ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਹਿੰਦੀ ਕਹਾਣੀ: ਮੈਂ ਆਪਣਾ ਨਾਂ ਬਦਲ ਲਿਆ ਹੈ

ਹਿੰਦੀ ਕਹਾਣੀ: ਮੈਂ ਆਪਣਾ ਨਾਂ ਬਦਲ ਲਿਆ ਹੈ

* ਮੂਲ : ਕਮਲੇਸ਼ ਭਾਰਤੀ
* ਅਨੁ : ਪ੍ਰੋ ਨਵ ਸੰਗੀਤ ਸਿੰਘ

ਕਹਿੰਦੇ ਹਨ ਕਿ ਟ੍ਰਾਂਸਫਰ ਹੋਣ ਵਾਲੇ ਆਪਣੇ ਮੁਕਾਮ ਤੇ ਪਿੱਛੋਂ ਪਹੁੰਚਦੇ ਨੇ, ਪਰ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਬਾਰੇ ਚੰਗੀਆਂ- ਮਾੜੀਆਂ ਗੱਲਾਂ ਹਵਾ ਵਿਚ ਤੈਰਦੀਆਂ ਪਹੁੰਚ ਚੁੱਕੀਆਂ ਹੁੰਦੀਆਂ ਨੇ। ਜੀ ਹਾਂ, ਰਮਿੰਦਰ ਨਾਲ ਵੀ ਬਿਲਕੁਲ ਅਜਿਹਾ ਹੀ ਹੋਇਆ ਸੀ। ਤੁਸੀਂ ਜਾਣਦੇ ਨਹੀਂ? ਮੈਂ ਰਮਿੰਦਰ ਸਿੱਧੂ ਦੀ ਗੱਲ ਕਰ ਰਿਹਾ ਹਾਂ! ਹੁਣ ਯਾਦ ਆਈ ਤੁਹਾਨੂੰ, ਲੰਮੇ ਕੱਦ-ਕਾਠੀ ਵਾਲੀ, ਗੋਰੀ-ਚਿੱਟੀ ਜਿਹੀ, ਵੱਡੀਆਂ-ਵੱਡੀਆਂ ਅੱਖਾਂ ਵਾਲੀ ਰਮਿੰਦਰ ਦੀ?
ਉਹ ਸਾਡੇ ਸਕੂਲ ਵਿਚ ਟ੍ਰਾਂਸਫਰ ਹੋ ਕੇ ਆਉਣ ਵਾਲੀ ਸੀ ਕਿ ਸਕੂਲ ਵਿਚ ਉਹਦੇ ਬਾਰੇ ਬਤੰਗੜੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਉਹਦੇ ਬਾਰੇ ਚਟਖਾਰੇ ਲੈ-ਲੈ ਕੇ ਕਿੱਸੇ ਸੁਣਾਏ ਜਾ ਰਹੇ ਸਨ। ਉਨ੍ਹਾਂ ਹੀ ਦੰਦ-ਕਥਾਵਾਂ ਵਿੱਚੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹਦੀ ਵਿਆਹੁਤਾ ਜ਼ਿੰਦਗੀ ਸੁਖੀ ਨਹੀਂ ਹੈ। ਇਸ ਲਈ ਉਹ ਆਪਣੇ ਬੇਟੇ ਰਿੰਕੂ ਨਾਲ ਇਕੱਲੀ ਜੀਵਨ-ਸੰਘਰਸ਼ ਵਿੱਚ ਇਕ-ਇਕ ਕਦਮ ਰੱਖ ਰਹੀ ਹੈ।
ਉਂਜ ਮੈਨੂੰ ਮੁੱਖ ਦਫ਼ਤਰ ਵਿੱਚ ਹੀ ਇੱਕ ਬਜ਼ੁਰਗ ਕਰਮਚਾਰੀ ਨੇ ਸਭ ਕੁਝ ਦੱਸਦਿਆਂ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ ਸੀ, ਤੁਹਾਡੇ ਸਕੂਲ ਵਿੱਚ ਰਮਿੰਦਰ ਨੂੰ ਭੇਜ ਰਹੇ ਹਾਂ ਉਹਦੇ ਜੀਵਨ ਵਿੱਚ ਪਹਿਲਾਂ ਹੀ ਜ਼ਹਿਰ ਘੁਲਿਆ ਹੋਇਆ ਹੈ, ਜ਼ਰਾ ਉਸ ਨੂੰ ਆਰਾਮ ਨਾਲ ਦਿਨ ਬਿਤਾਉਣ ਦੇਣਾ, ਮੈਂ ਉਹਨੂੰ ਆਪਣੀ ਬੇਟੀ ਵਾਂਗ ਸਮਝਦਾ ਹਾਂ।
ਅਸਲ ਵਿੱਚ ਮੈਂ ਪਰਿਸਥਿਤੀਆਂ ਦੇ ਵਹਾਅ ਵਿੱਚ ਇੱਕ ਨੇਤਾ ਬਣ ਚੁੱਕਿਆ ਸਾਂ ਅਤੇ ਮੇਰੇ ਸੰਘਰਸ਼ ਕਰਕੇ ਪ੍ਰਿੰਸੀਪਲ ਨੂੰ ਅਸਤੀਫ਼ਾ ਦੇ ਕੇ ਭੱਜਣ ਤੋਂ ਇਲਾਵਾ ਹੋਰ ਕੋਈ ਰਸਤਾ ਨਜ਼ਰ ਨਹੀਂ ਸੀ ਆਇਆ। ਇਸੇ ਕਾਰਨ ਮੁੱਖ ਦਫ਼ਤਰ ਵਿੱਚ ਮੇਰਾ ਨਾਂ ਇੱਕ ਹਊਆ ਬਣ ਚੁੱਕਿਆ ਸੀ। ਖੈਰ, ਇਹ ਕਿੱਸਾ ਕਦੇ ਫੇਰ ਸਹੀ। ਮੈਂ ਤਾਂ ਤੁਹਾਨੂੰ ਰਮਿੰਦਰ ਬਾਰੇ ਦੱਸ ਰਿਹਾ ਸੀ ਨਾ!
ਉਸ ਬਜ਼ੁਰਗ ਕਰਮਚਾਰੀ ਦੀ ਹੱਥ ਜੋੜ ਕੇ ਬੇਨਤੀ ਕਰਨ ਵਾਲੀ ਮੁਦਰਾ ਤੋਂ ਮੈਂ ਅੰਦਰ ਤਕ ਭਿੱਜ ਗਿਆ ਅਤੇ ਉਸੇ ਵੇਲੇ ਉਨ੍ਹਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਰਮਿੰਦਰ ਨੂੰ ਮੈਥੋਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਤੁਸੀਂ ਉਸਨੂੰ ਬੇਫ਼ਿਕਰ ਹੋ ਕੇ ਸਾਡੇ ਸਕੂਲ ਵਿੱਚ ਭੇਜੋ, ਇੱਥੇ ਉਸ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ। ਮੇਰੇ ਵਿਸ਼ਵਾਸ ਨਾਲ ਉਸ ਬਜ਼ੁਰਗ ਕਰਮਚਾਰੀ ਦੀਆਂ ਅੱਖਾਂ ਵਿਚ ਸੰਤੋਖ ਸਾਫ਼-ਸਾਫ਼ ਚਮਕਣ ਲੱਗ ਪਿਆ ਸੀ।
ਕੁਝ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਮਿੰਦਰ ਨੇ ਸਕੂਲ ਵਿਚ ਡਿਊਟੀ ਜੁਆਇਨ ਕੀਤੀ। ਨਾਲ ਉਹਦਾ ਬੇਟਾ ਰਿੰਕੂ ਅਤੇ ਉਸ ਦੀਆਂ ਸ਼ਰਾਰਤਾਂ ਵੀ ਪਹੁੰਚੀਆਂ। ਰਮਿੰਦਰ ਦੇ ਚਾਚਾ-ਚਾਚੀ ਉਹਦਾ ਸਾਮਾਨ ਛੱਡ ਗਏ। ਇਸ ਤਰ੍ਹਾਂ ਨਵੀਂ ਥਾਂ ਤੇ ਆਪਣੇ ਅਤੀਤ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ, ਰਮਿੰਦਰ ਨੇ।
ਨਵਾਂ ਮਾਹੌਲ, ਨਵੇਂ ਚਿਹਰਿਆਂ ਵਿੱਚ ਰਮਿੰਦਰ ਅਤੀਤ ਦੇ ਕਾਲ਼ੇ ਪਰਛਾਵੇਂ ਭੁੱਲ ਕੇ ਹੱਸਣ ਦੀ ਕੋਸ਼ਿਸ਼ ਕਰਨ ਲੱਗੀ। ਮੁੱਢਲੇ ਦਿਨਾਂ ਵਿੱਚ ਸਕੂਲ ਦੀਆਂ ਅਧਿਆਪਕਾਵਾਂ ਨੇ ਉਸ ਨੂੰ ਸਿਰ-ਅੱਖਾਂ ਤੇ ਬਿਠਾਇਆ। ਉਨ੍ਹਾਂ ਨਾਲ ਉਹਦੀ ਖੂਬ ਬਣਨ ਲੱਗੀ। ਸਟਾਫ਼-ਰੂਮ ਵਿੱਚ ਉਸ ਦਾ ਹਾਸਾ ਗੂੰਜਦਾ, ਸਵੈਟਰਾਂ ਦੀਆਂ ਨਵੀਂਆਂ-ਨਵੀਂਆਂ ਬੁਣਤੀਆਂ ਵੀ ਉਹਨੂੰ ਖੁਸ਼ੀ-ਖੁਸ਼ੀ ਮਿਲ ਜਾਂਦੀਆਂ।
ਕਦੇ-ਕਦੇ ਬੇਟੇ ਕਰਕੇ ਉਹਦਾ ਮਨ ਪ੍ਰੇਸ਼ਾਨ ਹੋ ਜਾਂਦਾ। ਰਿੰਕੂ ਆਪਣੇ ਇਕਲੌਤੇ ਹੋਣ ਦਾ ਪੂਰਾ ਫ਼ਾਇਦਾ ਉਠਾਉਂਦਾ। ਉਹ ਪ੍ਰਿੰਸੀਪਲ ਦਫਤਰ ਵਿਚ ਬੇਝਿਜਕ ਵੜ ਕੇ ਘੰਟੀ ਵਜਾ ਦਿੰਦਾ। ਚਪੜਾਸੀ ਦੌੜਿਆ ਆਉਂਦਾ ਤਾਂ ਉਹਨੂੰ ਦੰਦ ਕੱਢ ਕੇ ਵਿਖਾ ਦਿੰਦਾ। ਜਦੋਂ ਉਹਦਾ ਜੀਅ ਕਰਦਾ, ਉਹ ਮਰਜ਼ੀ ਨਾਲ ਪੀਰੀਅਡ ਦੀ ਘੰਟੀ ਵਜਾ ਦਿੰਦਾ। ਅਜਿਹੇ ਸਮੇਂ ਸਭ ਕੁਝ ਗੜਬੜ ਹੋ ਜਾਂਦਾ। ਰਮਿੰਦਰ ਉਹਦੀਆਂ ਅਜਿਹੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਰੋਣ ਲੱਗਦੀ ਅਤੇ ਰਿੰਕੂ ਆਪਣੇ ਬਚਪਨ ਦੇ ਢੰਗ ਨਾਲ ਮੰਮੀ ਦੇ ਗਲ਼ ਵਿੱਚ ਬਾਹਾਂ ਪਾ ਕੇ ਉਹਨੂੰ ਮਨਾਉਣ ਲੱਗਦਾ ਅਤੇ ਅਧਿਆਪਕਾਵਾਂ ਕਹਿੰਦੀਆਂ- ਧੰਨ ਹੈ ਵਿਚਾਰੀ! ਅਜਿਹੇ ਬੇਟੇ ਨਾਲ ਜੀਵਨ ਕੱਟਣ ਦੀ ਸੋਚ ਰਹੀ ਹੈ।
ਬਜ਼ੁਰਗ ਕਰਮਚਾਰੀ ਨੂੰ ਦਿੱਤੇ ਗਏ ਵਾਅਦੇ ਕਰਕੇ ਵਿੱਚ- ਵਿੱਚ ਉਹਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮੈਂ ਉਹਦੀ ਮਦਦ ਕਰਦਾ। ਮਸਲਨ, ਉਹਦੇ ਬੇਟੇ ਨੂੰ ਉਹਦੀ ਪਸੰਦ ਦੇ ਚੰਗੇ ਸਕੂਲ ਵਿੱਚ ਭਰਤੀ ਕਰਵਾਇਆ; ਨੰਬਰ ਬੁੱਕ ਨਾ ਹੋਣ ਦੇ ਬਾਵਜੂਦ ਗੈਸ-ਸਿਲੰਡਰ ਭਰਵਾ ਦਿੱਤਾ ਅਤੇ ਉਸ ਪਿੰਡ ਤੋਂ ਸ਼ਹਿਰ ਦੇ ਬੱਸ ਸਟੈਂਡ ਤੇ ਮਾਂ-ਬੇਟੇ ਨੂੰ ਛੱਡ ਆਇਆ।
ਅਕਸਰ ਰਿੰਕੂ ਮੇਰਾ ਮੋਟਰਸਾਈਕਲ ਦੇਖ ਕੇ ਮਚਲ ਉੱਠਦਾ। ਪਹਿਲਾਂ-ਪਹਿਲ ਰਮਿੰਦਰ ਨੇ ਰਿੰਕੂ ਨੂੰ ਇਕੱਲਿਆਂ ਹੀ ਬਿਠਾਉਂਦੇ ਹੋਏ ਕਿਹਾ- ਸਰ, ਇਹਨੂੰ ਜ਼ਰਾ ਘੁਮਾ ਲਿਆਓ! ਪਰ ਇੱਕ ਵਾਰ ਰਿੰਕੂ ਅੜ ਗਿਆ ਕਿ ਮੰਮੀ ਤੋਂ ਬਿਨਾਂ ਨਹੀਂ ਬੈਠੇਗਾ। ਜ਼ਿੱਦ ਮੂਹਰੇ ਰਮਿੰਦਰ ਨੂੰ ਝੁਕਣਾ ਪਿਆ, ਪਰ ਉਸਦੀ ਝਿਜਕ ਮੈਥੋਂ ਛੁਪੀ ਨਾ ਰਹੀ, ਇਸ ਤਰ੍ਹਾਂ ਜਿਵੇਂ ਚੋਰੀ ਕਰਦੀ ਹੋਈ ਫੜੀ ਗਈ ਹੋਵੇ। ਰਮਿੰਦਰ ਨੇ ਝਿਜਕ ਕੇ ਕਿਹਾ- ਸਰ, ਛੋਟਾ ਜਿਹਾ ਪਿੰਡ ਹੈ। ਕਿਸੇ ਦੇ ਮੂੰਹ ਤੇ ਅਸੀਂ ਲਗਾਮ ਨਹੀਂ ਲਾ ਸਕਦੇ ਨਾ! ਬਟ…ਅ…ਅ… ਰਿੰਕੂ ਦੀ ਜ਼ਿੱਦ ਜੋ ਠਹਿਰੀ ਅਤੇ ਮੇਰੀ ਜਾਨ ਦੀ ਮੁਸੀਬਤ।
ਗੱਲਾਂ-ਗੱਲਾਂ ਵਿੱਚ ਰਮਿੰਦਰ ਵੱਲੋਂ ਇਸ ਤਰ੍ਹਾਂ ਬਟ… ਅ… ਤੇ ਲਿਆ ਕੇ ਗੱਲ ਨੂੰ ਅਧੂਰੇ ਪਰ ਦਿਲਚਸਪ, ਨਾਲ ਹੀ ਡੂੰਘੇ ਮੋੜ ਤੇ ਲਿਆ ਕੇ ਛੱਡ ਦੇਣਾ ਬੜਾ ਚੰਗਾ ਲੱਗਦਾ, ਜਿਵੇਂ ਉਹ ਅਕਸਰ ਕਹਿੰਦੀ- ਸਰ, ਤੁਹਾਡੇ ਬਾਰੇ ਜਿੰਨਾ ਕੁਝ ਸੁਣਿਆ ਸੀ ਉਸ ਤੋਂ, ਸੱਚ ਪੁੱਛੋ, ਤਾਂ ਤੁਹਾਡੀ ਸ਼ਖ਼ਸੀਅਤ ਇਕ ਬਹੁਤ ਬੁਰੇ ਆਦਮੀ ਦੇ ਰੂਪ ਵਿੱਚ, ਯਾਨੀ ਖਲਨਾਇਕ ਦੀ ਦਿੱਖ ਉੱਭਰਦੀ ਸੀ। ਬਟ…ਅ… ਤੁਸੀਂ ਤਾਂ… ਇੰਨਾ ਕਹਿੰਦੇ ਹੀ ਉਹਦੀਆਂ ਗੱਲ੍ਹਾਂ ਤੇ ਹਾਸੇ ਨਾਲ ਡਿੰਪਲ ਦਿਖਾਈ ਦੇਣ ਲੱਗਦੇ ਅਤੇ ਮੈਂ ਸੋਚਣ ਲੱਗਦਾ- ਆਖਰ ਇਸ ਦਾ ਵਿਆਹੁਤਾ ਜੀਵਨ ਕਿਉਂ ਤਿੜਕ ਗਿਆ।
ਕਦੇ-ਕਦੇ ਮਨ ਵਿੱਚ ਆਉਂਦਾ ਕਿ ਉਹਦੇ ਮੂੰਹੋਂ ਉਹਦੀ ਰਾਮ ਕਹਾਣੀ ਸੁਣਾਂ, ਪਰ ਉਸੇ ਦੇ ਲਹਿਜ਼ੇ ਵਿੱਚ ਬਟ… ਅ… ਮੈਂ ਉਹਦਾ ਹਾਸਾ ਖੋਹਣਾ ਨਹੀਂ ਸੀ ਚਾਹੁੰਦਾ। ਇਹ ਜਾਣਦਿਆਂ ਹੋਇਆਂ ਵੀ ਕਿ ਇਹ ਹਾਸਾ ਵਿਖਾਵੇ ਦਾ ਹਾਸਾ ਹੈ। ਦਿਨ ਦਾ ਹਾਸਾ ਹੈ… ਰਾਤ ਦੇ ਹਨ੍ਹੇਰੇ ਇਕਾਂਤ ਵਿੱਚ ਉਹ ਆਪਣੇ ਅਤੀਤ ਨੂੰ ਲੈ ਕੇ ਹੰਝੂ ਵਹਾਉਂਦੀ ਹੋਵੇਗੀ ਅਤੇ ਸੁੰਨਸਾਨ ਜੰਗਲ ਤੋਂ ਘਨਘੋਰ ਇਕਾਂਤ ਵਾਲੇ ਭਿਆਨਕ ਵਰਤਮਾਨ ਨੂੰ ਵੇਖ ਕੇ ਸਹਿਮ ਜਾਂਦੀ ਹੋਵੇਗੀ… ਅਜਿਹੀ ਹਾਲਤ ਵਿਚ ਆਪਣੇ ਜੀਵਨ ਦੇ ਇਕਲੌਤੇ ਸਹਾਰੇ ਰਿੰਕੂ ਦੀ ਹਰ ਜ਼ਿੱਦ ਅੱਗੇ ਝੁਕ ਜਾਂਦੀ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਰਿੰਕੂ ਦੀ ਜ਼ਿੱਦ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕਦਿਆਂ ਹੋਇਆਂ, ਉਹਨੇ ਨਾ ਚਾਹੁੰਦਿਆਂ ਹੋਇਆਂ ਵੀ ਉਸ ਦਾ ਜਨਮਦਿਨ ਮਨਾਇਆ ਸੀ। ਰਿੰਕੂ ਮਚਲ ਉੱਠਿਆ ਸੀ, ਧੂਮਧਾਮ ਨਾਲ ਆਪਣਾ ਜਨਮਦਿਨ ਮਨਾਉਣ ਲਈ। ਅਤੇ ਰਮਿੰਦਰ ਕਿਤੇ ਅਤੀਤ ਵਿੱਚ ਗੁਆਚ ਗਈ ਸੀ… ਜਦੋਂ ਉਹਦਾ ਜਨਮ ਹੋਇਆ ਹੋਵੇਗਾ… ਉਦੋਂ ਪਿਤਾ ਨੇ ਪਿਆਰ ਨਾਲ ਉਹਨੂੰ ਗੋਦੀ ਵਿਚ ਲੈ ਕੇ ਮੱਥਾ ਚੁੰਮਿਆ ਹੋਵੇਗਾ ਅਤੇ ਖੁਦ ਰਮਿੰਦਰ ਵਿਜੈ ਦੀ ਛੋਹ ਮਹਿਸੂਸ ਕਰਦੀ-ਕਰਦੀ ਨਜ਼ਰ ਮਿਲਦੇ ਹੀ ਸ਼ਰਮਾ ਗਈ ਹੋਵੇਗੀ। ਉਸਦੀਆਂ ਗੱਲ੍ਹਾਂ ਤੇ ‘ਡਿੰਪਲ’ ਬਣ ਗਏ ਹੋਣਗੇ… ਬਟ…ਅ… ਉਹ ਤਾਂ ਅਤੀਤ ਦਾ ਕੋਈ ਸੁਨਹਿਰਾ, ਖੁਸ਼ਨੁਮਾ ਦਿਨ… ਹੁਣ ਤਾਂ ਉਹਦੇ ਸਾਹਮਣੇ ਧੁੰਦਲਾ ਜੀਵਨ ਸੀ।
ਰਿੰਕੂ ਦੇ ਸਾਹਮਣੇ ਪੂਰੀ ਤਰ੍ਹਾਂ ਹਾਰਦਿਆਂ ਰਮਿੰਦਰ ਨੇ ਜਨਮਦਿਨ ਮਨਾਉਣ ਦੀ ਘੋਸ਼ਣਾ ਕੀਤੀ ਸੀ। ਕੁਝ-ਇੱਕ ਅਧਿਆਪਕਾਵਾਂ ਨੂੰ ਉਹਨੇ ਸੱਦਿਆ ਵੀ ਸੀ, ਮੈਨੂੰ ਵੀ, ਅਤੇ ਆਪਣੇ ਉਨ੍ਹਾਂ ਚਾਚਾ-ਚਾਚੀ ਨੂੰ ਵੀ, ਜੋ ਉਸ ਨੂੰ ਜੁਆਇਨ ਕਰਵਾਉਣ ਆਏ ਸਨ। ਚਾਚਾ ਕੈਮਰੇ ਵਿਚ ਰੰਗੀਨ ਰੀਲ੍ਹ ਪਾ ਕੇ ਲਿਆਏ ਸਨ। ਰਮਿੰਦਰ ਨੇ ਕੇਕ ਬਣਵਾ ਲਿਆ ਸੀ। ਉਸ ਦਿਨ ਚਾਚੇ ਨੇ ਜਦੋਂ ਰਿੰਕੂ ਦੇ ਹੱਥ ਵਿਚ ਛੁਰੀ ਫੜਾ ਕੇ ਕੇਕ ਕਟਵਾਉਣ ‘ਚ ਮਦਦ ਕੀਤੀ ਸੀ, ਉਦੋਂ ਕਿਤੋਂ ਅਲਮਾਰੀ ਵਿਚ ਬੰਦ ਐਲਬਮ ਦੀ ਕੋਈ ਫੋਟੋ ਉਸ ਦੀਆਂ ਅੱਖਾਂ ਮੂਹਰੇ ਸਾਕਾਰ ਹੋ ਉੱਠੀ ਸੀ। ਜਦੋਂ ਰਿੰਕੂ ਦੇ ਪਿਤਾ ਨੇ ਪਹਿਲੇ ਜਨਮਦਿਨ ਦਾ ਕੇਕ ਕਟਵਾਇਆ ਸੀ। ਹੋ-ਹੱਲੇ ਵਿੱਚ ‘ਹੈਪੀ ਬਰਥਡੇ’ ਦੌਰਾਨ ਸ਼ਰਾਬ ਦੀ ਬੋਤਲ ਖੁੱਲ੍ਹ ਗਈ ਸੀ ਅਤੇ ਇੱਥੋਂ ਹੀ ਸ਼ੁਰੂਆਤ ਹੋਈ ਸੀ ਟੁੱਟਣ ਦੀ।
ਜਨਮਦਿਨ ਦੀ ਮਹਿਫ਼ਿਲ ਖ਼ਤਮ ਹੋਣ ਤੇ ਜਦੋਂ ਮੈਂ ਰਮਿੰਦਰ ਤੋਂ ਵਿਦਾ ਲੈਣ ਗਿਆ ਤਾਂ ਉਸ ਨੇ ਨਮ ਅੱਖਾਂ ਨਾਲ ਹੌਲੀ ਜਿਹੀ ਕਿਹਾ ਸੀ- ਬੇਟੇ ਦੀ ਖ਼ੁਸ਼ੀ ਲਈ ਤੁਹਾਨੂੰ ਤਕਲੀਫ਼ ਦਿੱਤੀ…
‘ਅਤੇ ਮਾਂ ਦੀ ਖੁਸ਼ੀ?’
‘ਨਹੀਂ, ਨਹੀਂ, ਸਰ… ਮਾਂ ਤਾਂ ਬੇਟੇ ਦੀ ਖ਼ੁਸ਼ੀ ਵਿੱਚ ਹੀ ਖੁਸ਼ ਹੈ’
‘ਮਾਂ ਬਣਨ ਤੋਂ ਪਹਿਲਾਂ ਉਹ ਰਮਿੰਦਰ ਵੀ ਤਾਂ ਹੈ।’
‘ਬਟ…ਅ…ਸਰ… ਉਹ ਤਾਂ ਰਿੰਕੂ ਲਈ ਮਰ ਗਈ।’
‘ਨਹੀਂ, ਝੂਠ ਕਹਿੰਦੀ ਹੈਂ… ਰਮਿੰਦਰ ਨੂੰ ਤੂੰ ਮਨ ਦੇ ਕਿਸੇ ਕੋਨੇ ਵਿੱਚ ਕੈਦ ਕਰ ਰੱਖਿਆ ਹੈ, ਜਿਸ ਦਿਨ ਉਸ ਨੇ ਵਿਦਰੋਹ ਕਰ ਦਿੱਤਾ, ਉਦੋਂ ਵੇਖੀਂ…।’
ਉਦੋਂ ਦੀ ਉਦੋਂ ਵੇਖੀ ਜਾਵੇਗੀ, ਸਰ।
ਅਤੇ ਉਹ ਖਿੜਖਿੜਾ ਉੱਠੀ। ਚਾਂਦਨੀ ਵਿੱਚ ਉਹਦੇ ‘ਡਿੰਪਲ’ ਹੋਰ ਵੀ ਚਮਕ ਉੱਠੇ ਸਨ।
ਸਮਾਂ ਬੀਤਦਾ ਗਿਆ। ਸਮੇਂ ਦੇ ਨਾਲ-ਨਾਲ ਚੀਜ਼ਾਂ ਵੀ ਬਦਲਦੀਆਂ ਗਈਆਂ। ਰਮਿੰਦਰ ਦੀ ਨਿਯੁਕਤੀ ਕਿਸੇ ਸਰਕਾਰੀ ਸਕੂਲ ਵਿੱਚ ਹੋ ਗਈ ਅਤੇ ਉਹ ਆਪਣੀ ਅਧੂਰੀ ਦਰਦ-ਕਹਾਣੀ ਸਮੇਟ ਕੇ ਚੁੱਪਚਾਪ ਚਲੀ ਗਈ। ਸੰਜੋਗਵੱਸ਼ ਮੈਂ ਵੀ ਕਿਸੇ ਅਖ਼ਬਾਰ ਦੇ ਸੰਪਾਦਕੀ ਵਿਭਾਗ ਵਿਚ ਚੁਣੇ ਜਾਣ ਪਿੱਛੋਂ ਅਧਿਆਪਨ-ਖੇਤਰ ਨੂੰ ਅਲਵਿਦਾ ਕਹਿ ਕੇ ਨਵੇਂ ਖੇਤਰ ਵਿਚ ਆ ਗਿਆ।
ਨਵਾਂ ਖੇਤਰ, ਨਵੀ ਥਾਂ, ਨਵੇਂ ਕੰਮ ਵਿੱਚ ਕਦੇ-ਕਦੇ ਪੁਰਾਣੇ ਖੇਤਰ, ਪੁਰਾਣੀ ਥਾਂ, ਪੁਰਾਣੇ ਕੰਮ ਦੇ ਸਹਿਕਰਮੀਆਂ ਦੀ ਯਾਦ ਆ ਹੀ ਜਾਂਦੀ। ਉਨ੍ਹਾਂ ਵਿਚ ਰਮਿੰਦਰ ਦਾ ਚਿਹਰਾ ਵੀ ਉਭਰ ਆਉਂਦਾ… ਬਟ…ਅ… ਸਾਹਮਣੇ ਤਾਂ ਬੇਕਾਰ-ਜਿਹੀਆਂ ਖ਼ਬਰਾਂ ਘੂਰਦੀਆਂ ਰਹਿੰਦੀਆਂ ਜਾਂ ਟੈਲੀਪ੍ਰਿੰਟਰ ਚਲਦੇ ਰਹਿੰਦੇ… ਕਦੇ ਕੋਈ ਬੱਚਾ ਮੋਟਰਸਾਈਕਲ ਤੇ ਘੁਮਾਉਣ ਦੀ ਜ਼ਿੱਦ ਕਰਦਾ ਤਾਂ ਰਿੰਕੂ ਦੀਆਂ ਸ਼ਰਾਰਤਾਂ ਯਾਦ ਆ ਜਾਂਦੀਆਂ।
ਇਕ ਦਿਨ ਦਫ਼ਤਰ ਵਿੱਚ ਬੈਠਾ ਖ਼ਬਰਾਂ ਦੀ ਮੁਰੰਮਤ ਕਰ ਰਿਹਾ ਸਾਂ ਕਿ ਰਿਸੈਪਸ਼ਨ ਤੋਂ ਫੋਨ ਆਇਆ ਕਿ ਕੋਈ ਮਿਸਿਜ਼ ਗਰੇਵਾਲ ਮਿਲਣ ਆਏ ਹਨ।
‘ਮਿਸਿਜ਼ ਗਰੇਵਾਲ? ਕੌਣ ਮਿਸਿਜ਼ ਗਰੇਵਾਲ?’
‘ਲਓ, ਫੋਨ ਤੇ ਆਪ ਹੀ ਪੁੱਛ ਲਓ।’
‘ਹੈਲੋ? ਕੌਣ ਮਿਸਿਜ਼ ਗਰੇਵਾਲ?’
‘ਸਰ, ਤੁਸੀਂ ਮੈਨੂੰ ਪਛਾਣਿਆ ਨਹੀਂ ਨਾ!’
‘ਬਟ…ਅ… ਪਛਾਣਦੇ ਵੀ ਕਿਵੇਂ? ਮੈਂ ਰਮਿੰਦਰ ਹਾਂ… ਰਮਿੰਦਰ ਕੌਰ ਸਿੱਧੂ, ਹੁਣ ਤਾਂ ਪਛਾਣ ਲਿਆ ਨਾ!’
‘ਓ ਹਾਂ, ਇਉਂ ਕਰੋ, ਰਿਸੈਪਸ਼ਨ ਤੇ ਮੇਰੀ ਉਡੀਕ ਕਰੋ, ਮੈਂ ਉੱਥੇ ਹੀ ਆਉਂਦਾ ਹਾਂ।’
ਰਿਸੈਪਸ਼ਨ ਤੇ ਰਮਿੰਦਰ ਨੂੰ ਵੇਖਦਿਆਂ ਮੈਂ ਹੈਰਾਨ ਰਹਿ ਗਿਆ। ਮੇਰੀ ਹੈਰਾਨੀ ਨੂੰ ਭਾਂਪਦਿਆਂ ਰਮਿੰਦਰ ਨੇ ਹੀ ਸ਼ੁਰੂਆਤ ਕੀਤੀ-
‘ਸਰ! ਇਉਂ ਕੀ ਵੇਖ ਰਹੇ ਹੋ? ਮੈਂ ਦੂਜੀ ਸ਼ਾਦੀ ਕਰ ਲਈ ਹੈ, ਇਸ ਲਈ ਤੁਸੀਂ ਮਿਸਿਜ਼ ਗਰੇਵਾਲ ਨੂੰ ਪਛਾਣ ਨਹੀਂ ਸਕੇ!’
‘ਕਿਉਂ, ਕਦੋਂ?’ ਮੇਰੇ ਮੂੰਹੋਂ ਅਚਾਨਕ ਇਹ ਸ਼ਬਦ ਉੱਛਲ ਕੇ ਉਹਦੇ ਵੱਲ ਜਾ ਡਿੱਗੇ…ਕਿਸੇ ਜ਼ਖ਼ਮੀ ਪੰਛੀ ਦੇ ਟੁੱਟੇ ਖੰਭਾਂ ਵਾਂਗ।
‘ਸਰ! ਕਿਸੇ ਔਰਤ ਨੂੰ, ਖ਼ਾਸ ਕਰਕੇ ਇਕੱਲੀ ਔਰਤ ਨੂੰ ਮਰਦ ਤਾਂ ਜੀਅ ਲੈਣ ਦਿੰਦੇ ਨੇ, ਬਟ…ਅ… ਔਰਤਾਂ ਹੀ ਉਹਦਾ ਜਿਉਣਾ ਦੁੱਭਰ ਕਰ ਦਿੰਦੀਆਂ ਹਨ।’
‘ਮੈਂ ਸਮਝਿਆ ਨਹੀਂ।’
‘ਸਰ! ਜਦੋਂ ਤਕ ਤੁਹਾਡੇ ਸਕੂਲ ਵਿੱਚ ਰਹੀ, ਉਦੋਂ ਤੁਸੀਂ ਇੱਕ ਵਾਰ ਵੀ ਮੇਰੇ ਅਤੀਤ ਵਿਚ ਨਹੀਂ ਝਾਕਿਆ ਪਰ… ਸਾਥੀ ਅਧਿਆਪਕਾਵਾਂ ਨੇ ਮੇਰੇ ਸਾਰੇ ਦੱਬੇ ਮੁਰਦੇ ਉਖਾੜ ਸੁੱਟੇ। ਤਾਅਨੇ ਦਿੱਤੇ ਕਿ ਏਨੀ ਹੀ ਧੋਤੀ ਅਤੇ ਸਾਫ਼-ਸੁਥਰੀ ਹੁੰਦੀ ਤਾਂ ਪਤੀ ਦੇ ਘਰ ਨਾ ਹੁੰਦੀ! ਹੁਣ ਪਾਕ-ਸਾਫ਼ ਹੋਣ ਦਾ ਇਹ ਕਿਹੜਾ ਪੈਮਾਨਾ ਹੋਇਆ? ਖ਼ੁਦ ਕ੍ਰਿਸ਼ਨਾ ਅਤੇ ਚਰਨਜੀਤ ਵਿਆਹੀਆਂ-
ਵਰੀਆਂ ਸਨ ਅਤੇ ਪਤੀਆਂ ਨਾਲ ਰਹਿੰਦੀਆਂ ਵੀ ਬਾਹਰ ਕੀ ਸੁਆਹ-ਖੇਹ ਉਡਾਉਂਦੀਆਂ ਸਨ! ਹੁਣ ਤੁਸੀਂ ਹੀ ਦੱਸੋ ਸਰ, ਕਿ ਇੱਕ ਪੜ੍ਹੀ- ਲਿਖੀ ਔਰਤ ਕਿਸੇ ਜਾਨਵਰ ਵਰਗੇ ਆਦਮੀ ਨਾਲ, ਹਰ ਜ਼ੁਲਮ ਸਹਾਰਦਿਆਂ ਹੋਇਆਂ ਜ਼ਿੰਦਗੀ ਗੁਜ਼ਾਰ ਦੇਵੇ? ਜ਼ਿੰਦਗੀ ਬਰਬਾਦ ਕਰ ਦੇਵੇ- ਇਹ ਕਿਵੇਂ ਹੋ ਸਕਦਾ ਹੈ? ਬਸ ਸਰ! ਚੁਭ ਕੇ ਰਹਿ ਗਈਆਂ ਸਾਫ਼-ਸੁਥਰਾ ਹੋਣ ਦੀਆਂ ਖੋਖਲੀਆਂ ਪਰਿਭਾਸ਼ਾਵਾਂ! ਮੈਂ ਤਾਂ ਆਪਣੀ ਜ਼ਿੰਦਗੀ ਰਿੰਕੂ ਦੇ ਨਾਂ ਅਰਪਿਤ ਕਰ ਚੁੱਕੀ ਸਾਂ, ਪਰ ਇਸ ਸਮੁੰਦਰ ਵਿੱਚ ਇਕੱਲੀ ਔਰਤ ਜੀਵਨ ਦੀ ਕਿਸ਼ਤੀ ਚਲਾ ਕੇ ਲੈ ਜਾਏ… ਮੁਸ਼ਕਿਲ ਹੈ… ਹਰ ਥਾਂ ਘੂਰਦੀਆਂ ਅੱਖਾਂ… ਥਪੇੜੇ ਹੀ ਥਪੇੜੇ…ਬਸ, ਵਿਅੰਗ- ਬਾਣਾਂ ਤੋਂ ਦੁਖੀ ਹੋ ਕੇ ਦੂਜੀ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ… ਤੁਸੀਂ ਵੀ ਤਾਂ…’
‘ਅਤੇ ਰਿੰਕੂ, ਰਿੰਕੂ ਕਿਵੇਂ ਮਹਿਸੂਸ ਕਰ ਰਿਹਾ ਹੈ?’
‘ਰਿੰਕੂ ਮੈਥੋਂ ਵੱਖ ਕਿੱਥੇ ਹੈ? ਹੌਲੀ-ਹੌਲੀ ਸਮਝ ਜਾਏਗਾ, ਆਪਣੀ ਮਾਂ ਵਾਂਗ ਜ਼ਿੰਦਗੀ ਨੂੰ, ਜ਼ਿੰਦਗੀ ਦੀਆਂ ਠੋਕਰਾਂ ਨੂੰ… ਫਿਰ ਤੁਸੀਂ ਹੀ ਤਾਂ ਕਹਿੰਦੇ ਸੀ ਕਿ ਮੈਂ ਰਮਿੰਦਰ ਨੂੰ ਕੈਦ ਕਰ ਰੱਖਿਆ ਹੈ… ਆਖ਼ਰ ਉਸ ਨੇ ਵਿਦਰੋਹ ਕਰ ਹੀ ਦਿੱਤਾ… ਹੁਣ ਤਾਂ ਤੁਹਾਨੂੰ ਮੇਰੇ ਫ਼ੈਸਲੇ ਤੋਂ ਖ਼ੁਸ਼ ਹੋਣਾ ਚਾਹੀਦਾ ਹੈ… ਨਹੀਂ?’
ਇਸ ਤੋਂ ਅੱਗੇ ਉਹਦਾ ਗਲਾ ਭਰ ਆਇਆ… ਉਹ ਡੁਸਕ ਰਹੀ ਸੀ… ਪਤਾ ਨਹੀਂ ਆਪਣੇ ਅਤੀਤ ਨੂੰ ਲੈ ਕੇ ਜਾਂ ਵਰਤਮਾਨ ਨੂੰ ਲੈ ਕੇ।
ਕੁਝ ਚਿਰ ਪਿੱਛੋਂ ਠੀਕ ਹੋਣ ਤੇ ਉਹ ਬੋਲੀ, ‘ਮੁਆਫ਼ ਕਰਨਾ, ਸਰ! ਤੁਹਾਨੂੰ ਆਪਣੀ ਰਾਮ-ਕਹਾਣੀ ਸੁਣਾ ਕੇ ਬੋਰ ਕੀਤਾ। ਅੱਜ ਤੱਕ ਤੁਸੀਂ ਮੇਰੇ ਛੋਟੇ-ਵੱਡੇ ਕਈ ਕੰਮ ਕੀਤੇ ਨੇ। ਇਕ ਤਕਲੀਫ ਹੋਰ ਤੁਹਾਨੂੰ ਦੇਣ ਆਈ ਹਾਂ। ਸ਼ਾਦੀ ਪਿੱਛੋਂ ਮੈਂ ਰਮਿੰਦਰ ਕੌਰ ਗਰੇਵਾਲ ਬਣ ਗਈ ਹਾਂ ਅਤੇ ਸਾਰੇ ਸੰਬੰਧਿਤ ਲੋਕ ਮੈਨੂੰ ਇਸੇ ਨਾਂ ਨਾਲ ਬੁਲਾਉਣ… ਬਸ ਇਸੇ ਨਾਂ-ਬਦਲੀ ਦੀ ਸੂਚਨਾ ਨੂੰ ਤੁਹਾਡੇ ਅਖ਼ਬਾਰ ਵਿਚ ਛਪਵਾਉਣਾ ਚਾਹੁੰਦੀ ਹਾਂ। ਮੇਰਾ ਇਹ ਕੰਮ ਕਰ ਦਿਓਗੇ ਨਾ ਸਰ?’
ਮੈਂ ਉਸ ਦੇ ਸਾਰੇ ਵੇਰਵੇ ਨੋਟ ਕੀਤੇ ਅਤੇ ਉਸ ਨੂੰ ਸ਼ੁਭ- ਕਾਮਨਾਵਾਂ ਦਿੰਦਿਆਂ ਕਿਹਾ, ‘ਰਮਿੰਦਰ ਇਸਤੋਂ ਪਿੱਛੋਂ ਤੈਨੂੰ ਕਿਸੇ ਹੋਰ ਨਾਂ ਨੂੰ ਬਦਲਣ ਦੀ ਲੋੜ ਨਾ ਪਵੇ!’

# ਮੂਲ : ਕਮਲੇਸ਼ ਭਾਰਤੀ,1034-ਬੀ, ਅਰਬਨ ਅਸਟੇਟ-।।, ਹਿਸਾਰ-125005 (ਹਰਿਆਣਾ) 9416047075.

# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: