ਹਵਾਈ ਜਹਾਜ ਅਗਵਾ ਮਾਮਲੇ ਵਿੱਚ ਦਲ ਖਾਲਸਾ ਦੇ ਸਿੰਘਾਂ ਨੇ ਦਿੱਲੀ ਅਦਾਲਤ ਵਿੱਚ ਪੇਸ਼ੀ ਭੁਗਤੀ

ss1

ਹਵਾਈ ਜਹਾਜ ਅਗਵਾ ਮਾਮਲੇ ਵਿੱਚ ਦਲ ਖਾਲਸਾ ਦੇ ਸਿੰਘਾਂ ਨੇ ਦਿੱਲੀ ਅਦਾਲਤ ਵਿੱਚ ਪੇਸ਼ੀ ਭੁਗਤੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਸਿੱਖ ਕੌਮ ਦੀ ਅਜਾਦੀ ਲਈ ਚਲੀ ਲਹਿਰ ਵਿੱਚ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਨੂੰ ਰਿਹਾਅ ਕਰਵਾਉਣ ਲਈ ਦਲ ਖਾਲਸਾ ਦੇ ਪੰਜ ਮੈਬਰਾਂ ਵੱਲੋਂ 1981 ਵਿੱਚ ਭਾਰਤੀ ਜਹਾਜ ਨੂੰ ਅਗਵਾਹ ਕਰਕੇ ਪਾਕਿਸਤਾਨ ਵਿੱਚ ਲੈ ਜਾਇਆ ਗਿਆ ਸੀ। 29 ਸਤੰਬਰ 1981 ਵਿੱਚ ਜਹਾਜ ਅਗਵਾ ਕਰਕੇ ਪਾਕਿਸਤਾਨ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਕੇਸ ਚੱਲਿਆ ਤੇ ਉਮਰ ਕੈਦ ਦੀ ਸਜ਼ਾ ਹੋਈ ਸੀ, ਜਿਸ ਨੂੰ 1995 ਵਿੱਚ ਪੂਰੀ ਕਰਨ ਤੋਂ ਬਾਅਦ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਸੰਨ 1999 ਵਿੱਚ ਤੇ ਭਾਈ ਤੇਜਇੰਦਰਪਾਲ ਸਿੰਘ ਸੰਨ 1998 ਵਿੱਚ ਵਾਪਸ ਭਾਰਤ ਆ ਗਏ ਸਨ, ਜਦ ਕਿ ਬਾਕੀ ਤਿੰਨ ਸਿੰਘ ਭਾਈ ਗਜਿੰਦਰ ਸਿੰਘ, ਭਾਈ ਕਰਨ ਸਿੰਘ ਸ਼੍ਰੀਨਗਰ ਤੇ ਭਾਈ ਜਸਬੀਰ ਸਿੰਘ ਚੀਮਾ ਨੇ ਬਾਹਰਲੇ ਮੁਲਕਾਂ ਵਿੱਚ ਸਿਆਸੀ ਸ਼ਰਨ ਲੈ ਲਈ ਸੀ।
ਦਿੱਲੀ ਦੇ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਵਲੋਂ ਦਿੱਲੀ ਪੁਲਿਸ ਵਲੋਂ ਪੇਸ਼ ਕੀਤੀ ਚਾਰਜਸ਼ੀਟ ਨਾਲ ਸਹਿਮਤ ਹੋ ਕੇ, ਇਹ ਦਲੀਲ ਦਿੱਤੀ ਗਈ, ਕਿ ਪਾਕਿਸਤਾਨ ਵਿੱਚ ਇਹਨਾਂ ਖਿਲਾਫ ਜਿਹੜੀਆਂ ਧਾਰਾਵਾਂ ਅਧੀਨ ਕੇਸ ਚੱਲੇ ਸਨ, ਉਹ ਸੰਤੁਸ਼ਟੀਜਨਕ ਨਹੀਂ ਹਨ ਤੇ ਹੁਣ ਭਾਰਤੀ ਦੰਡਵਾਲੀ ਸੰਹਿਤਾ ਦੀ ਧਾਰਾ 121 (ਭਾਰਤ ਸਰਕਾਰ ਖਿਲਾਫ ਜੰਗ ਦਾ ਐਲਾਨ), 121-ਏ (ਸਟੇਟ ਖਿਲਾਫ ਅਨੇਕਾਂ ਜੁਰਮ ਕਰਨ ਦੀ ਸਾਜ਼ਿਸ਼ ਰਚਣਾ), 124-ਏ (ਦੇਸ਼-ਧ੍ਰੋਹ) ਤੇ 120-ਬੀ (ਫੌਜਦਾਰੀ ਸਾਜ਼ਿਸ਼) ਦੇ ਅਧੀਨ ਕੇਸ ਚਲਾਉਣ ਲਈ ਦਿੱਲੀ ਪੁਲਿਸ ਕੋਲ ਪੁਖਤਾ ਸਬੂਤ ਹਨ। 15 ਅਕਤੂਬਰ 2012 ਲਈ ਪੰਜ ਸਿੱਖਾਂ ਦੇ ਗੈਰ-ਜ਼ਮਾਨਤੀ ਵਾਰੰਟ ਕੱਢ ਦਿੱਤੇ ਗਏ ਸਨ ਅਤੇ ਬੀਤੀ 20 ਜੁਲਾਈ 2017 ਨੂੰ ਦੋਨਾਂ ਸਿੰਘਾਂ ਦੀ 2-2 ਲੱਖ ਦੀ ਜਮਾਨਤ ਮਨਜੂਰ ਕੀਤੀ ਗਈ ਸੀ। ਅੱਜ ਚੱਲੇ ਇਸ ਮਾਮਲੇ ਵਿੱਚ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤੇਜਇੰਦਰ ਸਿੰਘ ਜੋ ਕਿ ਜਮਾਨਤ ‘ਤੇ ਚਲ ਰਹੇ ਹਨ ਨੇ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣੀ ਪੇਸ਼ੀ ਭੁਗਤਾਈ ਸੀ। ਜੱਜ ਪੂਜਾ ਤਲਵਾਰ ਵੱਲੋਂ ਅੱਜ ਦੋਨਾਂ ਸਿੰਘਾਂ ਨੂੰ ਮਾਮਲੇ ਦੇ ਕਾਗਜਾਤ ਮੁਹੱਈਆ ਕਰਵਾਏ ਗਏ ਹਨ ਤੇ ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ ਲਈ ਮੁਕਰਰ ਕੀਤੀ ਗਈ ਹੈ। ਅਦਾਲਤ ਅੰਦਰ ਸਿੰਘਾਂ ਵੱਲੋਂ ਵਕੀਲ ਮਨੀਸ਼ਾਂ ਭੰਡਾਰੀ ਅਤੇ ਦਿੱਲੀ ਪੁਲਿਸ ਵੱਲੋਂ ਇੰਸਪੈਕਟਰ ਵਰਿੰਦਰ ਦਲਾਲ ਪੇਸ਼ ਹੋਏ ਸਨ। ਪੇਸ਼ੀ ਭੁਗਤਣ ਉਪਰੰਤ ਸਿੰਘਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੀਤੇ ਕਲ ਡੇਰਾ ਪ੍ਰੇਮੀਆਂ ਵੱਲੋਂ ਭੰਨਤੋੜ, ਅਗਜਨੀ ਦੀ ਸਖਤ ਅੱਖਰਾਂ ਵਿੱਚ ਨਿੰਦੀਆਂ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਨੂੰਨ ਸਿਰਫ ਸਿੱਖਾਂ ਅਤੇ ਘੱਟਗਿਣਤੀਆਂ ਲਈ ਹੈ ਬਹੁਗਿਣਤੀ ਲਈ ਨਹੀਂ । ਬਹੁਗਿਣਤੀ ਜੋ ਮਰਜੀ ਕਰੀ ਜਾਏ ਰੋਕਣ ਵਾਲਾ ਕੋਈ ਨਹੀਂ ਤੇ ਸਿੱਖ ਆਪਣੇ ਗੁਰੁ ਸਾਹਿਬ ਦੀ ਬੇਅਦਬੀ ਖਿਲਾਫ ਵੀ ਬੋਲਣ ਤੇ ਅੱਤਵਾਦੀ, ਵੱਖਵਾਦੀ ਗਰਦਾਨ ਦਿੱਤੇ ਜਾਂਦੇ ਹਨ।

Share Button

Leave a Reply

Your email address will not be published. Required fields are marked *