ਹਰ ਰਿਸ਼ਤੇ ਦੀ ਇੱਜ਼ਤ ਕਰੋ

ss1

ਹਰ ਰਿਸ਼ਤੇ ਦੀ ਇੱਜ਼ਤ ਕਰੋ

ਰਿਸ਼ਤੇ ਪਰਿਵਾਰਕ ਤੇ ਸਮਾਜਿਕ ਤਾਣਾ ਬਾਣਾ ਹੈ ਇਸ ਬਗੈਰ ਜ਼ਿੰਦਗੀ ਦੀ ਹੋਂਦ ਤੇ ਜ਼ਿੰਦਗੀ ਜਿਉਣਾ ਔਖਾ ਹੈ ਪਰ ਜੇ ਇਹ ਤਾਣੀ ਉਲਝ ਜਾਵੇ ਤਾਂ ਇਸ ਨੂੰ ਸੁਲਝਾਉਣਾ ਵੀ ਆਪਣੇ ਆਪ ਵਿੱਚ ਬਹੁਤ ਔਖਾ ਕੰਮ ਹੈ।ਕਈ ਵਾਰ ਤਾਂ ਇਸ ਦਾ ਕੋਈ ਆਦਿ ਅੰਤ ਹੱਥ ਲੱਗ ਜਾਂਦਾ ਹੈ ਤਾਂ ਧੀਰਜ ਨਾਲ ਤੰਦਾਂ ਉਪਰ ਨੀਚੇ ਤੇ ਮੋਕਲੀਆਂ ਕਰਕੇ ਗੰਡਾਂ ਨੂੰ ਸੁਲਝਾ ਲਿਆ ਜਾਂਦਾ ਹੈ,ਪਰ ਕਈ ਵਾਰ ਜਲਦੀ ਤੇ ਕਾਹਲ ਕਰਕੇ ਤੰਦਾਂ ਤੋੜ ਲੈਂਦੇ ਨੇ ਫੇਰ ਗੰਢ ਨਾਲ ਜੋੜਦੇ ਨੇ, ਗੰਢ ਹਮੇਸ਼ਾ ਰੜਕਦੀ ਹੈ।
ਗੰਢਾ ਵਾਲੇ ਧਾਗੇ ਤੇ ਰਿਸ਼ਤੇ,ਵਧੀਆ ਨਤੀਜੇ ਨਹੀਂ ਦੇ ਸਕਦੇ।ਇਸ ਕਰਕੇ ਵਕਤ ਦਿਉ ਤੇ ਧੀਰਜ ਨਾਲ ਉਲਝਣਾ ਨੂੰ ਉਲਝਾਉ।ਪੈਸੇ ਦੀ ਗਰਮੀ ਰਿਸ਼ਤਿਆਂ ਵਿੱਚ ਵਖਾਉਣਾ,ਕਿਧਰੇ ਨਾ ਕਿਧਰੇ ਰਿਸ਼ਤਿਆਂ ਨੂੰ ਅਗਨੀ ਭੇਂਟ ਕਰ ਦਿੰਦੀ ਹੈ।ਪਰਿਵਾਰ ਵਿੱਚ ਮਾਂ ਬਾਪ,ਭੈਣ ਭਰਾ, ਭਾਬੀ ਤੇ ਭਣਵਈਏ ਹੁੰਦੇ ਨੇ।ਤਾਏ,ਚਾਚੇ, ਭੂਆ,ਮਾਮੇ ਮਾਸੀਆਂ ਦਾ ਆਪਣਾ ਵੱਖਰਾ ਮਹੱਤਵ ਹੁੰਦਾ ਹੈ।ਇੰਨਾ ਰਿਸ਼ਤਿਆਂ ਵਿੱਚ ਨੂੰਹ ਸੱਸ ਤੇ ਸੁਹਰਾ,ਜਵਾਈ ਸੱਸ ਤੇ ਸੁਹਰੇ ਦੇ ਰਿਸ਼ਤੇ ਆਪਣੀ ਜਗ੍ਹਾ ਤੇ ਬੜੇ ਵੱਖਰੇ ਹਨ।ਹਾਂ,ਏਹ ਹਰ ਰਿਸ਼ਤਾ ਆਪਣੇ ਆਪਣੇ ਥਾਂ ਤੇ ਇਜ਼ੱਤ ਭਾਲਦਾ ਹੈ।ਪਰ ਹਰ ਰਿਸ਼ਤੇ ਦੇ ਨਾਲ ਫਰਜ਼ਾਂ ਦਾ ਰਿਸ਼ਤਾ ਵੀ ਹੈ।ਜਦੋਂ ਵੀ ਹੱਕ ਮੰਗਦੇ ਹੋ ਤਾਂ ਫਰਜ਼ਾਂ ਵੱਲ ਵੀ ਧਿਆਨ ਜ਼ਰੂਰ ਮਾਰੋ।ਇੱਕ ਲੜਕੀ ਦੇ ਵਿਆਹ ਤੋਂ ਬਣਦੇ ਰਿਸ਼ਤੇ ਤੋਂ ਗੱਲ ਕਰਦੇ ਹਾਂ।ਲੜਕੀ ਵਿਆਹ ਕੇ ਜਾਂਦੀ ਹੈ ਤਾਂ ਬਹੁਤ ਸਾਰੇ ਰਿਸ਼ਤੇ ਉਸਦੇ ਬਣਦੇ ਹਨ ਤਾਂ ਨਾਲ ਦੀ ਨਾਲ ਦੂਸਰੇ ਪਰਿਵਾਰ ਦੇ ਮੈਂਬਰਾਂ ਦੇ ਰਿਸ਼ਤਿਆਂ ਦੇ ਵੀ ਇੱਕ ਹੋਰ ਨਾਮ ਦਾ ਜਨਮ ਹੁੰਦਾ ਹੈ ਜਿਵੇਂ ਕੁੜੀ ਦੀ ਭੈਣ ਸਾਲੀ, ਭਰਾ ਸਾਲਾ,ਮਾਪੇ ਸੱਸ ਸੁਹਰਾ,ਕੁੜਮ ਕੁੜਮਣੀ ਤੇ ਇਵੇਂ ਹੀ ਮੁੰਡੇ ਦੀ ਭੈਣ ਨਣਾਨ,ਭਰਾ ਦੇਵਰ ਜਾਂ ਜੇਠ ਤੇ ਮਾਪੇ ਸੱਸ ਸੁਹਰਾ।ਇਥੇ ਹਰ ਰਿਸ਼ਤੇ ਦਾ ਜਨਮ ਨਵਾਂ ਤੇ ਸੱਭ ਕੁੱਝ ਇੱਕ ਵੱਖਰੇ ਅੰਦਾਜ਼ ਦੀ ਮੰਗ ਕਰਦਾ ਹੈ।ਨਵੀਂ ਆਈ ਨੂੰਹ ਬਹੁਤ ਵੱਡੇ ਵੱਡੇ ਸੁਪਨੇ ਲੈਕੇ ਆਉਂਦੇ ਹੈ,ਲੜਕੀ ਦੇ ਮਾਪੇ ਵੀ ਆਪਣੀ ਧੀ ਲਈ ਇੱਕ ਰਾਜ ਕੁਮਾਰੀ ਦੀ ਜ਼ਿੰਦਗੀ ਦੀ ਉਮੀਦ ਰੱਖਦੇ ਹਨ।ਇੰਜ ਹੀ ਲੜਕੇ ਦੇ ਮਾਪੇ ਵੀ ਨਵੀਂ ਆਉ ਨੂੰਹ ਤੋਂ ਉਮੀਦਾਂ ਰੱਖਦੇ ਹਨ ਤੇ ਲੜਕਾ ਵੀ ਘਰ ਵਿੱਚ ਇੱਕ ਵਧੀਆ ਮਾਹੌਲ ਵੇਖਣ ਦੀ ਉਮੀਦ ਕਰਦਾ ਹੈ ਪਰ ਵਕਤ ਨੇ ਕਿੰਜ ਬਦਲਣਾ ਹੈ ਤੇ ਕਿਵੇਂ ਬਦਲਣਾ ਹੈ,ਕਿਸੇ ਨੂੰ ਪਤਾ ਨਹੀਂ।ਜਦੋਂ ਤੁਸੀਂ ਇੱਜ਼ਤ ਦੀ ਆਸ ਕਰਦੇ ਹੋ ਤਾਂ ਇੱਜ਼ਤ ਕਰਨੀ ਵੀ ਸਿਖੋ,ਪਿਆਰ ਲੈਣਾ ਚਾਹੁੰਦੇ ਹੋ ਤਾਂ ਪਿਆਰ ਕਰਨਾ ਵੀ ਸਿਖੋ।ਹਮੇਸ਼ਾ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰੋ, ਏਹ ਅਜਿਹਾ ਭੰਡਾਰ ਹੈ ਜਿੰਨਾ ਵੰਡੋਗੇ,ਵਧੇਰੇ ਪ੍ਰਫੁਲਤ ਰਹੇਗਾ।ਵਿਕਟਰ ਹਿਊਗ ਨੇ ਲਿਖਿਆ ਹੈ,”ਖੁਸ਼ੀ ਨੂੰ ਅਸੀਂ ਜਿੰਨਾ ਲੁਟਾਵਾਂਗੇ,ਉਨੀ ਵੱਧ ਸਾਡੇ ਕੋਲ ਭੱਜੀ ਆਵੇਗੀ।”ਘਰ ਆਈ ਨੂੰਹ ਨੂੰ ਆਪਣੀ ਧੀ ਵਾਂਗ ਪਿਆਰ ਕਰੋ।ਲੜਕੀ ਦੇ ਮਾਪਿਆਂ ਨੂੰ ਵੀ ਲੜਕੀ ਦੇ ਸੱਸ ਸੁਹਰੇ ਬਾਰੇ ਵਾਰ ਵਾਰ ਨਾ ਪੁੱਛੋ, ਜਦੋਂ ਕੁਰੇਦੋਗੇ,ਚੱਸਕੇ ਲੈਕੇ ਗੱਲਾਂ ਕਰੋਗੇ, ਤਾਂ ਸਮਝੋ ਤੁਸੀਂ ਰਿਸ਼ਤੇ ਦੀ ਤੋਹੀਨ ਕਰ ਰਹੇ ਹੋ ਤੇ ਰਿਸ਼ਤੇ ਵਿੱਚ ਅਣਜਾਣੇ ਖਟਾਸ ਭਰ ਰਹੇ ਹੋ।ਉਹ ਵੀ ਮਾਪੇ ਹਨ,ਉਹ ਵੀ ਸਿਆਣੇ ਹਨ,ਉਨ੍ਹਾਂ ਨੇ ਵੀ ਅੱਜ ਤੱਕ ਘਰ ਗ੍ਰਹਿਸਤੀ ਚਲਾਈ ਹੈ।ਉਨ੍ਹਾਂ ਦੇ ਹਰ ਕੰਮ ਤੇ ਘਰਦੇ ਸਿਸਟਮ ਵਿੱਚ ਨੁਕਸ ਨਾ ਕੱਢੋ ਤੇ ਨਾ ਹੀ ਲੜਕੀ ਦੀ ਹਾਂ ਵਿੱਚ ਹਾਂ ਮਿਲਾਉ।ਕਦੇ ਵੀ ਇਹ ਨਾ ਸੋਚੋ ਤੇ ਆਸ ਕਰੋ ਕਿ ਲੜਕਾ ਆਪਣੇ ਮਾਂ ਬਾਪ ਨਾਲ ਨਾ ਬੋਲੇ, ਉਨ੍ਹਾਂ ਦੀ ਗੱਲ ਨਾ ਸੁਣੇ,ਉਨ੍ਹਾਂ ਨਾਲ ਆਪਣਾ ਦੁੱਖ ਸੁੱਖ ਨਾ ਫਰੋਲੇ।ਅਗਰ ਏਹ ਸੱਭ ਕੁੱਝ ਲੜਕਾ ਤੁਹਾਡੀ ਲੜਕੀ ਤੇ ਬੰਦਸ਼ਾਂ ਲਗਾਏ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ।ਜਿਸ ਤਰ੍ਹਾਂ ਦਾ ਵਿਵਹਾਰ ਲੜਕੀ ਆਪਣੇ ਸੱਸ ਸੁਹਰੇ ਨਾਲ ਕਰਦੀ ਹੈ ਅਗਰ ਜਵਾਈ ਉਹ ਤੁਹਾਡੇ ਨਾਲ ਕਰੇ ਤਾਂ ਕਿਵੇਂ ਦਾ ਲੱਗੇਗਾ।ਸਿੱਧੇ ਸ਼ਬਦਾਂ ਵਿੱਚ ਜਦੋਂ ਤੁਸੀਂ ਇੱਜ਼ਤ ਚਾਹੁੰਦੇ ਹੋ ਤਾਂ ਇੱਜ਼ਤ ਕਰੋ, ਆਪਣੀ ਜ਼ਿੰਦਗੀ ਚੈਨ ਨਾਲ ਜਿਉਣੀ ਚਾਹੁੰਦੇ ਹੋ ਤਾਂ ਦੂਸਰਿਆਂ ਦੀ ਜ਼ਿੰਦਗੀ ਵਿੱਚ ਖਲਬਲੀ ਨਾ ਮਚਾਉ।ਗੈਟੇ ਨੇ ਲਿਖਿਆ ਹੈ,”ਉਹ ਮਨੁੱਖ ਭਾਵੇਂ ਰਾਜਾ ਹੋਵੇ ਜਾਂ ਕਿਸਾਨ ਸੱਭ ਤੋਂ ਕਿਸਮਤ ਵਾਲਾ ਹੈ ਜਿਸਨੂੰ ਘਰ ਵਿੱਚ ਸ਼ਾਂਤੀ ਮਿਲਦੀ ਹੈ।”ਘਰ ਵਿੱਚ ਆਏ ਜਵਾਈ ਦੀ ਕਦਰ ਕਰੋ, ਘਰ ਵਿੱਚ ਆਈ ਨੂੰਹ ਦੀ ਕਦਰ ਕਰੋ।ਮਾਪਿਆਂ ਦਾ ਸਤਿਕਾਰ ਕਰੋ।ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ,”ਤੁਸੀਂ ਕਿੰਨੇ ਸੰਤੁਲਨ ਹੋ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਿਤਨਾ ਕਰਦੇ ਹੋ ਜਿਹੜੇ ਆਪਣੇ ਮਾਪਿਆਂ ਦੀ ਪ੍ਰਵਾਹ ਨਹੀਂ ਕਰਦਾ, ਉਨ੍ਹਾਂ ਦੀ ਪ੍ਰਵੂ ਕੋਈ ਨਹੀਂ ਕਰਦਾ।”ਮਾਪਿਆਂ ਤੋਂ ਮਤਲਬ ਸੱਸ ਸੁਹਰਾ ਵੀ ਹੈ।ਘਰ ਵਿੱਚ ਨਣਾਨ ਦਾ ਰੋਲ ਇਹ ਹੋਣਾ ਚਾਹੀਦਾ ਹੈ ਕਿ ਮੈਂ ਵੀ ਸੁਹਰੇ ਪਰਿਵਾਰ ਵਿੱਚ ਜਾਣਾ ਹੈ ਜੋ ਪਿਆਰ ਭਾਬੀ ਚਾਹੁੰਦੀ ਹੈ,ਇੱਕ ਦਿਨ ਉਹ ਮੈਂ ਵੀ ਚਾਹਾਂਗੀ।ਸੋ ਭਰਾ ਨੂੰ ਪਿਆਰ ਕਰਨ ਦੇ ਨਾਲ ਭਾਬੀ ਨੂੰ ਵੀ ਪਿਆਰ ਕਰੋ।ਭਾਬੀ ਨੂੰ ਵੁ ਚਾਹੀਦਾ ਹੈ ਕਿ ਏਹੁ ਸਮਝੇ ਕਿ ਜਿਸ ਤਰ੍ਹਾ ਅਸੀਂ ਭੈਣ ਭਰਾ,ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਇਵੇਂ ਹੀ ਮੇਰੇ ਪਤੀ ਤੇ ਉਸਦੀ ਭੈਣ ਦਾ ਪਿਆਰ ਹੈ।ਰਿਸ਼ਤੇ ਜਦੋਂ ਪੈਸਿਆਂ ਦੇ ਮੁਹਤਾਜ਼ ਹੋਣ ਲੱਗਣ ਤਾਂ ਕੁੜੱਤਣ ਵੱਧਦਿਆਂ ਵਕਤ ਨਹੀਂ ਲੱਗਦਾ।ਬੇਟੇ ਦਾ ਮਾਪਿਆਂ ਦੀ ਦੇਖਭਾਲ ਕਰਨਾ ਫਰਜ਼ ਹੈ,ਅਗਰ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਵੀ ਉਹ ਅਹਿਸਾਨ ਨਹੀਂ ਕਰ ਰਿਹਾ।ਕਿਸੇ ਨੇ ਕਿੰਨਾ ਵਧੀਆ ਲਿਖਿਆ ਹੈ,”ਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਨਹੀਂ ਦੇ ਸਕਦਾ ਤੇ ਬਾਪ ਵੱਲੋਂ ਖਰਚੇ ਪੈਸੇ ਦਾ ਹਿਸਾਬ ਨਹੀਂ ਕਰ ਸਕਦਾ।”ਕਦੇ ਪੈਸੇ ਨੂੰ ਆਪਣੇ ਉਪਰ ਤੇ ਰਿਸ਼ਤੇ ਤੇ ਹਾਵੀ ਨਾ ਹੋਣ ਦਿਉ।ਜਦੋਂ ਤੁਸੀਂ ਖੁਦ ਨਹੀਂ ਦੇ ਸਕਦੇ, ਆਪਣਾ ਹੱਕ ਨਹੀਂ ਛੱਡ ਸਕਦੇ ਤਾਂ ਦੂਜੇ ਦੇ ਹੱਕ ਤੇ ਆਪਣਾ ਦਾਅਵਾ ਨਾ ਕਰੋ।ਕਿਸੇ ਦੀ ਮਜ਼ਬੂਰੀ ਦਾ ਫਾਇਦਾ ਨਾ ਚੁੱਕੋ।ਸਾਗੇ ਦੇ ਲਿਖੇ ਤੇ ਗੌਰ ਕਰੋ,”ਲਾਚਾਰੀ ਦਾ ਲਾਭ ਕੌਣ ਨਹੀਂ ਉਠਾਉਂਦਾ,ਜਿਹੜਾ ਨਹੀਂ ਉਠਾਉਂਦਾ ਉਹ ਹੀ ਸੱਚਾ ਮਨੁੱਖ ਹੈ।”ਦੀਮਾਗ ਦੀ ਗੰਦਗੀ ਉਦੋਂ ਬਾਹਰ ਆ ਜਾਂਦੀ ਹੈ ਜਦੋਂ ਰਿਸ਼ਤਿਆਂ ਵਿੱਚ ਜ਼ਹਿਰ ਘੋਲਣ ਦਾ ਕੰਮ ਕਰਦੇ ਹੋ।ਜਦੋਂ ਜ਼ਹਿਰ ਘੁੱਲ ਜਾਵੇ ਤਾਂ ਰਿਸ਼ਤਿਆਂ ਦਾ ਸਤਿਕਾਰ ਹੋ ਹੀ ਨਹੀਂ ਸਕਦਾ।ਬਾਹਰਲਾ ਬੰਦਾ ਨੁਕਸਾਨ ਇੰਨਾ ਨਹੀਂ ਕਰ ਸਕਦਾ ਜਿੰਨਾ ਘਰਦਾ ਬੰਦਾ ਕਰ ਸਕਦਾ ਹੈ।ਜਦੋਂ ਹਰ ਰਿਸ਼ਤੇ ਦਾ ਸਤਿਕਾਰ ਹੋਏਗਾ ਤਾਂ ਘਰ ਵਿੱਚ ਸ਼ਾਂਤੀ, ਪਿਆਰ ਹੋਏਗਾ।ਸਮਾਜ ਵੀ ਪਰਿਵਾਰ ਤੇ ਨਿਰਭਰ ਹੈ।ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਹੈ,”ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ।”ਆਮ ਭਾਸ਼ਾ ਵਿੱਚ ਕਹੀਏ ਤਾਂ ਜੋ ਬੰਦਾ ਘਰ ਵਿੱਚ ਰਿਸ਼ਤਿਆਂ ਦੀ ਕਦਰ ਨਹੀਂ ਕਰਦਾ, ਉਹ ਕਿਸੇ ਦੀ ਵੀ ਕਦਰ ਨਹੀਂ ਕਰ ਸਕਦਾ।ਪੈਸੇ ਕਰਮਾਂ ਨੂੰ ਬੁਰਾ ਕਰਨ ਵਿੱਚ ਆਪਣੀ ਭੂਮਿਕਾ ਵਧੇਰੇ ਨਿਭਾਉਂਦਾ ਹੈ।ਜੋ ਮੂੰਹੋਂ ਸ਼ਬਦ ਨਿਕਲਦੇ ਨੇ, ਉਹ ਤੁਹਾਨੂੰ ਅੰਦਰੋਂ ਬਾਹਰੋਂ ਬਿਆਨ ਕਰ ਦਿੰਦਾ ਹੈ।ਈਸਾ ਮਸੀਹ ਨੇ ਲਿਖਿਆ ਹੈ,”ਭਲੇ ਆਦਮੀ ਦੇ ਮੂੰਹੋਂ ਭਲੀਆਂ ਗੱਲਾਂ ਤੇ ਬੁਰੇ ਆਦਮੀ ਦੇ ਮੂੰਹੋਂ ਬੁਰੀਆਂ ਗੱਲਾਂ ਹੀ ਨਿਕਲਦੀਆਂ ਹਨ।ਇਨਸਾਨ ਦੇ ਅੰਦਰ ਜੋ ਹੋਵੇਗਾ ਉਹੀ ਬਾਹਰ ਆਉਂਦਾ ਹੈ।”ਪਰਿਵਾਰ ਤਾਂ ਹੀ ਠੀਕ ਤਰੀਕੇ ਨਾਲ ਚਲ ਸਕਦੇ ਹਨ ਅਗਰ,ਰਿਸ਼ਤਿਆਂ ਵਿੱਚ ਪਿਆਰ,ਸਹਿਣਸ਼ੀਲਤਾ ਤੇ ਇੱਕ ਦੂਸਰੇ ਦਾ ਸਤਿਕਾਰ ਹੋਵੇਗਾ।ਏਹ ਬਹੁਤ ਮਹੱਤਵਪੂਰਨ ਹੈ ਕਿ ਹਰ ਰਿਸ਼ਤੇ ਦੀ ਇੱਜ਼ਤ ਕੀਤੀ ਜਾਵੇ।

From:
Prabhjot Kaur Dillon
Contact No. 9815030221

Share Button

Leave a Reply

Your email address will not be published. Required fields are marked *