ਹਿਮਾਚਲ ਤੇ ਗੁਜਰਾਤ ‘ਚ ਮੋਦੀ ਨੇ ਖਿੜਾਇਆ ਕਮਲ

ss1

ਹਿਮਾਚਲ ਤੇ ਗੁਜਰਾਤ ‘ਚ ਮੋਦੀ ਨੇ ਖਿੜਾਇਆ ਕਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਨਵੇਂ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਦੇ ਵੱਕਾਰ ਦਾ ਸਵਾਲ ਬਣੀਆਂ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਮੋਦੀ ਲਹਿਰ ਦੇ ਜੋਰ  ਭਾਜਪਾ ਜਿੱਤਣ ਵਿੱਚ ਕਾਮਯਾਬ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਭਾਜਪਾ ਨੇ ਬਹੁਮਤ ਤੋਂ ਵੱਧ ਸੀਟਾਂ ਜਿੱਤ ਲਈਆਂ ਹਨ। ਇਸ ਦੌਰਾਨ ਹਿਮਾਚਲ ਵਿੱਚ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇੱਥੇ ਮੁੱਖ ਮੰਤਰੀ ਅਹੁਦੇ ਦੇ ਐਲਾਨੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਚੋਣ ਹਾਰ ਗਏ। ਇੱਥੇ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਐਲਾਨੇ ਉਮੀਦਵਾਰ ਅਤੇ ਰਿਸ਼ਵਤਖੋਰੀ, ਭਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਚੋਣ ਜਿੱਤ ਗਏ ਹਨ। ਗੁਜਰਾਤ ਵਿੱਚ ਵੀ ਉੱਥੇ ਮੌਜੂਦਾ ਸਮੇਂ ਮੁੱਖ ਮੰਤਰੀ ਅਤੇ ਇਨ੍ਹਾਂ ਚੋਣਾਂ ਵਿੱਚ ਮੁੱਖ ਮੰਤਰੀ ਅਹੁਦੇ ਲਈ ਐਲਾਨੇ ਉਮੀਦਵਾਰ ਵਿਜੈ ਰੁਪਾਣੀ ਪਹਿਲੇ ਗੇੜ ਦੀਆਂ ਵੋਟਾਂ ਵਿੱਚ ਲਗਾਤਾਰ ਹਾਰਦੇ ਵਿਖਾਈ ਦੇ ਰਹੇ ਸਨ, ਪਰ ਅਖੀਰਲੇ ਗੇੜ ਵਿੱਚ ਚੋਣ ਜਿੱਤ ਕੇ ਉਨ੍ਹਾਂ ਨੇ ਆਪਣੀ ਅਤੇ ਭਾਜਪਾ ਦੀ ਨੱਕ ਬਚਾ ਲਈ। ਗੁਜਰਾਤ ਵਿੱਚ ਉਪ ਮੁੱਖ ਮੰਤਰੀ ਵੀ ਪਹਿਲੇ ਗੇੜ ਵਿੱਚ ਹਾਰ ਰਹੇ ਸਨ, ਅੰਤਲੇ ਗੇੜ ਵਿੱਚ ਉਹ ਵੀ ਚੋਣ ਜਿੱਤ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਅੱਜ ਸਵੇਰੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਸੰਸਦ ਵਿੱਚ ਦਾਖਲ ਹੋਣ ਲੱਗਿਆਂ ਹੀ ਮੀਡੀਆ ਨੂੰ ਦੋ ਉਂਗਲਾਂ ਦਾ ਇਸ਼ਾਰਾ ਕਰਕੇ ਭਾਜਪਾ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ ਨੇ ਦੋਵਾਂ ਸੂਬਿਆਂ ਵਿੱਚ ਭਾਜਪਾ ਦੇ ਬਹੁਮਤ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਦੋਵਾਂ ਸੂਬਿਆਂ ਦੇ ਲੋਕਾਂ ਨੇ ਵਿਕਾਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਚੋਣਾਂ ਵਿੱਚ ਲਗਾਤਾਰ ਕਿਹਾ ਸੀ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਮੇਰੇ ਲਈ ਅਗਨੀ ਪ੍ਰੀਖਿਆ ਹੈ। ਇਸ ਦੀ ਮੈਨੂੰ ਅਤੇ ਭਾਜਪਾ ਨੂੰ ਜੋ ਵੀ ਕੀਮਤ ਤਾਰਨੀ ਪਵੇਗੀ, ਅਸੀਂ ਉਹ ਕੀਮਤ ਤਾਰਨ ਲਈ ਤਿਆਰ ਰਹਾਂਗੇ।
ਮੋਦੀ ਨੇ ਕਿਹਾ ਕਿ ਇਨ੍ਹਾਂ ਦੋ ਸੂਬਿਆਂ ਦੀਆਂ ਚੋਣਾਂ ਵਿੱਚ ਲੋਕਾਂ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਦੇ ਹੱਕ ਵਿੱਚ ਫਤਵਾ ਦੇ ਕੇ ਸਾਬਤ ਕੀਤਾ ਹੈ ਕਿ ਅਸੀਂ ਦੇਸ਼ ਲਈ ਜੋ ਕੁੱਝ ਕਰ ਰਹੇ ਹਾਂ, ਉਹ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੇ ਸਾਡੇ ਵੱਲੋਂ ਦਿੱਤੇ ਜਾ ਰਹੇ ਵਧੀਆ ਪ੍ਰਸ਼ਾਸਨ ਅਤੇ ਵਿਕਾਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਇਸ ਲਈ ਮੈਂ ਗੁਜਰਾਤ ਅਤੇ ਹਿਮਾਚਲ ਦੇ ਲੋਕਾਂ ਦਾ ਉਨ੍ਹਾਂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਧੰਨਵਾਦ ਕਰਦਾ ਹਾਂ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਅਤੇ ਚੋਣ ਹਾਰਨ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਿਰ ਮਨਾਉਂਦਿਆਂ ਹੀ ਔਲੇ ਪੈ ਗਏ ਹਨ। ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਰਾਹੁਲ ਗਾਂਧੀ ਪਹਿਲੀ ਹੀ ਈਨਿੰਗ ਵਿੱਚ ਜੀਰੋ ‘ਤੇ ਆਉਟ ਹੋ ਗਏ ਹਨ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਰਾਹੁਲ ਦਾ ਕਾਂਗਰਸ ਪ੍ਰਧਾਨ ਬਣਨਾ ਭਾਜਪਾ ਲਈ ਸ਼ੁੱਭ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜਿੱਥੇ-ਜਿੱਥੇ ਵੀ ਕਾਂਗਰਸ ਨੂੰ ਜਿਤਾਉਣ ਦਾ ਦਾਅਵਾ ਕਰਕੇ ਗਏ ਉੱਥੇ-ਉੱਥੇ ਹੀ ਕਾਂਗਰਸ ਹਾਰੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਿਮਾਚਲ ਅਤੇ ਗੁਜਰਾਤ ਦੀ ਜਿੱਤ ਨੂੰ ਕਾਂਗਰਸ ਵੱਲੋਂ ਪਾਰਟੀ ਵਿੱਚ ਵਧਾਏ ਜਾ ਰਹੇ ਵੰਸ਼ਵਾਦ ਅਤੇ ਦੇਸ਼ ਵਿੱਚ ਫੈਲਾਏ ਜਾ ਰਹੇ ਜਾਤ-ਪਾਤ ਅਤੇ ਧਰਮ ਵਿਰੁੱਧ ਫਤਵਾ ਕਰਾਰ ਦਿੱਤਾ ਹੈ। ਚੋਣ ਨਤੀਜੇ ਸਪੱਸ਼ਟ ਹੋਣ ਤੋਂ ਬਾਅਦ ਭਾਜਪਾ ਮੁੱਖ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਕਾਂਗਰਸ ਵੱਲੋਂ ਦੇਸ਼ ਨੂੰ ਦਿੱਤੇ ਵੰਸ਼ਵਾਦ, ਜਾਤੀਵਾਦ, ਧਰਮ ਦੇ ਨਾਂਅ ਤੇ ਨਫਰਤ ਅਤੇ ਆਪਣੇ ਸਿਆਸੀ ਸਵਾਰਥਾਂ ਨੂੰ ਪੂਰੇ ਕਰਨ ਲਈ ਫੈਲਾਏ ਭਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਨਾਸੂਰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਲਈ ਦੇਸ਼ ਦੇ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਹੁਣ ਦੇਸ਼ ਦੇ 19 ਸੂਬਿਆਂ ਵਿੱਚ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਜੋ 2022 ਲਈ ਨਵੇਂ ਇੰਡੀਆ ਦਾ ਸੰਕਲਪ ਰੱਖਿਆ ਹੈ ਅਤੇ ਦੇਸ਼ ਦੇ ਲੋਕਾਂ ਨੂੰ ਕਾਂਗਰਸ ਮੁਕਤ ਭਾਰਤ ਬਣਾਉਣ ਦਾ ਸੱਦਾ ਦਿੱਤਾ ਹੈ, ਦੇਸ਼ ਦੇ ਲੋਕ ਮੋਦੀ ਦੇ ਸਿਰ ਆਪਣਾ ਅਸ਼ੀਰਵਾਦ ਬਣਾਈ ਰੱਖਣਗੇ ਅਤੇ ਅਸੀਂ ਇਹ ਟੀਚੇ ਪੂਰੇ ਕਰਨ ਵਿੱਚ ਸਫਲ ਹੋਵਾਂਗੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਹੈ। ਨਿਤੀਸ਼ ਨੇ ਟਿੱਪਣੀ ਕੀਤੀ ਕਿ ਮੇਰੇ ਨਾਲ ਧੋਖਾ ਕਰਨ ਵਾਲੀ ਕਾਂਗਰਸ ਗੁਜਰਾਤ ਵਿੱਚ ਵੱਡੀ ਜਿੱਤ ਦੇ ਦਾਅਵੇ ਕਰ ਰਹੀ ਸੀ, ਪਰ ਲੋਕਾਂ ਨੇ ਉਸ ਦੇ ਭੁਲੇਖੇ ਦੂਰ ਕਰ ਦਿੱਤੇ ਹਨ।

Share Button

Leave a Reply

Your email address will not be published. Required fields are marked *