Wed. Aug 21st, 2019

ਹਰਿਆਣਾ ਦਾ ਖ਼ਤਰਨਾਕ ਗੈਂਗਸਟਰ ਅਕਸ਼ੈ ਪੁਲਿਸ ਮੁਕਾਬਲੇ ‘ਚ ਕਾਬੂ

ਹਰਿਆਣਾ ਦਾ ਖ਼ਤਰਨਾਕ ਗੈਂਗਸਟਰ ਅਕਸ਼ੈ ਪੁਲਿਸ ਮੁਕਾਬਲੇ ‘ਚ ਕਾਬੂ

ਰੋਪੜ ਪੁਲਿਸ ਨੇ ਇੱਕ ਹੋਰ ਵੱਡੀ ਸਫ਼ਲਤਾ ਦਰਜ ਕਰਦਿਆਂ ਨੂਰਪੁਰਬੇਦੀ ਖੇਤਰ ਵਿੱਚ ਦੋਹਾਂ ਪਾਸੇ ਹੋਈ ਗੋਲੀਬਾਰੀ ਤੋਂ ਬਾਅਦ ਅਕਸ਼ੇ ਪਹਿਲਵਾਨ ਉਰਫ ਕਾਲੀ ਨੂੰ ਗ੍ਰਿਫਤਾਰ ਕੀਤਾ ਹੈ। ਉਸਦੇ ਪਿਸਤੌਲ ਦੀਆਂ ਗੋਲੀਆਂ ਖ਼ਤਮ ਹੋ ਜਾਣ ਬਾਅਦ ਸੀ.ਆਈ.ਏ. ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਉਸਨੂੰ ਦਬੋਚ ਲਿਆ। 19 ਸਾਲਾ ਅਕਸ਼ੇ ਚੰਡੀਗੜ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਘਿਨਾਉਣੇ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ।
ਸਤੰਬਰ, 2015 ਵਿੱਚ ਉਸਨੂੰ ਸੋਨੀਪਤ ਵਿਖੇ 3 ਘਿਨਾਉਣੇ ਕਤਲ ਦੇ ਮਾਮਲਿਆਂ ਵਿੱਚ 18 ਮਹੀਨੇ ਦੀ ਜੇਲ ਹੋਈ। ਨਾਬਾਲਗ ਹੋਣ ਕਾਰਨ ਉਹ 2017 ਤੋਂ ਜਮਾਨਤ ‘ਤੇ ਬਾਹਰ ਸੀ। ਇਕ ਵਾਰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਦਿੱਲੀ ਅਧਾਰਤ ਗੈਂਗਸਟਰ ਰਾਜੂ ਬਿਸੌਦੀ ਜੋ ਕਿ ਸੋਨੀਪਤ ਦਾ ਰਹਿਣ ਵਾਲਾ ਹੈ ਦੇ ਸੰਪਰਕ ਵਿੱਚ ਆਇਆ। ਇੱਥੇ ਉਹ 3 ਕਤਲ ਕੇਸਾਂ, ਲੁੱਟ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਹੋਇਆ। ਉਸਨੇ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਪਸ਼ੂ ਤਸਕਰੀ ਦਾ ਸੰਸਥਾਗਤ ਰੈਕੇਟ ਚਲਾਇਆ।
ਪਿਛਲੇ 2 ਸਾਲਾਂ ਦੌਰਾਨ ਉਹ ਲਾਰੈਂਸ ਬਿਸ਼ਨੋਈ (ਕੈਦੀ ਗੈਂਗਸਟਰ) ਦੇ ਸੰਪਰਕ ਵਿੱਚ ਵੀ ਆਇਆ। ਇਸ ਗਰੁੱਪ ਦੇ ਮੈਂਬਰਾਂ ਨਾਲ ਮਿਲ ਕੇ ਉਸਨੇ 4 ਕਤਲ ਅਤੇ 6 ਹਾਈਵੇਅ ਡਕੈਤੀਆਂ ਨੂੰ ਅੰਜ਼ਾਮ ਦਿੱਤਾ। ਮਾਰਚ 2017 ਵਿੱਚ ਜੇਲ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਉਸਨੇ ਕਰੀਬ 10 ਹਾਈਵੇਅ ਡਕੈਤੀਆਂ ਕੀਤੀਆਂ ਅਤੇ ਤਕਰੀਬਨ 50 ਲੱਖ ਰੁਪਏ ਲੁੱਟੇ।
ਸਤੰਬਰ 2015 ਵਿੱਚ ਉਸਨੇ ਕੰਦਲੀ ਸੋਨੀਪਤ ਦੀ ਮਾਰਕੀਟ ਦੀ ਭੀੜ ਵਿੱਚ ਪਿਓ, ਪੁੱਤਰ ਨੂੰ ਗੋਲੀ ਮਾਰ ਦਿੱਤੀ। ਜਨਵਰੀ 2018 ਵਿੱਚ ਆਪਣੇ ਗਰੁੱਪ ਮੈਂਬਰਾਂ ਨਾਲ ਉਸਨੇ ਜੇ.ਐਮ.ਆਈ.ਸੀ, ਰਾਜਗੜ, ਚੁਰੂ (ਰਾਜਸਥਾਨ) ਦੀ ਅਦਾਲਤ ਵਿੱਚ 2 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ। ਬਾਅਦ ਵਿੱਚ ਜੂਨ, 2018 ਵਿੱਚ ਜੌਰਡਨ ਨੂੰ ਹਨੂੰਮਾਨਗੜ (ਰਾਜਸਥਾਨ) ਵਿਖੇ ਜਿੰਮ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਗੈਂਗ ਦੇ ਸ਼ੋਸ਼ਲ ਮੀਡੀਆ ਅਕਾਊਂਅ ਇਨ੍ਹਾਂ ਦੇ ਕੈਨੇਡਾ ਅਧਾਰਤ ਪੁਰਾਣੇ ਸਾਥੀ ਦੁਆਰਾ ਚਲਾਏ ਜਾ ਰਹੇ ਹਨ। ਜਾਂਚ ਤੋਂ ਹੋਏ ਖੁਲਾਸਿਆਂ ਅਨੁਸਾਰ ਇਨ੍ਹਾਂ ਦੇ ਕੁਝ ਸਾਥੀ ਜਾਅਲੀ ਪਾਸਪੋਰਟਾਂ ਅਤੇ ਦਸਤਾਵੇਜਾਂ ਜ਼ਰੀਏ ਦੇਸ਼ ਤੋਂ ਬਾਹਰ ਚਲੇ ਗਏ ਹਨ। ਇਹ ਪਤਾ ਲਗਾਇਆ ਗਿਆ ਹੈ ਕਿ ਕਤਲ ਦੇ ਸਾਰੇ ਮਾਮਲਿਆਂ ਦੇ ਪਿੱਛੇ ਦਾ ਕਾਰਨ ਸੁਪਾਰੀ ਜਾਂ ਵਿਰੋਧੀ ਗਰੁੱਪਾਂ ਦਰਮਿਆਨ ਆਪਸੀ ਦੁਸ਼ਮਣੀ ਹੈ।
ਮਨੋਵਿਗਿਆਨ ਅਤੇ ਹੋਰ ਤੱਥਾਂ ਤੋਂ ਮਿਲੀ ਜਾਣਕਾਰੀ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਉਕਤ ਮੁਲਜ਼ਮ ਕਤਲ ਕਰਨ ਅਤੇ ਜ਼ਿਆਦਾ ਗੋਲੀਆਂ ਦਾਗਣ ਵਿੱਚ ਮਾਣ ਮਹਿਸੂਸ ਕਰਦੇ ਹਨ।
ਰੋਪੜ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ, ”ਅਕਸ਼ੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸੋਨੀਪਤ ਵਿੱਚ ਇੱਕ ਵਿਅਕਤੀ ਨੂੰ ਮਾਰਨ ਦੀ ਯੋਜਨਾ ਘੜ ਰਿਹਾ ਸੀ। ਉਹ ਰੋਪੜ ਜ਼ਿਲੇ ਦੇ ਨੂਰਪੁਰਬੇਦੀ ਖੇਤਰ ਵਿੱਚ ਹਥਿਆਰਾਂ ਅਤੇ ਹੋਰ ਸਹਾਇਤਾ ਲਈ ਗਿਆ। ਉਸ ਪਾਸੋਂ 32 ਬੋਰ ਦੇ 3 ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।”
ਪਿਛਲੇ 10 ਮਹੀਨਿਆਂ ਦੌਰਾਨ, ਰੋਪੜ ਪੁਲਿਸ ਵੱਲੋਂ 9 ਗੈਂਗਸਟਰ ਫੜੇ ਗਏ ਹਨ। ਇਨ੍ਹਾਂ ਵਿੱਚ ਖਾਸ ਏਰੀਏ ਨਾਲ ਸਬੰਧਤ ਗੈਂਗਸਟਰ ਅਤੇ ਖੰਨਾ, ਫਤਿਹਗੜ ਸਾਹਿਬ, ਤਰਨ ਤਾਰਨ ਅਤੇ ਨੰਦੇੜ (ਮਹਾਰਾਸ਼ਟਰ) ਦੇ ਸ਼ਰਪ ਸ਼ੂਟਰ ਸ਼ਾਮਲ ਹਨ।

Leave a Reply

Your email address will not be published. Required fields are marked *

%d bloggers like this: