Fri. May 24th, 2019

ਹਲਕਾ ਵਿਧਾਇਕ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ਵਿਕਾਸ ਕਾਰਜਾਂ ਦੇ ਚੈੱਕ, ਨਰਮੇ ਚੁਗਾਈ ਦੇ ਚੈੱਕ ਵੰਡਣ ਦਾ ਸਿਲਸਿਲਾ ਵੀ ਜਾਰੀ

ਹਲਕਾ ਵਿਧਾਇਕ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ਵਿਕਾਸ ਕਾਰਜਾਂ ਦੇ ਚੈੱਕ, ਨਰਮੇ ਚੁਗਾਈ ਦੇ ਚੈੱਕ ਵੰਡਣ ਦਾ ਸਿਲਸਿਲਾ ਵੀ ਜਾਰੀ

13-31
ਤਲਵੰਡੀ ਸਾਬੋ, 13 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਲਵੇ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਇਸ ਇਲਾਕੇ ਵਿਚ ਬੀਤੇ ਦਿਨ ਹੀ ਨਰਮਾ ਚੁਗਾਈ ਦੇ ਚੈੱਕ ਵੰਡਣ ਦੀ ਅਰੰਭੀ ਮੁਹਿੰਮ ਦੇ ਤਹਿਤ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸਬ ਡਵੀਜਨ ਦੇ ਪਿੰਡਾਂ ਸੰਗਤ, ਤਿਉਣਾ ਪੁਜਾਰੀਆਂ, ਤੰਗਰਾਲੀ ਅਤੇ ਜੋਗੇਵਾਲਾ ਵਿੱਚ ਜਾ ਕੇ ਜਿੱਥੇ ਨਰਮਾ ਚੁਗਾਈ ਦੇ ਚੈੱਕ ਵੰਡੇ ਉੱਥੇ ਹੀ ਉਕਤ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਵੀ ਦਿੱਤੀ ਗਈ।
ਹਲਕਾ ਵਿਧਾਇਕ ਸਿੱਧੂ ਨੇ ਆਪਣੇ ਸੰਬਧਨ ਦੌਰਾਨ ਦੱਸਿਆ ਕਿ ਹਲਕਾ ਤਲਵੰਡੀ ਸਾਬੋ ਦੇ ਸਮੁੱਚੇ ਵਿਕਾਸ ਕਾਰਜਾਂ ਜਾਂ ਭਲਾਈ ਸਕੀਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨਾਂ ਮਜਦੂਰਾਂ ਦੇ ਉਕਤ ਨਰਮ ਚੁਗਾਈ ਸੂਚੀਆਂ ਵਿੱਚ ਨਾਮ ਨਹੀ ਆਏ ਉਨ੍ਹਾਂ ਨੂੰ ਫਿਕਰ ਕਰਨ ਦੀ ਲੋੜ ਨਹੀ ਸਗੋਂ ਉਹ ਆਪਣੇ ਨਾਮ ਫਿਰ ਤੋਂ ਸਬੰਧਿਤ ਮਹਿਕਮੇ ਕੋਲ ਦਰਜ ਕਰਵਾਉਣ ਉਨਾਂ੍ਹ ਨੂੰ ਵੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੇ ਆਟਾ ਦਾਲ ਸਕੀਮ ਦੇ ਜੋ 1500 ਰਾਸ਼ਨ ਕਾਰਡ ਕੱਟ ਦਿੱਤੇ ਗਏ ਸਨ ਉਨ੍ਹਾਂ ਨੂੰ ਵੀ ਦੁਬਾਰਾ ਬਹਾਲ ਕਰ ਦਿੱਤਾ ਗਿਆ ਹੈ ਤੇ ਅਗਲੇ ਮਹੀਨੇ ਤੋਂ ਉਨ੍ਹਾਂ ਹੀ ਕੱਟੇ ਹੋਏ ਕਾਰਡਾਂ ਤੇ ਰਾਸ਼ਨ ਮਿਲਣ ਲੱਗ ਪਵੇਗਾ। ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਅੰਦਰ ਕਰੀਬ 5500 ਨਵੀਆਂ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਲਾ ਦਿੱਤੀਆਂ ਗਈਆਂ ਹਨ ਜੋ ਜਲਦੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਇਸ ਮੌਕੇ ਉਕਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਧਾਇਕ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇ ਚੈੱਕ ਵੀ ਤਕਸੀਮ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਨੇ ਦੱਸਿਆ ਕਿ ਹਲਕਾ ਤਲਵੰਡੀ ਸਾਬੋ ਦੀਆਂ ਸਮੁੱਚੀਆਂ ਲਿੰਕ ਸੜਕਾਂ ਦੀ ਮੁਰੰਮਤ, ਕੁਝ ਲਿੰਕ ਸੜਕਾਂ ਦੇ ਨਵ ਨਿਰਮਾਣ ਅਤੇ ਕਈਆਂ ਸੜਕਾਂ ਨੂੰ ਚੌੜੀਆਂ ਕਰਨ ਤੇ ਕੁਝ ਨੂੰ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣਾਉਣ ਲਈ 100 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਧਾਰਮਿਕ ਵਿਰਸੇ ਜਾਂ ਸੱਭਿਆਚਾਰ ਦੀ ਕੋਈ ਸਮਝ ਨਹੀਂ ਇਸ ਲਈ ਨਿੱਤ ਦਿਨ ਇਨ੍ਹਾਂ ਦੇ ਬਾਹਰੀ ਲੀਡਰ ਬਵਾਲ ਖੜ੍ਹਾ ਕਰਦੇ ਰਹਿੰਦੇ ਹਨ ਤੇ ਆਉਣ ਵਾਲੀਆਂ ਚੋਣਾਂ ਵਿਚ ਇਨ੍ਹਾਂ ਦੇ ਅਜਿਹੇ ਲੀਡਰਾਂ ਦਾ ਲੋਕ ਬੋਰੀਆ ਬਿਸਤਰਾ ਗੋਲ ਕਰ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਇਕਬਾਲ ਸਿੰਘ, ਡੀ ਐੱਸ ਪੀ ਪ੍ਰਲਾਦ ਸਿੰਘ ਅਠਵਾਲ, ਬੀ ਡੀ ਪੀ ਓ ਬਲਜਿੰਦਰ ਸਿੰਘ, ਸੁਪਰਡੈਂਟ ਜਗਜੀਤ ਸਿੰਘ, ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਚੱਠਾ, ਭਾਗ ਸਿੰਘ ਕਾਕਾ, ਅਕਾਲੀ ਦਲ ਸਰਕਲ ਪ੍ਰਧਾਨ ਬਲਵਿੰਦਰ ਗਿੱਲ, ਸਰਪੰਚ ਅੰਗਰੇਜ ਸਿੰਘ ਸੰਗਤ, ਸਾਬਕਾ ਸਰਪੰਚ ਹਰਪਾਲ ਸਿੰਘ, ਯੂਥ ਆਗੂ ਚਰਨਾ ਭਾਗੀਵਾਂਦਰ, ਲਖਵੀਰ ਲੱਕੀ ਸੰਗਤ, ਸੀਨੀਅਰ ਆਗੂ ਰਾਜਵਿੰਦਰ ਸਿੰਘ ਤਿਉਣਾ, ਕਰਮਵੀਰ ਸਿੰਘ ਪੰਚ ਤਿਉਣਾ, ਗੁਰਸੇਵਕ ਸਿੰਘ ਤੰਗਰਾਲੀ, ਸੁਖਭਿੰਦਰ ਸਿੰਘ ਸਰਪੰਚ ਜੋਗੇਵਾਲਾ, ਕਿਸਾਨ ਸੈੱਲ ਆਗੂ ਗੁਰਤੇਜ ਜੋਗੇਵਾਲਾ, ਬੀ ਸੀ ਵਿੰਗ ਦੇ ਭੂਰਾ ਜੋਗੇਵਾਲਾ, ਐੱਸ ਸੀ ਵਿੰਗ ਦੇ ਪਿਆਰਾ ਜੋਗੇਵਾਲਾ, ਜਗਸੀਰ ਤਲਵੰਡੀ ਪ੍ਰਧਾਨ ਆਈ ਟੀ ਵਿੰਗ, ਇਸਤਰੀ ਅਕਾਲੀ ਦਲ ਦੀ ਬੀਬੀ ਦਲੀਪ ਕੌਰ ਸਰਪੰਚ ਸੀਂਗੋ, ਡੂੰਗਰ ਸਿੰਘ ਸੀਂਗੋ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: