ਹਲਕਾ ਰੂਪਨਗਰ ਦੇ ਅੱਧਵਾਟੇ ਪਏ ਕਾਰਜਾਂ ਲਈ ਇਕ ਮਹੀਨੇ ਦੇ ਅੰਦਰ ਫੰਡ ਭੇਜਣ ਦਾ ਵਿੱਤ ਮੰਤਰੀ ਨੇ ਦਿੱਤਾ ਭਰੋਸਾ: ਅਮਰਜੀਤ ਸਿੰਘ ਸੰਦੋਆ

ss1

ਹਲਕਾ ਰੂਪਨਗਰ ਦੇ ਅੱਧਵਾਟੇ ਪਏ ਕਾਰਜਾਂ ਲਈ ਇਕ ਮਹੀਨੇ ਦੇ ਅੰਦਰ ਫੰਡ ਭੇਜਣ ਦਾ ਵਿੱਤ ਮੰਤਰੀ ਨੇ ਦਿੱਤਾ ਭਰੋਸਾ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 21 ਸਤੰਬਰ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਹਲਕੇ ਦੇ ਅੱਧ ਵਿਚਾਲੇ ਫਸੇ ਵਿਕਾਸ ਕਾਰਜਾਂ ਲਈ ਸਬੰਧਤ ਮਹਿਕਮਿਆਂ ਕੋਲ ਪੈਸਾ ਨਾ ਹੋਣ ਕਾਰਨ ਫੰਡ ਭੇਜਣ ਲਈ ਅਮਰਜੀਤ ਸਿੰਘ ਸੰਦੋਆ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਅੱਧਵਾਟੇ ਲਟਕਦੇ ਕੰਮਾਂ ਦੀ ਸੂਚੀ ਲਿਖਤੀ ਰੂਪ ਵਿੱਚ ਵਿੱਤ ਮੰਤਰੀ ਅਤੇ ਪ੍ਰਿੰਸੀਪਲ ਸੈਕਟਰੀ ਪੰਜਾਬ ਨੂੰ ਦਿੱਤੀ ਗਈ। ਜਿਸ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਕਤ ਕੰਮਾਂ ਲਈ ਮਹੀਨੇ ਦੇ ਅੰਦਰਅੰਦਰ ਸਬੰਧਤ ਮਹਿਕਮਿਆਂ ਨੂੰ ਫੰਡ ਭੇਜਣ ਦਾ ਪੂਰਾ ਭਰੋਸਾ ਦਿੱਤਾ ਗਿਆ। ਪ੍ਰੈੱਸ ਨੂੰ ਉਪਰੋਕਤ ਜਾਣਕਾਰੀ ਦਿੰਦੇ ਹੋਏ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦੱਸਿਆ ਕਿ ਰੂਪਨਗਰ ਤੋਂ ਨੂਰਪੁਰ ਬੇਦੀ ਤੱਕ 27 ਕਿਲੋਮੀਟਰ ਸੜਕ ਬਣਾਉਣ ਲਈ ਪੀ. ਡਬਲਿਊ. ਡੀ. ਮਹਿਕਮਾ ਪਿਛਲੇ ਇਕ ਸਾਲ ਤੋਂ ਖਿਲਾਰਾ ਪਾਈ ਬੈਠੇ ਅਧਿਕਾਰੀ ਫੰਡ ਨਾ ਹੋਣ ਦੀ ਮਜ਼ਬੂਰੀ ਦੱਸ ਰਹੇ ਹਨ। ਜਦੋਂ ਕਿ ਇਸ 1 ਸਾਲ ਵਿੱਚ 6 ਮਹੀਨੇ ਸੱਤਾ ਤੇ ਕਾਬਜ਼ ਬਾਦਲ ਸਰਕਾਰ ਰਹੀ ਤੇ ਹੁਣ ਪਿਛਲੇ 6 ਮਹੀਨੇ ਤੋਂ ਕੈਪਟਨ ਸਰਕਾਰ ਹਾਕਮ ਧਿਰ ਵਜੋਂ ਵਿਚਰ ਰਹੀ ਹੈ।

ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੋਹਾਂ ਸਰਕਾਰਾਂ ਕੋਲੋਂ ਸਿਰਫ 27 ਕਿਲੋਮੀਟਰ ਲੰਬੀ ਸੜਕ ਬਣਾਉਣ ਜੋਗੇ ਪੈਸੇ ਕਿਉਂ ਨਹੀਂ ਇਕੱਠੇ ਹੋ ਰਹੇ ਸਨ। ਸੰਦੋਆ ਨੇ ਕਿਹਾ ਕਿ ਪਰਜਾ ਲਈ ਜ਼ਰੂਰੀ ਹੈ ਕਿ ਉਹ ਸਰਕਾਰ ਨੂੰ ਟੈਕਸ ਦੇਵੇ ਤੇ ਹਾਕਮ ਧਿਰ ਲਈ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਤੋਂ ਲਏ ਟੈਕਸ ਬਦਲੇ ਉਹਨਾਂ ਨੂੰ ਬਣਦੀਆਂ ਸਹੂਲਤਾਂ ਮੁਹਈਆ ਕਰਵਾਏ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮੱਧ ਵਰਗੀ ਪਰਿਵਾਰ ਵੀ ਪ੍ਰਤੀ ਦਿਨ ਘੱਟੋ ਘੱਟ 500/ ਦੀ ਖਰੀਦਦਾਰੀ ਕਰਦਾ ਹੈ। ਜਿਸ ਵਿੱਚੋਂ ਘੱਟੋ ਘੱਟ ਟੈਕਸ ਦੇ ਰੂਪ ਵਿੱਚ 100/ ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮਾਂ ਹੋ ਜਾਂਦੇ ਹਨ। ਜਿਸ ਵਿੱਚੋਂ 50/ ਰੁ: ਕੇਂਦਰ ਸਰਕਾਰ ਕੋਲ ਅਤੇ 50/ ਰੁ: ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਮਾਂ ਹੋ ਜਾਂਦੇ ਹਨ। ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਥੋੜਾ ਜਿਹਾ ਜੋੜਤੋੜ ਵੀ ਲਗਾ ਕੇ ਦੇਖਿਆ ਜਾਏ ਤਾਂ ਮੇਰੇ ਜੱਦੀ ਹਲਕੇ ਨੂਰਪੁਰ ਬੇਦੀ ਬਲਾਕ ਵਿੱਚ 52 ਪਿੰਡ ਹਨ ਜਿਹਨਾਂ ਵਿੱਚ 6000 ਦੇ ਕਰੀਬ ਪਰਿਵਾਰ ਰਹਿੰਦੇ ਹਨ। ਜਿਸ ਮੁਤਾਬਿਕ ਸਿਰਫ ਨੂਰਪੁਰ ਬਲਾਕ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਲਗਭਗ 3 ਲੱਖ ਰੁਪਏ ਰੋਜ਼ਾਨਾ ਜਮਾਂ ਕਰਵਾਉਂਦਾ ਹੈ। ਪਰ ਟੈਕਸ ਦੇਣ ਬਦਲੇ ਇਲਾਕੇ ਦੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਤਾਂ ਮਿਲਣੀਆਂ ਦੂਰ ਦੀ ਗੱਲ ਸਭ ਤੋਂ ਮੁੱਢਲੀ ਜ਼ਰੂਰਤ ਚਲਣ ਯੋਗ ਸੜਕਾਂ ਵੀ ਨਹੀਂ ਨਸੀਬ ਹੋ ਰਹੀਆਂ। ਉਹਨਾਂ ਦੱਸਿਆ ਕਿ ਉਕਤ ਮੇਨ ਸੜਕ ਤੋਂ ਇਲਾਵਾ ਨੂਰਪੁਰ ਬੇਦੀ ਤੋਂ ਘਾਹੀ ਮਾਜਰਾ, ਕਾਨਪੁਰ ਖੂਹੀ ਤੋਂ ਕਮਲੋਟ, ਪਿੰਡ ਥਾਣਾ ਭੈਣੀ ਅਤੇ ਮਵਾ ਆਦਿ ਪਿੰਡ ਦੀਆਂ ਸੜਕਾਂ ਵੀ ਚਲਣਯੋਗ ਨਹੀਂ ਹਨ। ਉਹਨਾਂ ਕਿਹਾ ਕਿ ਉਕਤ ਸੜਕਾਂ ਦੀ ਦੂਰਦਸ਼ਾ ਦੀ ਸਾਰੀ ਜਾਣਕਾਰੀ ਲਿਖਤੀ ਰੂਪ ਦੇ ਵਿੱਚ ਉਹ ਵਿੱਤ ਮੰਤਰੀ ਪੰਜਾਬ ਨੂੰ ਨਿੱਜੀ ਤੌਰ ਤੇ ਜਾ ਕੇ ਦੇ ਕੇ ਆਏ ਹਨ। ਉਹਨਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਹਲਕੇ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਦੇ ਹੋਏ ਵਿੱਤ ਮੰਤਰੀ ਆਪਣੇ ਵਾਅਦੇ ਮੁਤਾਬਿਕ ਫੰਡ ਰਲੀਜ਼ ਕਰ ਦੇਣਗੇ।

Share Button

Leave a Reply

Your email address will not be published. Required fields are marked *