Mon. May 27th, 2019

‘ਹਾਈ ਐਂਡ ਯਾਰੀਆਂ’ ਨਾਲ ਨਵੇਂ ਮੁਕਾਮ ਸਿਰਜੇਗਾ ‘ਰਣਜੀਤ ਬਾਵਾ’

‘ਹਾਈ ਐਂਡ ਯਾਰੀਆਂ’ ਨਾਲ ਨਵੇਂ ਮੁਕਾਮ ਸਿਰਜੇਗਾ ‘ਰਣਜੀਤ ਬਾਵਾ’

ਪੰਜਾਬੀ ਗਾਇਕੀ ‘ਚ ਸਥਾਪਤੀ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਦੇ ਖੇਤਰ ਵਿੱਚ ਨਵੇਂ ਮੁਕਾਮ ਸਿਰਜਣ ਵਾਲਾ ਰਣਜੀਤ ਬਾਵਾ ਸਾਲ 2019 ਵਿੱਚ ਪੂਰੀ ਤਰਾਂ ਪੰਜਾਬੀ ਪਰਦੇ ‘ਤੇ ਸਰਗਰਮ ਰਹੇਗਾ। ਇਸੇ ਮਹੀਨੇ ਉਸਦੀ ਜੱਸੀ ਗਿੱਲ ਅਤੇ ਨਿੰਜਾ ਨਾਲ ਇੱਕ ਵੱਡੇ ਬਜਟ ਦੀ ਫ਼ਿਲਮ ‘ਹਾਈ ਐਂਡ ਯਾਰੀਆਂ’ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਉਸਦੀ ਇੱਕ ਹੋਰ ਫ਼ਿਲਮ ‘ਤਾਰਾ ਮੀਰਾ’ ਵੀ ਰਿਲੀਜ਼ ਲਈ ਤਿਆਰ ਹੈ। ਰਣਜੀਤ ਬਾਵਾ ਪੰਜਾਬੀ ਗਾਇਕੀ ਵਿੱਚ ਸਥਾਪਤ ਹੋਣ ਮਗਰੋਂ ਹੀ ਫ਼ਿਲਮਾ ਵੱਲ ਆਇਆ। ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਦੀ ਪਹਿਲੀ ਫ਼ਿਲਮ 1984 ਦੇ ਸਮਿਆਂ ‘ਚ ਸਿੱਖ ਪੰਥ ਲਈ ਸ਼ਹੀਦ ਹੋਏ ਭਾਈ ਜਗਰਾਜ ਸਿੰਘ ਬਾਰੇ ‘ਤੂਫ਼ਾਨ ਸਿੰਘ’ ਸੀ ਜਿਸਨੂੰ ਸੈਂਸਰ ਬੋਰਡ ਵਲੋਂ ਪੰਜਾਬ ਵਿੱਚ ਰਿਲੀਜ਼ ਨਹੀ ਹੋਣ ਦਿੱਤਾ ਗਿਆ ਜਦਕਿ ਵਿਦੇਸ਼ਾ ਵਿੱਚ ਇਸ ਫ਼ਿਲਮ ਨੇ ਚੰਗੀ ਕਮਾਈ ਕੀਤੀ। ‘ਜੱਟ ਦੀ ਅਕਲ’ ਗੀਤ ਦੇ ਵੀਡਿਓ ਵਾਂਗ ਇਸ ਫ਼ਿਲਮ ਵਿਚ ਵੀ ਰਣਜੀਤ ਬਾਵਾ ਦਾ ਕਿਰਦਾਰ ਦੁਸ਼ਮਣਾਂ ਨੂੰ ਭਾਜੀ ਮੋੜਨ ਵਾਲਾ ਵਰਗਾ ਸੀ।
ਇਸ ਤੋਂ ਬਾਅਦ ਭਲਵਾਨ ਸਿੰਘ, ਖਿੱਦੋ ਖੁੰਡੀ ਫ਼ਿਲਮਾਂ ਨਾਲ ਰਣਜੀਤ ਬਾਵਾ ਸਰਗਰਮ ਰਿਹਾ ਪ੍ਰੰਤੂ ਪਿਛਲੇ ਸਾਲ ਆਈਆਂ ‘ਵੇਖ ਬਰਾਤਾਂ ਚੱਲੀਆਂ, ਮਿਸਟਰ ਐਡ ਮਿਸ਼ਿਜ 420’ ਨਾਲ ‘ਬਾਵਾ’ ਇੱਕ ਨਵੇਂ ਅੰਦਾਜ ਵਿੱਚ ਪੰਜਾਬੀ ਪਰਦੇ ‘ਤੇ ਨਜ਼ਰ ਆਇਆ ਤੇ ਸਿੱਧਾ ਦਰਸ਼ਕਾਂ ਦੇ ਦਿਲਾਂ ‘ਚ ਉੱਤਰ ਗਿਆ। ‘ਮਿਸਟਰ ਐਂਡ ਮਿਸ਼ਿਜ 420’ ਵਿਚਲੇ ਲਾਡੀ ਅਮਲੀ ਦੇ ਕਿਰਦਾਰ ਨੇ ਉਸਨੂੰ ਇੱਕ ਨਵੀਂ ਪਛਾਣ ਦਿੱਤੀ। ਆਪਣੇ ਮੁੱਢਲੇ ਗੀਤਾਂ ‘ਜੱਟ ਦੀ ਅਕਲ’ ਅਤੇ ਫ਼ਿਲਮਾਂ ‘ਤੂਫ਼ਾਨ ਸਿੰਘ’ ਵਿੱਚ ਰਣਜੀਤ ਬਾਵਾ ਇੱਕ ਅਣਖੀ ਯੋਧੇ ਵਾਲੇ ਕਿਰਦਾਰ ਵਿੱਚ ਉੱਭਰਿਆ ਜਦਕਿ ਬਾਅਦ ਵਿੱਚ ਉਹ ਹਰ ਤਰਾਂ ਦੇ ਕਿਰਦਾਰਾਂ ਵਿੱਚ ਨਜ਼ਰ ਆਉਣ ਲੱਗਾ। ਗੁਰਦਾਸਪੁਰ ਨੇੜਲੇ ਪਿੰਡ ਵਡਾਲਾ ਗ੍ਰੰਥੀਆਂ ਦੇ ਜੰਮਪਲ ਰਣਜੀਤ ਬਾਵਾ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਸਕੂਲ-ਕਾਲਜ਼ ਦੀਆਂ ਸਟੇਜ਼ਾਂ ਤੋਂ ਉਪਰ ਉੱਠ ਕੇ ਗਾਇਕੀ ਦੇ ਅੰਬਰਾਂ ਨੂੰ ਛੂੰਹਣ ਵਾਲਾ ਰਣਜੀਤ ਬਾਜਵਾ ਆਪਣੀ ਪਲੇਠੀ ਐਲਬਮ’ ਮਿੱੱਟੀ ਦਾ ਬਾਵਾ’ ਦੀ ਕੌਮਾਂਤਰੀ ਪ੍ਰਸਿੱਧੀ ਨਾਲ ‘ਬਾਜਵਾ’ ਤੋਂ ‘ਬਾਵਾ’ ਬਣ ਗਿਆ। ਉਸ ਤੋਂ ਬਾਅਦ ਗੀਤ ‘ਪੌਣੇ ਅੱਠ’ ਅਤੇ ‘ਤਨਖਾਹ’ ਦੀ ਸਫ਼ਲਤਾ ਨੇ ਰਣਜੀਤ ਬਾਵੇ ਦੀ ਪਹਿਚਾਣ ਹੋਰ ਵੀ ਗੂੜੀ ਹੋ ਗਈ ।
ਪਿਛਲੇ ਦਿਨੀਂ ਰਣਜੀਤ ਬਾਵਾ ਜਿੱਥੇ ਅਪਣੀਆਂ ਇੰਨਾਂ ਫ਼ਿਲਮਾਂ ਨਾਲ ਚਰਚਾ ਵਿੱਚ ਰਿਹਾ, ੳੁੱਥੇ ਆਪਣੇ ਅਨੇਕਾਂ ਗੀਤਾਂ ‘ਤਾਰੇ ਵਾਲਿਆਂ ਬਾਬਾ’,ਲਾਹੌਰ, ਯਾਰੀ ਚੰਡੀਗੜ ਵਾਲੀਏ, ਕਹਿੰਦੇ ਸ਼ੇਰ ਮਾਰਨਾ’ ਮਾਣਕ ਦੀ ਕਲੀ, ‘ਵੀਕ ਐਂਡ,ਕੰਗਣਾ, ਫੁਲਕਾਰੀ’ ਆਦਿ ਨਾਲ ਵੀ ਸ਼ੋਹਰਤ ਦੇ ਸਿਖਰਲੇ ਡੰਡੇ ‘ਤੇ ਰਿਹਾ। ਇੰਨੀ ਦਿਨਂੀਂ ਰਣਜੀਤ ਬਾਵਾ ਦੀ ਚਰਚਾ ਉਸਦੀ 22 ਫਰਵਰੀ ਨੂੰ ਆ ਰਹੀ ਫ਼ਿਲਮ ‘ਹਾਈਐਂਡ ਯਾਰੀਆਂ’ ਕਰਕੇ ਹੈ। ਫ਼ਿਲਮ ਦੇ ਟਰੇਲਰ ਨੂੰ ਵੇਖਦਿਆਂ ਰਣਜੀਤ ਬਾਵਾ ਦਾ ਕਿਰਦਾਰ ਦਰਸ਼ਕਾਂ ਦੀ ਪਸੰਦ ‘ਤੇ ਖਰਾ ਉੱਤਰਿਆ ਹੈ। ਆਪਣੀ ਇਸ ਫਿਲਮ ਬਾਰੇ ਰਣਜੀਤ ਬਾਵਾ ਨੇ ਦੱਸਿਆ ਕਿ ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ ਸੰਦੀਪ ਬਾਂਸਲ, ਪੰਕਜ ਬੱਤਰਾ,ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਨੇ ਕੀਤਾ ਹੈ। ਇਹ ਵਿਦੇਸ਼ ਰਹਿੰਦੇ ਤਿੰਨ ਦੋਸਤਾਂ ਦੀ ਕਹਾਣੀ ਹੈ ਜੋ ਇੱਕ ਦੂਜੇ ‘ਤੇ ਜਾਨ ਵਾਰਦੇ ਹਨ ਤੇ ਦੁੱਖ ਸੁੱਖ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ। ਰਣਜੀਤ ਬਾਵਾਂ ਨੇ ਦੱਸਿਆ ਕਿ ਉਸਦਾ ਕਿਰਦਾਰ ਮਾਲਵੇ ਦੇ ਪਿੰਡਾਂ ਵਾਲੇ ਸਾਫ ਦਿਲ ਦੇਸੀ ਮੁੰਡੇ ਦਾ ਹੈ। ਦਰਸ਼ਕਾਂ ਨੂੰ ਉਸਦਾ ਇਹ ਫ਼ਿਲਮੀ ਕਿਰਦਾਰ ਵੀ ਜਰੂਰ ਪਸੰਦ ਆਵੇਗਾ। ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ, ਨਵਨੀਤ ਕੌਰ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।
ਰਣਜੀਤ ਬਾਵਾ ਨੇ ਦੱਸਿਆ ਕਿ ਉਸਨੂੰ ਖੁਸ਼ੀ ਹੈ ਕਿ ਉਸਨੂੰ ਹਮੇਸ਼ਾ ਹੀ ਤਜੱਰਬੇਕਾਰ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਗਾਇਕੀ ਤੇ ਫ਼ਿਲਮਾਂ ਦਾ ਸਫ਼ਰ ਉਹ ਨਿਰੰਤਰ ਜਾਰੀ ਰੱਖੇਗਾ ਤੇ ਭਵਿੱਖ ਵਿੱਚ ਚੰਗੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦਿੰਦਾ ਰਹੇਗਾ।

ਸੁਰਜੀਤ ਜੱਸਲ
9814607737

Leave a Reply

Your email address will not be published. Required fields are marked *

%d bloggers like this: