ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਹਾਥਰਸ ਦੀ ਬੇਹੱਦ ਸ਼ਰਮਨਾਕ ਅਤੇ ਦੁਖਦ ਘਟਨਾ ਜਿੰਨੀ ਹੀ ਸ਼ਰਮਨਾਕ ਰਹੀ ਇਸ ਘਟਨਾ ਪ੍ਰਤੀ ਸਮਾਜ ਦੇ ਹਰ ਵਰਗ ਦੀ ਭੂਮਿਕਾ

ਹਾਥਰਸ ਦੀ ਬੇਹੱਦ ਸ਼ਰਮਨਾਕ ਅਤੇ ਦੁਖਦ ਘਟਨਾ ਜਿੰਨੀ ਹੀ ਸ਼ਰਮਨਾਕ ਰਹੀ ਇਸ ਘਟਨਾ ਪ੍ਰਤੀ ਸਮਾਜ ਦੇ ਹਰ ਵਰਗ ਦੀ ਭੂਮਿਕਾ

ਸਾਡੇ ਦੇਸ ਅੰਦਰ ਬਲਾਤਕਾਰ ਜਿਹੀਆਂ ਘਟਨਾਵਾਂ ਇਸ ਹੱਦ ਤੱਕ ਵਧ ਰਹੀਆਂ ਹਨ ਕਿ ਇਹ ਬੁਰਾਈ ਦਹੇਜ, ਭਰੂਣ ਹੱਤਿਆ ਆਦਿ ਵਾਂਗ ਉਭਰ ਕੇ ਭਾਰਤ ਦੇਸ ਅੰਦਰਲੀਆਂ ਬੁਰਾਈਆਂ ਵਿੱਚ ਸ਼ਾਮਿਲ ਹੋ ਚੁੱਕੀ ਹੈ। ਪਿਛਲੇ ਦਿਨੀਂ ਯੂਪੀ ਦੇ ਹਾਥਰਸ ਵਿੱਚ ਘਟੀ ਘਟਨਾ ਨੇ ਪੂਰੇ ਦੇਸ ਵਾਸੀਆਂ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ। 19 ਸਾਲਾ ਮਨੀਸ਼ਾ ਨੂੰ ਦਰਿੰਦਿਆਂ ਵੱਲੋਂ ਐਨੀ ਬੇਰਹਿਮੀ ਨਾਲ ਮਾਰਿਆ ਅਤੇ ਤੋੜਿਆ ਗਿਆ ਕਿ ਉਸਨੇ 14 ਦਿਨ ਬਾਅਦ ਦਮ ਤੋੜ ਦਿੱਤਾ।

*ਸਰਕਾਰ ਦੀ ਭੂਮਿਕਾ:-* ਕਿਸੇ ਵੀ ਰਾਜ ਦੀ ਸਰਕਾਰ ਦੇ ਅੰਦਰ ਅਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ। ਪਰ ਇਸ ਕੇਸ ਵਿੱਚ ਜੋ ਸਭ ਤੋਂ ਸ਼ਰਮਨਾਕ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਇਸ ਵਿੱਚ ਸਰਕਾਰੀ ਕਰਮਚਾਰੀਆਂ ਦੀ ਭੂਮਿਕਾ ਗਿਰਾਵਟ ਵਾਲੀ ਰਹੀ। ਲੜਕੀ ਦੀ ਲਾਸ਼ ਨੂੰ ਉਸਦੇ ਮਾਤਾ-ਪਿਤਾ ਨੂੰ ਸੌਂਪਣ ਜਾਂ ਉਹਨਾਂ ਨੂੰ ਆਖ਼ਰੀ ਵਾਰ ਚਿਹਰਾ ਦਿਖਾਉਣ ਦੀ ਬਜਾਏ ਉਸਨੂੰ ਪੈਟਰੋਲ ਪਾ ਕੇ ਸਾੜ ਦੇਣਾ , ਉਸਦਾ ਦਾਹ ਸੰਸਕਾਰ ਵੀ ਘਰ ਦਿਆਂ ਨੂੰ ਨਾ ਕਰਨ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੀ ਸਹਿਮਤੀ ਨਾਲ ਹੀ ਰਾਤ ਦੇ ਦੋ ਤੋਂ ਤਿੰਨ ਵਜੇ ਵਿਚਕਾਰ ਲੜਕੀ ਦਾ ਸੰਸਕਾਰ ਕੀਤਾ ਗਿਆ ਹੈ। ਇਸ ਗੱਲ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਪੁਲਿਸ ਕਰਮੀ ਜਾਂ ਪਰਿਵਾਰ ਵਾਲੇ ਹੀ ਜਾਣਦੇ ਹਨ ਪਰ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਧਮਕੀਆਂ ਮਿਲ ਰਹੀਆਂ ਹਨ ਜਿਵੇਂ ਆਪਣੀ ਲੜਕੀ ਦੇ ਗੁਨਾਹਗਾਰ ਪਰਿਵਾਰ ਵਾਲੇ ਖੁਦ ਹੋਣ। ਪਹਿਲਾਂ ਤੋਂ ਟੁੱਟ ਚੁੱਕੇ ਅਤੇ ਖਿੰਡੇ ਹੋਏ ਪਰਿਵਾਰ ਨੂੰ ਘਰੇ ਬੰਦੀ ਬਣਾ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ। ਆਖਰ ਇਹ ਕਿਸਦੇ ਕਹਿਣ ‘ਤੇ ਹੋ ਰਿਹਾ ਹੈ? ਕੀ ਇਹ ਸਭ ਯੋਗੀ ਸਰਕਾਰ ਦੀ ਮਰਜ਼ੀ ਤੋਂ ਬਿਨ ਹੋ ਰਿਹਾ ਹੈ ਜਾਂ ਪੁਲਿਸ ਅਧਿਕਾਰੀਆਂ ਦੀ ਆਪਣੀ ਮਨਮਾਨੀ ਦਾ ਨਤੀਜਾ ਹੈ। ਪੁਲਿਸ ਵੱਲੋਂ ਪਿੰਡ ਤੱਕ ਸ਼ੀਲ ਕੀਤਾ ਗਿਆ। ਇਸ ਕੇਸ ਵਿੱਚ ਝੂਠ ਸੱਚ ਦੀ ਐਨੀ ਰਲਾਵਟ ਹੋ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਕਿ ਪੂਰਾ ਦੇਸ ਦੁਚਿੱਤੀ ਵਿੱਚ ਹੈ।

*ਮੀਡੀਆ ਦੀ ਭੂਮਿਕਾ:-* ਜੇਕਰ ਮੀਡੀਆ ਦੀ ਗੱਲ ਕਰੀ ਜਾਵੇ ਤਾਂ ਮੀਡੀਆ ਦਾ ਕੰਮ ਸਰਕਾਰਾਂ ਲਈ ਕੰਮ ਕਰਨਾਂ ਨਹੀਂ ਸਗੋਂ ਦੇਸ ਦੇ ਹਿਤ ਲਈ, ਜਨਤਾ ਲਈ ਕੰਮ ਕਰਨਾ ਹੁੰਦਾ ਹੈ। ਦਿਨ- ਬ-ਦਿਨ ਮੀਡੀਆ ਦੇ ਗਿਰ ਰਹੇ ਗ੍ਰਾਫ ਦੇ ਬਾਵਜੂਦ ਵੀ ਬਹੁਤ ਸਾਰੇ ਪੱਤਰਕਾਰ ਆਪਣੀ ਜਾਨ ਤੇ ਖੇਡ ਕੇ ਘਟਨਾ ਸ਼ਿਕਾਰ ਲੜਕੀ ਦੇ ਪਿੰਡ ਤੱਕ ਪਹੁੰਚੇ। ਪਰ ਪੁਲਿਸ ਵੱਲੋਂ ਉਹਨਾਂ ਨੂੰ ਪਰਿਵਾਰ ਵਾਲਿਆਂ ਨਾਲ ਮਿਲਣ ਦੇਣਾ ਤਾਂ ਦੂਰ ਘਰ ਤੱਕ ਵੀ ਪਹੁੰਚਣ ਨਹੀਂ ਦਿੱਤਾ ਗਿਆ। ਮੀਡੀਆ ਦੇ ਅਜਿਹੇ ਪੱਤਰਕਾਰ ਚੀਕ ਚੀਕ ਕੇ ਜਨਤਾ ਤੱਕ ਉਹ ਘਟਨਾ ਸੰਬੰਧੀ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਹਨ। ਜਿਸਨੂੰ ਲੁਕਾਉਣ ਲਈ ਸਰਕਾਰ ਸਮੇਤ ਉਥੋਂ ਦੇ ਡੀ.ਐੱਮ. ਅਤੇ ਪੁਲਿਸ ਦਾ ਪੂਰਾ ਜੋਰ ਲੱਗਿਆ ਹੋਇਆ ਹੈ। ਚੈਨਲ ਟੀਮਾਂ ਉਸ ਸੱਚ ਤੱਕ ਪਹੁੰਚਣ ਲਈ ਪੁਰ ਜੋਰ ਕੋਸ਼ਿਸ਼ ਕਰ ਰਹੀਆਂ ਹਨ। ਲੇਕਿਨ ਫਿਰ ਵੀ ਕੁਝ ਚੈਨਲ ਅਜਿਹੇ ਹਨ ਜੋ ਘਟਨਾ ਸ਼ਿਕਾਰ ਮਨੀਸ਼ਾ ਦੀ ਬਲਾਤਕਾਰ ਦੀ ਘਟਨਾ ਸੰਬੰਧੀ ਡੀ.ਐੱਮ. ਵਾਲਾ ਝੂਠ ਬੋਲ ਕੇ ਕਿ ਬਲਾਤਕਾਰ ਹੋਇਆ ਹੀ ਨਹੀਂ ਤੇ ਸਰਕਾਰ ਦੇ ਏਧਰਲੇ ਉਧਰਲੇ ਗੁਣਗਾਨ ਕਰਕੇ ਅਸਲੀ ਮੁੱਦੇ ਤੋਂ ਭਟਕਾ ਕੇ ਜਨਤਾ ਨੂੰ ਘੁੰਮਰਾਹ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ।

*ਨੇਤਾਵਾਂ ਵੱਲੋਂ ਕੀਤੀ ਜਾ ਰਹੀ ਹੈ ਰਾਜਨੀਤੀ:-*
ਸਾਡੇ ਦੇਸ ਵਿੱਚ ਕਈ ਰਾਜਨੀਤਿਕ ਪਾਰਟੀਆਂ ਹਨ। ਪਰ ਅਜਿਹੇ ਮੁੱਦੇ ਜੋ ਦੇਸ ਲਈ ਘਾਤਕ ਹੋਣ ਜੇਕਰ ਉੱਥੇ ਵੀ ਰਾਜਨੀਤੀ ਹੋਵੇ ਇਸ ਤੋਂ ਨੀਵੀਂ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਵਿਰੋਧੀ ਧਿਰਾਂ ਸਰਕਾਰ ‘ਤੇ ਉਂਗਲ ਉਠਾ ਰਹੀਆਂ ਹਨ ਜੋ ਸਦਾ ਤੋਂ ਹੁੰਦਾ ਰਿਹਾ ਹੈ। ਫਿਰ ਦੂਜੀ ਧਿਰ ਦੂਸਰੇ ਦੇ ਸਮੇਂ ‘ਚ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਸੰਬੰਧੀ ਤਾਹਨਾ ਰੂਪ ਵਿੱਚ ਯਾਦ ਕਰਵਾਉਂਦੀ ਹੈ। ਅਸਲ ਵਿੱਚ ਅਜਿਹੇ ਵਿਸ਼ਿਆਂ ਉੱਪਰ ਤਾਂ ਘੱਟੋ ਘੱਟ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਕਿਉਂਕਿ ਔਰਤ ਸੁਰੱਖਿਆ ਦੀ ਲੋੜ ਕਿਸੇ ਇੱਕ ਸਰਕਾਰ, ਰਾਜ ਜਾਂ ਦੇਸ ਵਿੱਚ ਨਹੀਂ ਹੁੰਦੀ ਸਗੋਂ ਹਰ ਕਿਤੇ ਇਸ ਕਲਯੁੱਗ ਦੇ ਸਮੇਂ ਵਿੱਚ ਰਹਿੰਦੀ ਹੀ ਹੈ।
ਅਸੀਂ ਕਿਸੇ ਵੀ ਪਾਰਟੀ ਨਾਲ ਜੁੜੇ ਹੋਈਏ ਪਰ ਜੇਕਰ ਆਪਣੀ ਸਰਕਾਰ ਦੇ ਰਾਜ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਉਸਨੂੰ ਲੁਕਾ ਕੇ ਸਰਕਾਰ ਨੂੰ ਬਚਾਉਣ ਦੀ ਬਜਾਏ ਸਹੀ ਅਤੇ ਸਪਸ਼ਟ ਆਪਣਾ ਪੱਖ ਰੱਖਣਾ ਚਾਹੀਦਾ ਹੈ ਨਾ ਕਿ ਅਜਿਹੀ ਸਥਿਤੀ ਹੋਣੀ ਚਾਹੀਦੀ ਹੈ ਕਿ ਜੇਕਰ ਇਸ ਘਟਨਾ ਦੀ ਜਿੰਮੇਵਾਰੀ ਜਾਂ ਗਲਤੀ ਸਾਡੀ ਪਾਰਟੀ ਦੇ ਰਾਜ ਵਿੱਚ ਹੁੰਦੀ ਹੈ ਤਾਂ ਅਸੀਂ ਇਸ ਗੱਲ ਵਿੱਚ ਜੁਟ ਜਾਈਏ ਕਿ ਸੱਚ ਲੁਕੋ ਕੇ ਸਰਕਾਰ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਕਿਵੇਂ ਸਾਬਿਤ ਕਰੀਏ ਕਿ ਬਲਾਤਕਾਰ ਨਹੀਂ ਹੋਇਆ। ਇਹ ਗੱਲ ਕੁਦਰਤੀ ਹੈ ਕਿ ਜੇ ਚੰਗੇ ਕੰਮ ਦਾ ਸਿਹਰਾ ਲੋਕ ਸਰਕਾਰ ਦੇ ਸਿਰ ਬੰਨ੍ਹਦੇ ਹਨ ਤਾਂ ਅਜਿਹੀ ਮੰਦਭਾਗੀ ਘਟਨਾ ਦਾ ਵੀ ਸਰਕਾਰ ਸਿਰ ਬੰਨਿਆਂ ਜਾਵੇਗਾ ਕਿਉਂਕਿ ਆਪਣੇ ਰਾਜ ਅੰਦਰ ਹਰ ਵਿਅਕਤੀ ਦੀ ਸੁਰੱਖਿਆ ਦੀ ਜਿੰਮੇਵਾਰੀ ਰਾਜ ਸਰਕਾਰ ਦੀ ਹੀ ਹੁੰਦੀ ਹੈ। ਉਦੋਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਅਜਿਹੇ ਕੇਸ ਵਿੱਚ ਲੋਕਾਂ ਨੂੰ ਨਿਰਪੱਖਤਾ ਨਾ ਨਜ਼ਰ ਆਵੇ।

*ਭਾਰਤੀ ਨਾਗਰਿਕਾਂ ਦੀ ਭੂਮਿਕਾ:-* ਭਾਰਤ ਦਾ ਹਰ ਨਾਗਰਿਕ ਇਸ ਮੰਦਭਾਗੀ ਘਟਨਾ ਨੂੰ ਨਿੰਦ ਰਿਹਾ ਹੈ ਅਤੇ ਦੋਸ਼ੀਆਂ ਲਈ ਫ਼ਾਂਸੀ ਦੀ ਮੰਗ ਕਰ ਰਿਹਾ ਹੈ। ਪੂਰਾ ਦੇਸ ਗੁੱਸੇ ਦੀ ਅੱਗ ਨਾਲ ਭੜਕ ਰਿਹਾ ਹੈ। ਕਿਉਂਕਿ ਅਸੀਂ ਅਜ਼ਾਦ ਹੋਣ ਬਾਅਦ ਵੀ ਕਿਤੇ ਨਾ ਕਿਤੇ ਔਰਤ ਸੁਰੱਖਿਆ ਪ੍ਰਤੀ ਕੋਈ ਸਖ਼ਤ ਕਨੂੰਨ ਨਹੀਂ ਬਣਾ ਪਾਏ ਜਿਸ ਨਾਲ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਅਜਿਹੀਆਂ ਘਟਨਾਵਾਂ ਦਾ ਵਿਰੋਧ ਕਰਨ ਲਈ ਕਿਸੇ ਪਾਰਟੀ ਦੇ ਝੰਡੇ ਦੀ ਜ਼ਰੂਰਤ ਨਹੀਂ ਹੁੰਦੀ। ਸਗੋਂ ਦੇਸ ਵਾਸੀ ਹੋਣ ਦੇ ਨਾਮ ‘ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੀ ਘਟਨਾ ਸਮੇਂ ਇੱਕ ਹੋ ਕੇ ਅਤੇ ਨਿੱਜੀ ਪਾਰਟੀਵਾਦੀ ਵਿਚਾਰਾਂ ਤੋਂ ਉੱਪਰ ਉੱਠ ਕੇ ਆਪਣਾ ਫ਼ਰਜ਼ ਨਿਭਾਈਏ। ਝੰਡੇ ਸਾਨੂੰ ਆਪਸ ਵਿੱਚ ਵੰਡ ਦਿੰਦੇ ਹਨ ਸਾਡਾ ਇੱਕੋ ਨਾਅਰਾ ਹੋਣਾ ਚਾਹੀਦਾ ਹੈ।

ਨਾ ਹੋਰ ਧੀਆਂ ਨੂੰ ਮਰਵਾਉਣਾ ਹੈ,
ਬਲਾਤਕਾਰ ਮੁਕਤ ਭਾਰਤ ਬਣਾਉਣਾ ਹੈ।

ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਸਾਰੀਆਂ ਗੱਲਾਂ ਸਰਕਾਰਾਂ ਦੇ ਸਿਰ ਵੀ ਨਹੀਂ ਸੁੱਟੀਆਂ ਜਾ ਸਕਦੀਆਂ। ਸਾਡੇ ਵੀ ਕੁਝ ਫ਼ਰਜ਼ ਬਣਦੇ ਹਨ ਕਿ ਅਸੀਂ ਹਮੇਸ਼ਾ ਇਸੇ ਤਰ੍ਹਾਂ ਸੱਚ ਦਾ ਸਾਥ ਦੇਈਏ। ਆਪਣੇ ਬੱਚਿਆਂ ਨੂੰ ਸਹੀ ਗਲਤ ਦੀ ਸਮਝ ਦੇਈਏ। ਉਹਨਾਂ ਦੀ ਸੰਗਤ ਬਾਰੇ ਜਾਗਰੂਕ ਰਹੀਏ ਅਤੇ ਬੱਚਿਆਂ ਦੇ ਮਿੱਤਰ ਬਣ ਕੇ ਉਹਨਾਂ ਨਾਲ ਵਿਚਰੀਏ। ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਅਸੀਂ ਜਾਣਦੇ ਹੀ ਹਾਂ ਕਿ ਅਸੀਂ ਸਮਾਜ ਵਿੱਚ ਗਰਾਊਂਡ ਲੇਬਲ ਉੱਪਰ ਰਹਿੰਦੇ ਹਾਂ। ਸਮਾਜ ਦੀ ਅਸਲ ਝਲਕ ਤੋਂ ਜਿੰਨੀ ਪਰਜਾ ਜਾਣੂ ਹੁੰਦੀ ਹੈ,ਸ਼ਾਸ਼ਨ ਕਰਨ ਵਾਲੇ ਕਦੇ ਵੀ ਨਹੀਂ ਹੋ ਸਕਦੇ। ਜੇਕਰ ਸਰਕਾਰਾਂ ਕੁਝ ਚੰਗਾ ਕਰਨਾ ਵੀ ਚਾਹੁਣ ਤਾਂ ਭ੍ਰਿਸ਼ਟਾਚਾਰ ਐਨਾ ਜਿਆਦਾ ਹੈ ਕਿ ਉੱਪਰ ਤੋਂ ਆਈ ਸਹੀ ਗੱਲ ਵੀ ਹੇਠਾਂ ਆ ਕੇ ਵਿਘੜ ਜਾਂਦੀ ਹੈ। ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਲੋੜ ਹੈ ਕਿ ਸਮਾਜ ਕਿੱਥੇ ਤੱਕ ਗੰਧਲਾ ਹੋ ਚੁੱਕਿਆ ਹੈ। ਅੱਜ ਰੋਟੀ,ਕੱਪੜਾ,ਮਕਾਨ ਤੋਂ ਪਹਿਲਾਂ ਮੁੱਖ ਲੋੜ ਸੁਰੱਖਿਆ ਬਣ ਗਈ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਧਰ ਉੱਧਰ ਦੇ ਬੇਲੋੜੇ ਬਿਲ ਪਾਸ ਕਰਕੇ ਜਨਤਾ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ,ਸੁਰੱਖਿਆ ਸੰਬੰਧੀ ਕੋਈ ਕਨੂੰਨ ਬਣਾਉਣ। ਤਾਂ ਕਿ ਆਉਣ ਵਾਲੀ ਪੀੜ੍ਹੀ ਤੋਂ ਸਾਨੂੰ ਇਹ ਸੁਣਨ ਨੂੰ ਨਾ ਮਿਲੇ ਕਿ ਇਹ ਦੇਸ ਸੁਰੱਖਿਅਤ ਰਹਿਣ ਯੋਗ ਨਹੀਂ ਰਿਹਾ। ਸਭ ਨੇ ਇਸਨੂੰ ਮਿਲ ਕੇ ਠੀਕ ਕਰਨਾ ਹੈ। ਪਰ ਇਸ ਸੰਬੰਧੀ ਲੋੜੀਂਦੇ ਕਨੂੰਨ ਬਣਾਏ ਜਾਣੇ ਲਾਜ਼ਮੀ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਭਾਰਤ ਦੀਆਂ ਹੋਰ ਧੀਆਂ ਨਾ ਗਵਾਉਣੀਆਂ ਪੈਣ।

ਹਰਪ੍ਰੀਤ ਕੌਰ ਘੁੰਨਸ
ਮੋ: 97795-20194

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: