਹੀਆਂ ਹਨ। ਸਪਸ਼ਟ ਹੈ, ਉਨ੍ਹਾਂ ਨੂੰ ਘਰ ਪਸੰਦ ਆ ਗਿਆ ਸੀ।
ਮਾਂ ਅਤੇ ਪਿਤਾ ਜੀ ਦੋਵੇਂ ਸੋਫੇ ਤੇ ਬੈਠੇ ਉਨ੍ਹਾਂ ਵੱਲ ਵੇਖੀ ਜਾ ਰਹੇ ਸਨ। ਕੁਝ ਚਿਰ ਪਿੱਛੋਂ ਮਾਂ ਸਿਰ ਹਿਲਾ ਕੇ ਬੋਲੀ, “ਹੁਣ ਤਾਂ ਇਹ ਨਹੀਂ ਉੱਡਣੀਆਂ। ਪਹਿਲਾਂ ਇਨ੍ਹਾਂ ਨੂੰ ਉਡਾ ਦਿੰਦੇ, ਤਾਂ ਉੱਡ ਜਾਂਦੀਆਂ। ਹੁਣ ਤਾਂ ਇਨ੍ਹਾਂ ਨੇ ਇੱਥੇ ਆਲਣਾ ਬਣਾ ਲਿਆ ਹੈ।”

ਇਸ ਦੇ ਪਿਤਾ ਜੀ ਨੂੰ ਗੁੱਸਾ ਆ ਗਿਆ। ਉਹ ਉੱਠ ਖੜ੍ਹੇ ਹੋਏ ਅਤੇ ਬੋਲੇ, “ਵੇਖਦਾ ਹਾਂ, ਇਹ ਕਿਵੇਂ ਇੱਥੇ ਰਹਿੰਦੀਆਂ ਨੇ! ਚਿੜੀਆਂ ਮੇਰੇ ਸਾਹਮਣੇ ਕੀ ਚੀਜ਼ ਨੇ! ਮੈਂ ਹੁਣੇ ਬਾਹਰ ਕੱਢ ਮਾਰਦਾ ਹਾਂ।”

“ਛੱਡੋ ਜੀ’ ਚੂਹਿਆਂ ਨੂੰ ਤਾਂ ਤੁਸੀਂ ਕੱਢ ਨਹੀਂ ਸਕੇ, ਹੁਣ ਚਿੜੀਆਂ ਨੂੰ ਕੱਢਣਗੇ!” ਮਾਂ ਨੇ ਵਿਅੰਗ ਕੀਤਾ।

ਮਾਂ ਕੋਈ ਗੱਲ ਵਿਅੰਗ ਵਿੱਚ ਕਹੇ, ਤਾਂ ਪਿਤਾ ਜੀ ਗੁੱਸੇ ਹੋ ਜਾਂਦੇ ਹਨ। ਉਹ ਸਮਝਦੇ ਹਨ ਕਿ ਮਾਂ ਉਨ੍ਹਾਂ ਦਾ ਮਖੌਲ ਉਡਾ ਰਹੀ ਹੈ। ਉਹ ਤੁਰੰਤ ਉੱਠੇ ਅਤੇ ਪੱਖੇ ਦੇ ਹੇਠਾਂ ਜਾ ਕੇ ਜ਼ੋਰ ਨਾਲ ਤਾੜੀ ਵਜਾਈ ਅਤੇ ਮੂੰਹ ਨਾਲ ‘ਸ਼ੀ… ਸ਼ੂ…’ ਕੀਤਾ। ਬਾਹਾਂ ਹਿਲਾਈਆਂ, ਫਿਰ ਖੜ੍ਹੇ- ਖੜ੍ਹੇ ਛਾਲਾਂ ਮਾਰਨ ਲੱਗੇ, ਕਦੇ ਬਾਹਾਂ ਹਿਲਾਉਂਦੇ, ਕਦੇ ‘ਸ਼ੀ…ਸ਼ੂ’ ਕਰਦੇ।

ਚਿੜੀਆਂ ਨੇ ਆਲ੍ਹਣੇ ਵਿੱਚੋਂ ਸਿਰ ਕੱਢ ਕੇ ਹੇਠਾਂ ਵੱਲ ਝਾਕਿਆ ਅਤੇ ਦੋਵੇਂ ਇਕੱਠੀਆਂ ਚੀਂ- ਚੀਂ ਕਰਨ ਲੱਗ ਪਈਆਂ। ਅਤੇ ਮਾਂ ਖਿੜਖਿੜਾ ਕੇ ਹੱਸਣ ਲੱਗ ਪਈ।
ਪਿਤਾ ਜੀ ਨੂੰ ਗੁੱਸਾ ਆ ਗਿਆ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ?

ਮਾਂ ਨੂੰ ਅਜਿਹੇ ਮੌਕਿਆਂ ਤੇ ਹਮੇਸ਼ਾ ਮਖੌਲ ਸੁੱਝਦਾ ਹੈ। ਹੱਸ ਕੇ ਬੋਲੀ- ਚਿੜੀਆਂ ਇੱਕ ਦੂਜੀ ਤੋਂ ਪੁੱਛ ਰਹੀਆਂ ਹਨ ਕਿ ਇਹ ਆਦਮੀ ਕੌਣ ਹੈ ਅਤੇ ਨੱਚ ਕਿਉਂ ਰਿਹਾ ਹੈ?

ਫਿਰ ਪਿਤਾ ਜੀ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ ਅਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਉੱਚਾ ਕੁੱਦਣ ਲੱਗ ਪਏ। ਚਿੜੀਆਂ ਆਲ੍ਹਣੇ ਵਿੱਚੋਂ ਨਿਕਲ ਕੇ ਦੂਜੇ ਪੱਖੇ ਦੇ ਖੰਭ ਉੱਤੇ ਜਾ ਬੈਠੀਆਂ। ਉਨ੍ਹਾਂ ਨੂੰ ਪਿਤਾ ਜੀ ਦਾ ਨੱਚਣਾ ਜਿਵੇਂ ਬਹੁਤ ਪਸੰਦ ਆ ਰਿਹਾ ਸੀ। ਮਾਂ ਫਿਰ ਤੋਂ ਹੱਸਣ ਲੱਗ ਪਈ, “ਇਹ ਜਾਣਗੀਆਂ ਨਹੀਂ, ਜੀ! ਹੁਣ ਇਨ੍ਹਾਂ ਨੇ ਅੰਡੇ ਦੇ ਦਿੱਤੇ ਹੋਣਗੇ।”

“ਜਾਂਦੀਆਂ ਤਾਂ ਕਿਵੇਂ ਨਹੀਂ?” ਪਿਤਾ ਜੀ ਬੋਲੇ ਅਤੇ ਬਾਹਰੋਂ ਸੋਟੀ ਚੁੱਕ ਲਿਆਏ। ਇਸੇ ਦੌਰਾਨ ਚਿੜੀਆਂ ਫਿਰ ਆਲਣੇ ਵਿੱਚ ਜਾ ਬੈਠੀਆਂ ਸਨ। ਪਿਤਾ ਜੀ ਨੇ ਸੋਟੀ ਉੱਚੀ ਚੁੱਕ ਕੇ ਪੱਖੇ ਦੇ ਗੋਲੇ ਨੂੰ ਠਕੋਰਿਆ। ਚੀਂ- ਚੀਂ ਕਰਦੀਆਂ ਚਿੜੀਆਂ ਉੱਡ ਕੇ ਪਰਦੇ ਦੇ ਡੰਡੇ ਤੇ ਜਾ ਬੈਠੀਆਂ।

“ਇੰਨੀ ਤਕਲੀਫ਼ ਕਰਨ ਦੀ ਕੀ ਲੋੜ ਸੀ! ਪੱਖਾ ਚਲਾ ਦਿੰਦੇ ਤਾਂ ਇਹ ਉੱਡ ਜਾਂਦੀਆਂ।” ਮਾਂ ਨੇ ਹੱਸ ਕੇ ਕਿਹਾ।

ਪਿਤਾ ਜੀ ਸੋਟੀ ਚੁੱਕ ਕੇ ਪਰਦੇ ਦੇ ਡੰਡੇ ਵੱਲ ਵਧੇ। ਇੱਕ ਚਿੜੀ ਉੱਡ ਕੇ ਕਿਚਨ ਦੇ ਦਰਵਾਜ਼ੇ ਤੇ ਜਾ ਬੈਠੀ। ਦੂਜੀ ਪੌੜੀਆਂ ਵਾਲੇ ਦਰਵਾਜ਼ੇ ਤੇ।

ਮਾਂ ਫਿਰ ਹੱਸ ਪਈ। “ਤੁਸੀਂ ਤਾਂ ਬੜੇ ਸਮਝਦਾਰ ਹੋ ਜੀ। ਸਾਰੇ ਦਰਵਾਜ਼ੇ ਖੁੱਲ੍ਹੇ ਪਏ ਹਨ ਅਤੇ ਤੁਸੀਂ ਚਿੜੀਆਂ ਨੂੰ ਬਾਹਰ ਕੱਢ ਰਹੇ ਹੋ! ਇੱਕ ਦਰਵਾਜ਼ਾ ਖੁੱਲ੍ਹਾ ਛੱਡੋ, ਬਾਕੀ ਸਾਰੇ ਬੰਦ ਕਰ ਦਿਓ। ਤਾਂ ਹੀ ਇਹ ਨਿਕਲਣਗੀਆਂ।”

ਹੁਣ ਪਿਤਾ ਜੀ ਨੇ ਮੈਨੂੰ ਝਿੜਕ ਕੇ ਕਿਹਾ, “ਤੂੰ ਖੜ੍ਹਾ- ਖੜ੍ਹਾ ਕੀ ਵੇਖੀ ਜਾਂਦਾ ਹੈਂ? ਜਾਹ, ਦੋਵੇਂ ਦਰਵਾਜ਼ੇ ਬੰਦ ਕਰ ਦੇਹ।”

ਮੈਂ ਦੌੜ ਕੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ। ਸਿਰਫ ਕਿਚਨ ਵਾਲਾ ਦਰਵਾਜ਼ਾ ਖੁੱਲ੍ਹਾ ਰਿਹਾ।

ਪਿਤਾ ਜੀ ਨੇ ਫਿਰ ਸੋਟੀ ਚੁੱਕੀ ਅਤੇ ਚਿੜੀਆਂ ਤੇ ਹਮਲਾ ਬੋਲ ਦਿੱਤਾ। ਇੱਕ ਵਾਰ ਤਾਂ ਸੋਟੀ ਮਾਂ ਦੇ ਸਿਰ ਤੇ ਵੱਜਦੀ-ਵੱਜਦੀ ਬਚੀ। ਚੀਂ- ਚੀਂ ਕਰਦੀਆਂ ਚਿੜੀਆਂ ਕਦੇ ਇੱਕ ਥਾਂ ਤੇ ਕਦੇ ਦੂਜੀ ਥਾਂ ਜਾ ਬਹਿੰਦੀਆਂ। ਆਖਿਰ ਦੋਵੇਂ ਕਿਚਨ ਵੱਲ ਖੁੱਲ੍ਹਦੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਗਈਆਂ। ਮਾਂ ਤਾੜੀਆਂ ਵਜਾਉਣ ਲੱਗੀ। ਪਿਤਾ ਜੀ ਨੇ ਸੋਟੀ ਕੰਧ ਨਾਲ ਲਾ ਕੇ ਰੱਖ ਦਿੱਤੀ ਅਤੇ ਛਾਤੀ ਫੁਲਾਈ ਕੁਰਸੀ ਤੇ ਆ ਬੈਠੇ।

“ਅੱਜ ਦਰਵਾਜ਼ੇ ਬੰਦ ਰੱਖੋ” ਉਨ੍ਹਾਂ ਨੇ ਹੁਕਮ ਦਿੱਤਾ। “ਇੱਕ ਦਿਨ ਅੰਦਰ ਨਹੀਂ ਆਉਣਗੀਆਂ, ਤਾਂ ਘਰ ਛੱਡ ਦੇਣਗੀਆਂ।”

ਉਦੋਂ ਹੀ ਪੱਖੇ ਉੱਤੋਂ ਚੀਂ- ਚੀਂ ਦੀ ਫੇਰ ਆਵਾਜ਼ ਸੁਣਾਈ ਦਿੱਤੀ। ਅਤੇ ਮਾਂ ਖਿੜਖਿੜਾ ਕੇ ਹੱਸ ਪਈ। ਮੈਂ ਸਿਰ ਚੁੱਕ ਕੇ ਉੱਪਰ ਵੱਲ ਵੇਖਿਆ, ਦੋਵੇਂ ਚਿੜੀਆਂ ਫਿਰ ਤੋਂ ਆਪਣੇ ਆਲ੍ਹਣੇ ਵਿੱਚ ਮੌਜੂਦ ਸਨ।

“ਦਰਵਾਜ਼ੇ ਦੇ ਹੇਠੋਂ ਆ ਗਈਆਂ ਹਨ” ਮਾਂ ਬੋਲੀ।

ਮੈਂ ਦਰਵਾਜ਼ੇ ਦੇ ਹੇਠਾਂ ਵੇਖਿਆ। ਸੱਚਮੁੱਚ ਦਰਵਾਜ਼ੇ ਦੇ ਹੇਠਾਂ ਥੋੜ੍ਹੀ- ਥੋੜ੍ਹੀ ਥਾਂ ਖਾਲੀ ਸੀ।

ਪਿਤਾ ਜੀ ਨੂੰ ਫਿਰ ਗੁੱਸਾ ਆ ਗਿਆ। ਮਾਂ ਮਦਦ ਤਾਂ ਕਰਦੀ ਨਹੀਂ ਸੀ, ਬੈਠੀ- ਬੈਠੀ ਹੱਸੀ ਜਾ ਰਹੀ ਸੀ।

ਹੁਣ ਤਾਂ ਪਿਤਾ ਜੀ ਚਿੜੀਆਂ ਉੱਤੇ ਟੁੱਟ ਪਏ। ਉਨ੍ਹਾਂ ਦੇ ਦਰਵਾਜ਼ਿਆਂ ਦੇ ਹੇਠਾਂ ਕੱਪੜੇ ਤੁੰਨ ਦਿੱਤੇ, ਤਾਂ ਕਿ ਕਿਤੇ ਕੋਈ ਥਾਂ ਖਾਲੀ ਨਾ ਰਹਿ ਜਾਵੇ। ਅਤੇ ਫਿਰ ਸੋਟੀ ਘੁਮਾਉਂਦੇ ਹੋਏ ਉਨ੍ਹਾਂ ਤੇ ਟੁੱਟ ਪਏ। ਚਿੜੀਆਂ ਚੀਂ- ਚੀਂ ਕਰਦੀਆਂ ਫੇਰ ਬਾਹਰ ਨਿਕਲ ਗਈਆਂ। ਪਰ ਕੁਝ ਹੀ ਚਿਰ ਪਿੱਛੋਂ ਫੇਰ ਵਾਪਸ ਕਮਰੇ ਵਿੱਚ ਆ ਗਈਆਂ। ਹੁਣ ਉਹ ਰੌਸ਼ਨਦਾਨ ਰਾਹੀਂ ਆਈਆਂ ਸਨ, ਜਿਸ ਦਾ ਇੱਕ ਸ਼ੀਸ਼ਾ ਟੁੱਟਿਆ ਹੋਇਆ ਸੀ।

“ਵੇਖੋ ਜੀ, ਚਿੜੀਆਂ ਨੂੰ ਨਾ ਕੱਢੋ” ਮਾਂ ਨੇ ਹੁਣ ਗੰਭੀਰਤਾ ਨਾਲ ਕਿਹਾ, “ਹੁਣ ਤਾਂ ਇਨ੍ਹਾਂ ਨੇ ਅੰਡੇ ਵੀ ਦੇ ਦਿੱਤੇ ਹੋਣਗੇ। ਹੁਣ ਇਹ ਇੱਥੋਂ ਨਹੀਂ ਜਾਣਗੀਆਂ।”
“ਕੀ ਮਤਲਬ! ਮੈਂ ਕਾਲੀਨ ਬਰਬਾਦ ਕਰਾ ਲਵਾਂ?” ਪਿਤਾ ਜੀ ਬੋਲੇ ਅਤੇ ਕੁਰਸੀ ਤੇ ਚੜ੍ਹ ਕੇ ਰੌਸ਼ਨਦਾਨ ਵਿੱਚ ਕੱਪੜਾ ਤੁੰਨ ਦਿੱਤਾ ਅਤੇ ਫਿਰ ਲਾਠੀ ਸੋਟੀ ਚੁੱਕ ਕੇ ਇੱਕ ਵਾਰ ਚਿੜੀਆਂ ਨੂੰ ਭਜਾ ਦਿੱਤਾ। ਦੋਵੇਂ ਪਿਛਲੇ ਵਿਹੜੇ ਦੀ ਕੰਧ ਤੇ ਜਾ ਬੈਠੀਆਂ।

ਇੰਨੇ ਨੂੰ ਰਾਤ ਹੋ ਗਈ। ਅਸੀਂ ਖਾਣਾ ਖਾ ਕੇ ਉੱਪਰ ਜਾ ਕੇ ਸੌਂ ਗਏ। ਜਾਣ ਤੋਂ ਪਹਿਲਾਂ ਮੈਂ ਵਿਹੜੇ ਵਿੱਚ ਜਾ ਕੇ ਵੇਖਿਆ, ਚਿੜੀਆਂ ਉੱਥੇ ਨਹੀਂ ਸਨ। ਮੈਂ ਸਮਝ ਲਿਆ ਕਿ ਉਨ੍ਹਾਂ ਨੂੰ ਅਕਲ ਆ ਗਈ ਹੋਵੇਗੀ। ਆਪਣੀ ਹਾਰ ਮੰਨ ਕੇ ਕਿਸੇ ਦੂਜੀ ਥਾਂ ਚਲੀਆਂ ਗਈਆਂ ਹੋਣਗੀਆਂ।

ਅਗਲੇ ਦਿਨ ਐਤਵਾਰ ਸੀ। ਜਦੋਂ ਅਸੀਂ ਹੇਠਾਂ ਉੱਤਰ ਕੇ ਆਏ ਤਾਂ ਉਹ ਫਿਰ ਤੋਂ ਮੌਜੂਦ ਸਨ ਅਤੇ ਮਜ਼ੇ ਨਾਲ ਬੈਠੀਆਂ ਮਲਾਰ ਗਾ ਰਹੀਆਂ ਸਨ। ਪਿਤਾ ਜੀ ਨੇ ਫਿਰ ਸੋਟੀ ਚੁੱਕ ਲਈ। ਉਸ ਦਿਨ ਉਨ੍ਹਾਂ ਨੂੰ ਚਿੜੀਆਂ ਨੂੰ ਬਾਹਰ ਕੱਢਣ ਵਿੱਚ ਬਹੁਤੀ ਦੇਰ ਨਹੀਂ ਲੱਗੀ।

ਹੁਣ ਤਾਂ ਰੋਜ਼ ਇਹੋ ਕੁਝ ਹੋਣ ਲੱਗਿਆ। ਦਿਨ ਵਿੱਚ ਤਾਂ ਉਹ ਬਾਹਰ ਕੱਢ ਦਿੱਤੀਆਂ ਜਾਂਦੀਆਂ, ਪਰ ਰਾਤ ਵੇਲੇ ਜਦੋਂ ਅਸੀਂ ਸੌਂ ਰਹੇ ਹੁੰਦੇ ਤਾਂ ਪਤਾ ਨਹੀਂ ਕਿਸ ਰਸਤਿਓਂ ਉਹ ਅੰਦਰ ਆ ਜਾਂਦੀਆਂ!

ਪਿਤਾ ਜੀ ਪ੍ਰੇਸ਼ਾਨ ਹੋ ਗਏ। ਆਖਰ ਕੋਈ ਕਿੱਥੋਂ ਤੱਕ ਸੋਟੀ ਚਲਾ ਸਕਦਾ ਹੈ! ਪਿਤਾ ਜੀ ਵਾਰ- ਵਾਰ ਕਹਿਣ, “ਮੈਂ ਹਾਰ ਮੰਨਣ ਵਾਲਾ ਆਦਮੀ ਨਹੀਂ ਹਾਂ।” ਪਰ ਆਖ਼ਰ ਉਹ ਵੀ ਤੰਗ ਆ ਗਏ ਸਨ। ਤੇ ਜਦੋਂ ਉਨ੍ਹਾਂ ਦੀ ਸਹਿਣ ਸ਼ਕਤੀ ਮੁੱਕ ਗਈ, ਤਾਂ ਉਹ ਕਹਿਣ ਲੱਗੇ ਕਿ ਉਹ ਚਿੜੀਆਂ ਦਾ ਆਲਣਾ ਤੋੜ ਦੇਣਗੇ। ਅਤੇ ਉਹ ਛੇਤੀ ਹੀ ਬਾਹਰੋਂ ਇੱਕ ਸਟੂਲ ਚੁੱਕ ਲਿਆਏ।

ਆਲ੍ਹਣਾ ਤੋੜਨਾ ਔਖਾ ਕੰਮ ਨਹੀਂ ਸੀ। ਉਨ੍ਹਾਂ ਨੇ ਪੱਖੇ ਦੇ ਹੇਠਾਂ ਫਰਸ਼ ਤੇ ਸਟੂਲ ਰੱਖਿਆ ਅਤੇ ਸੋਟੀ ਲੈ ਕੇ ਸਟੂਲ ਤੇ ਚੜ੍ਹ ਗਏ।”ਕਿਸੇ ਨੂੰ ਸੱਚਮੁੱਚ ਬਾਹਰ ਕੱਢਣਾ ਹੋਵੇ, ਤਾਂ ਉਸ ਦਾ ਘਰ ਤੋੜ ਦੇਣਾ ਚਾਹੀਦਾ ਹੈ।” ਉਨ੍ਹਾਂ ਨੇ ਗੁੱਸੇ ਨਾਲ ਕਿਹਾ।

ਆਲ੍ਹਣੇ ਵਿੱਚੋਂ ਕਈ ਤਰ੍ਹਾਂ ਦੇ ਤਿਣਕੇ ਬਾਹਰ ਵੱਲ ਲਟਕ ਰਹੇ ਸਨ। ਚਿੜੀਆਂ ਨੇ ਸਜਾਵਟ ਲਈ ਜਿਵੇਂ ਝਾਲਰ ਟੰਗੀ ਹੋਈ ਹੋਵੇ। ਪਿਤਾ ਜੀ ਨੇ ਸੋਟੀ ਦਾ ਸਿਰਾ ਸੁੱਕੀ ਘਾਹ ਦੇ ਤਿਣਕਿਆਂ ਤੇ ਟਿਕਾਇਆ ਅਤੇ ਸੱਜੇ ਪਾਸੇ ਨੂੰ ਖਿੱਚਿਆ; ਦੋ ਤਿਣਕੇ ਆਲ੍ਹਣੇ ਵਿੱਚੋਂ ਅਲੱਗ ਹੋ ਗਏ।

“ਚਲੋ, ਦੋ ਤਿਣਕੇ ਤਾਂ ਕੱਢ ਦਿੱਤੇ,” ਮਾਂ ਹੱਸ ਕੇ ਬੋਲੀ, “ਹੁਣ ਬਾਕੀ ਦੋ ਹਜ਼ਾਰ ਵੀ ਨਿਕਲ ਜਾਣਗੇ!”

ਉਦੋਂ ਹੀ ਮੈਂ ਬਾਹਰ ਵਿਹੜੇ ਵੱਲ ਵੇਖਿਆ ਅਤੇ ਮੈਨੂੰ ਦੋਵੇਂ ਚਿੜੀਆਂ ਨਜ਼ਰ ਆਈਆਂ। ਦੋਵੇਂ ਚੁੱਪਚਾਪ ਕੰਧ ਤੇ ਬੈਠੀਆਂ ਸਨ। ਇਸ ਦੌਰਾਨ ਦੋਵੇਂ ਕੁਝ- ਕੁਝ ਕਮਜ਼ੋਰ ਹੋ ਗਈਆਂ ਸਨ, ਕੁਝ- ਕੁਝ ਕਾਲੀਆਂ ਵੀ ਹੋ ਗਈਆਂ ਸਨ। ਹੁਣ ਉਹ ਚਹਿਕ ਵੀ ਨਹੀਂ ਸਨ ਰਹੀਆਂ।

ਹੁਣ ਪਿਤਾ ਜੀ ਸੋਟੀ ਦਾ ਸਿਰਾ ਘਾਹ ਦੇ ਤਿਣਕਿਆਂ ਉੱਤੇ ਰੱਖ ਕੇ ਉੱਥੇ ਹੀ ਘੁਮਾਉਣ ਲੱਗੇ। ਇਸ ਨਾਲ ਆਲ੍ਹਣੇ ਦੇ ਲੰਮੇ- ਲੰਮੇ ਤਿਣਕੇ ਸੋਟੀ ਦੇ ਸਿਰੇ ਨਾਲ ਲਿਪਟਣ ਲੱਗੇ। ਉਹ ਲਿਪਟਦੇ ਗਏ, ਲਿਪਟਦੇ ਗਏ ਅਤੇ ਆਲ੍ਹਣਾ ਸੋਟੀ ਦੇ ਆਲੇ- ਦੁਆਲੇ ਇਕੱਠਾ ਹੁੰਦਾ ਗਿਆ। ਸੁੱਕੇ ਘਾਹ ਅਤੇ ਰੂੰ ਦੇ ਫੰਬੇ, ਧਾਗੇ, ਲੀਰਾਂ- ਸੋਟੀ ਦੇ ਸਿਰੇ ਤੇ ਲਿਪਟਣ ਲੱਗੀਆਂ। ਉਦੋਂ ਹੀ ਅਚਾਨਕ ਜ਼ੋਰ ਦੀ ਆਵਾਜ਼ ਆਈ- ‘ਚੀਂ ਚੀਂ ‘।

ਪਿਤਾ ਜੀ ਦੇ ਹੱਥ ਰੁਕ ਗਏ। ਇਹ ਕੀ? ਕੀ ਚਿੜੀਆਂ ਵਾਪਸ ਮੁੜ ਆਈਆਂ ਹਨ? ਮੈਂ ਝੱਟ ਬਾਹਰ ਵੱਲ ਵੇਖਿਆ। ਨਹੀਂ, ਦੋਵੇਂ ਚਿੜੀਆਂ ਬਾਹਰ ਕੰਧ ਤੇ ਗੁੰਮਸੁੰਮ ਬੈਠੀਆਂ ਸਨ।

‘ਚੀਂ- ਚੀਂ, ਚੀਂ- ਚੀਂ!’ ਫਿਰ ਆਵਾਜ਼ ਆਈ। ਮੈਂ ਉੱਤੇ ਵੇਖਿਆ ਕਿ ਪੱਖੇ ਦੇ ਗੋਲੇ ਉੱਪਰ ਛੋਟੀਆਂ- ਛੋਟੀਆਂ ਚਿੜੀਆਂ ਸਿਰ ਕੱਢੀ ਹੇਠਾਂ ਵੱਲ ਵੇਖ ਰਹੀਆਂ ਸਨ ਅਤੇ ‘ਚੀਂ-ਚੀਂ ‘ ਕਰੀ ਜਾ ਰਹੀਆਂ ਸਨ। ਅਜੇ ਵੀ ਪਿਤਾ ਜੀ ਦੇ ਹੱਥ ਵਿੱਚ ਸੋਟੀ ਸੀ ਅਤੇ ਉਸ ਤੇ ਲਿਪਟਿਆ ਆਲ੍ਹਣੇ ਦਾ ਬਹੁਤ ਸਾਰਾ ਹਿੱਸਾ ਸੀ। ਛੋਟੀਆਂ- ਛੋਟੀਆਂ ਦੋ ਚਿੜੀਆਂ! ਉਹ ਅਜੇ ਵੀ ਝਾਕੀ ਜਾ ਰਹੀਆਂ ਸਨ ਅਤੇ ‘ਚੀਂ-ਚੀਂ ‘ ਕਰਕੇ ਜਿਵੇਂ ਆਪਣੀ ਜਾਣਕਾਰੀ ਦੇ ਰਹੀਆਂ ਸਨ- ‘ਅਸੀਂ ਆ ਗਈਆਂ ਹਾਂ। ਸਾਡੇ ਮਾਂ- ਪਿਉ ਕਿੱਥੇ ਹਨ?’

ਮੈਂ ਖਾਮੋਸ਼ ਉਨ੍ਹਾਂ ਵੱਲ ਵੇਖਦਾ ਰਿਹਾ। ਫਿਰ ਮੈਂ ਵੇਖਿਆ, ਪਿਤਾ ਜੀ ਸਟੂਲ ਤੋਂ ਹੇਠਾਂ ਉੱਤਰ ਆਏ ਹਨ ਅਤੇ ਆਲ੍ਹਣੇ ਦੇ ਤਿਣਕਿਆਂ ਚੋਂ ਸੋਟੀ ਕੱਢ ਕੇ ਉਨ੍ਹਾਂ ਨੇ ਸੋਟੀ ਨੂੰ ਇੱਕ ਪਾਸੇ ਰੱਖ ਦਿੱਤਾ ਹੈ ਅਤੇ ਚੁੱਪ- ਚਾਪ ਕੁਰਸੀ ਤੇ ਆ ਕੇ ਬਹਿ ਗਏ ਹਨ। ਇਸ ਦੌਰਾਨ ਮਾਂ ਕੁਰਸੀ ਤੋਂ ਉੱਠੀ ਅਤੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਨਿੱਕੀਆਂ ਚਿੜੀਆਂ ਅਜੇ ਵੀ ਹਫ਼- ਹਫ਼ ਕੇ ਚੀਕੀ ਜਾ ਰਹੀਆਂ ਸਨ ਅਤੇ ਆਪਣੇ ਮਾਂ- ਪਿਓ ਨੂੰ ਬੁਲਾ ਰਹੀਆਂ ਸਨ।

ਉਨ੍ਹਾਂ ਦੇ ਮਾਂ- ਪਿਓ ਤੁਰੰਤ ਉੱਡ ਕੇ ਅੰਦਰ ਆ ਗਏ ਅਤੇ ਚੀਂ- ਚੀਂ ਕਰਦੇ ਉਨ੍ਹਾਂ ਨੂੰ ਜਾ ਮਿਲੇ ਅਤੇ ਉਨ੍ਹਾਂ ਦੀਆਂ ਨਿੱਕੀਆਂ- ਨਿੱਕੀਆਂ ਚੁੰਝਾਂ ਵਿੱਚ ਚੋਗਾ ਪਾਉਣ ਲੱਗੇ। ਮਾਂ, ਪਿਤਾ ਜੀ ਅਤੇ ਮੈਂ ਉਨ੍ਹਾਂ ਵੱਲ ਵੇਖਦੇ ਰਹਿ ਗਏ। ਕਮਰੇ ਵਿੱਚ ਫਿਰ ਸ਼ੋਰ ਹੋਣ ਲੱਗ ਪਿਆ ਸੀ, ਪਰ ਹੁਣ ਪਿਤਾ ਜੀ ਉਨ੍ਹਾਂ ਵੱਲ ਵੇਖ- ਵੇਖ ਕੇ ਸਿਰਫ ਮੁਸਕਰਾਉਂਦੇ ਰਹੇ।

ਅਨੁ: ਪ੍ਰੋ. ਨਵ ਸੰਗੀਤ ਸਿੰਘ
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਬਠਿੰਡਾ
9417692015

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: