Fri. May 24th, 2019

ਹਰਸਿਮਰਤ ਬਾਦਲ ਵਲੋਂ ਕਾਂਗਰਸ ਤੇ ਆਪ ਨੂੰ ਸਲਾਹ-ਸਿਆਸੀ ਮੁਫਾਦਾਂ ਲਈ ਪੰਜਾਬ ਨੂੰ ਨਸ਼ਿਆਂ ਦੇ ਨਾਂ ’ਤੇ ਬਦਨਾਮ ਨਾ ਕੀਤਾ ਜਾਵੇ

ਹਰਸਿਮਰਤ ਬਾਦਲ ਵਲੋਂ ਕਾਂਗਰਸ ਤੇ ਆਪ ਨੂੰ ਸਲਾਹ-ਸਿਆਸੀ ਮੁਫਾਦਾਂ ਲਈ ਪੰਜਾਬ ਨੂੰ ਨਸ਼ਿਆਂ ਦੇ ਨਾਂ ’ਤੇ ਬਦਨਾਮ ਨਾ ਕੀਤਾ ਜਾਵੇ
ਕਿਹਾ ਕਾਂਗਰਸ ਅਤੇ ਆਪ ਨਸ਼ਿਆਂ ਦੀਆਂ ਬੇਬੁਨਿਆਦ ਤੋਹਮਤਾਂ ਪੰਜਾਬ ਸਿਰ ਮੜਨ ਤੋਂ ਬਾਜ ਆਉਣ
ਮੁੱਖ ਮੰਤਰੀ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਸਭ ਤੋਂ ਵੱਡੇ ਰਾਖੇ
ਗਠਜੋੜ ਸਰਕਾਰ ਵਲੋਂ ਕਰਵਾਏ ਲਾਮਿਸਾਲ ਵਿਕਾਸ ਅਗੇ ਵਿਰੋਧੀ ਟਿਕ ਨਹੀਂ ਪਾਉਣਗੇ
ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੰਗਤ ਦਰਸ਼ਨ ਦੌਰਾਨ ਗਰਾਂਟਾਂ ਵੰਡੀਆਂ

22-24 (1) 22-24 (2)

ਭਾਗੂ (ਬਠਿੰਡਾ): 21 ਮਈ (ਪਰਵਿੰਦਰਜੀਤ ਸਿੰਘ ) ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਸਿਆਸੀ ਮੁਫਾਦਾਂ ਲਈ ਨਸ਼ਿਆਂ ਦੇ ਨਾਂ ’ਤੇ ਜਾਣਬੁਝਕੇ ਪੰਜਾਬ ਨੂੰ ਬਦਨਾਮ ਨਾ ਕਰਨ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਿਆਂ ਦੇ ਮਾਮਲੇ ’ਚ ਪੰਜਾਬ ਦੀ ਸਾਖ ਨੂੰ ਬਿਨ੍ਹਾਂ ਕਿਸੇ ਆਧਾਰ ਤੋਂ ਢਾਹ ਲਾਉਣ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਸੱਚ ਲੋਕਾਂ ਦੀ ਕਚਹਿਰੀ ਵਿਚ ਲਿਆਂਦਾ ਜਾਵੇਗਾ।
ਅੱਜ ਇੱਥੇ ਭਾਗੂ, ਫੂਸ ਮੰਡੀ ਅਤੇ ਧਨ ਸਿੰਘ ਖਾਨਾ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਗਤ ਦਰਸ਼ਨ ਪ੍ਰੋਗਰਾਮ ਤੋਂ ਬਾਅਦ ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਸਮੇਤ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦੀ ਨਸ਼ਿਆਂ ਦੇ ਨਾਂ ’ਤੇ ਕੀਤੀ ਜਾ ਰਹੀ ਬਦਨਾਮੀ ਸਹਿਣ ਨਹੀਂ ਕੀਤੀ ਜਾਵੇਗੀ। ਪੱਤਰਕਾਰਾਂ ਵਲੋਂ ਪੁੱਛੇ ਇਕ ਸਵਾਲ ਦੇ ਜਵਾਬ ’ਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪਹਿਲਾਂ ਕਾਂਗਰਸੀ ਆਗੂ ਸ਼੍ਰੀ ਰਾਹੁਲ ਗਾਂਧੀ ਨੇ ਪੰਜਾਬ ਸਿਰ ਨਸ਼ਿਆਂ ਦਾ ਕਲੰਕ ਮੜਨ ਦੀ ਪੂਰੀ ਟਿਲ ਲਾਈ ਅਤੇ ਹੁਣ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕਰਨ ਲਈ ਪੂਰੀ ਵਾਹ ਲਾ ਰਹੀ ਹੈ, ਜਦਕਿ ਇਨ੍ਹਾਂ ਦੇ ਖੋਖਲੇ ਦਾਅਵੇ ਸੱਚ ਤੋਂ ਕੋਹਾਂ ਦੂਰ ਹਨ ।
ਕੇਂਦਰੀ ਮੰਤਰੀ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾਉਦਿਆਂ ਪੰਜਾਬ ਨੇ ਇਸ ਜੰਗ ’ਚ ਬਹੁਤ ਸਾਰਥਕ ਨਤੀਜੇ ਕੱਢੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸੱਚ ਲੋਕਾਂ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਨਿਸ਼ਾਨਾ ਇਸ ਮੁੱਦੇ ਨੂੰ ਆਪਣੇ ਅਨੁਸਾਰ ਸਿਆਸੀ ਰੰਗਤ ਦੇ ਕੇ ਸਤਾ ਹਥਿਆਉਣ ਤੱਕ ਸੀਮਤ ਹੈ ਜਦਕਿ ਸੱਚ ਤਾਂ ਇਹ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਸਾਲਾਂ ਦੌਰਾਨ ਰਿਕਾਰਡ ਨਸ਼ਾ ਜਬਤ ਕਰਕੇ ਇਨ੍ਹਾਂ ਕੇਸਾਂ ਵਿਚ 80ਫ਼ੀ ਸਦੀ ਸਜਾ ਦਰ ਯਕੀਨੀ ਬਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਪੈਦਾ ਨਹੀਂ ਹੁੰਦੇ ਅਤੇ ਕਾਰੋਬਾਰ ਸਰਹਦ ਪਾਰੋਂ ਚਲਦਾ ਹੈ ਅਤੇ ਕੌਮਾਂਤਰੀ ਸਰਹਦ ਦੇ ਨਾਲ ਲਗਦੇ ਹੋਣ ਕਾਰਨ ਰਾਜ ਨੂੰ ਟਰਾਂਜਿਟ ਰੂਟ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਗਲਤ ਤਸਵੀਰ ਦੀ ਪੇਸ਼ਕਾਰੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਦਿੱਲੀ ’ਚੋਂ ਨਸ਼ੇ ਖ਼ਤਮ ਕਰਨ ਲਈ ਦਬਾਅ ਬਨਾਉਣ ਨੂੰ ਤਰਜੀਹ ਦੇਣ।
ਵਿਰੋਧੀ ਪਾਰਟੀਆਂ ਵਲੋਂ ਪੰਜਾਬ ’ਚ ਸਰਕਾਰ ਬਣਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਸਬੰਧੀ ਪੁੱਛੇ ਜਾਣ ’ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਿਨੇ ਸਤਾ ਦੇ ਸੁਪਨੇ ਲੈਣੇ ਛੱਡ ਦੇਣ। ਉਨ੍ਹਾਂ ਕਿਹਾ ਕਿ 2017 ’ਚ ਦੋਵਾਂ ਪਾਰਟੀਆਂ ਦੇ ਹੱਥ ਭਾਰੀ ਨਿਰਾਸ਼ਾ ਲਗੇਗੀ ਕਿਉਂਕਿ ਪੰਜਾਬ ਦੇ ਲੋਕ ਭਲੇ-ਬੁਰੇ ਦਾ ਫਰਕ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਮੁੱਖ ਮੰਤਰੀ ਸ਼੍ਰੀ ਪਰਕਾਸ਼ ਸਿੰਘ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਅਸਲ ਰਾਖੇ ਹਨ ਅਤੇ ਉਨ੍ਹਾਂ ਪੰਜਾਬ ਨੂੰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਜੋਂ ਪਿਛਲੇ ਨੌ ਸਾਲਾਂ ਦੌਰਾਨ ਪੰਜਾਬ ’ਚ ਕਰਵਾਏ ਬੇਮਿਸਾਲ ਵਿਕਾਸ ਸਾਹਮਣੇ ਕੋਈ ਵੀ ਪਾਰਟੀ ਟਿਕ ਨਹੀਂ ਪਾਵੇਗੀ ਅਤੇ ਗਠਜੋੜ ਦੀਂ ਵਿਕਾਸ ਦੇ ਸਿਰ ਲਗਾਤਾਰ ਤੀਜੀ ਜਿੱਤ ਅਟੱਲ ਹੈ।
ਇਸ ਤੋਂ ਪਹਿਲਾਂ ਸ੍ਰੀਮਤੀ ਬਾਦਲ ਨੇ ਪਿੰਡ ਭਾਗੂ ਨੂੰ ਪੁੱਜਦੀ 6 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਲਈ 56 ਲੱਖ ਰੁਪਏ ਤੋਂ ਇਲਾਵਾ ਪਿੰਡ ਦੇ ਵਿਕਾਸ ਕਾਰਜਾਂ ਲਈ 22 ਲੱਖ ਰੁਪਏ ਦੀ ਗਰਾਂਟ ਮੰਨਜ਼ੂਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਫੂਸ ਮੰਡੀ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਮੰਨਜੂਰ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਪਿੰਡ ਕਟਾਰ ਸਿੰਘ ਵਾਲਾ ’ਚ ਗੁਲਾਬਗੜ੍ਹ ਅਤੇ ਗਹਿਰੀ ਭਾਗੀ ਪਿੰਡਾਂ ਦਾ ਸੰਗਤ ਦਰਸ਼ਨ ਪ੍ਰੋਗਰਾਮ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਮੁਨੀਸ਼ ਕੁਮਾਰ, ਸ਼੍ਰੀ ਸੁਖਮਨ ਸਿੱਧੂ, ਡਾ. ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਵੱਖ ਵੱਖ ਮਹਿਕਮਿਆਂ ਦੇ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: