Thu. Oct 17th, 2019

ਹਰ ਖ਼ਬਰ ਹੋਣੀ ਚਾਹੀਦੀ ਦੇ ਵਿਅਕਤੀਗਤ ਅਧਾਰਿਤ

ਹਰ ਖ਼ਬਰ ਹੋਣੀ ਚਾਹੀਦੀ ਦੇ ਵਿਅਕਤੀਗਤ ਅਧਾਰਿਤ

ਪਿਛਲੇ ਦਿਨੀ ਦਿੱਲੀ ਵਿਖੇ ਕੁੱਝ ਦਿਨ ਪਹਿਲਾਂ ਇੱਕ ਡਰਾਈਵਰ ਸਰਬਜੀਤ ਸਿੰਘ ਅਤੇ ਦਿੱਲੀ ਪੁਲਿਸ ਵਿਚਕਾਰ ਹੋਈ ਝੜੱਪ ਨੇ ਕਾਫ਼ੀ ਤੂਰ ਫੜੀ ਰੱਖਿਆ। ਜਿਸਦੀ ਨਿੰਦਾ ਭਾਰਤ ਸਮੇਤ ਬਾਹਰਲੇ ਮੁਲਕਾਂ ਵਿੱਚ ਵੀ ਹੋਈ। ਭਾਵੇਂ ਇਸ ਮਾਮਲੇ ਦੇ ਪੱਖ ‘ਚ ਲੋਕਾਂ ਦੇ ਅਲੱਗ- ਅਲੱਗ ਮਤ ਹਨ ਪਰ ਗੁੱਸਾ, ਹੰਕਾਰ ਦੇ ਵਾਧੇ ਅਤੇ ਨਿਮਰਤਾ ਦੀ ਘਾਟ ਨੇ ਨਿੱਕੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਛੋਟਾ ਜਿਹਾ ਮਸਲਾ ਕਿੱਥੋਂ ਕਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ।
ਹਰ ਮਾਮਲੇ ਨੂੰ ਧਰਮ ਨਾਲ ਜੋੜ ਕੇ ਉਛਾਲਿਆ ਜਾਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ ਪਰ ਇਸਦਾ ਕਿਸੇ ਭਾਈਚਾਰੇ ‘ਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ।ਜਦੋਂ ਤੱਕ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਵਰਗੇ ਸਬਦ ਖ਼ਬਰਾਂ ਦੀ ਹੈੱਡਲਾਈਨ ਬਣਨ ਦੀ ਬਜਾਇ ਵਿਅਕਤੀ ਵਿਸ਼ੇਸ਼ ਨਹੀਂ ਹੋਣਗੇ ਓਦੋਂ ਤੱਕ ਅਜਿਹੇ ਮਸਲੇ ਚਲਦੇ ਰਹਿਣਗੇ। ਕਿਉਂਕਿ ਕਿਸੇ ਵੀ ਪ੍ਰਕਾਰ ਦੇ ਬੰਦੇ ਨੂੰ ਉਸਦੀ ਕੌਮ ਪੇਸ਼ ਨਹੀਂ ਕਰਦੀ। ਇਸ ਲਈ ਉਸ ਦੁਆਰਾ ਕੀਤਾ ਗਿਆ ਕੰਮ ਹੀ ਉਸਨੂੰ ਦਰਸਾਉਂਦਾ ਹੈ।ਇਹ ਗੱਲ ਦਿੱਲੀ ਪੁਲਿਸ ‘ਤੇ ਵੀ ਢੁਕਦੀ ਹੈ। ਅਸੀਂ ਕੁੱਝ ਪੁਲਿਸ ਕਰਮਚਾਰੀਆਂ ਦੁਆਰਾ ਇਸ ਮਾਮਲੇ ‘ਚ ਕੀਤੀ ਗਈ ਵਧੀਕੀ ਦਾ ਸਿਹਰਾ ਸਾਰੀ ਦਿੱਲੀ ਪੁਲਿਸ ਦੇ ਸਿਰ ਨਹੀਂ ਬੰਨ ਸਕਦੇ।
ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਹਰ ਧਰਮ ਦੀਆਂ ਆਪਣੀਆਂ ਮਰਿਆਦਾਵਾਂ ਹੁੰਦੀਆਂ ਹਨ। ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੁੱਝ ਪੁਲਿਸ ਕਰਮਚਾਰੀ ਜੇਕਰ ਖੁਦ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਗੇ ਅਤੇ ਕਿਸੇ ਪੁਲਿਸ ਕਰਮਚਾਰੀ ਦੁਆਰਾ 84 ਵਰਗਾ ਮਾਹੌਲ ਦੁਬਾਰਾ ਤੋਂ ਯਾਦ ਕਰਵਾਉਣ ਵਰਗੀਆਂ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਜਾਣਗੀਆਂ ਤਾਂ ਅਜਿਹੇ ਰੂਪ ਵਿੱਚ ਅਸੀਂ ਉਹਨਾਂ ਤੋਂ ਅਮਨ -ਸ਼ਾਂਤੀ ਬਣਾਈ ਰੱਖਣ ਦੀ ਕੀ ਉਮੀਦ ਰੱਖ ਸਕਦੇ ਹਾਂ, ਜੋ ਖੁਦ ਦੰਗੇ ਭੜਕਾਉਣ ਵਰਗੇ ਯਤਨ ਵਿੱਚ ਲੱਗੇ ਹੋਏ ਹਨ। ਬੇਸ਼ੱਕ ਸ਼ੋਸ਼ਲ ਮੀਡੀਆ ‘ਤੇ ਕੁੱਝ ਲੋਕਾਂ ਦੁਆਰਾ ਇਸ ਮੁੱਦੇ ਨੂੰ ਧਰਮ ਨਾਲ ਜੋੜ ਕੇ ਉਛਾਲਿਆ ਗਿਆ। ਪਰ ਦਿੱਲੀ ਪੁਲਿਸ਼ ਦੇ ਕੁੱਝ ਕਰਮਚਾਰੀਆਂ ਵੱਲੋਂ ਕੀਤੀ ਗਈ ਦਰਿੰਦਗੀ ਦੇ ਖ਼ਿਲਾਫ਼ ਇਕੱਠੇ ਹੋ ਕੇ ਅੱਗੇ ਆਏ ਹਿੰਦੂ ,ਸਿੱਖ ਅਤੇ ਹੋਰ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਇਹ ਕੋਈ ਧਾਰਮਿਕ ਮਸਲਾ ਨਹੀਂ ਹੈ ਅਤੇ ਇਸਨੂੰ ਧਾਰਮਿਕ ਰੰਗਤ ਚੜ੍ਹਾ ਕੇ ਰਾਜਨੀਤੀ ਨਾ ਕੀਤੀ ਜਾਵੇ। ਇਹ ਇਨਸਾਨੀਅਤ ਅਧਾਰਿਤ ਮਾਮਲਾ ਹੈ ਜੋ ਮਾਨਵਤਾ ਦੇ ਹੋ ਰਹੇ ਘਾਣ ਨੂੰ ਬਿਆਨ ਕਰਦਾ ਹੈ। ਜਿੱਥੇ ਕੁੱਝ ਕਰਮਚਾਰੀਆਂ ਦੀ ਵਧੀਕੀ ਕਾਰਨ ਪੂਰੀ ਦਿੱਲੀ ਪੁਲਿਸ ਦੀ ਆਲੋਚਨਾ ਹੋ ਰਹੀ ਹੈ ਉਥੇ ਹੀ ਇੱਕ ਦਿੱਲੀ ਪੁਲਿਸ ਅਧਿਕਾਰੀ ਬੀਬੀ ਅਸਲਮ ਖਾਨ ਵੀ ਹੈ ਜੋ ਡੇਢ ਸਾਲ ਪਹਿਲਾਂ ਲੁਟੇਰਿਆਂ ਦੁਆਰਾ ਦਿੱਲੀ ‘ਚ ਮਾਰੇ ਗਏ ਮਾਨ ਸਿੰਘ ਨਾਮ ਦੇ ਪਰਿਵਾਰ ਨੂੰ ਆਪਣੀ ਅੱਧੀ ਤਨਖ਼ਾਹ ਸਹਾਇਤਾ ਵਜੋਂ ਭੇਜਦੀ ਹੈ ਅਤੇ ਚੰਗਿਆਈ ਦੀ ਮਿਸਾਲ ਪੇਸ਼ ਕਰਦੀ ਹੈ। ਦੂਜੇ ਪਾਸੇ ਦਿੱਲੀ ਵਾਲੇ ਮਾਮਲੇ ਦੇ ਚਲਦਿਆਂ ਇੱਕ ਹੋਰ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੁੱਢੇ ਆਦਮੀ ਨੂੰ 3 ,4 ਸਿੱਖ ਭਾਈਚਾਰੇ ਦੇ ਬੰਦਿਆਂ ਦੁਆਰਾ ਸੋਟੀਆਂ ਨਾਲ ਕੁੱਟਿਆ ਜਾ ਰਿਹਾ ਹੈ। ਵੀਡੀਓ ਨਵੀਂ ਹੋਵੇ ਭਾਵੇਂ ਪੁਰਾਣੀ ਅਤੇ ਕੁੱਟੇ ਜਾਣ ਦਾ ਕਾਰਨ ਵੀ ਚਾਹੇ ਕੁੱਝ ਵੀ ਹੋਵੇ।ਪਰ  ਇਸ ਪ੍ਰਕਾਰ ਕੁੱਟ ਮਾਰ ਕਰਨਾ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਵੀਡੀਓ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁੱਟਣ ਵਾਲੇ ਦਿੱਲੀ ਪੁਲਿਸ ਦੇ ਉਹੀ ਕਰਮਚਾਰੀ ਹੋਣ ਤੇ ਕੁੱਟ ਦਾ ਸ਼ਿਕਾਰ ਉਹ ਬੁੱਢਾ ਵਿਅਕਤੀ ਸਰਬਜੀਤ ਸਿੰਘ ਹੋਵੇ।ਇਸ ਵਿੱਚ ਫ਼ਰਕ ਸਿਰਫ਼ ਵਰਦੀ ਅਤੇ ਬਾਹਰੀ ਦਿੱਖ ਦਾ ਹੈ।ਭਾਰਤ ਬਹੁ ਧਰਮੀ ਦੇਸ਼ ਜਰੂਰ ਹੈ ਪਰ ਅੱਜ ਲੋਕਾਂ ਅੰਦਰ ਧਰਮ ਕਿੰਨਾ ਹੈ ਜਾਂ ਉਹ ਧਰਮ ਦੀਆਂ ਸਿਖਿਆਵਾਂ ਅਨੁਸਾਰ ਕਿੰਨਾ ਕੁ ਚਲਦੇ ਹਨ, ਇਹ ਅਖਬਾਰਾਂ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਬਖੂਬੀ ਬਿਆਨ ਕਰ ਦਿੰਦੀਆਂ ਹਨ। ਜੇ ਧਰਮ ਦਾ ਰੌਲਾ ਪਾਉਣ ਵਾਲੇ ਲੋਕ ਸੱਚਮੁੱਚ ਧਰਮ ਅਨੁਸਾਰ ਚੱਲਣ ਤਾਂ ਸਾਡਾ ਦੇਸ਼ ਅਮਨ ਸ਼ਾਂਤੀ ਦੀ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੋਵੇ ਕਿਉਂਕਿ ਹਰ ਧਰਮ ਸ਼ਾਂਤੀ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਪ੍ਰੰਤੂ  ਅੱਜ ਦਾ ਮਨੁੱਖ ਇਸ ਤੋਂ ਲਾਂਭੇ ਹੁੰਦਾ ਜਾ ਰਿਹਾ ਹੈ। 
ਅੱਜ ਦੇ ਸਮੇਂ ਵਿੱਚ ਜਿੱਥੇ ਸਾਡੇ ਦੇਸ਼ ਦੇ ਰਾਖੇ ਸਿਪਾਹੀ ਨਿੱਤ ਸਰਹੱਦਾਂ ‘ਤੇ ਅਮਨ ਸ਼ਾਂਤੀ  ਲਈ ਸ਼ਹੀਦ ਹੋ ਰਹੇ ਹਨ ਓਥੇ ਅਸੀਂ ਨਿੱਤ ਭਾਰਤ ਅੰਦਰ ਹੀ ਅਸ਼ਾਂਤੀ ਦਾ ਮਹੌਲ ਵੇਖਦੇ ਹਾਂ ਜੋ ਕਿ ਇੱਕ ਦੁਖਦ ਗੱਲ ਹੈ।ਇਸ ਲਈ ਹਰ ਤਰ੍ਹਾਂ ਦੀ ਗੱਲ ਸੁਣ ਕੇ ਸਾਡਾ ਧਿਆਨ ਉਸ ਗੱਲ ਨਾਲ ਸੰਬੰਧਿਤ ਵਿਅਕਤੀ ਵੱਲ ਵਿਅਕੀਗਤ ਰੂਪ ਵੱਲ ਜਾਣਾ ਚਾਹੀਦਾ ਹੈ ਨਾ ਕਿ ਉਸਦੇ ਧਰਮ ਵੱਲ, ਕਿਉਂਕਿ ਕੋਈ ਵੀ ਧਰਮ ਮਾਨਵਤਾ ਦਾ ਕਤਲ ਕਰਨਾ ਨਹੀਂ ਸਿਖਾਉਂਦਾ। ਸਭ ਨੂੰ ਭੇਦ-ਭਾਵ ਰਹਿਤ,  ਇੱਕਜੁਟ ਹੋ ਕੇ ਜੀਵਨ ਜਿਓਂਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਵਿੱਚ ਹਰ ਦੇਸ਼ ਵਾਸੀ ਨੂੰ  ਬਹਿਕਾਵੇ ਤੋਂ ਬਚਣਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤੇ ਇਹੋ ਹਾਲ ਰਿਹਾ ਤਾਂ ਬਾਹਰੀ ਤਾਕਤਾਂ ਸਾਡੀਆਂ ਆਪਸੀ ਲੜਾਈਆਂ ਦਾ ਲਾਹਾ ਜਰੂਰ ਲੈਣਗੀਆਂ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਕਾਨੂੰਨ ਆਮ ਤੋਂ ਖ਼ਾਸ ਤੱਕ ਹਰ ਵਿਅਕਤੀ ਤੇ ਲਾਗੂ ਹੋਵੇ ਅਤੇ ਸਾਡੇ ਸੰਵਿਧਾਨ ਦੀ ਪ੍ਰਤਿਸ਼ਠਾ ਬਣੀ ਰਹੇ।
ਹਰਪ੍ਰੀਤ ਕੌਰ ਘੁੰਨਸ 
97795 -20194

Leave a Reply

Your email address will not be published. Required fields are marked *

%d bloggers like this: