Wed. Jul 24th, 2019

ਹਰਿਆਣਾ ‘ਚ ਸਿਖਾਂ ‘ਤੇ ਹੋ ਰਹੇ ਹਮਲੇ ਅਤੇ ਗੁਰੂ ਨਾਨਕ ਯੁਨੀਵਰਸਿਟੀ ਵਲੋਂ ਐਨਥਮ ਬਦਲਣਾ ਬਰਸ਼ਾਦਤ ਨਹੀਂ: ਦਮਦਮੀ ਟਕਸਾਲ

ਹਰਿਆਣਾ ‘ਚ ਸਿਖਾਂ ‘ਤੇ ਹੋ ਰਹੇ ਹਮਲੇ ਅਤੇ ਗੁਰੂ ਨਾਨਕ ਯੁਨੀਵਰਸਿਟੀ ਵਲੋਂ ਐਨਥਮ ਬਦਲਣਾ ਬਰਸ਼ਾਦਤ ਨਹੀਂ: ਦਮਦਮੀ ਟਕਸਾਲ
ਕੇਦਰ ਅਤੇ ਰਾਜ ਸਰਕਾਰਾਂ ਘਟ ਗਿਣਤੀ ਭਾਈਚਾਰਿਆਂ ਦੀ ਜਾਨਮਾਲ ਦੀ ਸੁਰਖਿਆ ਯਕੀਨੀ ਬਣਾਵੇ: ਬਾਬਾ ਹਰਨਾਮ ਸਿੰਘ

ਮਹਿਤਾ ਚੌਕ / ਅਮ੍ਰਿਤਸਰ 25 ਮਾਰਚ (ਨਿਰਪੱਖ ਕਲਮ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਦੰਗਾਕਾਰੀਆਂ ਵਲੋਂ ਗੁਰਦਵਾਰਾ ਸਾਹਿਬ ‘ਤੇ ਹਮਲਾ ਕਰਦਿਆਂ ਨਿਰਦੋਸ਼ ਸਿੰਘ ਨੂੰ ਜਾਨੋਂ ਮਾਰਨ ਤੇ ਦਰਜਨਾਂ ਨੂੰ ਸਖਤ ਜਖਮੀ ਕਰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ‘ਵਰਸਿਟੀ ਐਨਥਮ (ਧੰਨ) ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ‘ ਦੀ ਪਰੰਪਰਾਗਤ ਧੁੰਨ ਦੀ ਥਾਂ ਇਕ ਕਵੀ ਦੀ ਕਵਿ ਰਚਨਾ ਲਾਗੂ ਕਰਨ ਦੇ ਯੂਨੀਵਰਸਿਟੀ ਦੇ ਫੈਸਲੇ ਦੀ ਭਰਪੂਰ ਨਿਖੇਧੀ ਕੀਤੀ ਜਾ ਰਹੀ ਹੈ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਉਕਤ ਦੋਹਾਂ ਮਾਮਲਿਆਂ ਨੂੰ ਲੈ ਕੇ ਸਿੱਖ ਜਗਤ ਵਿਚ ਭਾਰੀ ਰੋਸ ਹੈ। ਉਹਨਾਂ ਉਕਤ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਉਕਤ ਕਦਮ ਪ੍ਰਤੀ ਸਖਤ ਤਾੜਣਾ ਕਰਦਿਆਂ ਆਪਣੇ ਫੈਸਲੇ ਤੁਰੰਤ ਬਦਲਣ ਅਤੇ ਐਨਥਮ ਲਈ ਗੁਰੂ ਸਾਹਿਬ ਦਾ ਸ਼ਬਦ ਬਰਕਰਾਰ ਰਖਣ ਜਾਂ ਫਿਰ ਸਿੱਖ ਸੰਗਤਾਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਗੁਰੂ ਸਾਹਿਬ ਦੇ ਸ਼ਬਦ ਦੀ ਥਾਂ ਕਿਸੇ ਵੀ ਕਵੀ ਦੀ ਰਚਨਾ ਨੂੰ ਨਹੀਂ ਦਿਤਾ ਜਾ ਸਕਦਾ। ਅਜਿਹਾ ਵਰਤਾਰਾ ਗੁਰੂ ਸਾਹਿਬ ਦੇ ਸ਼ਬਦ ਦੀ ਨਿਰਾਦਰ ਦੇ ਤੁਲ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਮਾਤਲੋਕ ਵਿੱਚ ਨਾ ਆਉਂਦੇ ਤਾਂ ਹਿੰਦੁਸਤਾਨ ਦਾ ਨਾਮ ਭਾਰਤ ਹੋਣ ਦੀ ਥਾਂ ਅਵੱਸ਼ ਹੀ ਕੋਈ ਇਸਲਾਮਿਕ ਸਟੇਟ ਹੋਣਾ ਸੀ ਜਾਂ ਇਹ ਅੱਜ ਇੱਕ ਇਸਲਾਮਿਕ ਸਟੇਟ ਵੱਜੋ ਜਾਣਿਆ ਜਾਣਾ ਸੀ।
ਉਹਨਾਂ ਕਿਹਾ ਕਿ ਦੇਸ਼ ਦੀ ਹੋਂਦ, ਭਾਰਤ ਦੀ ਸੰਸਕ੍ਰਿਤੀ, ਹਿੰਦੂ ਧਰਮ ਦੀ ਰੱਖਿਆ, ਮਾਨਵਤਾ ਅਤੇ ਸਰਬ ਸਾਂਝੀਵਾਲਤਾ ਲਈ ਗੁਰੂ ਦਸਮੇਸ਼ ਪਿਤਾ ਅਤੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵੱਡਾ ਬਲੀਦਾਨ ਹੈ।ਇਹੀ ਕਾਰਨ ਹੈ ਕਿ ਅੱਜ ਸਾਰੀ ਦੁਨੀਆ ਵਿੱਚ ਉਹਨਾਂ ਵੱਲੋਂ ਕੀਤੇ ਗਏ ਪਰਉਪਕਾਰਾਂ ਦਾ ਜ਼ਿਕਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਤਿਹਾਸ ‘ਤੇ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ 42 ਸਾਲ ਦੇ ਜੀਵਨ ਕੌਤਕਾਂ ‘ਚ ਕੋਈ ਇੱਕ ਅਜਿਹਾ ਪਲ ਨਹੀਂ ਆਇਆ ਜਦ ਉਹ ਆਰਾਮ ਨਾਲ ਬੈਠੇ ਹੋਣ।
ਇਸੇ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਗੁਰਦਵਾਰਾ ਸਾਹਿਬ ‘ਤੇ ਹਮਲਾ ਕਰਨ ਵਾਲੇ ਦੰਗਾਕਾਰੀਆਂ ਖਿਲਾਫ ਸਖਤ ਕਦਮ ਚੁਕਣ, ਦੋਸ਼ੀਆਂ ਨੂੰ ਤਰੰਤ ਗ੍ਰਿਫਤਾਰ ਕਰਨ ਅਤੇ ਸਖਤ ਕਾਰਵਾਈ ਕਰਨ ਦੀ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਢਿਲ ਅਤੇ ਸਿਖ ਭਾਈਚਾਰੇ ਪ੍ਰਤੀ ਕਮਜੋਰ ਨੀਤੀਆਂ ਕਾਰਨ ਆਏ ਦਿਨ ਹਰਿਆਣਾ ਵਿਚ ਸ਼ਰਾਰਤੀ ਅਨਸਰ ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਰਾਜਾਂ ਵਿਚ ਘਟਗਿਣਤੀ ਸਿੱਖ ਭਾਈਚਾਰੇ ‘ਤੇ ਹੋ ਰਹੇ ਜਾਨ ਲੇਵਾ ਹਮਲੇ ਅਤੇ ਉਹਨਾਂ ਦੀਆਂ ਜਾਇਦਾਤਾਂ ਦੀ ਸਾੜਫੂਕ ਚਿੰਤਾ ਦਾ ਵਿਸ਼ਾ ਹਨ। ਸਿੱਖ ਭਾਈਚਾਰਾ ਸਹਿਮ ਅਤੇ ਡਰ ਦੇ ਸਾਏ ਹੇਠ ਵਿਚਰ ਰਿਹਾ ਹੈ। ਸਿੱਖ ਧਾਰਮਿਕ ਸੰਸਥਾਵਾਂ, ਘਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਸ਼ਰਾਰਤੀ ਤੇ ਫ਼ਿਰਕੂ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੈ ਪਰ ਅਫ਼ਸੋਸ ਕਿ ਸੂਬਾ ਸਰਕਾਰਾਂ ਹੁਣ ਤਕ ਇਸ ਮਾਮਲੇ ਵਲ ਨਾ ਧਿਆਨ ਦੇ ਰਹੀਆਂ ਹਨ ਅਤੇ ਨਾ ਹੀ ਕੋਈ ਠੋਸ ਕਦਮ ਨਹੀਂ ਉਠਾ ਰਹੀਆਂ ਹਨ। ਸਗੋਂ ਫ਼ਿਰਕੂ ਤਨਾਅ ਵਧਣ ਦਾ ਮੌਕਾ ਦੇ ਰਹੀਆਂ ਹਨ। ਉਨਾਂ ਕਿਹਾ ਕਿ ਸਿਖਾਂ ‘ਤੇ ਹੋ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ, ਇਹੋ ਜਿਹੇ ਫ਼ਿਰਕੂ ਹਮਲੇ ਦੇਸ਼ ਦੇ ਹਿਤ ‘ਚ ਵੀ ਨਹੀਂ ਹੋਵੇਗਾ। ਸੰਵੇਦਨਸ਼ੀਲ ਮੁਦੇ ਪ੍ਰਤੀ ਦਮਦਮੀ ਟਕਸਾਲ ਮੁਖੀ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਆਪਣੀ ਭੂਮਿਕਾ ਨਿਭਾਉਣ ਲਈ ਜੋਰ ਦਿਤਾ। ਉਹਨਾਂ ਹਰਿਆਣਾ ਦੇ ਮੁਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਿਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਦੇ ਕਦਮ ਤੁਰੰਤ ਚੁੱਕਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

%d bloggers like this: