ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਹਾਈ ਕੋਰਟ ਵੱਲੋਂ ਇਹਨਾਂ ਪਿੰਡਾਂ ਨੂੰ ਅਗੇਤਾ ਝੋਨਾ ਲਾਉਣ ਦੀ ਛੋਟ

ਹਾਈ ਕੋਰਟ ਵੱਲੋਂ ਇਹਨਾਂ ਪਿੰਡਾਂ ਨੂੰ ਅਗੇਤਾ ਝੋਨਾ ਲਾਉਣ ਦੀ ਛੋਟ

ਐਤਕੀਂ ਜ਼ਿਲ੍ਹਾ ਮੁਕਤਸਰ ਤੇ ਫ਼ਰੀਦਕੋਟ ਦੇ ਕਰੀਬ 515 ਕਿਸਾਨਾਂ ਨੂੰ ਝੋਨੇ ਦੀ ਅਗੇਤੀ ਲਵਾਈ ਤੋਂ ਛੋਟ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ’ਚ ਜਾਣਾ ਪਿਆ। ਹਾਈ ਕੋਰਟ ਨੇ ਇਨ੍ਹਾਂ ਕਿਸਾਨਾਂ ਨੂੰ ਫ਼ੌਰੀ ਰਾਹਤ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਐਤਕੀਂ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ ਸਾਇਲ ਵਾਟਰ ਐਕਟ 2009 ਤਹਿਤ ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ।

ਹਾਈ ਕੋਰਟ ’ਚ ਇਸ ਮਾਮਲੇ ‘ਤੇ ਸਭ ਤੋਂ ਪਹਿਲੀ ਪਟੀਸ਼ਨ 1 ਮਈ ਨੂੰ ਦਾਇਰ ਹੋਈ ਸੀ ਅਤੇ ਹੁਣ ਤੱਕ ਰਿੱਟ ਪਟੀਸ਼ਨਾਂ ਦਾ ਸਿਲਸਿਲਾ ਜਾਰੀ ਹੈ।

ਵੇਰਵਿਆਂ ਅਨੁਸਾਰ ਹਾਈਕੋਰਟ ਪਹੁੰਚ ਕਰਨ ਵਾਲੇ ਸਾਰੇ ਕਿਸਾਨ ਸੇਮ ਦੀ ਮਾਰ ਝੱਲ ਰਹੇ ਹਨ ਜਿਸ ਦੇ ਆਧਾਰ ’ਤੇ ਉਹ ਝੋਨੇ ਦੀ ਲਵਾਈ ਦੀ ਨਿਸ਼ਚਿਤ ਤਾਰੀਕ ਤੋਂ ਛੋਟ ਦੀ ਮੰਗ ਕਰ ਰਹੇ ਹਨ। ਐਕਟ ਦੀ ਧਾਰਾ 3 ਤਹਿਤ ਪੰਜਾਬ ਸਰਕਾਰ ਸੇਮ ਵਾਲੇ ਖੇਤਰਾਂ ਦਾ ਸਰਵੇ ਕਰ ਕੇ ਉਨ੍ਹਾਂ ਨੂੰ ਦੋ ਸਾਲਾਂ ਲਈ ਝੋਨੇ ਦੀ ਅਗੇਤੀ ਲਵਾਈ ਲਈ ਛੋਟ ਦੇ ਸਕਦੀ ਹੈ।

ਲੰਘੇ ਸੱਤ-ਅੱਠ ਵਰਿ੍ਆਂ ਤੋਂ ਇਨ੍ਹਾਂ ਕਿਸਾਨਾਂ ਨੂੰ ਛੋਟ ਮਿਲਦੀ ਆ ਰਹੀ ਸੀ। ਪੰਜਾਬ ਸਰਕਾਰ ਤਰਫ਼ੋਂ ਢਿੱਲ ਮੱਠ ਵਰਤਣ ਕਰ ਕੇ ਕਿਸਾਨਾਂ ਨੂੰ ਹੁਣ ਹਾਈਕੋਰਟ ਪਹੁੰਚ ਕਰਨੀ ਪਈ ਹੈ। ਫ਼ਰੀਦਕੋਟ ਤੇ ਮੁਕਤਸਰ ਜ਼ਿਲ੍ਹੇ ਦੇ 41 ਪਿੰਡਾਂ ਦੇ 515 ਕਿਸਾਨਾਂ ਨੂੰ ਹਾਈਕੋਰਟ ਜਾਣਾ ਪਿਆ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਰਾਮਨਗਰ, ਸਾਉਂਕੇ ਅਤੇ ਆਸਾ ਬੁੱਟਰ ਦੀ ਪੰਚਾਇਤ ਨੇ ਹਾਈਕੋਰਟ ’ਚ ਪਟੀਸ਼ਨ ਪਾਈ ਸੀ ਜਿਸ ਮਗਰੋਂ ਹੁਣ ਇਨ੍ਹਾਂ ਤਿੰਨਾਂ ਪਿੰਡਾਂ ਨੂੰ ਪੂਰੀ ਤਰ੍ਹਾਂ ਅਗੇਤੀ ਲਵਾਈ ਲਈ ਛੋਟ ਮਿਲ ਗਈ ਹੈ।

ਫ਼ਰੀਦਕੋਟ ਦੇ ਮਚਾਕੀ ਮੱਲ ਸਿੰਘ ਅਤੇ ਰੱਤੀ ਰੋੜੀ ਦੇ ਕਿਸਾਨਾਂ ਨੂੰ ਰਾਹਤ ਮਿਲੀ ਹੈ। ਇਸੇ ਤਰ੍ਹਾਂ ਪਿੰਡ ਸੰਗਰਾਣਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਗ਼ਲਤੀ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਹਰ ਸਾਲ ਭੁਗਤਣਾ ਪੈਂਦਾ ਹੈ।

ਨਾ ਸਰਕਾਰ ਸਮੇਂ ਸਿਰ ਸਰਵੇ ਕਰਦੀ ਹੈ ਤੇ ਨਾ ਅਗੇਤੀ ਲਵਾਈ ਤੋਂ ਛੋਟ ਦਿੰਦੀ ਹੈ ਜਦਕਿ ਸੇਮ ਵਾਲੇ ਖੇਤਰ ਨੂੰ ਛੋਟ ਦੀ ਐਕਟ ਵਿਚ ਹੀ ਵਿਵਸਥਾ ਹੈ। ਉਨ੍ਹਾਂ ਸੁਆਲ ਉਠਾਏ ਕਿ ਖੇਤੀ ’ਵਰਸਿਟੀ ਦੇ ਮਾਹਿਰ ਆਖਦੇ ਹਨ ਕਿ ਝੋਨੇ ਦੀ ਪਨੀਰੀ 35 ਤੋਂ 37 ਦਿਨਾਂ ‘ਚ ਤਿਆਰ ਹੁੰਦੀ ਹੈ ਪ੍ਰੰਤੂ ਸਰਕਾਰ ਨੇ ਕਿਸਾਨਾਂ ਨੂੰ ਪਨੀਰੀ ਦਾ ਸਮਾਂ 31 ਦਿਨਾਂ ਦਾ ਦਿੱਤਾ ਹੈ।

ਮੁਕਤਸਰ ਜ਼ਿਲੇ ਦੇ ਸੇਮ ਪ੍ਰਭਾਵਿਤ ਪਿੰਡ ਜੰਮੂਆਣਾ, ਸੱਕਾਂਵਾਲੀ, ਫ਼ੱਤਣਵਾਲਾ, ਕੋਟਲੀ ਸੰਘਰ, ਬਰੀਵਾਲਾ, ਅਟਾਰੀ, ਰੁਪਾਣਾ, ਮਲੋਟ ਬਲਾਕ ਦੇ ਪਿੰਡ ਸਾਉਂਕੇ, ਰਾਮਨਗਰ ਖਜਾਨ ਸਿੰਘ, ਮਹਿਰਾਜਵਾਲਾ, ਆਲਮਵਾਲਾ, ਅਸਪਾਲ, ਕਾਉਂਣੀ, ਮਧੀਰ, ਸੋਥਾ, ਸੁਖਨਾ ਅਬਲੂ, ਦੂਹੇਵਾਲਾ, ਲੰਬੀ ਬਲਾਕ ਦੇ ਅਬੁਲਖੁਰਾਣਾ, ਮਿੱਠੜੀ ਬੁਧ ਗਿਰ ਆਦਿ ਦੇ ਕਿਸਾਨਾਂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ।

ਖੇਤੀ ਮਹਿਕਮੇ ਨੇ ਆਪਣੇ ਪੱਧਰ ’ਤੇ ਸਰਵੇ ਕਰਾਉਣ ਮਗਰੋਂ ਪਿੰਡ ਬਾਦਲ, ਲੰਬੀ,ਪੰਜਾਵਾਂ, ਭਾਗੂ, ਦਿਉਣਖੇੜਾ, ਈਨਾਖੇੜਾ, ਝੌਰੜ, ਰੱਤਾ ਖੇੜਾ, ਬੋਦੀਵਾਲਾ, ਚੱਕ ਸ਼ੇਰੇਵਾਲਾ, ਲੰਡੇ ਰੋਡੇ, ਸਮਾਘ, ਦੋਦਾ, ਬਬਾਣੀਆਂ, ਗੁਰੂਸਰ, ਰੁਖਾਲਾ, ਤਪਾਖੇੜਾ, ਮਾਨ, ਜੱਸੇਆਣਾ ਆਦਿ ਨੂੰ ਅਗੇਤੀ ਲਵਾਈ ਤੋਂ ਛੋਟ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: