ਹਰਿਆਣਾ ਵਿਚ ਇਕੱਲੇ ਚੋਣਾਂ ਲੜੇਗਾ ਅਕਾਲੀ ਦਲ

ਹਰਿਆਣਾ ਵਿਚ ਇਕੱਲੇ ਚੋਣਾਂ ਲੜੇਗਾ ਅਕਾਲੀ ਦਲ

ਅਕਾਲੀ ਦਲ ਨੇ ਹਰਿਆਣਾ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਲਈ ਨਿਗਰਾਨ ਨਿਯੁਕਤ ਕੀਤੇ
ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਬਾਦਲ ਨੇ ਹਰਿਆਣਾ ਲੀਡਰਸ਼ਿਪ ਨੂੰ ਭਰਤੀ ਮੁਹਿੰਮ ਸੁਰੂ ਕਰਨ ਅਤੇ ਜ਼ਿਲਾ ਪੱਧਰੀ ਮੀਟਿੰਗਾਂ ਕਰਨ ਲਈ ਆਖਿਆ

ਚੰਡੀਗੜ, 23 ਜਨਵਰੀ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਾਸਤੇ ਵਰਕਰਾਂ ਨੂੰ ਸੰਗਠਤ ਕਰਨ ਲਈ ਸੂਬੇ ਦੇ ਸਾਰੇ ਜ਼ਿਲਿਆਂ ਵਾਸਤੇ ਨਿਗਰਾਨ ਨਿਯੁਕਤ ਕਰ ਦਿੱਤੇ ਹਨ। ਪਾਰਟੀ ਵੱਲੋਂ ਇਸ ਵਾਰ ਇਹ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇੱਥੇ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਹਰਿਆਣਾ ਲੀਡਰਸ਼ਿਪ ਦੀ 2 ਘੰਟੇ ਲੰਬੀ ਮੀਟਿੰਗ ਦੌਰਾਨ ਇਹਨਾਂ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ। ਇਸ ਮੀਟਿੰਗ ਵਿਚ ਸ਼ਰਨਜੀਤ ਸਿੰਘ ਸਹੋਤਾ ਨੂੰ ਮੁੜ ਤੋਂ ਸਰਬਸੰਮਤੀ ਨਾਲ ਪਾਰਟੀ ਦੀ ਹਰਿਆਣਾ ਇਕਾਈ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਰਾਜ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਹਰਿਆਣਾ ਵਿਚ ਪਾਰਟੀ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇੱਥੇ ਪਾਰਟੀ ਦੀ ਹਰਿਆਣਾ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਆ ਰਹੀਆਂ ਵਿਧਾਨ ਸਭਾ ਚੋਣਾਂ ਵੱਧ ਤੋਂ ਵੱਧ ਤੋਂ ਸੀਟਾਂ ਉੱਤੇ ਆਪਣੇ ਬਲਬੂਤੇ ਉਤੇ ਲੜੇਗਾ। ਉਹਨਾਂ ਕਿਹਾ ਕਿ ਲਗਭਗ 35 ਸੀਟਾਂ ਉੱਤੇ ਸਿੱਖ ਵੱਡੀ ਗਿਣਤੀ ਵਿੱਚ ਹਨ। ਹੋਰ ਸੀਟਾਂ ਉੱਤੇ ਵੀ ਸਿੱਖ ਉੱਥੋਂ ਦੀ ਅਬਾਦੀ ਦਾ ਉੱਘੜਵਾਂ ਹਿੱਸਾ ਹਨ। ਉਹਨਾਂ ਨੂੰ ਸੰਗਠਿਤ ਕਰਨ ਦੀ ਲੋੜ ਹੈ। ਉਹਨਾਂ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪੇਂਡੂ ਖੇਤਰਾਂ ਵਿਚ ਜਾ ਕੇ ਭਰਤੀ ਮੁਹਿੰਮ ਚਲਾਉਣ ਲਈ ਕਿਹਾ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਹਰਿਆਣਾ ਅੰਦਰ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਿਲਾ ਪੱਧਰੀ ਮੀਟਿੰਗਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਹਰਿਆਣਾ ਤੋਂ ਆਏ ਆਗੂਆਂ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਸਾਹਮਣੇ ਲਿਆਉਣ ਲਈ ਹਰਿਆਣਵੀਆਂ ਨੂੰ ਦਰਪੇਸ਼ ਸਾਰੇ ਮੁੱਦੇ ਉਠਾਉਣਗੇ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਰਦਾਰ ਰਘੂਜੀਤ ਸਿੰਘ ਵਿਰਕ, ਅਵਤਾਰ ਸਿੰਘ ਮੰਗੀ, ਤਾਰਾ ਸਿੰਘ ਅਸੰਧ, ਸੁਖਬੀਰ ਸਿੰਘ ਮੰਡੀ, ਸੰਤ ਸਿੰਘ ਕੰਧਾਰੀ, ਤੇਜਿੰਦਰਪਾਲ ਢਿੱਲੋਂ ਅਤੇ ਰਵਿੰਦਰ ਕੌਰ ਅਜਰਾਨਾ ਸ਼ਾਮਿਲ ਸਨ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਹਰਿਆਣਾ ਵਾਸਤੇ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ। ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੰਬਾਲਾ ਅਤੇ ਯਮੁਨਾਨਗਰ ਜ਼ਿਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਜੀਤ ਸਿੰਘ ਜੀਕੇ ਅਤੇ ਅਵਤਾਰ ਸਿੰਘ ਹਿੱਤ ਫਰੀਦਾਬਾਦ, ਪਲਵਾਲ, ਪਾਣੀਪਤ, ਰੋਹਤਕ, ਸੋਨੀਪਤ ਅਤੇ ਗੁੜਗਾਂਓ ਜ਼ਿਲਿਆਂ ਦਾ ਪ੍ਰਬੰਧ ਵੇਖਣਗੇ। ਸ ਸਿਕੰਦਰ ਸਿੰਘ ਮਲੂਕਾ ਫਤਿਹਬਾਦ ਅਤੇ ਸਿਰਸਾ ਜ਼ਿਲਿਆਂ ਦਾ ਪ੍ਰਬੰਧ ਵੇਖਣਗੇ। ਸੁਰਜੀਤ ਸਿੰਘ ਰੱਖੜਾ ਕੈਥਲ ਅਤੇ ਜੀਂਦ ਜ਼ਿਲਿਆਂ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਬੀਬੀ ਜਾਗੀਰ ਕੌਰ ਕਰਨਾਲ ਅਤੇ ਕੁਰਕੁਸ਼ੇਤਰ ਜ਼ਿਲਿਆਂ ਦਾ ਪ੍ਰਬੰਧ ਵੇਖਣਗੇ। ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਜਿਲਾ ਹਿਸਾਰ ਅਤੇ ਸ੍ਰੀ ਐਨਕੇ ਸ਼ਰਮਾ ਪੰਚਕੂਲਾ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *

%d bloggers like this: